ਨਸ਼ਿਆਂ ਦੇ ਹੜ• ਵਿੱਚ ਪੰਜਾਬ ਰੁੜ• ਰਿਹਾ ਹੈ। ਸਿਰਫ ਸ਼ਰਾਬ ਹੀ ਨਹੀਂ ਅਫੀਮ, ਤੰਬਾਕੂ, ਭੁੱਕੀ (ਪੋਸਤ ਦਾ ਚੂਰਾ), ਜ਼ਰਦਾ, ਭੰਗ, ਨਸ਼ੀਲੀਆਂ ਗੋਲੀਆਂ ਅਤੇ ਇਹੋ ਜਿਹਾ ਹੋਰ ਬਹੁਤ ਕੁਝ ਪੰਜਾਬ ਦੇ ਗਲੀ–ਗਲੀ, ਮੁਹੱਲੇ–ਮੁਹੱਲੇ ਸ਼ਰੇਆਮ ਵਿਕ ਰਿਹਾ ਹੈ। ਕਿਤੇ ਸਰਕਾਰੀ ਤੌਰ ਤੇ ਅਧਿਕਾਰਤ ਦੁਕਾਨਾਂ ਤੇ ਅਤੇ ਕਿਤੇ ਚੋਰੀ ਛਿਪੇ। ਸ਼ਰਾਬ ਤੋਂ ਬਿਨਾਂ ਬਾਕੀ ਸਾਰੇ ਹੀ ਨਸ਼ੇ ਪੰਜਾਬ ਵਿੱਚ ਵੇਚਣ ਤੇ ਪਾਬੰਦੀ ਹੈ ਪਰ ਹਕੀਕਤਾਂ ਕੁਝ ਹੋਰ ਹਨ। ਵੱਡਿਆਂ ਸ਼ਹਿਰਾਂ ਦੇ ਚੌਂਕ ਚੁਰਸਤੇ, ਪਾਨ ਵੇਚਣ ਵਾਲਿਆਂ ਦੇ ਖੋਖਿਆਂ ਬਹਾਨੇ ਜ਼ਰਦਾ ਅਤੇ ਹੋਰ ਨਸ਼ੀਲੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲਿਆਂ ਨੇ ਮੱਲੇ ਹੋਏ ਹਨ। ਸੱਚ ਤਾਂ ਇਹ ਹੈ ਕਿ ਪੰਜਾਬ ਦੀ ਜਵਾਨੀ ਨੇ ਤਾਂ ਇਸ ਹੜ• ਵਿੱਚ ਰੁੜ•ਨਾ ਹੀ ਸੀ, ਬੱਚੇ ਵੀ ਜਵਾਨੀ ਦੀ ਦਹਿਲੀਜ਼ ਟੱਪਣ ਤੋਂ ਪਹਿਲਾਂ ਹੀ ਇਨ•ਾਂ ਵਹਿਬਤਾਂ ਦਾ ਸ਼ਿਕਾਰ ਹੋ ਰਹੇ ਹਨ। ਫਿਕਰਮੰਦੀ ਦੀ ਘੜੀ ਹੈ। ਸਰਕਾਰ, ਸਮਾਜ, ਧਾਰਮਿਕ ਜਥੇਬੰਦੀਆਂ, ਖੇਡ ਕਲੱਬਾਂ, ਸਾਹਿਤ ਸਭਾਵਾਂ ਅਤੇ ਮੁਹੱਲਿਆਂ ਦੀਆਂ ਵਿਕਾਸ ਸਭਾ ਸੁਸਾਇਟੀਆਂ ਇਸ ਨਸ਼ੀਲੇ ਹੜ• ਦੇ ਪਾਣੀ ਨੂੰ ਠੱਲ ਪਾ ਸਕਦੀਆਂ ਹਨ।
ਅੰਕੜੇ ਦੱਸਦੇ ਹਨ ਕਿ ਜਿਸ ਤੰਬਾਕੂ ਨੂੰ ਦੁਨੀਆਂ ਦਾ ਕੋਈ ਵੀ ਧਰਮ ਵਰਤਣਯੋਗ ਵਸਤੂ ਨਹੀਂ ਮੰਨਦਾ ਅਤੇ ਜਿਸ ਦੇ ਖਿਲਾਫ ਸਿਹਤ ਸੰਗਠਨ ਦੀਆਂ ਕੋਸ਼ਿਸ਼ਾਂ ਪਿਛਲੇ ਲੰਬੇ ਸਮੇਂ ਤੋਂ ਨਿਰੰਤਰ ਜਾਰੀ ਹਨ ਹਰ ਵਰ•ੇ 40 ਲੱਖ ਜਾਨਾਂ ਦਾ ਖੌ ਬਣਦਾ ਹੈ। ਅੰਦਾਜ਼ਨ ਰੋਜ਼ਾਨਾ ਗਿਆਰਾਂ ਹਜ਼ਾਰ ਬੰਦੇ ਸਮੇਂ ਅਤੇ ਔਰਤਾਂ ਸਿਵਿਆਂ ਦੇ ਰਾਹ ਪੈਂਦੇ ਹਨ। ਜੇਕਰ ਇਹੀ ਹਵਾ ਵਗਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦ ਸੰਨ 2020 ਤਕ 70 ਲੱਖ ਜਾਨਾਂ ਹਰ ਵਰ•ੇ ਮੌਤ ਦੀ ਭੇਟਾ ਚੜਿਆ ਕਰਨਗੀਆਂ ਤੰਬਾਕੂ ਨੂੰ ਆਦਮੀ ਨਹੀਂ ਪੀਂਦਾ, ਤੰਬਾਕੂ ਆਦਮੀ ਨੂੰ ਪੀਂਦਾ ਹੈ। ਇਸ ਇਕੱਲੇ ਦੁਸ਼ਮਣ ਕਾਰਨ 30 ਜਾਨ ਲੇਵਾ ਬੀਮਾਰੀਆਂ ਮਨੁੱਖੀ ਸਰੀਰ ਨੂੰ ਚਿੰਬੜਦੀਆਂ ਹਨ। ਫੇਫੜਿਆਂ ਦੇ ਕੈਂਸਰ ਤੋਂ ਲੈ ਕੇ ਗਲੇ ਦੇ ਕੈਂਸਰ ਤੀਕ। ਇਹ ਵੀ ਅੰਕੜੇ ਬੋਲਦੇ ਹਨ ਕਿ ਤੰਬਾਕੂ ਦੀ ਵਿਕਰੀ ਤੋਂ ਸਰਕਾਰ ਨੂੰ ਸਾਲਾਨਾ ਕਮਾਈ ਸਿਰਫ 6 ਹਜ਼ਾਰ ਕਰੋੜ ਰੁਪਏ ਹੁੰਦੀ ਹੈ ਜਦ ਕਿ ਇਸ ਤੋਂ ਪੈਦਾ ਹੁੰਦੀਆਂ 30 ਬੀਮਾਰੀਆਂ ਕਾਰਨ 37 ਹਜ਼ਾਰ ਕਰੋੜ ਰੁਪਏ ਆਮ ਲੋਕਾਂ ਦੀਆਂ ਜੇਬਾਂ ਵਿੱਚੋਂ ਨਿਕਲ ਕੇ ਬਹੁ–ਕੌਮੀ ਕੰਪਨੀਆਂ ਦੀਆਂ ਦਵਾਈਆਂ ਅਤੇ ਹਸਪਤਾਲਾਂ ਦੀ ਜੇਬ ਵਿੱਚ ਪੈ ਜਾਂਦੇ ਹਨ। ਕੀ ਇਹ ਗੱਲ ਰਾਜ ਕਰਦੀਆਂ ਧਿਰਾਂ ਨੂੰ ਸਮਝ ਹੀ ਨਹੀਂ ਆਉਂਦੀ ਜਾਂ ਉਹ ਸਮਝਣ ਦਾ ਯਤਨ ਹੀ ਨਹੀਂ ਕਰਨਾ ਚਾਹੁੰਦੀਆਂ। ਹੁਣ ਸ਼ੁਕਰ ਹੈ ਕਿ ਕੇਂਦਰੀ ਸਰਕਾਰ ਨੇ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਤੇ ਪਾਬੰਦੀ ਲਾ ਦਿੱਤੀ ਹੈ ਪਰ ਹੁੱਕੇ ਤੋਂ ਹੋਣ ਵਾਲੇ ਨੁਕਸਾਨ ਨੂੰ ਕੌਣ ਨੱਥ ਪਾਵੇਗਾ। ਹੁੱਕੇ ਦੀ ਗੁੜ ਗੁੜ ਵੀ ਅਨੇਕਾਂ ਗੰਭੀਰ ਰੋਗਾਂ ਦੀ ਮਾਂ ਹੈ।
ਤੰਬਾਕੂ ਇਸ ਧਰਤੀ ਦਾ ਪੌਦਾ ਨਹੀਂ। ਜਹਾਂਗੀਰ ਦੇ ਰਾਜਕਾਲ ਵੇਲੇ ਇਹ ਨਾ–ਮੁਰਾਦ ਪੌਦਾ ਪੰਜਾਬ ਦੀ ਧਰਤੀ ਤੇ ਪੁੱਜਾ ਸੀ। ਤੁਜ਼ਕੇ ਜਹਾਂਗੀਰੀ ਵਿੱਚ ਇਸ ਦਾ ਪਹਿਲੀ ਵਾਰ ਵਰਨਣ ਹੋਇਆ ਹੈ। ਗੁਰਬਾਣੀ ਵਿੱਚ ਵੀ ਤੰਬਾਕੀ ਦੇ ਸੇਵਨ ਨੂੰ ਰੱਜ ਕੇ ਨਿੰਦਿਆ ਗਿਆ ਹੈ।
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ।।
ਹਰਿ ਹਰਿ ਕਦੇ ਨਾ ਚੇਤਿਓ ਜਮਿ ਪਕੜਿ ਚਲਾਈਆ।। (ਸ਼੍ਰੀ ਗੁਰੂ ਗ੍ਰੰਥ ਸਾਹਿਬ, ਅੰਕ 726)
ਸਿੱਖ ਇਤਿਹਾਸ ਵਿੱਚ ਇੱਕ ਪ੍ਰਮਾਣ ਵਾਰ–ਵਾਰ ਆਉਂਦਾ ਹੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਵੀ ਤੰਬਾਕੂ ਦਾ ਖੇਤ ਸਾਹਮਣੇ ਵੇਖ ਕੇ ਉਸ ਵਿਚ ਪੈਰ ਪਾਉਣੋਂ ਅਟਕ ਗਿਆ ਸੀ। ਜਦ ਖੇਤ ਦੇ ਮਾਲਕ ਨੇ ਗੁਰੂ ਗੋਬਿੰਦ ਸਿੰਘ ਜੀ ਪਾਸ ਬਖਸ਼ਿਸ਼ ਲਈ ਅਰਦਾਸ ਕੀਤੀ ਤਾਂ ਉਨ•ਾਂ ਨੇ ਉਸ ਤੰਬਾਕੂ ਦੀ ਖੇਤੀ ਕਰਨ ਤੋਂ ਵਰਜਿਆ। ਇਸ ਵਿੱਚ ਲੁਕਿਆ ਇਸ਼ਾਰਾ ਸਮਝਣ ਦੀ ਲੋੜ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿਹਤਮੰਦ ਸ਼ਕਤੀਸ਼ਾਲੀ ਪੰਥ ਦੀ ਸਿਰਜਣਾ ਕਰਨ ਵੇਲੇ ਨਸ਼ਾ ਰਹਿਤ ਸਮਾਜ ਦਾ ਸੁਪਨਾ ਲਿਆ ਸੀ ਪਰ ਅੱਜ ਅਸੀਂ ਕਿੱਧਰ ਨੂੰ ਤੁਰ ਪਏ ਹਾਂ ?
ਪੰਜਾਬ ਵਿੱਚ ਵੱਸਦੇ ਸਿੱਖ ਪਰਿਵਾਰਾਂ ਵਿੱਚ ਇਹ ਕੋਹੜ ਪਹਿਲਾਂ ਬਹੁਤ ਘੱਟ ਸੀ ਪਰ ਪਿਛਲੇ ਕੁਝ ਸਮੇਂ ਤੋਂ ਅਸੀਂ ਵੇਖ ਰਹੇ ਹਾਂ ਕਿ ਨਵੇਂ ਨਵੇਂ ਨਾਵਾਂ ਹੇਠ ਵਿਕ ਰਿਹਾ ਇਹ ਜ਼ਹਿਰ ਰੁਤਬੇ ਦੀ ਨਿਸ਼ਾਨੀ ਬਣ ਗਿਆ ਹੈ। ਤੰਬਾਕੂ ਕੰਪਨੀਆਂ ਦੇ ਦਿਲਕਸ਼ ਇਸ਼ਤਿਹਾਰ ਅਤੇ ਟੈਲੀਵੀਜ਼ਨ ਤੇ ਕੀਤੀਆਂ ਮਸ਼ਹੂਰੀਆਂ ਕੱਚੀ ਉਮਰ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ। ਇੱਕ ਅੰਦਾਜ਼ੇ ਅਨੁਸਾਰ ਇਹ ਤੰਬਾਕੂ ਕੰਪਨੀਆਂ ਭਾਰਤ ਵਿੱਚ ਹਰ ਰੋਜ਼ ਗਿਆਰਾਂ ਹਜ਼ਾਰ ਨਵੇਂ ਗਾਹਕ ਲੱਭਦੀਆਂ ਹਨ ਕਿਉਂਕਿ ਉਹ ਇਸ ਗੱਲ ਤੋਂ ਭਲੀਭਾਂਤ ਵਾਕਫ ਹਨ ਕਿ ਪੁਰਾਣੇ ਗਾਹਕ ਤੰਬਾਕੂ ਖਾ ਪੀ ਕੇ ਨਾਲੋਂ–ਨਾਲ ਤੇਜ਼ ਰਫਤਾਰ ਨਾਲ ਮਰ ਵੀ ਤਾਂ ਰਹੇ ਹਨ। ਇਹ ਗੱਲ ਵੀ ਕਿਸੇ ਤੋਂ ਲੁਕੀ–ਛਿਪੀ ਨਹੀਂ ਕਿ ਗੁਟਕਾ, ਜ਼ਰਦਾ ਅਤੇ ਤੰਬਾਕੂ ਨਸ਼ਿਆਂ ਦੀ ਡਿਓੜੀ ਹੈ ਅਤੇ ਇਸ ਤੋਂ ਅੱਗੇ ਵੱਧ ਕੇ ਭਵਿੱਖ ਦੇ ਨਸ਼ਈ ਬਣਨ ਦੀ ਪੂਰਨ ਸੰਭਾਵਨਾ ਹੈ। ਅਨੇਕਾਂ ਸਮਾਜਕ ਸੰਸਥਾਵਾਂ ਵੱਲੋਂ ਇਸ ਕਹਿਰੀ ਜ਼ਹਿਰ ਦੇ ਖਿਲਾਫ ਬੜਾ ਜ਼ੋਰਦਾਰ ਪ੍ਰਚਾਰ ਅਤੇ ਪ੍ਰਸਾਰ ਕਾਰਜ ਕੀਤਾ ਜਾ ਰਿਹਾ ਹੈ ਪਰ ਇਸ ਲਹਿਰ ਨੂੰ ਸਰਬ–ਧਰਮ ਮੰਨਣ ਵਾਲਿਆਂ ਨੂੰ ਅਪਨਾਉਣਾ ਚਾਹੀਦਾ ਹੈ, ਕਿਉਂਕਿ ਨਸ਼ਾ ਵਿਰੋਧੀ ਕਾਫਲਾ ਹੀ ਮਾਨਵ ਹਿਤੈਸ਼ੀ ਹੋਣ ਦਾ ਹੱਕ ਰੱਖੂ ਦਾ ਹੈ। ਇਹ ਗੱਲ ਵੀ ਵਿਗਿਆਨੀ ਹੀ ਦੱਸਦੇ ਹਨ ਕਿ ਲੁਧਿਆਣੇ ਵਰਗੇ ਧੂੰਆਂਧਾਰ ਸ਼ਹਿਰ ਦਾ ਧੂੰਆਂ ਵੀ ਤੰਬਾਕੂ ਦੇ ਧੂੰਏਂ ਨਾਲੋਂ 20ਵਾਂ ਹਿੱਸਾ ਘੱਟ ਖਤਰਨਾਕ ਹੈ। ਜੇਕਰ ਅਸੀਂ ਇਸ ਗੱਲ ਨੂੰ ਸਮਝਦੇ ਅਤੇ ਜਾਣਦੇ ਹਾਂ ਤਾਂ ਇਸ ਦੇ ਖਿਲਾਫ ਲੋਕ ਲਾਮਬੰਦੀ ਕਰਨ ਲਈ ਕਿਉ ਨਹੀਂ ਤੁਰਦੇ? ਤੰਬਾਕੂ ਦੇ ਖਿਲਾਫ ਸਿਰਫ ਪ੍ਰਚਾਰ ਹੀ ਨਹੀਂ ਸਗੋਂ ਪ੍ਰੇਰਨਾ ਕੇਂਦਰ ਖੋਲ ਕੇ ਅਣਭੋਲ ਜਵਾਨੀਆਂ ਨੂੰ ਸਿੱਖਿਅਤ ਕਰਨ ਦੀ ਵੀ ਜ਼ਰੂਰਤ ਹੈ। ਸਕੂਲਾਂ, ਕਾਲਜਾਂ, ਧਰਮ ਅਸਥਾਨਾਂ, ਸਮਾਜਿਕ ਭਲਾਈ ਕੇਂਦਰਾਂ, ਸਰਕਾਰੀ ਦਫਤਰਾਂ, ਬੰਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੇ ਵਿਕ ਰਹੇ ਇਸ ਜ਼ਹਿਰ ਦੇ ਖਿਲਾਫ ਕਾਰਵਾਈ ਕਰਨ ਲਈ ਸਰਕਾਰ ਨੂੰ ਤੁਰੰਤ ਹਰਕਤ ਵਿੱਚ ਆਉਣਾ ਚਾਹੀਦਾ ਹੈ।
ਤੰਬਾਕੂ ਦੇ ਖਿਲਾਫ ਹਰ ਵਰ•ੇ ਵਿਸ਼ਵ ਪੱਧਰ ਤੇ ਇਕ ਦਿਹਾੜਾ ਨਿਸ਼ਚਿਤ ਹੈ। 31 ਮਈ ਦੇ ਦਿਨ ਇਸ ਦੇ ਖਿਲਾਫ ਬੜੀਆਂ ਤਕਰੀਰਾਂ ਹੁੰਦੀਆਂ ਹਨ। ਬੈਨਰ ਚੁੱਕ ਕੇ ਤਸਵੀਰਾਂ ਖਿਚਵਾਈਆਂ ਜਾਂਦੀਆਂ ਹਨ। ਅਖਬਾਰਾਂ ਦੇ ਕਾਲਮ ਇਸ ਦਿਨ ਬਹੁਤ ਕੁਝ ਬੋਲਦੇ ਹਨ ਪਰ ਕਹਾਣੀ ਉਥੇ ਦੀ ਉਥੇ ਹੀ ਅਟਕੀ ਹੋਈ ਹੈ। ਕੋਈ ਵੀ ਤੰਬਾਕ ਵੇਚਦਾ ਖੋਖਾ ਇਕ ਇੰਚ ਵੀ ਅੱਗੇ ਪਿੱਛੇ ਨਹੀਂ ਹੁੰਦਾ। ਆਖਰ ਅਸੀਂ ਸਾਰੇ ਜਣੇ ਕਿਸ ਨੂੰ ਧੋਖਾ ਦੇ ਰਹੇ ਹਾਂ, ਸਿਰਫ ਆਪਣੇ ਆਪ ਨੂੰ । ਤੰਬਾਕੂ ਪੀਣ ਵਾਲਾ ਵਿਅਕਤੀ ਹੀ ਸਿਰਫ ਇਸ ਦੇ ਮਾਰੂ ਅਸਰ ਤੋਂ ਪੀੜਤ ਨਹੀਂ ਹੁੰਦਾ ਸਗੋਂ ਇਸ ਦੇ ਧੂੰਏਂ ਵਿੱਚ ਸ਼ਾਮਲ ਜ਼ਹਿਰੀਲੇ ਕਣ ਕਿਸੇ ਕੋਲੋਂ ਲੰਘਦੇ ਆਦਮੀ ਨੂੰ ਵੀ ਬੀਮਾਰੀ ਦਾ ਤੋਹਫਾ ਦੇ ਸਕਦੇ ਹਨ। ਇਹ ਗੱਲ ਸਾਰੇ ਹੀ ਜਾਣਦੇ ਹਨ ਕਿ ਇਸ ਤੰਕਾਬੂਨੋਸ਼ੀ ਕਾਰਨ ਹਰ ਵਰ•ੇ ਕਿੰਨੇ ਘਰਾਂ ਦੇ ਸੁਹਾਗ ਉਜੜਦੇ ਹਨ ਬੱਚੇ ਅਨਾਥ ਹੁੰੰਦੇ ਹਨ ਪਰ ਸਾਡੀ ਢੀਠਤਾਈ ਦੀ ਹੱਦ ਇਹ ਹੈ ਕਿ ਤੰਬਾਕੂ ਪੀ ਪੀ ਕੇ ਫੇਫੜੇ ਦਾ ਕੈਂਸਰ ਕਰਵਾ ਕੇ ਮਰੇ ਆਦਮੀ ਦੀ ਮਾਤਮ ਪੁਰਸੀ ਵੇਲੇ ਵੀ ਸਾਡੇ ਮੂੰਹੋਂ ਸੱਚ ਨਹੀਂ ਨਿਕਲਦਾ ਕਿ ਇਹ ਭੱਦਰ ਪੁਰਸ਼ ਕਿਸ ਕਰਤੂਤ ਕਰਕੇ ਮਰਿਆ ਹੈ। ਸਗੋਂ ਇਹੀ ਆਖਦੇ ਹਾਂ ਕਿ ਇਸ ਦੀ ਕਿਸਮਤ ਵਿੱਚ ਹੀ ਥੋੜ•ੀ ਉਮਰ ਲਿਖੀ ਹੋਈ ਸੀ। ਇਹ ਕਦੇ ਨਹੀਂ ਆਖਦੇ ਕਿ ਤੰਬਾਕੂ ਇਸ ਦੀ ਉਮਰ ਨੂੰ ਹਰ ਰੋਜ਼ ਘਟਾਈ ਗਿਆ ਜਿਸ ਲਈ ਮਰਨ ਵਾਲਾ ਵਿਅਕਤੀ ਇਕੱਲਾ ਜ਼ਿੰਮੇਂਵਾਰ ਨਹੀਂ ਸਗੋਂ ਅਸੀਂ ਸਾਰੇ ਹੀ ਉਸ ਦੇ ਕਾਤਲ ਹਾਂ ਜਿਨ•ਾਂ ਨੇ ਨਸ਼ਾ ਰਹਿਤ ਸਮਾਜ ਸਿਰਜਣ ਵਿੱਚ ਦੇਰੀ ਕੀਤੀ ਹੈ। ਕਈ ਕਾਹਲੇ ਲੋਕ ਇਹ ਵੀ ਆਖਦੇ ਹਨ ਕਿ ਨਸ਼ਿਆਂ ਦੇ ਖਿਲਾਫ ਕਾਨੂੰਨ ਨੂੰ ਸਖਤੀ ਵਰਤਣੀ ਚਾਹੀਦੀ ਹੈ ਪਰ ਅਜਿਹਾ ਆਖ ਕੇ ਅਸੀਂ ਆਪਣੀ ਜਿੰਮੇਂਵਾਰੀ ਤੋਂ ਭੱਜਦੇ ਹਾਂ। ਕਾਨੂੰਨ ਦੀ ਸਖਤੀ ਇੱਕ ਪਹਿਲੂ ਹੈ ਬਾਕੀ ਜ਼ਿੰਮੇਂਵਾਰੀ ਸਮਾਜ ਦੇ ਉਨ•ਾਂ ਲੋਕਾਂ ਦੀ ਹੈ ਜਿਨ•ਾਂ ਨੂੰ ਇਸ ਭਿਆਨਕ ਨਸ਼ੇ ਦੀ ਭਿਆਨਕਤਾ ਬਾਰੇ ਚੇਤਨਾ ਹੈ। ਕਾਨੂੰਨੀ ਸਖਤੀ ਤੀਕ ਨੌਬਤ ਹੀ ਕਿਉਂ ਆਵੇ?
ਇਹ ਗੱਲ ਸਾਡੇ ਲੋਕ ਗੀਤਾਂ ਵਿੱਚ ਵੀ ਵਾਰ–ਵਾਰ ਆਈ ਹੈ ਕਿ ਨਸ਼ਿਆਂ ਨੇ ਲਖਾਂ ਘਰਾਂ ਗਾਲ•ੇ ਹਨ ਅਤੇ ਨਸ਼ਿਆਂ ਦੀ ਬਰਬਾਦੀ ਨਾਲ ਵਸਦੇ ਰਸਦੇ ਘਰ ਉਜਾੜ ਬੀਆ–ਬਾਨ ਬਣ ਜਾਂਦੇ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸ਼ਰਾਬ ਵਰਗੇ ਨਸ਼ੇ ਦਾ ਸੂਬਿਆਂ ਦੀ ਆਰਥਿਕਤਾ ਲਈ ਮੁੱਖ ਕਮਾਈ ਸਾਧਨ ਬਣ ਜਾਣਾ ਵੀ ਅਫਸੋਸਨਾਕ ਪਹਿਲੂ ਹੈ। ਤੁਸੀਂ ਆਪ ਸੋਚੋ ਜਿਸ ਸ਼ਰਾਬ ਦੀ ਕਮਾਈ ਨਾਲ ਸੂਬਿਆਂ ਦਾ ਰਾਜ ਪ੍ਰਬੰਧ ਚੱਲ ਰਿਹਾ ਹੋਵੇ ਉਥੇ ਨਸ਼ਾਬੰਦੀ ਦਾ ਸੁਪਨਾ ਕਿਵੇਂ ਲਿਆ ਜਾ ਸਕਦਾ ਹੈ। ਅਸੀਂ ਆਪਣੇ ਲੋਕਾਂ ਨੂੰ ਇਸ ਹੱਦ ਤੱਕ ਨਸ਼ਿਆਂ ਦਾ ਗੁਲਾਮ ਬਣਾ ਲਿਆ ਹੈ ਕਿ ਨਸ਼ਾ ਨਾ ਮਿਲਣ ਦੀ ਸੂਰਤ ਵਿੱਚ ਉਹ ਕੁਝ ਵੀ ਕਰ ਸਕਦੇ ਹਨ। ਗੁਆਂਢੀ ਰਾਜ ਹਰਿਆਣਾ ਵਿੱਚ ਕੁਝ ਸਮੇਂ ਲਈ ਕੀਤੀ ਨਸ਼ਾਬੰਦੀ ਨੇ ਜਿਥੇ ਇਸ ਸੁਪਨੇ ਦੇ ਸੁਪਨਕਾਰ ਨੂੰ ਰਾਜ ਗੱਦੀ ਤੋਂ ਲਾਂਭੇ ਹਟਾਇਆ ਉਥੇ ਕਰੋੜਾਂ ਰੁਪਏ ਦੀ ਸ਼ਰਾਬ ਨਜ਼ਾਇਜ਼ ਰੂਪ ਵਿੱਚ ਵਿਕਣ ਦਾ ਵੀ ਉਲਾਂਭਾ ਖੱਟਿਆ। ਸਾਡੇ ਹੁਕਮਰਾਨ ਭਾਵੇਂ ਕਿਸੇ ਵੀ ਸਿਆਸੀ ਰੰਗ ਦੇ ਹੋਣ, ਹੁਣ ਕਦੇ ਵੀ ਇਹ ਖਤਰਾ ਮੁੱਲ ਨਹੀਂ ਲੈਣਗੇ ਕਿ ਨਸ਼ਾਬੰਦੀ ਕਰਕੇ ਰਾਜ ਭਾਗ ਨੂੰ ਹੱਥੋਂ ਛੱਡਿਆ ਜਾਵੇ, ਜਵਾਨੀ ਭਾਵੇਂ ਤਬਾਹ ਹੋ ਜਾਵੇ। ਇਕ ਗੀਤ ਸੁਣਿਆ ਸੀ।
ਅੱਗੇ ਰਾਹੀ ਰਾਹ ਪੁੱਛਦੇ, ਹੁਣ ਪੁੱਛਦੇ ਸ਼ਰਾਬ ਵਾਲੇ ਠੇਕੇ।
ਪਰ ਹੁਣ ਇਹ ਗੱਲ ਸਿਰਫ ਗੀਤਾਂ ਵਿੱਚ ਹੀ ਸੱਚ ਲੱਗਦੀ ਹੈ ਕਿਉਂਕਿ ਹੁਣ ਸ਼ਰਾਬੀਆਂ ਨੂੰ ਠੇਕਾ ਪੁੱਛਣ ਦੀ ਲੋੜ ਨਹੀਂ, ਹਰ ਚੌਂਕ ਵਿੱਚ ਹੀ ਠੇਕਾ ਹੈ। ਉਸ ਤੋਂ ਬਚ ਕੇ ਕੋਈ ਵੀ ਸ਼ਰਾਬੀ ਘਰ ਕਿਵੇਂ ਸੁੱਕਾ ਪਹੁੰਚ ਸਕਦਾ ਹੈ। ਪਿਛਲੇ ਦਿਨੀਂ ਲੰਮਾ ਸਮਾਂ ਸ਼ਰਾਬ ਪੀ ਕੇ ਗੁਰਦਿਆਂ ਦੀ ਬੀਮਾਰੀ ਸਹੇੜੀ ਬੈਠੇ ਇੱਕ ਸੱਜਣ ਨੇ ਬੜੇ ਕਸ਼ਟ ਨਾਲ ਇਹ ਗੱਲ ਦੱਸੀ ਕਿ ਸ਼ਰਾਬ ਦਾ ਠੇਕਾ ਜੇ ਘਰ ਦੇ ਨੇੜੇ ਨਾ ਹੁੰਦਾ ਤਾਂ ਮੇਰੀ ਇਹ ਹਾਲਤ ਨਾ ਹੁੰਦੀ।
ਦੱਸ ਨੀ ਸ਼ਰਾਬ ਦੀਏ ਬੋਤਲੇ ਕਮੀਨੀਏ,
ਮੈਂ ਤੈਨੂੰ ਪੀਂਦਾ ਹਾਂ ਜਾਂ ਤੂੰ ਮੈਨੂੰ ਪੀਨੀ ਏਂ।
ਇਹ ਗੱਲ ਵਿਚਾਰਨ ਵਾਲੀ ਹੈ ਕਿ ਅਸੀਂ ਕਿੰਨਾ ਕੁ ਚਿਰ ਇਸ ਨਸ਼ੇ ਦੀ ਵਿਕਰੀ ਕਰ–ਕਰ ਕੇ ਰਾਜ ਪ੍ਰਬੰਧ ਦੀਆਂ ਜਰਜਰੀਆਂ ਕੋਠੜੀਆਂ ਨੂੰ ਠੁੰਮਣਾ ਦੇਈ ਰੱਖਾਂਗੇ। ਅਖੀਰ ਸਾਨੂੰ ਆਪਣੇ ਨਿਜ਼ਾਮ ਦੀ ਛੱਤ ਹੇਠਾਂ ਪਾਏਦਾਰ ਆਰਥਿਕ ਕੰਧਾਂ ਦੀ ਉਸਾਰੀ ਕਰਨੀ ਪਵੇਗੀ।
ਇਹ ਗੱਲ ਵੀ ਵਿਚਾਰ ਮੰਗਦੀ ਹੈ ਕਿ ਅਸੀਂ ਨਸ਼ਿਆਂ ਨੂੰ ਕਿਸੇ ਖੁਸ਼ੀ ਨੂੰ ਮਨਾਉਣ ਜਾਂ ਗਮੀ ਨੂੰ ਦੂਰ ਕਰਨ ਦਾ ਵਸੀਲਾ ਕਿਉਂ ਬਣਾਇਆ ਹੈ? ਕੀ ਅਸੀਂ ਇਸ ਗੁਲਾਮੀ ਤੋਂ ਮੁਕਤ ਨਹੀਂ ਹੋ ਸਕਦੇ। ਸਾਨੂੰ ਇਹ ਵਿਚਾਰਨਾ ਪਵੇਗਾ ਕਿ ਆਪਣੇ ਘਰਾਂ ਵਿੱਚ ਸ਼ਰਾਬ ਰੁਤਬੇ ਦੀ ਬੁਲੰਦੀ ਦਾ ਸਬੂਤ ਬਣ ਕੇ ਪੇਸ਼ ਨਾ ਹੋਵੇ ਸਗੋਂ ਇਸ ਨੂੰ ਇਕ ਮਾਨਸਿਕ ਕਮਜ਼ੋਰੀ ਸਮਝ ਕੇ ਪਛਾਣਿਆ ਜਾਵੇ।
ਕੋਈ ਸਮਾਂ ਸੀ ਜਦ ਸ਼ਰਾਬ ਪੀਣ ਵਾਲਾ ਆਦਮੀ ਆਪਣੇ ਘਰ ਮੂੰਹ ਘੁੱਟ ਕੇ ਵੜਦਾ ਸੀ ਕਿ ਕਿਤੇ ਮੇਰੀ ਪਤਨੀ, ਜਵਾਨ ਪੁੱਤਰ ਜਾਂ ਮੁਟਿਆਰ ਧੀ ਨੂੰ ਇਸ ਦੀ ਬਦਬੂ ਨਾ ਆ ਜਾਵੇ। ਪਰ ਹੁਣ ਘਰ ਆਏ ਮਹਿਮਾਨ ਦੀ ਉਡੀਕ ਕਈ ਵਾਰ ਸਿਰਫ ਏਸ ਵਾਸਤੇ ਕੀਤੀ ਜਾਂਦੀ ਹੈ ਕਿ ਕੋਈ ਮਹਿਮਾਨ ਆ ਜਾਵੇ ਘੜੀ ਬੈਠਾਂਗੇ, ਪੀਵਾਂਗੇ। ਬਹੁਤ ਸਾਰੇ ਨਵੇਂ ਅਮੀਰ ਹੋਏ ਸ਼ਹਿਰੀ ਘਰਾਂ ਵਿੱਚ ਜਿਥੇ ਪੂਜਾ ਸਥਾਨਾਂ ਦੀਆਂ ਉਸਾਰੀਆਂ ਵੀ ਜ਼ੋਰਾਂ ਤੇ ਹਨ ਉਨ•ਾਂ ਹੀ ਘਰਾਂ ਵਿੱਚ ਬਹੁਤ ਥਾਈਂ ਸ਼ਰਾਬ ਦੇ ਲੁਕਵੇਂ ਪ੍ਰਬੰਧ ਕੀਤੇ ਹੋਏ ਮੈਂ ਖੁਦ ਵੇਖੇ ਹਨ। ਕਿਸੇ ਨੇ ਨਹਾਉਣ ਵਾਲੇ ਗੁਸਲਖਾਨੇ ਦੀ ਟਂਕੀ ਵਿੱਚ ਬੋਤਲ ਲੁਕਾਈ ਹੋਈ ਹੈ ਕਿਸੇ ਨੇ ਕਿਤਾਬਾਂ ਵਾਲੀ ਅਲਮਾਰੀ ਦੇ ਪਿਛਵਾੜੇ ਲੁਕਵੇਂ ਖਾਨੇ ਬਣਾਏ ਹੋਏ ਨੇ। ਕੀ ਅਸੀਂ ਇਸ ਦੋਗਲੀ ਜ਼ਿੰਦਗੀ ਤੋਂ ਮੁਕਤ ਨਹੀਂ ਹੋ ਸਕਦੇ? ਅਸਲ ਵਿੱਚ ਉਸ ਭਟਕਣ ਤੋਂ ਮੁਕਤੀ ਦੀ ਲੋੜ ਹੈ ਜੋ ਸਾਨੂੰ ਆਪਣੇ ਆਪ ਦੇ ਰੂ–ਬ–ਰੂ ਨਹੀਂ ਹੋਣ ਦਿੰਦੀ। ਹਮੇਸ਼ਾਂ ਅਸੀਂ ਕਿਸੇ ਹੋਰ ਥਾਂ ਜਾਂ ਨਸ਼ੇ ਤੋਂ ਹੀ ਦੁੱਖਾਂ ਦੀ ਦਵਾਈ ਮੰਗਦੇ ਹਾਂ। ਇਹ ਗੱਲ ਭਾਵੇਂ ਤੁਹਾਨੂੰ ਕੌੜੀ ਲੱਗੇ ਪਰ ਇਹ ਹਜ਼ਮ ਕਰਨੀ ਹੀ ਪਵੇਗੀ ਕਿ ਜਿੰਨਾ ਚਿਰ ਨਸ਼ਾ ਕਰਨ ਵਾਲੇ ਪੱਤਰ, ਬਾਪ ਜਾਂ ਪਤੀ ਨੂੰ ਔਰਤ ਨੱਥ ਨਹੀਂ ਪਾਉਂਦੀ ਉਨ•ਾਂ ਚਿਰ ਇਸ ਕੋਹੜ ਤੋਂ ਮੁਕਤੀ ਹਾਸਲ ਨਹੀਂ ਹੋ ਸਕਦੀ। ਜੇਕਰ ਪੰਜਾਬ ਦੀਆਂ ਔਰਤਾਂ ਹੀ ਇਕੱਠੀਆਂ ਹੋਣ ਦੀ ਥਾਂ ਆਪੋ ਆਪਣੇ ਘਰੀਂ ਸ਼ਰਾਬਬੰਦੀ ਦਾ ਬਿਗਲ ਵਜਾ ਦੇਣ ਤਾਂ 50 ਫੀ ਸਦੀ ਨਸ਼ਾਬੰਦੀ ਇਕ ਰਾਤ ਵਿੱਚ ਹੀ ਸੰਭਵ ਹੈ। ਬਦੇਸ਼ਾਂ ਵਿੱਚ ਪੰਜਾਬੀ ਭਰਾ ਆਪਣੀਆਂ ਪਤਨੀਆਂ ਨੂੰ ਪਾਰਟੀਆਂ 'ਚ ਜ਼ਰੂਰ ਲੈ ਕੇ ਜਾਂਦੇ ਨੇ। ਕਾਰਨ ਇਹ ਨਹਂ ਕਿ ਸਤਿਕਾਰ ਹੈ, ਸਗੋਂ ਇਹ ਹੈ ਕਿ ਪਾਰਟੀ ਮਗਰੋਂ ਸ਼ਰਾਬੀ ਪਤੀ ਨੂੰ ਕਾਰ ਤੇ ਲੱਦ ਕੇ ਵੀ ਵਾਪਸ ਘਰ ਲਿਆਉਣਾ ਹੈ। ਸ਼ਰਾਬ ਪੀ ਕੇ ਕਾਰ ਚਲਾਉਣ ਦੀ ਮਨਾਹੀ ਹੋਣ ਕਾਰਨ ਪੰਜਾਬੀ ਵੀਰਾਂ ਨੇ ਇਹ ਰਾਹ ਕੱਢ ਲਿਐ। ਨਸ਼ੇ ਵਿੱਚ ਗਲਤਾਨ ਆਦਮੀ ਆਪਣੇ ਘਰਾਂ ਨੂੰ ਨਰਕ ਬਣਾ ਕੇ ਇਸ ਜੀਵਨ ਜਾਚ ਦੇ ਚੱਕਰਵਿਊ ਵਿਚੋਂ ਨਿਕਲਣ ਦੇ ਸਮਰੱਥ ਨਹੀਂ ਰਹਿੰਦੇ। ਇਸ ਚੱਕਰਵਿਊ ਨੂੰ ਤੋੜਨਾ ਧਾਰਮਿਕ ਜਥੇਬੰਦੀਆਂ, ਸਹਿਤ ਚੇਤਨਾ ਕੇਂਦਰਾਂ ਅਤੇ ਸਮਾਜਿਕ ਵਿਕਾਸ ਜਥੇਬੰਦੀਆਂ ਦਾ ਫਰਜ਼ ਹੈ।
ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਅਤੇ ਟਰਾਂਸਪੋਰਟ ਦੇ ਕਾਰੋਬਾਰ ਵਿੱਚ ਲੱਗੇ ਪੰਜਾਬੀਆਂ ਰਾਹੀਂ ਜ਼ਰਦਾ, ਅਫੀਮ, ਭੰਗ ਅਤੇ ਪੋਸਤ ਦੇ ਨਸ਼ੇ ਆਏ ਹਨ। ਪਹਿਲਾਂ ਸਿਰਫ ਟਰਾਂਸਪੋਰਟ ਦੇ ਕਾਰੋਬਾਰ ਵਿੱਚ ਕੰਮ ਕਰਦੇ ਡਰਾਈਵਰ ਖਲਾਸੀ ਅਤੇ ਹੋਰ ਸਹਾਇਕ ਮਜ਼ਦੂਰ ਵਰਗ ਦੇ ਲੋਕ ਹੀ ਇਸ ਤੋਂ ਪੀੜਤ ਸਨ। ਪਰ ਹੁਣ ਪਿੰਡ–ਪਿੰਡ, ਸ਼ਹਿਰ–ਸ਼ਹਿਰ ਆਏ ਪ੍ਰਵਾਸੀ ਮਜ਼ਦੂਰ ਇੰਨੀ ਗਿਣਤੀ ਵਿੱਚ ਪੰਜਾਬ ਅੰਦਰ ਵੱਸ ਗਏ ਹਨ ਕਿ ਉਨ•ਾਂ ਦੀ ਨਸ਼ਾ ਪੂਰਤੀ ਲਈ ਨਸ਼ਿਆਂ ਦੀਆਂ ਨਵੀਆਂ ਮੰਡੀਆਂ ਵੀ ਵਿਕਸਤ ਹੋ ਗਈਆਂ ਹਨ। ਤਲੀ ਤੇ ਮਲ ਕੇ ਬੁੱਲਾਂ ਹੇਠ ਰੱਖਣ ਵਾਲਾ ਜ਼ਰਦਾ ਪਿੰਡ–ਪਿੰਡ ਵਿਕ ਰਿਹਾ ਹੈ। ਬੜੇ ਦਿਲਕਸ਼ ਨਾਵਾਂ ਤੇ ਪੁੜੀਆਂ ਵਿੱਚ ਵਿਕਦੇ ਇਸ ਜ਼ਹਿਰ ਦੇ ਦਰਸ਼ਨ ਤੁਸੀਂ ਅਕਤਸਰ ਕਰਦੇ ਹੋਵੇਗੇ। ਪਰ ਕਿਸੇ ਕੈਂਸਰ ਹਸਪਤਾਲ ਵਿੱਚ ਪਏ ਦੰਦਾਂ ਅਤੇ ਜਬਾੜੇ ਦੇ ਕੈਂਸਰ ਵਾਲੇ ਰੋਗੀ ਨੂੰ ਪੁੱਛਿਓ ਉਸ ਨੂੰ ਇਹ ਸੁਗਾਤ ਕਿਥੋਂ ਮਿਲੀ ਹੈ ਉਹ ਆਪੇ ਹੀ ਇਨ•ਾਂ ਪੁੜੀਆਂ ਦਾ ਸਿਰਨਾਵਾਂ ਦੱਸ ਦੇਵੇਗਾ।
ਸਾਡੇ ਸੁੱਤਿਆਂ ਸੁੱਤਿਆਂ ਨਸ਼ਿਆਂ ਦੇ ਹੜ• ਦਾ ਪਾਣੀ ਸਾਡੇ ਘਰਾਂ ਦੀਆਂ ਕੰਧਾਂ ਤੋੜ ਕੇ ਅੰਦਰ ਆ ਵੜਿਆ ਹੈ ਪਰ ਅਸੀਂ ਅਜੇ ਵੀ ਘੂਕ ਸੁੱਤੇ ਪਏ ਹਾਂ। ਸਾਨੂੰ 365 ਦਿਨਾਂ ਵਿਚੋਂ ਸਿਰਫ ਇਕੋ ਦਿਨ ਮਾਰੀ ਆਵਾਜ਼ ਕਦੇ ਨਹੀਂ ਜਗਾ ਸਕਦੀ। ਸਾਨੂੰ ਹਰ ਪਲ, ਹਰ ਦਿਨ ਇਸ ਨਸ਼ੀਲੇ ਨਿਜ਼ਾਮ ਦੇ ਖਿਲਾਫ ਬੋਲਣਾ ਪਵੇਗਾ, ਜਾਗਣਾ ਪਵੇਗਾ ਅਤੇ ਇਹ ਨਸ਼ੀਲਾ ਹੜ• ਰੋਕਣਾ ਪਵੇਗਾ।
ਅੱਜ ਸਮਾਂ ਕਿਸੇ ਇਕ ਧਿਰ ਤੇ ਇਲਜ਼ਾਮ ਲਗਾਉਣ ਦਾ ਨਹੀਂ, ਸੋਚਣ ਦਾ ਵੇਲਾ ਹੈ ਕਿ ਪੰਜਾਬ ਦਾ ਮਿਹਨਤੀ ਹੱਥ, ਸੋਚਵਾਨ ਦਿਮਾਗ ਰੋਸ਼ਨ ਭਵਿੱਖ ਕਿਵੇਂ ਬਚਾਉਣਾ ਹੈ। ਇਸ ਕੰਮ ਲਈ ਨਸ਼ੇ ਦੇ ਜਾਇਜ਼, ਨਜ਼ਾਇਜ ਕਾਰੋਬਾਰ ਵਿੱਚ ਲੱਗੇ ਵਿਅਕਤੀਆਂ, ਸਮੂਹਾਂ ਅਤੇ ਵਿਭਾਗਾਂ ਨੂੰ ਇਸ ਨਿਜ਼ਾਮ ਦੀ ਭਿਆਨਕਤਾ ਬਾਰੇ ਚੇਤਨਾ ਤਾਂ ਹੈ ਪਰ ਇਸ ਦੇ ਦੂਰ ਰਸ ਸਿੱਟਿਆਂ ਦੀ ਸੋਝੀ ਨਹੀਂ, ਸ਼ਾਇਦ ਇਸੇ ਕਰਕੇ ਸੱਤਾਵਾਨ ਲੋਕ ਬਹੁ–ਗਿਣਤੀ ਵਿੱਚ ਨਸ਼ਿਆਂ ਦੇ ਕਾਰੋਬਾਰ ਵਿੱਚ ਆਪਣੇ ਸਾਧਨ ਲਗਾ ਰਹੇ ਹਨ। ਉਤਪਾਦਕ ਸ਼ਕਤੀਆਂ ਦਿਨੋ ਦਿਨ ਕਮਜ਼ੋਰ ਹੋ ਰਹੀਆਂ ਹਨ। ਜੇਕਰ ਨਸ਼ਿਆਂ ਦੇ ਕਾਰੋਬਾਰ ਵਿੱਚ ਲੱਗਿਆ ਸਰਮਾਇਆ ਨਵੇਂ ਉਦਯੋਗਾਂ ਅਤੇ ਕਾਰੋਬਾਰਾਂ ਵਿੱਚ ਲੱਗੇ ਤਾਂ ਕਿੰਨੇ ਵਿਹਲੇ ਹੱਥਾਂ ਨੂੰ ਰੋਜ਼ਗਾਰ ਮੁਹੱਈਆ ਹੋ ਸਕਦਾ ਹੈ। ਪਰ ਹੁਣ ਬੇਰੁਜ਼ਗਾਰੀ ਅਤੇ ਅਸੁਰੱਖਿਅਤ ਭਵਿੱਖ ਦਾ ਭੈ ਸਾਡੀ ਜਵਾਨੀ ਨੂੰ ਨਸ਼ਿਆਂ ਵਾਲੇ ਪਾਸੇ ਤੋਰ ਕੇ ਹੋਰ ਵੀ ਤਬਾਹੀ ਵਾਲੇ ਪਾਸੇ ਲਿਜਾ ਰਿਹਾ ਹੈ। ਇਸ ਕੰਮ ਵਿੱਚ ਸੰਚਾਰ ਮਾਧਿਅਮ ਵੀ ਬੜਾ ਮਾੜਾ ਰੋਲ ਅਦਾ ਕਰ ਰਹੇ ਹਨ। ਫਿਲਮਾਂ, ਟੈਲੀ ਸੀਰੀਅਲ ਅਤੇ ਸਭਿਆਚਾਰਕ ਪ੍ਰੋਗਰਾਮਾਂ ਦੇ ਨਾਮ ਹੇਠ ਹੋ ਰਿਹਾ ਵਣਜ–ਵਪਾਰ ਸ਼ਰਾਬ ਦੇ ਦਖਲ ਨੂੰ ਘੱਟ ਕਰਨ ਦੀ ਥਾਂ ਵਧਾ ਰਿਹਾ ਹੈ। ਸ਼ਰਾਬ ਦੀ ਮਹਿਮਾ ਵਾਲੇ ਗੀਤਾਂ ਤੇ ਪਾਬੰਦੀ ਸਮੇਂ ਦੀ ਲੋੜ ਹੈ। ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ, ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ, ਮਾਡਲ ਨੂੰ ਆਪਣੇ ਘਰ ਵਿੱਚ ਉਸਾਰ ਕੇ ਵੇਖੋ ! ਮੰਜੇ ਤੇ ਚੌੜਾ ਹੋ ਕੇ ਪਏ ਸ਼ਰਾਬੀ ਪੁੱਤਰ ਜਾਂ ਪਤੀ ਨੰ ਕਿੰਨਾ ਕੁ ਚਿਰ ਸਹਿਣ ਕਰੋਗੇ? ਇਹੋ ਜੇ ਗੈਰ ਜ਼ਿੰਮੇਂਵਾਰ ਗੀਤ ਸਾਡੀ ਮਾਨਸਿਕਤਾ ਨੂੰ ਪਲੀਤ ਕਰਦੇ ਹਨ। ਨਸ਼ੇ ਨੂੰ ਲਾਹਣਤ ਵਾਲੇ ਗੀਤ ਹੀ ਅੱਜ ਸਾਡੀ ਲੋੜ ਹਨ। ਸ਼ਰਾਬ ਦੀਆਂ ਬਹੁ–ਕੌਮੀ ਕੰਪਨੀਆਂ ਨੰਗੇਜ਼ ਦੇ ਸਹਾਰੇ ਸਾਡੇ ਘਰਾਂ ਵਿੱਚ ਅਜਿਹਾ ਕੁਝ ਬੀਜ ਰਹੀਆਂ ਹਨ ਜਿਸ ਦਾ ਫਲ ਤਬਾਹੀ ਦੇ ਰੂਪ ਵਿੱਚ ਸਾਨੂੰ ਹੀ ਵੱਢਣਾ ਪਵੇਗਾ। ਇਸ ਘੜੀ ਮੈਂ ਸਿਰਫ ਇਹੀ ਕਹਾਂਗਾ ਕਿ ਨਸ਼ਿਆਂ ਦੇ ਖਿਲਾਫ ਸਿਹਤਮੰਦ ਸਮਾਜ ਸਿਰਜਣ ਲਈ ਆਓ ਜਾਗੀਏ, ਉਠੀਏ ਅਤੇ ਕਾਫਲਾ ਬਣੀਏ।
ਜਦੋਂ ਮਾਵਾਂ, ਧੀਆਂ, ਪਤਨੀਆਂ ਆਪਣੇ ਘਰਾਂ ਵਿੱਚ ਨਸ਼ੀਲੀਆਂ ਬੋਤਲਾਂ ਦਾ ਦਾਖਲਾ ਬੰਦ ਕਰਨਗੀਆਂ ਜਾਂ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਬਦਬੂ ਨੂੰ ਨਫਰਤ ਕਰਨਗੀਆਂ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਦਾ ਗੱਭਰੂ ਨਸ਼ਾ ਤਿਆਗ ਕੇ ਸਹੀ ਰਸਤੇ ਉਪਰ ਤੁਰੇਗਾ। ਅਸੀਂ ਰਲ ਕੇ ਉਹ ਨਿਜ਼ਾਮ ਸਿਰਜਣਾ ਹੈ ਜਿਸ ਵਿੱਚ ਨਸ਼ਿਆਂ ਦੀ ਵਰਤੋਂ ਕੁਰਹਿਤ ਹੋਵੇ। ਧਰਮ ਸਥਾਨਾਂ, ਖੇਡਾਂ ਅਖਾੜਿਆਂ, ਸਭਿਆਚਾਰਕ ਸੱਥਾਂ, ਮਿੱਤਰ ਮਿਲਣੀਆਂ, ਸਾਹਿਤ ਸਭਾਵਾਂ ਅਤੇ ਟਰੇਡ ਯੂਨੀਅਨ ਮੀਟਿੰਗਾਂ ਵਿੱਚ ਇਹ ਗੱਲ ਸਾਨੂੰ ਸਾਰਿਆਂ ਨੂੰ ਮੁੱਖ ਮੁੱਦੇ ਦੇ ਤੌਰ ਤੇ ਵਿਚਾਰਨੀ ਪਵੇਗੀ ਕਿ ਜੇਕਰ ਨਸ਼ਿਆਂ ਦੇ ਪਿਆਲੇ ਵਿੱਚ ਪੰਜਾਬ ਹੋਰ ਕੁਝ ਚਿਰ ਡੁੱਬਿਆ ਰਿਹਾ ਤਾਂ ਅਸੀਂ ਖੁਦ ਕਿਵੇਂ ਜੀਵਾਂਗੇ। ਇਹ ਗੱਲ ਸਾਨੂੰ ਸਿਰਫ ਆਪਣੇ ਪਰਿਵਾਰ ਤਕ ਹੀ ਨਹੀਂ ਸਗੋਂ ਕੁੱਲ ਸੰਸਾਰ ਤੱਕ ਲੈ ਕੇ ਜਾਣੀ ਪਵੇਗੀ ਕਿ ਨਸ਼ਿਆਂ ਦੀ ਖੁਮਾਰੀ ਸਾਡੇ ਭਵਿੱਖ ਦੀ ਖੁਆਰੀ ਬਣ ਸਕਦੀ ਹੈ। ਜ਼ਿੰਦਗੀ ਦੇ ਸੁਹਜਵੰਤੇ ਰੂਪ ਦੀ ਉਸਾਰੀ ਲਈ ਘਰ ਘਰ ਮਹਿਕਦੀ ਫੁੱਲਾਂ ਦੀ ਕਿਆਰੀ ਲਈ, ਪੰਜਾਬ ਦੀ ਚੰਗੀ ਉਸਾਰੀ ਲਈ, ਆਓ ਨਸ਼ਿਆਂ ਨੂੰ ਇਸ ਧਰਤੀ ਤੋਂ ਦੂਰ ਭਜਾਈਏ, ਖੁਦ ਵੀ ਸਮਝੀਏ, ਹੋਰਨਾਂ ਨੂੰ ਵੀ ਸਮਝਾਈਏ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.