ਪੁਰਾਣੇ ਅੰਬਾਲਾ ਜ਼ਿਲ੍ਹੇ ਦੀ ਰਹਿਤਲ ਵੱਖਰੀ ਸੀ।
ਸਾਡੇ ਪਿੰਡ ਬਸੰਤਕੋਟ ਤੋਂ ਚਾਚਾ ਜੀ ਸ਼ੇਰ ਸਿੰਘ ਸਢੌਰਾ (ਅੰਬਾਲਾ) ਚ ਬੱਸ ਚਾਲਕ ਸਨ।
ਜਦ ਪਿੰਡ ਆਉਂਦੇ ਤਾਂ ਹਿੰਦੀ ਪੰਜਾਬੀ ਦਾ ਵੱਖਰਾ ਰੰਗ ਉਨ੍ਹਾਂ ਦੀ ਪੁਆਧੀ ਬੋਲੀ ਚੋਂ ਲੱਭਦਾ।
ਅਸੀਂ ਬਚਪਨ ਚ ਬੜੇ ਸਵਾਦ ਨਾਲ ਸੁਣਦੇ।
ਹੁਣ ਮੇਰੇ ਕਈ ਪੁਆਧੀ ਮਿਹਰਬਾਨ ਹਨ ਪਰ ਮੇਰੇ ਨਾਲ ਪੁਆਧੀ ਚ ਗੱਲ ਨਹੀਂ ਕਰਦੇ।
ਨੁਕਸਾਨ ਮੇਰਾ ਹੈ, ਉਸ ਮਹਿਕ ਤੋਂ ਵਿਰਵਾ ਰਹਿ ਜਾਂਦਾ ਹਾਂ ਜੋ ਪੁਆਧੀ ਉਪ ਭਾਸ਼ਾ ਚ ਹੈ।
ਨਵਤੇਜ ਪੁਆਧੀ ਨੇ ਇਸ ਖਿੱਤੇ ਨੂੰ
ਪਹਿਲੀ ਵਾਰ ਸਨਮਾਨ ਨਾਲ ਆਪਣਾ ਨਾਮ ਅੰਗ ਬਣਾਇਆ।
ਚੰਡੀਗੜ੍ਹ ਦੇ ਝੰਬੇ ਬਹੁਤ ਪੁਆਧੀ ਰੋਪੜੀਏ ਦਿੱਲੀ ਚ ਟਰਾਂਸਪੋਰਟ ਕਾਰੋਬਾਰ ਦੇ ਸਾਈਂ ਹਨ।
ਦਿੱਲੀਓਂ ਆ ਕੇ ਦੋ ਘੜੂੰਆਂ ਵਾਸੀ ਜਗਤ ਸਿੰਘ ਤੇ ਹਰਨੇਕ ਸਿੰਘ ਪੰਜਾਬ ਚ ਵਿਧਾਇਕ ਤੇ ਵਜ਼ੀਰ ਬਣੇ। ਹੁਣ ਰੋਪੜ ਤੋਂ ਅਮਰਜੀਤ ਸਿੰਘ ਸੰਦੋਆ ਵੀ ਵਿਧਾਇਕ ਬਣਿਐ ਦਿੱਲੀਓਂ ਆ ਕੇ।
ਸਾਹਿਤ ਦੇ ਖੇਤਰ ਵਿੱਚ ਮਨਮੋਹਨ ਸਿੰਘ ਦਾਊਂ, ਗੁਰਮੀਤ ਸਿੰਘ ਬੈਦਵੀਨ ਤੇ ਮਨਜੀਤ ਸਿੰਘ ਰਾਜਪੁਰਾ ਪੁਆਧੀ ਪੁਨਰ ਪਛਾਣ ਲਈ ਕਰਮਸ਼ੀਲ ਹਨ।
ਕੱਲ੍ਹ ਮਨਮੋਹਨ ਸਿੰਘ ਦਾਊਂ ਵੀਰ ਦਾ ਫੋਨ ਆਇਆ।
ਉਹ ਪੁਆਧੀ ਸੱਥ ਵੱਲੋਂ ਭਾਗੋਮਾਜਰਾ ਕਾਲਿਜ ਚ 18 ਨਵੰਬਰ ਨੂੰ ਸਮਾਗਮ ਕਰ ਰਹੇ ਹਨ।
ਵੀਹ ਪੱਚੀ ਸਾਲ ਪਹਿਲਾਂ ਰੱਬੀ ਬੈਰੋਂਪੁਰੀ ਨੂੰ ਅਸਾਂ ਮੋਹਨ ਸਿੰਘ ਮੇਲੇ ਤੇ ਬੁਲਾਇਆ ਸੀ। ਚੰਗਾ ਹੁੰਗਾਰਾ ਮਿਲਿਆ ਸੀ।
ਪੁਆਧੀ ਅਖਾੜਾ ਦੇ ਕਲਾਕਾਰਾਂਚਰਨ ਸਿੰਘ ਤੇ ਸਾਥੀਆਂ ਨੂੰ ਹੋਰ ਸੱਜਣਾਂ ਸਮੇਤ ਸਨਮਾਨਿਤ ਵੀ ਕਰਨਾ ਹੈ।
ਸਬੱਬ ਨਾਲ ਪਿਛਲੇ ਇੱਕ ਮਹੀਨੇ ਤੋਂ ਮੈਂ ਪੁਆਧੀ ਅਖਾੜੇ ਦੀਆਂ ਪੇਸ਼ਕਾਰੀਆਂ ਯੂ ਟਿਊਬ ਤੇ ਵੇਖ ਰਿਹਾ ਸਾਂ।
ਚਰਨ ਸਿੰਘ ਪੁਆਧੀ ਅਖਾੜੇ ਦੇ ਬਾਨੀ ਭਗਤ ਆਸਾ ਰਾਮ ਬੈਦਵਾਨ ਦਾ ਪੈਰੋਕਾਰ ਹੈ।
ਇੱਕ ਹੋਰ ਨੌਜਵਾਨ ਸਮਰ ਸਿੰਘ ਸੰਮੀ ਵੀ ਚੰਗਾ ਪੇਸ਼ਕਾਰ ਹੈ।
ਪੁਆਧੀ ਅਖਾੜੇ ਦੀ ਜਾਨ ਵਜਦ ਤੇ ਲਚਕ ਹੈ। ਖੂੰਡੇ ਤੇ ਟੇਕ ਰੱਖ ਕੇ ਅਜਿਹਾ ਘੁੰਮਦੇ ਹਨ ਕਿ ਨਾਲ ਹੀ ਮਨ ਕਥਾ ਨਾਲ ਜੁੜ ਜਾਂਦੈ।
ਇਸ ਖੇਤਰੀ ਲੋਕ ਨਾਚ ਗੀਤ ਪਰੰਪਰਾ ਦਾ ਬਾਨੀ ਆਸਾ ਰਾਮ ਬੈਦਵਾਨ ਸਿਰਜਕ ਸੀ ਅਨਪੜ੍ਹ ਹੋਣ ਦੇ ਬਾਵਜੂਦ। ਉਸ ਦੀ ਜੀਵਨੀ ਤੇ ਸਿਰਜਣਾ ਬਾਰੇ ਡਾ: ਗੁਰਮੀਤ ਸਿੰਘ ਬੈਦਵਾਨ ਜੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਲਿਖੀ ਹੋਈ ਹੈ। ਪੜ੍ਹਨਾ।
ਪੁਆਧੀ ਅਖਾੜਾ ਮਰਦਾਵੀਂ ਪੇਸ਼ਕਾਰੀ ਹੈ। ਸਾਰੇ ਸਾਜ਼ਿੰਦੇ ਕਸਬੀ ਪੇਸ਼ਾਵਰ ਨਹੀਂ, ਸ਼ੌਕੀਆ ਹਨ। ਪੈਸੇ ਨਹੀਂ ਲੈਂਦੇ, ਅਸਲ ਭਗਤ ਹਨ।
ਪਰ ਪੈਸੇ ਬਿਨ ਕਲਾ ਨੂੰ ਨਵੇਂ ਕਲਾਕਾਰ ਨਹੀਂ ਮਿਲਦੇ, ਅਜੀਬ ਵਿਰੋਧਾਭਾਸ ਹੈ।
ਚਰਨ ਸਿੰਘ ਦੇ ਸਾਥੀ ਸਾਜ਼ਿੰਦੇ ਕਮਾਲ ਹਨ। ਨੱਚਾਰ ਵੀ ਸਲੀਕੇ ਨਾਲ ਵਿਚਰਦਾ ਹੈ , ਪੂਰੀ ਕਥਾ ਦਾ ਜੀਵੰਤ ਭਾਗ ਬਣ ਕੇ।
ਦੋਆਬਾ ਖੇਤਰ ਦੀਆਂ ਨਕਲਾਂ ਵਿੱਚ ਤਾਂ ਖੋਟ ਰਲ ਗਿਐ ਪਰ ਅਜੇ ਵੀ ਨਵਾਂ ਸ਼ਹਿਰ ਵਾਲਾ ਸੱਤਪਾਲ ਘੋੜਾ ਤੇ ਨੱਚਾਰ ਜੱਸੀ ਪੁਰਾਣੇ ਅੰਦਾਜ਼ ਦੇ ਸਫ਼ਲ ਪੇਸ਼ਕਾਰ ਹਨ ।
ਇਹ ਖੇਤਰੀ ਖੁਸ਼ਬੋਈਆਂ ਟੀ ਟੀ ਚੈਨਲਜ਼ ਨੂੰ ਸੰਭਾਲਣੀਆਂ ਚਾਹੀਦੀਆਂ ਹਨ। ਪੰਜਾਬ ਕਲਾ ਪਰਿਸ਼ਦ, ਉੱਤਰ ਖੇਤਰੀ ਸਭਿਆਚਾਰਕ ਕੇਂਦਰ ਦਸਤਾਵੇਜ਼ੀ ਕਰਨ ਕਰ ਸਕਦੇ ਹਨ।
ਪੇਸ਼ਕਾਰੀਆਂ ਵੀ ਜ਼ਰੂਰੀ ਹਨ ਪਰ ਉਸ ਦੀ ਚੰਗੀ ਰੀਕਾਰਡਿੰਗ ਬੇਹੱਦ ਜ਼ਰੂਰੀ ਹੈ।
ਪੀ ਟੀ ਸੀ ਤੇ ਪਰਾਇਮ ਏਸ਼ੀਆ ਚੈਨਲ ਨੂੰ ਬੇਨਤੀ ਕਰਾਂਗਾ ਕਿਉਹ ਇਹ ਸੇਵਾ ਸੰਭਾਲਣ।
ਅਜੇ ਪੁਆਧੀ ਅਖਾੜੇ ਦੇ ਮੌਲਿਕ ਪੇਸ਼ਕਾਰ ਲੱਭ ਜਾਂਦੇ ਹਨ ਪਰ ਇਹ ਵੀ ਮੰਡੀ ਨੇ ਖਾ ਜਾਣੇ ਨੇ। ਸਾਂਭ ਲਵੋ।
ਮੈਂ 18 ਨਵੰਬਰ ਨੂੰ ਭਾਗੋਮਾਜਰਾ ਵਿਖੇ ਪੁਆਧੀ ਸੱਥ ਦੇ ਸਮਾਗਮ ਤੇ ਜਾਵਾਂਗਾ। ਪੁਆਧੀ ਰੰਗ ਰੂਪ ਮਾਣਾਂਗਾ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.