ਸਿੱਖ ਕੌਮ ਸੰਸਾਰ ਵਿਚ ਬਹਾਦਰ, ਦੇਸ ਭਗਤ, ਗ਼ਰੀਬ ਅਤੇ ਗਊ ਗੁਰਬੇ ਦੀ ਰੱਖਿਅਕ, ਸਰਬਤ ਦਾ ਭਲਾ ਮੰਗਣ ਵਾਲੀ, ਮਨੁੱਖੀ ਹੱਕਾਂ ਦੀ ਪਹਿਰੇਦਾਰ, ਹੱਕ ਸੱਚ ਦੀ ਮੁੱਦਈ, ਸੰਗਤ ਤੇ ਪੰਗਤ ਵਿਚ ਵਿਸਵਾਸ ਰੱਖਣ ਵਾਲੀ, ਮਿਹਨਤੀ, ਮਾਨਵਤਾ ਦੇ ਦੁੱਖ ਸੁੱਖ ਦਾ ਸਾਥ ਦੇਣ ਵਾਲੀ ਅਤੇ ਵੰਡ ਕੇ ਛੱਕਣ ਵਾਲੀ ਦੇ ਤੌਰ ਤੇ ਜਾਣੀ ਜਾਂਦੀ ਹੈ। ਭਾਰਤ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਮੁਗਲਾਂ ਨੇ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸਿਸ਼ ਕੀਤੀ ਤਾਂ ਉਦੋਂ ਸਿੱਖ ਭਾਈਚਾਰੇ ਨੇ ਮੋਹਰੀ ਦੀ ਭੂਮਿਕਾ ਨਿਭਾਉਂਦਿਆਂ, ਉਨ੍ਹਾਂ ਲੜਕੀਆਂ ਨੂੰ ਸਿਰਫ ਜ਼ਾਲਮਾਂ ਦੇ ਚੁੰਗਲ ਵਿਚੋਂ ਛੁਡਵਾਕੇ ਹੀ ਨਹੀਂ ਲਿਆਂਦਾ ਸਗੋਂ ਮੁਗਲਾਂ ਦੇ ਦੰਦ ਖੱਟੇ ਕਰਕੇ ਭਜਾਇਆ। ਸ੍ਰੀ ਗੁਰੂ ਤੇਗ ਬਹਾਦਰ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ। ਜੇ ਗੁਰੂ ਤੇਗ ਬਹਾਦਰ ਕੁਰਬਾਨੀ ਨਾ ਦਿੰਦੇ ਤਾਂ ਸਮੁੱਚੇ ਭਾਰਤ ਵਿਚ ਰਾਜ ਉਸ ਕੌਮ ਦਾ ਹੁੰਦਾ, ਜਿਸਤੋਂ ਉਨ੍ਹਾਂ ਦੀਆਂ ਧੀਆਂ ਭੈਣਾਂ ਸਿੱਖਾਂ ਨੇ ਬਚਾਈਆਂ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਹੁਕਮਾਂ ਤੇ ਫੁਲ ਚੜ੍ਹਾਉਂਦਿਆਂ ਮੁਗਲਾਂ ਦੀਆਂ ਵਧੀਕੀਆਂ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿਚ ਚਿਣਕੇ ਸ਼ਹੀਦ ਕਰਨ ਦਾ ਬਦਲਾ ਸਰਹੰਦ ਦੀ ਇੱਟ ਨਾਲ ਇੱਟ ਖੜਕਾਕੇ ਲਿਆ। ਦੇਸ ਭਗਤੀ ਦਾ ਸਬੂਤ ਦਿੰਦਿਆਂ ਮੁਗਲਾਂ ਨਾਲ ਲੜਾਈਆਂ ਲੜੀਆਂ ਅਤੇ ਸ਼ਹਾਦਤ ਦੇ ਕੇ ਕਿਸਾਨਾ ਨੂੰ ਉਨ੍ਹਾਂ ਦੀਆਂ ਜ਼ਮੀਨਾ ਦੀ ਮਾਲਕੀਅਤ ਦੇ ਹੱਕ ਦਿਵਾਏ। ਦੇਸ ਦੀ ਆਜ਼ਾਦੀ ਦੀ ਪਹਿਲੀ ਲੜਾਈ ਸਿੱਖਾਂ ਨੇ ਲੜੀ। ਗਦਰੀ ਬਾਬਿਆਂ ਨੇ ਆਜ਼ਾਦੀ ਦੀ ਲੜਾਈ ਵਿਚ ਮੋਹਰੀ ਦੀ ਭੂਮਿਕਾ ਨਿਭਾਉਂਦਿਆਂ ਕੁਰਬਾਨੀਆਂ ਦਿੱਤੀਆਂ। ਭਾਰਤ ਦੇ ਇਤਿਹਾਸ ਵਿਚ ਦਰਜ ਹੈ ਕਿ ਆਜ਼ਾਦੀ ਦੇ ਸੰਗਰਾਮ ਵਿਚ ਸਭ ਤੋਂ ਵੱਧ ਸਿੱਖ ਜੇਲ੍ਹਾਂ ਵਿਚ ਡੱਕੇ ਗਏ ਅਤੇ ਸ਼ਹੀਦੀਆਂ ਸਿੱਖਾਂ ਨੇ ਹੀ ਦਿੱਤੀਆਂ, ਫਿਰ ਸਿੱਖ ਕੌਮ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ? ਜਦੋਂ ਕਿਸੇ ਵਿਅਕਤੀ ਨਾਲ ਕੋਈ ਜ਼ਿਆਦਤੀ ਹੁੰਦੀ ਸੀ, ਜੇਕਰ ਸਿੱਖ ਆ ਜਾਂਦਾ ਤਾਂ ਕਿਹਾ ਜਾਂਦਾ ਸੀ ਕਿ ਹੁਣ ਕਿਸੇ ਨੂੰ ਕੋਈ ਖ਼ਤਰਾ ਨਹੀਂ। ਸਿੱਖ ਬਚਾਓ ਦੀ ਛਤਰੀ ਗਿਣਿਆਂ ਜਾਂਦਾ ਸੀ। ਹੁਣ ਅਜ਼ਾਦ ਭਾਰਤ ਵਿਚ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਅਣਡਿਠ ਕਿਉਂ ਕੀਤਾ ਜਾਂਦਾ ਹੈ? ਉਹੀ ਲੋਕ ਜਿਨ੍ਹਾਂ ਦੀਆਂ ਧੀਆਂ ਭੈਣਾਂ ਨੂੰ ਸਿੱਖਾਂ ਨੇ ਬਚਾਇਆ, ਉਹੀ ਉਨ੍ਹਾਂ ਦੇ ਦੁਸ਼ਮਣ ਕਿਉਂ ਬਣੇ ਬੈਠੇ ਹਨ? ਇਸ ਬਾਰੇ ਸਿੱਖ ਕੌਮ ਨੂੰ ਸੰਬਾਦ ਕਰਨਾ ਚਾਹੀਦਾ ਹੈ ਕਿ ਗ਼ਲਤੀ ਕਿਥੇ ਹੋਈ ਹੈ ਕਿ ਸਿੱਖਾਂ ਦਾ ਸਤਿਕਾਰ ਤੇ ਮਾਣ ਕਿਉਂ ਘਟਿਆ ਹੈ? ਸਿੱਖ ਧਰਮ ਦਾ ਪ੍ਰਚਾਰ ਤੇ ਪਾਸਾਰ ਕਰਨ ਲਈ ਸੰਵਿਧਾਨਿਕ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਨੇਕਾਂ ਸੰਤ, ਬਾਬੇ, ਡੇਰੇ ਅਤੇ ਧਾਰਮਿਕ ਸੰਸਥਾਵਾਂ ਕੰਮ ਕਰ ਰਹੀਆਂ ਹਨ। ਫਿਰ ਸਿੱਖਾਂ ਦੇ ਵਕਾਰ ਨੂੰ ਆਂਚ ਕਿਵੇਂ ਅਤੇ ਕਿਉਂ ਆਈ? ਇਥੋਂ ਤੱਕ ਕਿ ਸਿੱਖਾਂ ਨੂੰ ਦੇਸ ਵਿਰੋਧੀ ਅਤੇ ਅਤਵਾਦੀ ਕਿਉਂ ਕਿਹਾ ਜਾਣ ਲੱਗਿਆ ਹੈ? ਕਿਤੇ ਨਾ ਕਿਤੇ ਕੋਈ ਗੜਬੜ ਤਾਂ ਹੈ। ਕੁਝ ਸਿੱਖਾਂ ਦਾ ਵੀ ਕਸੂਰ ਹੋ ਸਕਦਾ ਹੈ। ਜਦੋਂ ਦੇਸ ਅਜ਼ਾਦ ਹੋਇਆ ਸੀ, ਉਸ ਸਮੇਂ ਸਿੱਖ ਕੌਮ ਨੇ ਜੋ ਫੈਸਲਾ ਭਾਰਤ ਵਿਚ ਰਹਿਣ ਦਾ ਕੀਤਾ ਸੀ। ਉਹ ਸਮਾਂ ਸੋਚ ਸਮਝ ਕੇ ਫੈਸਲਾ ਕਰਨ ਦਾ ਸੀ। ਸਿੱਖ ਲੀਡਰਸ਼ਿਪ ਨੇ ਜੋ ਵੀ ਫੈਸਲਾ ਕੀਤਾ ਸਹੀ ਜਾਂ ਗ਼ਲਤ, ਹੁਣ ਉਸ ਤੇ ਕਿੰਤੂ ਪ੍ਰੰੰਤੂ ਕਰਨ ਦੀ ਲੋੜ ਨਹੀਂ, ਈਦ ਮਗਰੋਂ ਰੋਜੇ ਰੱਖਣ ਦੀ ਕੋਈ ਤੁਕ ਨਹੀਂ ਸਗੋਂ ਸਿੱਖ ਕੌਮ ਨੂੰ ਉਸ ਤੇ ਫੁੱਲ ਚੜ੍ਹਾਉਣੇ ਚਾਹੀਦੇ ਹਨ। ਅਜਿਹੇ ਫੈਸਲੇ ਕੋਈ ਬੱਚਿਆਂ ਦੀ ਖੇਡ ਨਹੀਂ ਹੁੰਦੇ। ਅਸਲ ਵਿਚ ਕੁਝ ਲੋਕਾਂ ਨੇ ਸਿੱਖ ਕੌਮ ਵਿਚ ਘੁਸਪੈਠ ਕਰਕੇ ਸਿੱਖ ਭਾਈਚਾਰੇ ਨੂੰ ਨੁਕਸਾਨ ਪਹੁੰਚਾਇਆ ਹੈ। ਸਿੱਖ ਭਾਈਚਾਰਾ ਬਹੁਤ ਜਲਦੀ ਭਾਵਨਾਤਮਿਕ ਹੋ ਜਾਂਦਾ ਹੈ। ਧਰਮ ਦੇ ਨਾਂ ਤੇ ਨੇਤਾਵਾਂ ਵੱਲੋਂ ਗ਼ਲਤ ਬਿਆਨੀ ਕਰਨ ਨਾਲ ਗੁਮਰਾਹ ਹੋ ਜਾਂਦਾ ਹੈ। ਕੁਝ ਧਾਰਮਿਕ ਅਤੇ ਰਾਜਨੀਤਕ ਨੇਤਾ ਲੋਕ ਭਾਵਨਾਤਮਕ ਭਾਸ਼ਣ ਦੇ ਕੇ ਸਿੱਖ ਕੌਮ ਨੂੰ ਗ਼ਲਤ ਬਿਆਨੀ ਕਰਨ ਲਈ ਉਤਸ਼ਾਹਤ ਕਰ ਜਾਂਦੇ ਹਨ। ਇਸ ਬਾਰੇ ਸਿੱਖ ਵਿਦਵਾਨਾ ਨੂੰ ਗੰਭੀਰਤਾ ਨਾਲ ਸੰਬਾਦ ਕਰਨਾ ਚਾਹੀਦਾ ਹੈ, ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਸੰਬਾਦ ਕਰਕੇ, ਉਨ੍ਹਾਂ ਨੂੰ ਸਿੱਧੇ ਰਸਤੇ ਪਾਇਆ ਸੀ। ਦੁੱਖ ਇਸ ਗੱਲ ਦਾ ਹੈ ਕਿ ਸਾਡੇ ਵਿਦਵਾਨ ਇਕੱਠੇ ਹੋ ਕੇ ਬੈਠਦੇ ਨਹੀਂ ਸਗੋਂ ਆਪੋ ਆਪਣੀ ਡਫਲੀ ਵਜਾਉਂਦੇ ਹਨ ਅਤੇ ਉਹ ਇੱਕ ਦੂਜੇ ਨਾਲੋਂ ਆਪਣੇ ਆਪ ਨੂੰ ਜ਼ਿਆਦਾ ਗਿਆਨਵਾਨ ਸਮਝਦੇ ਹਨ। ਸਿੱਖ ਕੌਮ ਨੂੰ ਹਓਮੈ ਤੋਂ ਖਹਿੜਾ ਛੁਡਾਉਣਾ ਪਵੇਗਾ ਤਾਂ ਕਿਤੇ ਜਾ ਕੇ ਅਸੀਂ ਮਿਲ ਬੈਠ ਸਕਾਂਗੇ। ਜਦੋਂ ਭਾਰਤ ਦਾ ਸੰਵਿਧਾਨ ਬਣਾਇਆ ਗਿਆ ਤਾਂ ਸਿੱਖ ਮੈਂਬਰਾਂ ਨੇ ਦਸਤਖਤ ਨਹੀਂ ਕੀਤੇ। ਚਾਹੀਦਾ ਤਾਂ ਇਹ ਸੀ ਕਿ ਦਲੀਲਾਂ ਨਾਲ ਸੰਵਿਧਾਨ ਬਣਾਉਣ ਵਾਲੀ ਕਮੇਟੀ ਨੂੰ ਆਪਣੀ ਗੱਲ ਮਨਾਉਂਦੇ। ਕਿਸੇ ਵੀ ਫੈਸਲੇ ਨਾਲ ਸਹਿਮਤ ਨਾ ਹੋਣ ਤੇ ਵਾਕ ਆਊਟ ਕਰਨਾ ਕਿਸੇ ਸਮੱਸਿਆ ਦਾ ਕੋਈ ਹੱਲ ਨਹੀਂ ਹੁੰਦਾ। ਜਦੋਂ ਅਸੀਂ ਅਹੁਦਿਆਂ ਦੀ ਪ੍ਰਾਪਤੀ ਲਈ ਭਾਰਤ ਦੇ ਸੰਵਿਧਾਨ ਨੂੰ ਮੰਨ ਹੀ ਲਿਆ ਫਿਰ ਕਿੰਤੂ ਪ੍ਰੰਤੂ ਕਾਹਦਾ। ਜਾਂ ਫਿਰ ਸੰਵਿਧਾਨ ਵਿਚ ਤਰਮੀਮ ਕਰਵਾਈ ਜਾਵੇ। ਤਰਮੀਮ ਦੋ ਤਿਹਾਈ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀ ਸਹਿਮਤੀ ਤੋਂ ਬਿਨਾ ਨਹੀਂ ਹੋ ਸਕਦੀ। ਸਿੱਖ ਦੇਸ ਵਿਚ ਘੱਟ ਗਿਣਤੀ ਵਿਚ ਹਨ। ਤਰਮੀਮ ਕਰਵਾਉਣ ਦੀ ਸਮਰੱਥਾ ਵਿਚ ਨਹੀਂ ਹਨ। ਇਸ ਲਈ ਸਿੱਖਾਂ ਦੇ ਜੋ ਧੜੇ ਲੋੜ ਤੋਂ ਵੱਧ ਗ਼ਲਤਬਿਆਨੀ ਕਰਦੇ ਹਨ, ਉਨ੍ਹਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਅਜ਼ਾਦ ਭਾਰਤ ਵਿਚ ਸਿੱਖ ਹਮੇਸ਼ਾ ਮਹੱਤਵਪੂਰਨ ਅਹੁਦਿਆਂ ਤੇ ਰਹੇ, ਜਿਨ੍ਹਾਂ ਵਿਚ ਭਾਰਤ ਦਾ ਪਹਿਲਾ ਡਿਫੈਸ ਮਨਿਸਟਰ ਬਲਦੇਵ ਸਿੰਘ ਸਮੇਤ ਅੰਮ੍ਰਿਤ ਕੌਰ, ਹੁਕਮ ਸਿੰਘ, ਗੁਰਦਿਆਲ ਸਿੰਘ ਢਿਲੋਂ, ਸਵਰਨ ਸਿੰਘ ਅਤੇ ਬੂਟਾ ਸਿੰਘ ਆਦਿ ਸ਼ਾਮਲ ਹਨ। ਗਿਆਨੀ ਜ਼ੈਲ ਸਿੰਘ ਭਾਰਤ ਦੇ ਰਾਸ਼ਟਰਪਤੀ ਬਣੇ। ਇਥੋਂ ਤੱਕ ਕਿ ਭਾਰਤੀ ਫੌਜਾਂ ਦੇ ਮੁੱਖੀ ਸਿੱਖ ਰਹੇ। ਹੁਣ ਸੋਚੋ ਕਿ ਇਹ ਵਾਦਵਿਵਾਦ ਖੜ੍ਹਾ ਕਿਸਨੇ ਕੀਤਾ। ਜਦੋਂ ਤਥਾਕਥਿਤ ਖਾਲਿਸਤਾਨ ਦੀ ਮੰਗ ਹੋਣ ਲੱਗੀ ਤਾਂ ਅਕਾਲੀ ਦਲ ਨੇ ਸਿੱਖਾਂ ਵਿਚ ਸਹਿਮਤੀ ਬਣਾਉਣ ਲਈ ਅਕਾਲੀ ਦਲ ਦੇ ਸਾਰੇ ਧੜਿਆਂ ਨਾਲ ਵਿਚਾਰ ਵਟਾਂਦਰਾ ਕੀਤਾ, ਜਿਸਦੇ ਸਿੱਟੇ ਵੱਜੋਂ ਕੁਝ ਵਿਦਵਾਨਾ ਵੱਲੋਂ ਮਤਾ ਤਿਆਰ ਕੀਤਾ ਗਿਆ ਜੋ ਆਨੰਦਪੁਰ ਸਾਹਿਬ ਦੇ ਮਤੇ ਦੇ ਨਾਂ ਨਾਲ ਮਸ਼ਹੂਰ ਹੋਇਆ। ਭਾਵੇਂ ਉਸ ਮਤੇ ਨਾਲ ਸਾਰੇ ਧੜੇ ਸਹਿਮਤ ਨਹੀਂ ਸਨ ਤਾਂ ਵੀ ਕਾਫੀ ਚਰਚਾ ਤੋਂ ਬਾਅਦ ਉਸ ਮਤੇ ਤੇ ਇਹ ਸਹਿਮਤੀ ਹੋਈ ਕਿ ਸਿੱਖ ਹੋਮ ਲੈਂਡ ਦੀ ਮੰਗ ਰੱਖੀ ਜਾਵੇ ਪ੍ਰੰਤੂ ਉਹ ਹੋਵੇ ਭਾਰਤ ਦੇ ਸੰਵਿਧਾਨ ਅਧੀਨ ਹੀ। ਖਾਲਿਸਤਾਨ ਦੀ ਥਾਂ ਸਿੱਖ ਹੋਮ ਲੈਂਡ ਕਹਿ ਦਿੱਤਾ। ਸੰਵਿਧਾਨ ਦੇ ਅਧੀਨ ਇਹ ਹੋਮ ਲੈਂਡ ਸੰਭਵ ਨਹੀਂ ਸੀ ਕਿਉਂਕਿ ਆਨੰਦਪੁਰ ਸਾਹਿਬ ਦਾ ਸਮੁੱਚਾ ਮਤਾ ਤਾਂ ਖੁਦਮੁਖਤਿਆਰੀ ਦੀ ਗੱਲ ਕਰਦਾ ਸੀ। ਜਦੋਂ ਸਿੱਖ ਭਾਰਤ ਦੇ ਸੰਵਿਧਾਨ ਵਿਚ ਤਰਮੀਮ ਨਹੀਂ ਕਰਵਾ ਸਕਦੇ ਫਿਰ ਅਜਿਹੀਆਂ ਮੰਗਾਂ ਸੋਚ ਸਮਝਕੇ ਕਰਨੀਆਂ ਚਾਹੀਦੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਮਤੇ ਨੂੰ ਸਰਬਪ੍ਰਵਾਨਤ ਸਿੱਖ ਬੁੱਧੀਜੀਵੀ ਵਿਦਵਾਨ, ਜਿਸਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰੋਫੈਸਰ ਆਫ ਸਿੱਖਿਜ਼ਮ ਦਾ ਖ਼ਿਤਾਬ ਦਿੱਤਾ ਸੀ, ਸਿਰਦਾਰ ਕਪੂਰ ਸਿੰਘ ਨੇ ਤਿਆਰ ਕੀਤਾ ਸੀ। ਕੁਝ ਹੋਰ ਵਿਦਵਾਨ ਜਿਨ੍ਹਾਂ ਵਿਚ ਜਸਵੀਰ ਸਿੰਘ ਆਹਲੂਵਾਲੀਆ ਵੀ ਸ਼ਾਮਲ ਹੈ , ਉਹ ਇਸ ਮਤੇ ਨੂੰ ਬਨਾਉਣ ਦਾ ਸਿਹਰਾ ਆਪਣੇ ਸਿਰ ਤੇ ਬੰਨ੍ਹਦੇ ਹਨ। ਜਦੋਂ ਆਨੰਦਪੁਰ ਸਾਹਿਬ ਦਾ ਮਤਾ ਅਕਾਲੀ ਦਲ ਦੇ ਸਾਰੇ ਧੜਿਆਂ ਨੇ ਪਾਸ ਕਰ ਦਿੱਤਾ, ਉਸ ਦਿਨ ਤੋਂ ਬਾਅਦ ਹੀ ਭਾਰਤ ਸਰਕਾਰ ਦੇ ਮਨ ਵਿਚ ਸਿੱਖ ਕੌਮ ਦੀ ਨੀਯਤ ਤੇ ਸ਼ੱਕ ਦੀ ਸੂਈ ਘੁੰਮਣ ਲੱਗ ਗਈ। ਸਾਰੇ ਪੁਆੜੇ ਦੀ ਜੜ੍ਹ ਆਨੰਦਪੁਰ ਸਾਹਿਬ ਦਾ ਮਤਾ ਹੀ ਬਣ ਗਿਆ। ਅਸਿਧੇ ਤੌਰ ਤੇ ਇਹ ਤੂਹਮਤ ਸਿਰਦਾਰ ਕਪੂਰ ਸਿੰਘ ਤੇ ਲੱਗਾਈ ਜਾਂਦੀ ਹੈ। ਇਹ ਹਾਲਾਤ ਪੈਦਾ ਕਰਨ ਦਾ ਜ਼ਿੰਮੇਵਾਰ ਕੁਝ ਵਿਦਵਾਨ ਆਨੰਦਪੁਰ ਸਾਹਿਬ ਦੇ ਮਤੇ ਨੂੰ ਸਮਝਦੇ ਹਨ। ਇਸ ਮਤੇ ਤੋਂ ਬਾਅਦ ਸਿੱਖ ਕੌਮ ਨੇ ਖੱਟਿਆ ਕੁਝ ਨਹੀਂ ਸਗੋਂ ਗੁਆ ਸਭ ਕੁਝ ਲਿਆ ਹੈ। ਹੁਣ ਹਰ ਸਿੱਖ ਵੱਲ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਕੇਂਦਰ ਵਿਚ ਸਰਕਾਰ ਭਾਵੇਂ ਕਿਸੇ ਪਾਰਟੀ ਦੀ ਹੋਵੇ, ਉਹ ਸਿੱਖ ਕੌਮ ਨੂੰ ਹਮੇਸ਼ਾ ਟੇਡੀ ਨਿਗਾਹ ਨਾਲ ਵੇਖਦੀ ਹੈ। ਸਿੱਖਾਂ ਤੇ ਵਿਸਾਹ ਹੀ ਨਹੀਂ ਕੀਤਾ ਜਾਂਦਾ। ਕੇਂਦਰੀ ਗੁਪਤਚਰ ਏਜੰਸੀਆਂ ਨੇ ਸਿੱਖਾਂ ਦੀਆਂ ਸਰਗਰਮੀਆਂ ਤੇ ਨਜ਼ਰਸਾਨੀ ਕਰਨੀ ਸ਼ੁਰੂ ਕਰ ਦਿੱਤੀ। ਇਥੋਂ ਤੱਕ ਕਿ ਗੁਪਤਚਰ ਏਜੰਸੀਆਂ ਨੇ ਆਪਣੇ ਸੂਹੀਏ ਸਿਆਸੀ ਪਾਰਟੀਆਂ ਅਤੇ ਸਿੱਖ ਸੰਸਥਾਵਾਂ ਵਿਚ ਘੁਸਪੈਠ ਕਰਾ ਦਿੱਤੇ। ਇਹ ਏਜੰਸੀਆਂ ਸਿੱਖ ਕੌਮ ਦੀ ਆਭਾ ਨੂੰ ਘਟਾਉਣ ਲਈ ਤਰਕੀਬਾਂ ਸੋਚਣ ਲੱਗ ਗਈਆਂ ਸਨ। ਰਹਿੰਦੀ ਖੂੰਹਦੀ ਕਸਰ ਰਾਸ਼ਟਰੀ ਸਿੱਖ ਸੰਗਤ ਨੇ ਕੱਢ ਦਿੱਤੀ। ਅਖ਼ੀਰ ਵਿਚ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਉਪਰ ਫੌਜ ਦਾ ਹਮਲਾ ਇਨ੍ਹਾਂ ਗੁਪਤਚਰ ਏਜੰਸੀਆਂ ਦੀ ਸਾਜਸ਼ ਦਾ ਨਤੀਜਾ ਬਣਕੇ ਹੋਇਆ ਸੀ। ਸੋਚਣ ਵਾਲੀ ਗੱਲ ਹੈ ਕਿ ਜਦੋਂ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸੁਰੱਖਿਆ ਏਜੰਸੀਆਂ ਦੇ ਆਦਮੀ ਨਿਯੁਕਤ ਸਨ ਤਾਂ ਅਸਲਾ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਕਿਵੇਂ ਪਹੁੰਚ ਗਿਆ। ਉਥੇ ਅੰਦਰ ਅਸਲਾ ਪਹੁੰਚਣ ਤੋਂ ਸਾਫ ਹੋ ਜਾਂਦਾ ਹੈ ਕਿ ਗੁਪਤਚਰ ਏਜੰਸੀਆਂ ਦੀ ਮਿਲੀ ਭੁਗਤ ਨਾਲ ਸਾਰਾ ਘਾਲਾਮਾਲਾ ਹੋਇਆ ਹੈ। ਸਿੱਖਾਂ/ਪੰਜਾਬੀਆਂ ਤੋਂ ਸਿੱਖਾਂ/ਪੰਜਾਬੀਆਂ ਨੂੰ ਮਰਵਾਇਆ ਗਿਆ। ਹੁਣ ਇਕ ਨਵਾਂ ਸ਼ਗਫੂਾ ਇੰਗਲੈਂਡ ਵਿਚ '' ਰਾਇਸ਼ੁਮਾਰੀ 2020'' ਦਾ ਨਾਅਰਾ ਲਾ ਕੇ ਛੱਡਿਆ ਗਿਆ। ਜਿਨ੍ਹਾਂ ਲੋਕਾਂ ਨੇ ਨਾ ਭਾਰਤ ਵਿਚ ਆਉਣਾ ਹੈ ਅਤੇ ਨਾ ਹੀ ਰਹਿਣਾ ਹੈ। ਉਹ ਰੈਫਰੈਂਡਮ ਦੀ ਗੱਲ ਕਰਦੇ ਹਨ। ਪੰਜਾਬੀਆਂ ਲਈ ਨਵੀਂ ਮੁਸੀਬਤ ਖੜ੍ਹੀ ਕਰਨੀ ਜਾਇਜ ਨਹੀਂ। ਅੱਗ ਲਾਈ ਡੱਬੂ ਕੰਧ ਤੇ ਵਾਲੀ ਗੱਲ ਹੈ। ਅੱਸੀਵਿਆਂ ਵਿਚ ਜੋ ਪੰਜਾਬੀਆਂ ਨੇ ਸੰਤਾਪ ਹੰਢਾਇਆ ਹੈ, ਉਹ ਉਹੀ ਜਾਣਦੇ ਹਨ। ਦੂਰ ਦੇ ਢੋਲ ਸੁਹਾਵਣੇ ਹੁੰਦੇ ਹਨ। ਮਰਨ ਵਾਲੇ ਵੀ ਸਿੱਖ/ ਪੰਜਾਬੀ ਅਤੇ ਮਾਰਨ ਵਾਲੇ ਵੀ ਸਿੱਖ/ ਪੰਜਾਬੀ। ਉਨ੍ਹਾਂ ਲੋਕਾਂ ਤੋਂ ਸੁਚੇਤ ਰਹੋ, ਜਿਨ੍ਹਾਂ ਸਾਡੇ ਗੁਰੂਆਂ ਅਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਦੇਸ਼ ਦੀ ਵੰਡ ਸਮੇਂ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਅਤੇ ਲੁੱਟ ਮਾਰ ਕਰਕੇ ਕਤਲੇਆਮ ਕੀਤਾ। ਵਿਗਾਨੀ ਛਹਿ ਤੇ ਮੁੱਛਾਂ ਨਾ ਮੁਨਾਓ। ਦੁਸ਼ਮਣ ਤੇ ਦੋਸਤ ਦਾ ਫਰਕ ਸਮਝੋ। ਦੁਸ਼ਮਣ ਦੋਸਤੀ ਵਿਚ ਵੀ ਦੁਸ਼ਮਣੀ ਕਰਦਾ ਹੈ। ਉਸ ਦਾ ਦੋਸਤੀ ਲਈ ਵਧਾਇਆ ਹੱਥ ਖ਼ਤਰੇ ਤੋਂ ਖਾਲੀ ਨਹੀਂ ਜਾਵੇਗਾ। ਸ੍ਰੀ ਹਰਿਮੰਦਰ ਸਾਹਿਬ ਤੇ ਫੌਜ ਦੇ ਹਮਲੇ ਸਮੇਂ ਪਿੱਠ ਵਿਖਾਉਣ ਵਾਲਿਆਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ। ਸਿੱਖ ਭਰਾਵੋ ਅਤੇ ਭੈਣੋ ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸ੍ਰੀ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਸਰਦਾਰੀ ਨੂੰ ਬਰਕਰਾਰ ਰੱਖੋ। ਧਰਮ ਦੇ ਠੇਕੇਦਾਰਾਂ ਤੋਂ ਬਚੋ। ਤੁਹਾਡੀਆਂ ਭਾਵਨਾਵਾਂ ਨਾਲ ਖੇਡਣ ਵਾਲਿਆਂ ਦੀ ਪਛਾਣ ਕਰੋ। ਰਾਜ ਭਾਗ ਧਰਮ ਦੀ ਪ੍ਰਫੁਲਤਾ ਵਿਚ ਸਹਾਈ ਹੋਣਾ ਚਾਹੀਦਾ ਹੈ। ਰਾਜ ਭਾਗ ਨਾਲ ਆਨੰਦ ਦੀ ਪ੍ਰਾਪਤੀ ਕੋਈ ਮਾਇਨੇ ਨਹੀਂ ਰੱਖਦੀ। ਰਾਜ ਭਾਗ ਤਾਂ ਆਉਂਦੇ ਜਾਂਦੇ ਰਹਿਣਗੇ ਪ੍ਰੰਤੂ ਵੇਲਾ ਹੱਥੋਂ ਨਿਕਲਿਆ ਹੱਥ ਨਹੀਂ ਆਉਣਾ। ਪਦਾਰਥਵਾਦੀ ਰੁੱਚੀਆਂ ਦਾ ਤਿਆਗ ਕਰੋ। ਅਧਿਆਤਮਕਤਾ ਦਾ ਪੱਲਾ ਫੜੋ। ਪੰਥਕ ਮੁਖੌਟੇ ਵਿਚਲੇ ਪੰਥ ਵਿਰੋਧੀਆਂ ਦੀਆਂ ਗੁਮਰਾਹਕੁਨ ਚਾਲਾਂ ਤੋਂ ਸੁਚੇਤ ਰਹੋ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
9417813072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.