ਜੇ ਦੁਸ਼ਮਣ ਤਾਕਤਵਰ ਹਨ
ਤਾਂ
ਬਿਰਖ਼ਾਂ ਦੀ ਲੰਮੀ ਕਤਾਰ ਹੈ
ਮੇਰੇ ਸੱਜਣਾਂ ਦੀ।
ਧੁੱਪੇ ਛਾਵਾਂ ਕਰਨ ਵਾਲੇ
ਸੱਚੀ ਸੁੱਚੀ ਅਰਦਾਸ ਜਹੇ।
ਅਸੀਸ ਜਹੇ ਨਿਰਛਲ
ਨਿਰਕਪਟ ਨਿਰਵਿਕਾਰ
ਅਸਰਦਾਰ ਮਹਿਕ ਵਰਗੇ
ਨਿਰੰਤਰ ਭਰ ਵਗਦੇ ਦਰਿਆ।
ਵੱਡੀ ਸਾਰੀ ਬੁੱਕਲ ਜਹੇ
ਮੈਨੂੰ ਚੁਭਿਆ ਕੰਡਾ ਕੱਢ ਕੇ
ਕਦੇ ਨਾ ਜਤਲਾਉਂਦੇ
ਨਿੱਕੇ ਨਿੱਕੇ ਰੱਬ ਜਹੇ।
ਸਦਾ ਵਿਗਾਸ ਵੰਡਦੇ
ਹਰ ਪਲ ਤੁਰਦੇ ਫਿਰਦੇ ਹੌਸਲੇ।
ਇਹ ਸਾਰਾ ਕੁਝ ਆਪ
ਉਗਾਉਣਾ ਪੈਂਦਾ ਹੈ
ਮਨ ਦੀ ਜ਼ਮੀਨ ਵਿੱਚ
ਲਗਾਤਾਰ ਪਾਣੀ ਪਾਉਣਾ ਪੈਂਦਾ ਹੈ।
ਦੋਸਤੋ! ਬਾਕੀ ਗੱਲ ਗ਼ਜ਼ਲ ਕਹੇਗੀ।
ਗ਼ਜ਼ਲ
ਗੁਰਭਜਨ ਗਿੱਲ
ਪਿਆਰ ਦੇ ਰਾਹ ਵਿੱਚ ਦੱਸੋ ਤਾਂ ਸਹੀ ਕਿਸਨੂੰ ਨਹੀਂਉਂ ਦਰਦ ਮਿਲੇ।
ਵੱਖਰੀ ਗੱਲ ਹੈ ,ਵਣ ਹਰਿਆਲੇ ,ਬਣ ਕੇ ਕੁਝ ਹਮਦਰਦ ਮਿਲੇ।
ਸਿਰ ਤੇ ਸੂਰਜ ,ਤਪਦੀ ਧਰਤੀ,ਜਦ ਪੈਰਾਂ ਵਿੱਚ ਛਾਲੇ ਸੀ,
ਬਹੁਤੀ ਵਾਰੀ, ਕੋਲ ਖੜ੍ਹੇ ਨਾ, ਜਿੰਨੇ ਰਿਸ਼ਤੇ, ਸਰਦ ਮਿਲੇ।
ਮੈਂ ਮਿੱਠੇ ਖ਼ਰਬੂਜ਼ੇ ਵਾਂਗੂੰ ਜਿੰਨ੍ਹਾਂ ਸਨਮੁਖ ਹਾਜ਼ਰ ਸੀ,
ਚਾਕੂ, ਤੇਜ਼ ਕਟਾਰ ਕਦੇ ਕੁਝ ਬਣ ਕੇ ਮੈਨੂੰ ਕਰਦ ਮਿਲੇ।
ਕਾਲੇ ਮੈਂਡੇ ਕੱਪੜੇ ਭਾਵੇਂ, ਚਿੱਟੇ ਵਸਤਰ ਪਾ ਤੁਰਿਆ,
ਸਮਝ ਪਵੇ ਨਾ ਸਾਰੇ ਰਾਹੀਂ, ਮਗਰੇ ਉੱਡਦੀ ਗਰਦ ਮਿਲੇ।
ਚੂਸ ਗਿਆ ਰੱਤ ਚੰਦਰਾ ਮੌਸਮ, ਸੁਰਖ਼ ਗੁਲਾਬ ਦੀ ਵਾੜੀ ਦਾ,
ਮੇਰੇ ਦੇਸ ਪੰਜਾਬ ਦਾ ਚਿਹਰਾ, ਪੀਲਾ ਭੂਕ ਤੇ ਜ਼ਰਦ ਮਿਲੇ।
ਕੁਰਸੀ ਤੇ ਭਗਵਾ ਜਾਂ ਸੂਹਾ, ਨੀਲਾ ਪੀਲਾ
ਜੋ ਬਹਿੰਦਾ,
ਜਿੱਤਣ ਲਈ ਸ਼ਤਰੰਜ ਦੀ ਬਾਜ਼ੀ, ਰੰਗ ਬੇਰੰਗੀ ਨਰਦ ਮਿਲੇ।
ਵਕਤ ਉਡੀਕ ਰਿਹਾ ਏ ਚਿਰ ਤੋਂ,ਰੂਹ ਦਾ ਦਰਦ ਨਿਵਾਰਨ ਲਈ,
ਮੋਈ ਮਿੱਟੀ ਜਾਗ ਪਵੇ ਇਹ, ਫੇਰ ਅਗੰਮੜਾ ਮਰਦ ਮਿਲੇ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.