ਕੱਲ੍ਹ ਦੁਪਹਿਰੇ ਟਾਈਮਜ਼ ਆਫ਼ ਇੰਡੀਆ ਅਖ਼ਬਾਰ ਦੀ ਲੁਧਿਆਣਾ ਆਧਾਰਿਤ ਰੀਪੋਰਟਰ ਨਿਧੀ ਭਨੋਟ ਦਾ ਫੋਨ ਆਇਆ।
ਪੁੱਛਣ ਲੱਗੀ ਕਿ ਕੋਹਿਨੂਰ ਹੀਰਾ ਮਹਾਰਾਜਾ ਦਲੀਪ ਸਿੰਘ ਨੇ ਇੰਗਲੈਂਡ ਦੀ ਮਲਿਕਾ ਨੂੰ ਤੋਹਫ਼ਾ ਦਿੱਤਾ ਸੀ ਕਿ ਉਨ੍ਹਾਂ ਹਥਿਆਇਆ ਸੀ।
ਮੈਂ ਕਿਹਾ ਕਿ ਮੈਨੂੰ ਤਾਂ ਸਿਰਫ਼ ਏਨਾ ਹੀ ਪਤਾ ਹੈ ਕਿ ਸਾਡੇ ਪੰਜਾਬੀਆਂ ਦੀ ਪਾਟੋਧਾੜ ਤੇ ਘਰੇਲੂ ਕਤਲੋਗਾਰਤੀ ਕਲੇਸ਼ ਕਾਰਨ ਫਰੰਗੀ ਨੂੰ ਲਾਹੌਰ ਦਰਬਾਰ ਚ ਦਖ਼ਲ ਦੇਣ ਦਾ ਮੌਕਾ ਮਿਲ ਗਿਆ।
ਘਰ ਚ ਕਲੇਸ਼ ਹੋਵੇ ਤਾਂ ਬਾਹਰਲੇ ਲੁੱਚੇ ਹੀ ਉਸ ਘਰ ਲੰਬੜਦਾਰੀ ਕਰਦੇ ਨੇ।
ਮਹਾਰਾਣੀ ਜਿੰਦਾਂ ਭਰਾ ਦੇ ਕਤਲ ਦਾ ਬਦਲਾ ਲੈਂਦੀ ਲੈਂਦੀ ਸਾਰਾ ਕੁਝ ਗੁਆ ਬੈਠੀ। ਲਾਹੌਰ ਦਰਬਾਰ ਗਿਆ, ਕੋਹਿਨੂਰ ਹੀਰਾ ਕਿਤੇ ਪਿੱਛੇ ਰਹਿ ਜਾਣਾ ਸੀ।
ਲਾਲੂ ਦੀ ਲਾਲੀ ਗਈ, ਤੇਜੂ ਦਾ ਗਿਆ ਤੇਜ਼।
ਮਰਿਆ ਗੁਲਾਬੂ ਡੋਗਰਾ, ਰਾਜ ਲਿਆ ਅੰਗਰੇਜ਼।
9 ਸਾਲ ਦੇ ਬਾਲਕ ਪ੍ਰਭੂਸੱਤਾ ਸੰਪੰਨ ਮਹਾਰਾਜਾ ਦਲੀਪ ਸਿੰਘ ਦੇ ਰਖਵਾਲੇ ਬਣ ਬੈਠੇ ਗੋਰੇ।
ਬੱਚੇ ਨੂੰ ਭੁਚਲਾ ਕੇ ਹੀਰਾ ਮਲਿਕਾ ਦੇ ਤਾਜ ਤੇ ਜਾ ਚਮਕਿਆ।
ਮੈਨੂੰ ਵੀ ਇਹ ਗੱਲ ਇਤਿਹਾਸ ਤੇ ਪੁਰਖਿਆਂ ਨੇ ਹੀ ਦੱਸੀ ਹੈ।
ਅੱਜ ਵੀ ਕੋਹਿਨੂਰ ਹੀਰੇ ਵਰਗੀ ਜ਼ਿੰਦਗੀ ਪਾਟੋਧਾੜ ਚ ਖੱਜਲ ਹੋ ਰਹੀ ਹੈ।
ਰੋਸ ਧਰਨੇ, ਰੈਲੀਆਂ ਤੇ ਹੋਰ ਵਿਰੋਧ ਰਜਿਸਟਰ ਕਰਵਾਉਣ ਵਾਲੀਆਂ ਧਿਰਾਂ ਦੀ ਨਜ਼ਰ ਕੁਰਸੀ ਤੇ ਹੈ!
ਹਾਏ ਕੁਰਸੀ?
ਵੰਨ ਸੁਵੰਨੇ ਚਿਹਰੇ, ਵੰਨ ਸੁਵੰਨ ਨਕਾਬ। ਅਜਬ ਰਾਮ ਲੀਲ੍ਹਾ। ਸਮੇਂ ਦੇ ਰਾਵਣ ਦੀ ਧੁੰਨੀ ਚ ਤੀਰ ਮਾਰਨ ਵਾਲੇ ਕਚੀਚੀਆਂ ਵੱਟ ਰਹੇ ਹਨ।
ਸੰਤ ਰਾਮ ਉਦਾਸੀ ਦੇ ਬੋਲ ਚੇਤੇ ਆ ਰਹੇ ਨੇ।
ਹਨੂਮਾਨ ਲਲਕਾਰੇ ਕਿਹੜੇ ਰਾਵਣ ਨੂੰ,
ਰਾਵਣ ਦੇ ਤਾਂ ਸਾਹਵੇਂ ਰਾਮ ਖਲੋਇਆ ਹੈ।
ਵਿਅਕਤੀ ਨਹੀਂ, ਵਰਤਾਰਾ ਰਾਵਣ ਹੁੰਦਾ ਹੈ, ਪਰ ਸਾਨੂੰ ਵਿਅਕਤੀ ਵਿਸ਼ੇਸ਼ ਹੀ ਲੀਰਾਂ ਦਾ ਰਾਵਣ ਬਣਾ ਕੇ ਪਰੋਸਿਆ ਜਾ ਰਿਹਾ ਹੈ। ਅਧਿਆਪਕ ਰੋਟੀ ਮੰਗ ਰਹੇ ਨੇ ਬੱਚਿਆਂ ਸਮੇਤ ਸੜਕਾਂ ਤੇ ਰੁਲ ਰਹੇ ਨੇ। ਪਰੌਂਠੇ ਛਕਣ ਵਾਲੇ ਧਮਕੀਆਂ ਦੇ ਰਹੇ ਹਨ।
ਹੇ ਇਨਸਾਫ਼ ਤੂੰ ਕਿੱਥੇ ਲੁਕਿਆ?
ਸਾਡੀ ਪਾਤਸ਼ਾਹੀ ਬਰਾਬਰ ਕੰਮ ਦੀ ਬਰਾਬਰ ਉਜਰਤ ਦੇ ਸਿੱਧਾਂਤ ਚ ਸੀ। ਹੁਣ ਅਜੀਬ ਖਿਚੜੀ ਪੱਕ ਰਹੀ ਹੈ।
ਲਾਹੌਰ ਦਰਬਾਰ ਦੇ ਕਤਲੋਗਾਰਤ ਵਾਂਗ ਪਤਾ ਨਹੀਂ ਲੱਗ ਰਿਹਾ ਕਿ ਕੌਣ ਕਿਹੜੀ ਧਿਰ ਚ ਖੇਡ ਰਿਹੈ?
ਨਵੇਂ ਪੁਰਾਣੇ ਹਾਕਮ ਸ਼ੀਸ਼ੇ ਤੋਂ ਲੁਕਦੇ ਫਿਰ ਰਹੇ ਹਨ। ਬਾਤਨ ਕੇ ਸ਼ਹਿਨਸ਼ਾਹ ਦਹਾੜ ਰਹੇ ਨੇ,ਪੱਲੇ ਨਾ ਦ੍ਰਿਸ਼ਟੀ ਹੈ ਨਾ ਦ੍ਰਿਸ਼ਟੀਕੋਨ, ਹਨ੍ਹੇਰੇ ਚ ਤੀਰ ਅੰਦਾਜ਼ੀ ਹੋ ਰਹੀ ਹੈ।
ਮੈਂ ਨਿਧੀ ਨੂੰ ਕਿਹਾ!
ਪੁੱਤਰ ਲਾਹੌਰ ਦਰਬਾਰ ਤੋਂ ਰਾਤੋ ਰਾਤ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦਾਂ ਨੂੰ ਅੰਗਰੇਜ਼ ਡਾਂਡੇ ਮੀਂਡੇ ਫਰੰਗੀ ਰਾਜ ਤੀਕ ਲੈ ਆਏ।
ਨੌਰੰਗਾਬਾਦ ਤੋਂ ਭਾਈ ਮਹਾਰਾਜ ਸਿੰਘ ਜੀ ਦੀਆਂ ਸਿੱਖ ਫੌਜਾਂ ਮਗਰ ਚੜ੍ਹੀਆਂ ਹੋਣ ਕਰਕੇ ਗੋਰੇਸ਼ਾਹੀ ਨੂੰ ਡਰ ਸੀ ਕਿ ਕਿਤੇ ਮਹਾਰਾਜਾ ਦਲੀਪ ਸਿੰਘ ਸਾਥੋਂ ਖੋਹ ਕੇ ਨਾ ਲੈ ਜਾਣ।
ਪ੍ਰਭੂਸੱਤਾ ਸੰਪੰਨ ਸ਼ਹਿਨਸ਼ਾਹ ਵਜੋਂ ਮਹਾਰਾਜਾ ਦਲੀਪ ਸਿੰਘ ਨੇ ਆਖਰੀ ਰਾਤ ਰਾਏਕੋਟ ਨੇੜੇ ਬੱਸੀਆਂ ਕੋਠੀ ਸੀਲੋਆਣੀ ਚ ਕੱਟੀ ਸੀ।
ਮਿੱਤਰਾਂ ਦੀ ਮਿਹਰ ਸਦਕਾ ਮੈਂ ਇਸ ਯਾਦਗਾਰ ਨੂੰ ਪਿਛਲੀ ਪੰਜਾਬ ਸਰਕਾਰ ਪਾਸੋਂ ਸੰਪੂਰਨ ਕਰਵਾ ਸਕਿਆ।
ਲੱਗਦੇ ਹੱਥ ਇਹ ਸਾਖੀ ਵੀ ਸੁਣ ਲਵੋ।
ਪੰਜਾਬ ਦੇ ਆਖਰੀ ਪ੍ਰਭੂ ਸੱਤਾ ਸੰਪੰਨ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਬੱਸੀਆਂ ਕੋਠੀ (ਨੇੜੇ ਰਾਇਕੋਟ) ਜ਼ਿਲ੍ਹਾ ਲੁਧਿਆਣਾ ਨੂੰ ਹੁਣ ਵੇਖਦਿਆਂ ਉਹ ਘੜੀ ਯਾਦ ਆਉਂਦੀ ਹੈ ਜਦ ਅੱਤਵਾਦ ਦੌਰਾਨ ਇਥੇ ਲੁਕਵਾਂ ਗੈਰ ਸਰਕਾਰੀ ਪੁਲੀਸ ਇੰਟੈਰੋਗੇਸ਼ਨ ਕੇਂਦਰ ਸੀ।
ਉੱਜੜਿਆ ਸਥਾਨ। ਪਿੰਡ ਸੀਲੋਆਣੀ ਦੀ ਜੂਹ ਚ ਨਹਿਰੀ ਵਿਸ਼ਰਾਮ ਘਰ ਬਣਨ ਤੋਂ ਪਹਿਲਾਂ ਇਹ ਐਂਗਲੋ ਸਿੱਖ ਯੁੱਧ ਵੇਲੇ ਅੰਗਰੇਜ਼ਾਂ ਦਾ ਅਸਲਾਖਾਨਾ ਸੀ।
ਮਹਾਰਾਜਾ ਦਲੀਪ ਸਿੰਘ ਨੂੰ ਲਾਹੌਰ ਦਰਬਾਰ ਤੋਂ ਚੋਰੀ ਚੋਰੀ ਲੁਕਵੇਂ ਰਸਤੇ 31 ਦਸੰਬਰ 1849 ਦੀ ਰਾਤ ਰੱਖਿਆ ਗਿਆ।
ਸ: ਜਗਦੇਵ ਸਿੰਘ ਜੱਸੋਵਾਲ ਜਦ 1980 ਚ ਰਾਏਕੋਟ ਤੋਂ ਵਿਧਾਇਕ ਬਣੇ ਤਾਂ ਪਹਿਲੀ ਵਾਰ ਉਨ੍ਹਾਂ ਇਸ ਸਥਾਨ ਦੀ ਸਫਾਈ ਕਰਵਾ ਕੇ ਮੇਲਾ ਸਗਾ ਕੇ ਇਤਿਹਾਸਕਾਰਾਂ ਦੇ ਭਾਸ਼ਨਾਂ ਰਾਹੀਂ ਮਹਿਮਾ ਲੋਕਾਂ ਨੂੰ ਦੱਸੀ।
ਸ: ਰਣਜੀਤ ਸਿੰਘ ਤਲਵੰਡੀ ਨੇ 2011 ਚ ਮੈਨੂੰ ਤੇ ਕੁਝ ਹੋਰ ਹਿੰਮਤੀ ਸਾਥੀਆਂ ਨੂੰ ਨਾਲ ਲੈ ਕੇ ਇਸ ਯਾਦਗਾਰ ਲਈ ਕੰਮ ਕਰਨ ਦਾ ਪ੍ਰਣ ਕੀਤਾ।
ਰੰਣਜੀਤ ਸਿੰਘ ਦੀ ਹਿੰਮਤ ਸਦਕਾ ਹੀ
ਸਾਬਕਾ ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ ਦੇ ਰਾਏਕੋਟ ਸੰਗਤ ਦਰਸ਼ਨ ਮੌਕੇ ਮੈਂ ਪਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਜੋਂ ਪੰਜਾਬ ਖੇਤੀ ਯੂਨੀ: ਤੋਂ ਡਾ: ਨਿਰਮਲ ਜੌੜਾ ਤੇ ਡਾ: ਅਨਿਲ ਸ਼ਰਮਾ ਨੂੰ ਨਾਲ ਲੈ ਕੇ ਇਸ ਯਾਦਗਾਰ ਲਈ ਪਹਿਲਾ ਮੰਗ ਪੱਤਰ ਦਿੱਤਾ।
ਸ: ਗੁਰਚਰਨ ਸਿੰਘ ਗਾਲਿਬ ਸਾਬਕਾ ਐੱਮ ਪੀ, ਸ: ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀਸਪੀਕਰ ਲੋਕ ਸਭਾ ਨੇ ਸਾਡੀ ਹਮਾਇਤ ਕੀਤੀ। ਸ: ਜਗਦੇਵ ਸਿੰਘ ਜੱਸੋਵਾਲ ਪੂਰੀ ਯੋਜਨਾਕਾਰੀ ਚ ਸਾਡੇ ਅੰਗ ਸੰਗ ਰਹੇ।
ਮੁੱਖ ਮੰਤਰੀ ਜੀ ਨੇ ਉਸੇ ਪਲ ਬੱਸੀਆਂ ਕੋਠੀ ਦੌਰਾ ਕਰਨ ਦਾ ਕਹਿ ਕੇ ਸਾਨੂੰ ਉਥੇ ਪਹੁੰਚਣ ਲਈ ਕਹਿ ਦਿੱਤਾ।
ਮੁੱਖ ਮੰਤਰੀ ਕਾਫ਼ਲੇ ਸਮੇਤ ਪੁੱਜੇ ਤਾਂ ਅੱਗਿਓਂ ਅਸੀਂ ਖੜ੍ਹੇ ਸਾਂ।
ਉੱਜੜਿਆ ਢਾਂਚਾ ਵੇਖ ਕੇ ਬੋਲੇ ਦੱਸੋ ਕੀ ਕਰਨਾ ਚਾਹੀਦੈ?
ਮੈਂ ਕਿਹਾ ਤੁਸੀਂ ਲੋਕਤੰਤਰੀ ਨਿਜ਼ਾਮ ਦੇ ਪੰਜਾਬ ਮੁਖੀ ਹੋ, ਆਖਰੀ ਮਹਾਰਾਜਾ ਦਲੀਪ ਸਿੰਘ ਨਾਲ ਸਿੱਧੀ ਗੱਲ ਕਰੋ। ਤੁਸੀਂ ਮੰਨਣਾ ਤਾਂ ਨਹੀਂ ਪਰ ਮੈਂ
ਪਹਿਲੀ ਵਾਰ ਕਿਸੇ ਸਿਆਸਤਦਾਨ ਦੀਆਂ ਅੱਖਾਂ ਨਮ ਵੇਖੀਆਂ।
ਕਹਿਣ ਲੱਗੇ ਸਰਵੇਖਣ ਕਰਵਾ ਕੇ ਦੇਖਦੇ ਹਾਂ।
ਸਰਵੇਖਣ ਲਈ ਤੀਸਰੇ ਦਿਨ ਮੁਖ ਯੋਜਨਾਕਾਰ ਪੰਜਾਬ ਰਾਏਕੋਟ ਦੀਆਂ ਸੜਕਾਂ ਤੋਂ ਬੱਸੀਆਂ ਕੋਠੀ ਦਾ ਰਾਹ ਪੁੱਛ ਰਹੀ ਸੀ।
ਸੰਖੇਪ ਕਰਾਂ
ਇਨਟੈਕ ਨੇ ਇਸ 12 ਏਕੜੀ ਕੋਠੀ ਦੀ ਪੁਨਰ ਸੁਰਜੀਤੀ ਕਰਾਈ। ਮੁੱਖ ਮੰਤਰੀ ਹੱਥੋਂ ਜੂਨ 2014 ਚ ਉਦਘਾਟਨ ਹੋ ਗਿਆ।
ਅਮਨਦੀਪ ਸਿੰਘ ਗਿੱਲ ਤੇ ਪਰਮਿੰਦਰ ਜੱਟਪੁਰੀ ਨੇ ਦਿਨ ਵੇਖਿਆ ਨਾ ਰਾਤ, ਸਰਗਰਮੀ ਨਾਲ ਕਾਰਜ ਕੀਤਾ।
ਲਗ ਪਗ 5 ਕਰੋੜ 80 ਲੱਖ ਦੀ ਲਾਗਤ ਨਾਲ ਬਣੀ ਯਾਦਗਾਰ ਹੁਣ ਰੌਣਕੀਲਾ ਸਥਾਨ ਹੈ। ਸਰਗਰਮੀਆਂ ਦਾ ਸਭਿਆਚਾਰਕ ਕੇਂਦਰ।
ਬੰਦਾ ਤੁਰ ਜਾਂਦਾ ਏ, ਗੱਲਾਂ ਰਹਿ ਜਾਂਦੀਆਂ ਨੇ।
ਗੁਰਭਜਨ ਗਿੱਲ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.