ਸੁਰਜੀਤ ਸਿੰਘ ਭੱਟੀ(ਡਾ:)
ਪੰਜਾਬੀ ਯੂਨੀਵਰਸਿਟੀ
ਪਟਿਆਲਾ
ਗੁਰਭਜਨ ਗਿੱਲ ਪੰਜਾਬੀ ਅਦਬ ਦੀ ਇੱਕ ਜਾਣੀ-ਪਛਾਣੀ ਸਖ਼ਸ਼ੀਅਤ ਹੈ। ਸਾਹਿਤ ਦੇ ਖੇਤਰ ਵਿਚ ਉਸ ਨੇ ਕਾਵਿ ਵਿਧਾ ਨੂੰ ਆਪਣਾ ਆਪਾ ਸਮਰਪਿਤ ਕੀਤਾ ਹੋਇਆ ਹੈ। ਉਹ ਪੰਜਾਬੀ ਦੇ ਪ੍ਰਮੁਖ ਸ਼ਾਇਰਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। ਨਜ਼ਮ, ਗੀਤ, ਗ਼ਜ਼ਲ, ਪੰਜਾਬੀ ਕਾਵਿ ਦੇ ਪ੍ਰਮੁੱਖ ਕਾਵਿ-ਰੂਪ ਪ੍ਰਵਾਨ ਕੀਤੇ ਜਾਂਦੇ ਹਨ। ਗੁਰਭਜਨ ਨੇ ਇਨ੍ਹਾਂ ਸਾਰੇ ਰੂਪਾਂ ਨੂੰ ਆਪਣੀ ਕਲਮ ਨਾਲ ਭਰਪੂਰ ਮਾਤਰਾ ਵਿਚ ਸਿਰਜਣ ਦਾ ਮਾਣ ਪ੍ਰਾਪਤ ਕੀਤਾ ਹੈ। ਫਿਰ ਵੀ ਗੀਤ ਅਤੇ ਗ਼ਜ਼ਲ ਦੀ ਸਿਨਫ਼ ਵਿਚ ਉਸ ਦੀ ਸਿਰਜਣ-ਸ਼ਕਤੀ ਆਪਣੀ ਪੂਰੀ ਵੰਨ-ਸੁਵੰਨਤਾ ਅਤੇ ਭਰਪੂਰਤਾ ਵਿੱਚ ਉਦੈਮਾਨ ਹੋਈ ਹੈ। ਗੁਰਭਜਨ ਨੇ ਆਪਣੀ ਪਹਿਲੀ ਕਾਵਿ-ਪੁਸਤਕ 'ਸ਼ੀਸ਼ਾ ਝੂਠ ਬੋਲਦਾ ਹੈ' (੧੯੭੮) ਤੋਂ ਲੈ ਕੇ ਹਥਲੇ ਗ਼ਜ਼ਲ-ਸੰਗ੍ਰਹਿ ਰਾਵੀ ਤੀਕ ਤੇਰਾਂ ਕਾਵਿ-ਸੰਗ੍ਰਹਿ ਪੰਜਾਬੀ ਜ਼ੁਬਾਨ ਅਤੇ ਪੰਜਾਬੀ ਪਿਆਰਿਆਂ ਨੂੰ ਭੇਟ ਕੀਤੇ ਹਨ। ਇਸ ਗ਼ਜ਼ਲ-ਸੰਗ੍ਰਹਿ ਵਿਚ ੧੦੩ ਗ਼ਜ਼ਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਹਥਲਾ ਯਤਨ ਕਾਵਿ-ਸਿਰਜਣ ਪ੍ਰਤੀ ਉਸ ਦੀ ਨਿਰੰਤਰ ਅਤੇ ਨਿਰਵਿਘਨ ਕਾਵਿ-ਸਾਧਨਾ ਦਾ ਇੱਕ ਟਕਸਾਲੀ ਪ੍ਰਮਾਣ ਹੈ।
ਪੰਜਾਬੀ ਗ਼ਜ਼ਲ ਦਾ ਆਰੰਭ ਸ਼ਾਹ ਮੁਰਾਦ (ਮ੍ਰਿ. ੧੭੦੨ ਈ.) ਤੋਂ ਪ੍ਰਵਾਨ ਕੀਤਾ ਜਾਂਦਾ ਹੈ। ਅਰਬੀ-ਫ਼ਾਰਸੀ ਪਰੰਪਰਾ ਵਿਚੋਂ ਆਪਣਾ ਵਜੂਦ ਧਾਰਨ ਵਾਲੀ ਗ਼ਜ਼ਲ ਦਾ ਆਰੰਭ ੫ਵੀਂ ਸਤਵੀਂ ਸਦੀ ਤੋਂ ਪ੍ਰਵਾਨ ਕੀਤਾ ਜਾਂਦਾ ਹੈ। ਕੁਝ ਵਿਦਵਾਨ ਬਾਬਾ ਫ਼ਰੀਦ ਨੂੰ ਵੀ ਪੰਜਾਬੀ ਦਾ ਪਹਿਲਾ ਗ਼ਜ਼ਲਗੋ ਪ੍ਰਵਾਨ ਕੀਤੇ ਜਾਣ ਦੀ ਦਲੀਲ ਦਿੰਦੇ ਹਨ। ਕੁਝ ਵੀ ਹੋਵੇ ਪੰਜਾਬੀ ਵਿਚ ਗ਼ਜ਼ਲ ਦੇ ਸਥਾਪਿਤ ਅਤੇ ਵਿਕਸਿਤ ਹੋਣ ਦਾ ਦੌਰ ਆਧੁਨਿਕ ਕਾਲ ਨੂੰ ਹੀ ਪ੍ਰਦਾਨ ਕੀਤਾ ਜਾਣਾ ਵਧੇਰੇ ਤਰਕਸੰਗਤ ਪ੍ਰਤੀਤ ਹੁੰਦਾ ਹੈ।
ਗੁਰਭਜਨ ਗਿੱਲ ਦੀ ਸ਼ਾਇਰੀ ਜੀਵਨ ਦੀਆਂ ਸਾਰੀਆਂ ਧੁੱਪਾਂ-ਛਾਵਾਂ ਨੂੰ ਆਪਣੇ ਕਲਾਵੇ ਵਿਚ ਸਮੋਣ ਵਾਲੀ ਸ਼ਾਇਰੀ ਹੈ। ਗੁਰਭਜਨ ਦੀ ਗ਼ਜ਼ਲ ਆਪਣੇ ਸਵੈ ਦੇ ਚੇਤਨ-ਅਵਚੇਤਨ ਸਾਰੇ ਭਾਵਾਂ ਅਤੇ ਰੰਗਾਂ ਦਾ ਖੂਬਸੂਰਤ ਗੁਲਦਸਤਾ ਜਾਂ ਸਤਰੰਗੀ ਪੀਂਘ ਹੈ। ਪਰੰਤੂ ਇਸ ਦਾ ਅਰਥ ਇਹ ਨਾ ਲਿਆ ਜਾਵੇ ਕਿ ਇਹ ਨਿਰੋਲ ਉਸਦੀ ਆਪਣੀ ਹੱਡ-ਬੀਤੀ ਦਾ ਕਲਾਤਮਕ ਪ੍ਰਗਟਾਵਾ ਹੈ। ਇਹ ਹੱਡ-ਬੀਤੀ ਦਾ ਪ੍ਰਗਟਾਵਾ ਤਾਂ ਨਿਰਸੰਦੇਹ ਹੈ, ਪਰੰਤੂ ਇਸ ਵਿਚ ਵੱਡਾ ਹਿੱਸਾ ਜੱਗ-ਬੀਤੀ ਦਾ ਵੀ ਪੂਰੀ ਤਰ੍ਹਾਂ ਵਿਦਮਾਨ ਰਹਿੰਦਾ ਹੈ। ਜਿਵੇਂ ਸਾਹਿਰ ਲੁਧਿਆਣਵੀ ਸਾਹਿਬ ਨੇ ਕਿਹਾ ਹੈ :
ਦੁਨੀਆਂ ਨੇ ਤਜ਼ਰਬਾਤ-ਓ-ਹਵਾਦਿਸ ਕੀ ਸ਼ਕਲ ਮੇਂ,
ਜੋ ਕੁਛ ਮੁਝੇ ਦੀਆ ਹੈ, ਲੌਟਾ ਰਹਾ ਹੂੰ ਮੈਂ...।
ਗੁਰਭਜਨ ਦੀਆਂ ਗ਼ਜ਼ਲਾਂ ਵਿਚੋਂ ਵੀ ਇਹੋ ਭਾਵਨਾ ਅਤੇ ਕਾਵਿ-ਸਿਰਜਣਾ ਬਾਰੇ ਉਸਦਾ ਸਵੈ-ਕਥਨ ਵੱਖ-ਵੱਖ ਗ਼ਜ਼ਲਾਂ ਵਿਚੋਂ ਬੜੇ ਸਹਿਜ ਰੂਪ ਵਿਚ ਪ੍ਰਗਟ ਹੁੰਦਾ ਹੈ। ਪਰੰਤੂ ਅਜੋਕੇ ਮਾਹੌਲ ਵਿਚ ਖ਼ਾਸ ਕਰਕੇ ਹਾਕਮ ਜਮਾਤਾਂ ਦੇ ਫ਼ਾਸੀਵਾਦੀ ਰੁਝਾਨ ਦੇ ਹਨ੍ਹੇਰੇ ਵਿਚ ਲੇਖਣੀ ਕੋਈ ਰੁਮਾਂਸਕਾਰੀ ਕਾਰਜ ਨਹੀਂ ਰਹਿ ਗਿਆ। ਗੁਰਭਜਨ ਨੇ ਲੇਖਕ ਦੀ ਮੌਜੂਦਾ ਦੌਰ ਵਿਚ ਹਨ੍ਹੇਰੇ ਨਾਲ ਲੜਨ ਦੀ ਸ਼ਕਤੀ ਨੂੰ ਦ੍ਰਿੜ ਕਰਵਾਉਂਦਿਆਂ ਦਰਪੇਸ਼ ਖ਼ਤਰਿਆਂ ਅਤੇ ਸੱਤਾ ਦੇ ਆਕ੍ਰੋਸ਼ ਦੀ ਵੀ ਨਿਸ਼ਾਨਦੇਹੀ ਕੀਤੀ ਹੈ :.
ਖ਼ੂਨ ਜਿਗਰ ਦਾ ਪਾਉਣਾ ਪੈਂਦਾ, ਸ਼ਬਦ ਸਦਾ ਕੁਰਬਾਨੀ ਮੰਗਦੇ।
ਜੇ ਬੋਲੋ ਤਾਂ ਜਾਨ ਨੂੰ ਖ਼ਤਰਾ ਨਾ ਬੋਲੋ ਤਾਂ ਸੂਲੀ ਟੰਗਦੇ।
ਖਿੱਲਰੇ ਪੁੱਲਰੇ ਸੁਪਨ ਹਜ਼ਾਰਾਂ, ਸ਼ਬਦਾਂ ਨੂੰ ਮੈਂ ਰਹਾਂ ਸੌਂਪਦਾ
ਦਿਨ ਤੇ ਰਾਤ ਰਹਾਂ ਮੈਂ ਚੁਗਦਾ ਰਹਿੰਦਾ, ਖਿੱਲਰੇ ਟੋਟੇ ਰੰਗਲੀ ਵੰਗ ਦੇ।
ਮਸ਼ਕ ਘਨੱਈਏ ਵਾਲੀ, ਮੇਰੇ ਸ਼ਬਦ ਉਸੇ ਪਲ ਬਣ ਜਾਂਦੇ ਨੇ,
ਵਤਨਾਂ ਦੀ ਰਖਵਾਲੀ ਕਹਿ ਕੇ, ਬਣਨ ਅਸਾਰ ਜਦੋਂ ਵੀ ਜੰਗ ਦੇ। (ਪੰਨਾ: ੧੧੬)
ਇਸ ਇੱਕੋ ਨੁਕਤੇ ਤੋਂ ਆਰੰਭ ਹੋ ਕੇ ਅਸੀਂ ਗੁਰਭਜਨ ਗਿੱਲ ਦੇ ਕਾਵਿ-ਸੰਸਾਰ, ਕਾਵਿ-ਦ੍ਰਿਸ਼ਟੀ, ਕਾਵਿ-ਉਦੇਸ਼ ਅਤੇ ਕਾਵਿ-ਵਸਤੂ ਨੂੰ ਸਮਝ ਸਕਦੇ ਹਾਂ। ਪੰਜਾਬੀ ਸ਼ਾਇਰੀ ਦੀ ਅਮੀਰ ਪਰੰਪਰਾ ਵਿਚ ਬਾਬਾ ਫ਼ਰੀਦ ਨੇ ਮਨੁੱਖੀ ਦੁੱਖਾਂ ਨੂੰ ਅੰਗੀਕਾਰ ਕਰਦਿਆਂ ''ਊਚੇ ਚੜਿ ਕੈ ਦੇਖਿਆ ਘਰਿ ਘਰਿ ਏਹਾ ਅਗਿ।।'' ਅਤੇ ਗੁਰੂ ਨਾਨਕ ਦੇਵ ਜੀ ਦੇ ਕਥਨ ''ਦੁਖੀਆ ਸਭਿ ਸੰਸਾਰ'' ਦੇ ਮਹਾਂਵਾਕ ਨਾਲ-ਪੰਜਾਬੀ ਸਾਹਿਤ ਦੀ ਲੋਕ-ਪੱਖੀ ਅਤੇ ਲੋਕ-ਮੁਖੀ ਸ਼ਾਇਰੀ ਦਾ ਨੀਂਹ ਪੱਥਰ ਰੱਖਦੇ ਹਨ। ਗੁਰਭਜਨ ਦੀ ਗ਼ਜ਼ਲ ਆਪਣੇ ਨਿੱਜੀ ਪਿਆਰ ਦੀਆਂ ਪੀੜਾਂ, ਅਤ੍ਰਿਪਤੀ, ਖੁਸ਼ੀ, ਵੇਦਨਾ ਅਤੇ ਸੰਵੇਦਨਾ ਨੂੰ ਵੀ ਪ੍ਰਗਟਾਉਂਦੀ ਹੈ, ਪਰੰਤੂ ਪ੍ਰੋ. ਮੋਹਨ ਸਿੰਘ ਦੇ ਰਾਹ 'ਤੇ ਤੁਰਦਿਆਂ ਉਸ ਦੀ ਗ਼ਜ਼ਲ 'ਮਿੱਤਰਾਂ ਦੇ ਗ਼ਮ' ਤੋਂ ਤੁਰ ਕੇ 'ਲੋਕਾਂ ਦੇ ਗ਼ਮ' ਨੂੰ ਆਪਣੀ ਕਲਮ ਦਾ ਹਾਸਿਲ ਬਣਾਉਣ, ਇਸ ਦੇ ਹਰ ਸੰਕਟ ਨੂੰ ਸਮਝਣ, ਉਸ ਦੀ ਚੇਤਨਾ ਲੋਕਾਂ ਤੀਕ ਪਹੁੰਚਾਉਣ, ਇਸ ਦੇ ਸਹੀ ਸਮਾਜਿਕ ਅਤੇ ਰਾਜਨੀਤਕ ਹੱਲ ਦਾ ਫਲਸਫ਼ਾ ਪੇਸ਼ ਕਰਨ ਵਿਚ ਆਪਣਾ ਇਤਿਹਾਸਕ ਯੋਗਦਾਨ ਦੇਣ ਦਾ ਮਾਣ ਪ੍ਰਾਪਤ ਕਰਦੀ ਹੈ।
ਇਹ ਇਸੇ ਪ੍ਰਸੰਗ ਵਿਚ ਹੀ ਹੈ ਕਿ ਗੁਰਭਜਨ ਦੀ ਗ਼ਜ਼ਲ ੧੯੪੭ ਵਿਚ ਪ੍ਰਾਪਤ ਆਜ਼ਾਦੀ ਨੂੰ ਸਹੀ ਅਰਥਾਂ ਵਿਚ ਲੋਕਾਂ ਦੀ ਆਜ਼ਾਦੀ ਪ੍ਰਵਾਨ ਕਰਨ ਦੀ ਥਾਂ- ਇਸ ਨੂੰ ਹਾਕਮ ਜਮਾਤਾਂ ਲਈ ਲੁੱਟ ਅਤੇ ਵਿਕਾਸ ਦੀ ਆਜ਼ਾਦੀ ਵਜੋਂ ਪੇਸ਼ ਕਰਦੀ ਹੈ। ਇਸ ਦੇ ਨਾਲ ਹੀ ਦੇਸ਼ ਦੀ ਵੰਡ ਦਾ ਸੰਤਾਪ ਵੀ ਹਾਕਮ ਜਮਾਤਾਂ ਵੱਲੋਂ ਗ਼ਰੀਬ ਜਨਤਾ ਨੂੰ ਬਿਨਾਂ ਮੰਗੇ 'ਤੋਹਫ਼ੇ' ਵਜੋਂ ਪ੍ਰਵਾਨ ਕਰਦੀ ਹੈ। ਇਸ ਦੇ ਨਾਲ ਹੀ ਧਰਮ ਦੇ ਨਾਂ 'ਤੇ ਫ਼ੈਲਾਈ ਫ਼ਿਰਕਾਪ੍ਰਸਤੀ, ਭਰਾ-ਮਾਰ ਜੰਗ, ਸੰਸਾਰ ਅਮਨ ਦੀ ਥਾਂ ਸਾਮਰਾਜੀ ਤਾਕਤਾਂ ਵਲੋਂ ਭਾਰਤ/ਪਾਕਿਸਤਾਨ ਦੀ ਭਰਮਾਰ ਲੜਾਈ, ਸੱਤਾ ਉਪਰ ਕਾਬਜ਼ ਜਮਾਤ ਵਲੋਂ ਲੋਕਾਂ ਨੂੰ ਆਰਥਿਕ, ਸਮਾਜਕ, ਰਾਜਨੀਤਕ ਪੱਖ ਤੋਂ ਹਰ ਪ੍ਰਕਾਰ ਦੀ ਲੁੱਟ ਅਤੇ ਜਬਰ ਦਾ ਸ਼ਿਕਾਰ ਬਣਾਉਣਾ। ਗ਼ਰੀਬਾਂ ਨੂੰ ਵਿੱਦਿਆ/ਸਿਹਤ ਸਹੂਲਤਾਂ/ਆਰਥਿਕ ਬਰਾਬਰੀ, ਚੰਗੇ ਸਮਾਜਕ ਜੀਵਨ ਤੋਂ ਮਹਿਰੂਮ ਕਰਨਾ ਇਸ ਜਾਅਲੀ ਆਜ਼ਾਦੀ ਦੇ ਦੰਭ ਹੇਠ ਲੁਕੀ ਆਮ ਮਨੁੱਖ ਅਤੇ ਜਨਤਾ ਦੀ ਲਾਚਾਰਗੀ ਅਤੇ ਨਿਤਾਣੇਪਣ ਨੂੰ ਆਪਣੀ ਸ਼ਾਇਰੀ ਵਿਚ ਜਿਸ ਸੰਵੇਦਨਾ, ਪ੍ਰਮਾਣਿਕਤਾ, ਬੇਬਾਕੀ ਅਤੇ ਲੋਕਾਂ ਲਈ ਸੁਹਿਰਦ ਭਾਵਨਾ ਨਾਲ ਪੇਸ਼ ਕੀਤਾ ਗਿਆ ਹੈ। ਇਹ ਸਾਰੇ ਤੱਥ ਮਿਲ ਕੇ ਗੁਰਭਜਨ ਗਿੱਲ ਨੂੰ ਪੰਜਾਬ ਦੇ ਹੀ ਨਹੀਂ ਸਗੋਂ ਭਾਰਤ ਤੋਂ ਵੀ ਵੱਧ ਕੁਝ ਦੁਨੀਆਂ ਦੇ ਮਜਬੂਰ ਅਤੇ ਲਿਤਾੜੇ ਲੋਕਾਂ ਅਤੇ ਖ਼ਾਸ ਕਰਕੇ ਕਿਰਤੀ ਜਮਾਤ ਦਾ ਸ਼ਾਇਰ ਬਣਾਉਂਦੀਆਂ ਹਨ। ਇਸ ਵਿਚ ਵਾਧਾ ਇਹ ਕਿ ਗੁਰਭਜਨ ਗਿੱਲ ਦਾ ਪ੍ਰਗਤੀਵਾਦ ਅਤੇ ਆਮ ਜਨਤਾ ਲਈ ਪ੍ਰਤੀਬੱਧਤਾ ਇੱਕ ਅਜਿਹੇ ਮੁਹਾਵਰੇ, ਸ਼ੈਲੀ ਅਤੇ ਪਰਿਪੇਖ ਵਿਚ ਪੇਸ਼ ਹੁੰਦੀ ਹੈ, ਜਿਸ ਨੂੰ ਅਸੀਂ ''ਪੰਜਾਬੀਅਤ'' ਅਤੇ ''ਵਿਰਾਸਤ'' ਦੋ ਸੰਕਲਪਾਂ ਅਧੀਨ ਰੱਖ ਕੇ ਵਧੇਰੇ ਸਹੀ ਦ੍ਰਿਸ਼ਟੀਕੋਣ ਤੋਂ ਸਮਝ ਸਕਦੇ ਹਾਂ।
ਉਸ ਦੀ ਸ਼ਾਇਰੀ ਚੇਤਨਾ, ਚਿੰਤਨ, ਚਿਤਵਣ ਅਤੇ ਮੰਜ਼ਿਲ ਦੀ ਪ੍ਰਾਪਤੀ ਲਈ ਸਾਰਿਆਂ ਨੂੰ ਏਕੇ ਦੇ ਸੂਤਰ ਵਿਚ ਪਰੋ ਕੇ ਸਾਂਝੇ ਦੁਸ਼ਮਣ ਦੇ ਖ਼ਿਲਾਫ਼ ਅਮਲ ਦੀ ਪੱਧਰ 'ਤੇ ਨਿੱਤਰਨ ਅਤੇ ਸੰਘਰਸ਼ ਕਰਨ ਲਈ ਪੂਰੀ ਹੋਸ਼ ਅਤੇ ਜੋਸ਼ ਨਾਲ ਕਰਮਸ਼ੀਲ ਹੋਣ ਦੀ ਪ੍ਰੇਰਨਾ ਦਿੰਦੀ ਹੈ। ਉਸ ਦੀ ਸ਼ਾਇਰੀ ਭਾਰਤੀ ਪ੍ਰਸੰਗ ਵਿਚ ਸੱਤਾ ਅਤੇ ਧਰਮ ਦੋਹਾਂ ਦੇ ਗੱਠਜੋੜ ਨੂੰ ਵੰਗਾਰਦੀ ਅਤੇ ਲੋਕ-ਵਿਰੋਧੀ ਤਾਕਤ ਵਜੋਂ ਗਰਦਾਨਦੀ ਹੈ। ਉਸਦੀ ਰਚਨਾ ਭਾਰਤੀ ਜਨਤਾ ਦੀ ਪੱਛੜੀ ਚੇਤਨਾ ਨੂੰ ਇਸ ਦਲਦਲ ਵਿਚੋਂ ਨਿਕਲਣ ਦਾ ਸੰਦੇਸ਼ ਅਤੇ ਕੱਢਣ ਦੀ ਸਾਹਿਤਕ ਜ਼ਿੰੰਮੇਵਾਰੀ ਨੂੰ ਪੂਰੀ ਪ੍ਰਚੰਡਤਾ ਅਤੇ ਪ੍ਰਤਿਬੱਧਤਾ ਨਾਲ ਨਿਭਾਉਂਦੀ ਹੈ।
ਉਹ ਪ੍ਰਗਤੀਵਾਦੀ ਧਾਰਾ ਦੇ ਪ੍ਰਚਲਿਤ ਮੁਹਾਵਰੇ ਅਤੇ ਸ਼ਬਦਾਵਲੀ ਤੋਂ ਬਾਹਰ ਰਹਿ ਕੇ ਵੀ ਪ੍ਰਗਤੀਵਾਦੀ ਸ਼ਾਇਰ ਹੋਣ ਦਾ ਵਿਲੱਖਣ ਮਾਣ ਪ੍ਰਾਪਤ ਕਰਨ ਦੀ ਅਧਿਕਾਰੀ ਹੈ। ਇਹੋ ਉਸਦੇ ਪ੍ਰਗਤੀਵਾਦ ਦੀ ਵਿਰਾਸਤੀ ਵਿਲੱਖਣਤਾ ਹੈ।
ਇਨ੍ਹਾਂ ਦੀਆਂ ਅਜੇ ਤੀਕ ਆਸਾਂ ਨਹੀਂਉਂ ਪੁੱਗੀਆਂ।
ਤਿੱਪ ਤਿੱਪ ਚੋਂਦੀਆਂ ਗ਼ਰੀਬਾਂ ਦੀਆਂ ਝੁੱਗੀਆਂ।
ਮੋਤੀਆਂ ਦੀ ਚੋਗ ਦਾ ਭੁਲੇਖਾ ਖਾਧਾ ਹੰਸ ਨੇ,
ਕੰਙਣੀ ਤੇ ਰੀਝ ਗਈਆਂ ਭੋਲੀਆਂ ਨੇ ਘੁੱਗੀਆਂ। (ਪੰਨਾ : ੭੯)
ਦੇਸ਼ ਦੀ ਵੰਡ ਦਾ ਦਰਦ ਬਹੁਤ ਉੱਭਰਵੇਂ ਰੂਪ ਵਿਚ ਗੁਰਭਜਨ ਦੀ ਸ਼ਾਇਰੀ ਵਿਚ ਪਰੁੱਚਿਆ ਪ੍ਰਾਪਤ ਹੁੰਦਾ ਹੈ। ਭਾਵੇਂ ਸ਼ਾਇਰ ਦਾ ਜਨਮ ਦੇਸ਼ ਦੀ ਵੰਡ ਤੋਂ ਬਾਅਦ ਦੋ ਮਈ ੧੯੫੩ 'ਚ ਹੋਇਆ ਹੈ, ਫਿਰ ਵੀ ਆਪਣੇ ਪਰਿਵਾਰ ਤੋਂ ਸੁਣੇ ਵੰਡ ਦੇ ਕਹਿਰ ਅਤੇ ਸੰਤਾਪ ਦੇ ਕਿੱਸੇ ਉਸ ਦੀ ਰਚਨਾ ਵਿਚ ਅਤੀਤ ਦੇ ਜ਼ਖ਼ਮ ਹਰੇ ਹੋ ਕੇ ਥਾਂ ਪੁਰ ਥਾਂ ਫੁੱਟਦੇ ਪ੍ਰਤੀਤ ਹੁੰਦੇ ਹਨ। ਵੰਡ ਬਾਰੇ ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ, ਅਹਿਮਦ ਰਾਹੀ, ਇੰਦਰਜੀਤ ਹਸਨਪੁਰੀ, ਉਸਤਾਦ ਦਾਮਨ ਅਤੇ ਪੰਜਾਬੀ ਦੇ ਹੋਰ ਪ੍ਰਬੁੱਧ ਸ਼ਾਇਰਾਂ ਨੇ, ਵੰਡ ਦੀ ਤ੍ਰਾਸਦੀ ਦੇ ਅਭੁੱਲ ਚਿੱਤਰ ਆਪਣੀ ਕਵਿਤਾ ਵਿਚ ਪੇਸ਼ ਕੀਤੇ ਹਨ। ਗੁਰਭਜਨ ਦੀ ਸ਼ਾਇਰੀ ਵਿਚ ਇਸ ਦੁਖਾਂਤ ਦਾ ਬਹੁਤ ਮਾਰਮਿਕ ਚਿਤਰਣ ਪੇਸ਼ ਕੀਤਾ ਗਿਆ ਪ੍ਰਾਪਤ ਹੁੰਦਾ ਹੈ।
ਰਾਵੀ ਵੰਡ ਦੇ ਇੱਕ ਸਦੀਵੀ ਪ੍ਰਤੀਕ ਵਜੋਂ ਉਸ ਦੀ ਗ਼ਜ਼ਲ ਦਾ ਇੱਕ ਪ੍ਰਮੁੱਖ ਪ੍ਰਤੀਕ ਹੈ। ਕਵੀ ਨੇ ਵੰਡ ਦੇ ਇਤਿਹਾਸ ਬਾਰੇ ਅੰਕੜੇ ਨਹੀਂ ਪੇਸ਼ ਕਰਨੇ ਹੁੰਦੇ। ਉਸ ਦਾ ਫ਼ਰਜ਼ ਤਾਂ ਉਸ ਦੁਖਾਂਤਕ ਸਥਿਤੀ ਵਿਚੋਂ ਲੰਘਦਿਆਂ ਮਨੁੱਖਾਂ ਉਪਰ ਕੀ ਬੀਤੀ, ਇਸ ਦਰਦ ਨੂੰ ਜ਼ਬਾਨ ਦੇਣਾ ਹੁੰਦਾ ਹੈ। ਵੰਡ ਦਾ ਦੁਖ ਸਹਿਣ ਕਾਰਨ ਉਨ੍ਹਾਂ ਨੂੰ ਆਪਣੇ ਘਰ ਬਾਰ ਮਜਬੂਰਨ ਤਿਆਗਣੇ ਪਏ। ਉੱਜੜਨ ਵਾਲੇ ਲੋਕਾਂ ਨੂੰ ਆਜ਼ਾਦੀ ਦੀ ਖੁਸ਼ੀ ਕੀ ਹੁੰਦੀ? ਫਿਰ ਵੀ ਗੁਰਭਜਨ ਨੇ ਲਹੂ ਦੀ ਇਸ ਵੈਤਰਨੀ ਨਦੀ ਨੂੰ ਤਰਨ ਤੋਂ ਬਾਅਦ ਵੀ ਹਿੰਦੁਸਤਾਨ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਆਪਸੀ ਪਿਆਰ ਵਧਾਉਣ ਅਤੇ ਕੁੜੱਤਣ ਨੂੰ ਭੁੱਲ ਜਾਣ ਦਾ ਮਾਨਵਵਾਦੀ ਸੰਦੇਸ਼ ਦਿੱਤਾ ਹੈ। ਸਾਡੇ ਵਿਚਾਰ ਵਿਚ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਹਿਤਾਂ ਦੀ ਸਾਂਝ ਅਤੇ ਪੂਰਤ ਇਸੇ ਸਦਭਾਵਨਾ ਵਿਚ ਹੈ ਕਿ ਅਸੀਂ ਸਾਰੇ ਪਿਆਰ ਨਾਲ ਮਿਲ ਜੁਲ ਕੇ ਰਹੀਏ। ਹਾਕਮਾਂ ਨੂੰ ਸਾਨੂੰ ਲੜਾਉਣ ਅਤੇ ਫ਼ਿਰਕੂ ਪਾੜਿਆਂ ਰਾਹੀਂ ਵੰਡਣ ਵਿਚ ਹੀ ਫ਼ਾਇਦਾ ਹੈ। ਉਸਤਾਦ ਦਾਮਨ ਦੀ ਆਜ਼ਾਦੀ ਮਗਰੋਂ ਦੀ ਨਜ਼ਮ ਹੈ।
ਲਾਲੀ ਅੱਖੀਆਂ ਦੀ ਪਈ ਦੱਸਦੀ ਏ,
ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਹਾਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਯਾਰੋ,
ਹੋਏ ਤੁਸੀਂ ਵੀ ਹੋਏ ਅਸੀਂ ਵੀ ਹਾਂ।
ਗੁਰਭਜਨ ਗਿੱਲ ਦਾ ਕਾਵਿ ਨਿਰਾ ਭਾਵੁਕ ਸੰਦੇਸ਼ ਨਹੀਂ, ਸਗੋਂ ਇਹ ਉਸ ਦੀ ਕਾਵਿ-ਦ੍ਰਿਸ਼ਟੀ ਦੀ ਇੱਕ ਚੇਤੰਨ ਪ੍ਰਾਪਤੀ ਅਤੇ ਕਿਰਤੀ ਅਤੇ ਲੁੱਟੇ ਜਾ ਰਹੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਸੁਚੇਤ ਭਲਾਈ ਅਤੇ ਬਿਹਤਰੀ ਦਾ ਇੱਕ ਮੁੱਲਵਾਨ ਅਤੇ ਮਾਨਵਵਾਦੀ ਯਤਨ ਹੈ। ਵੰਡ ਦੇ ਦਰਦਨਾਕ ਪਹਿਲੂ ਅਤੇ ਮਨੁੱਖ ਨੂੰ ਸਾਰੀ ਉਮਰ ਲਈ ਝੰਜੋੜਨ ਵਾਲਾ ਇੱਕ ਹਵਾਲਾ ਹੀ ਕਾਫ਼ੀ ਹੈ:
ਚੁੱਲ੍ਹੇ ਅੰਦਰ ਬਲਦੀ ਅੱਗ ਤੇ ਗੁੰਨ੍ਹਿਆ ਆਟਾ ਵਿਚ ਪਰਾਤੇ,
ਨਹੀਂ ਸੀ ਵਿਚ ਨਸੀਬਾਂ ਰੋਟੀ, ਛੱਡ ਆਏ ਤੰਦੂਰ ਤਪਾਇਆ।
ਮਾਂ ਧਰਤੀ ਦਾ ਚੀਰ ਕੇ ਸੀਨਾ, ਅੱਧੀ ਰਾਤੀਂ ਕਿਹਾ ਆਜ਼ਾਦੀ,
ਕਿਉਂ ਘਰ ਬਾਰ ਗੁਆਚਾ ਸਾਡਾ, ਸਾਨੂੰ ਹੁਣ ਤੱਕ ਸਮਝ ਨਾ ਆਇਆ।
ਦੋਹਾਂ ਮੁਲਕਾਂ ਦੀ ਸਾਂਝ ਦੀ ਤੰਦ ਨੂੰ ਮਨੋਂ ਮਹਿਸੂਸ ਕਰਦਿਆਂ ਦੋਵਾਂ ਦੀ ਸਲਾਮਤੀ ਅਤੇ ਆਪਸੀ ਪਿਆਰ ਦੀ ਬਲਵਾਨ ਰੀਝ ਉਸ ਦੇ ਗ਼ਜ਼ਲ-ਸੰਸਾਰ ਦੀ ਇੱਕ ਹੋਰ ਮਾਣਮੱਤੀ ਅਤੇ ਦੋਹਾਂ ਦੇਸ਼ਾਂ ਲਈ ਬਹੁਤ ਲੋੜੀਂਦੀ ਪ੍ਰਾਪਤੀ ਹੈ, ਪਰੰਤੂ ਆਪਣੀ ਜਨਮ ਭੂਮੀ ਦੇ ਹੇਰਵੇ ਮਨੁੱਖਾਂ ਦੇ ਮਰਨ ਨਾਲ ਵੀ ਨਹੀਂ ਮਰਦੇ। ਇੱਕ ਹੋਰ ਗ਼ਜ਼ਲ ਦੇ ਸ਼ਿਅਰ ਹਾਜ਼ਰ ਹਨ:
ਜਿਸ ਨੂੰ ਲੋਕੀ ਕਹਿਣ ਆਜ਼ਾਦੀ ਇਸ ਦਾ ਲੈ ਨਾ ਨਾਂ ਵੇ ਬੱਚਿਆ।
ਸੇਕ ਰਹੇ ਸੰਤਾਲੀ ਤੋਂ ਵੀ ਅਗਨ ਬਿਰਖ ਦੀ ਛਾਂ ਵੇ ਬੱਚਿਆ।
ਮਰਦੇ ਦਮ ਤੱਕ ਬਾਬਲ ਤੇਰਾ ਰਿਹਾ ਤੜਫ਼ਦਾ ਆਪਣੇ ਪਿੰਡ ਨੂੰ,
ਇਹ ਧਰਤੀ ਨਾ ਬਣੀ ਕਦੇ ਵੀ, ਉਸ ਦੀ ਖ਼ਾਤਰ ਮਾਂ ਵੇ ਬੱਚਿਆ।
ਭਰੇ ਭਕੁੰਨੇ ਘਰ ਨੂੰ ਛੱਡਿਆ, ਤਨ ਦੇ ਤਿੰਨੇ ਕੱਪੜੇ ਲੈ ਕੇ,
ਇਲਮ ਨਹੀਂ ਸੀ ਉੱਜੜਨ ਵੇਲੇ, ਮੁੜਨਾ ਨਹੀਂ ਇਸ ਥਾਂ ਵੇ ਬੱਚਿਆ।(ਪੰਨਾ: ੨੦)
ਸਾਂਝ ਦਾ ਸੁਨੇਹਾ ਵੀ ਬਹੁਤ ਦਿਲ ਟੁੰਬਣ ਵਾਲਾ ਹੈ। ਸਾਨੂੰ ਲੋਕ-ਪੱਖੀ ਸਾਹਿਤਕਾਰਾਂ ਨੂੰ ਦੋਵਾਂ ਪਾਸਿਆਂ ਤੋਂ ਇੱਕ ਪ੍ਰਚਾਰਨ, ਪ੍ਰਸਾਰਨ ਅਤੇ ਆਪਣੀਆਂ ਕਲਮਾਂ ਦਾ ਹਿੱਸਾ ਬਣਾਉਣ ਦੀ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਜ਼ਰੂਰਤ ਮਹਿਸੂਸ ਕਰਨ ਦੀ ਲੋੜ ਹੈ:
ਚੱਲ ਪੱਤਣਾਂ ਤੇ ਰੋਂਦਿਆਂ ਨੂੰ ਚੁੱਪ ਤਾਂ ਕਰਾਈਏ।
ਜਿੰਨਾ ਸਾਡੇ ਹਿੱਸੇ ਆਇਆ ਓਨਾ ਧਰਮ ਨਿਭਾਈਏ।
ਜਿਹੜੇ ਰਾਵੀ ਦਿਆਂ ਪੱਤਣਾਂ ਤੇ ਮਾਰਦੇ ਆਵਾਜ਼ਾਂ,
ਮੋਏ ਮਿੱਤਰਾਂ ਦੇ ਨਾਲ, ਆ ਜਾ ਅੱਖ ਤਾਂ ਮਿਲਾਈਏ।
ਭਾਵੇਂ ਆਰ ਭਾਵੇਂ ਸਾਡਾ ਇੱਕੋ ਪਰਿਵਾਰ,
ਕੁਝ ਉਨ੍ਹਾਂ ਦੀ ਵੀ ਸੁਣੀਏ ਤੇ ਆਪਣੀ ਸੁਣਾਈਏ।(ਪੰਨਾ: ੮੪)
ਗੁਰਭਜਨ ਦੀ ਸ਼ਾਇਰੀ ਬਾਬਾ ਫ਼ਰੀਦ ਅਤੇ ਬਾਬੇ ਨਾਨਕ ਦੀ ਪਰੰਪਰਾ ਨੂੰ ਪਰਪੱਕ ਕਰਦਿਆਂ ਨਿਮਾਣੀ, ਨਿਤਾਣੀ ਅਤੇ ਬੇਸਮਝ ਜਨਤਾ ਨੂੰ ਸਿਆਣੀ ਬਣਾ ਕੇ ਏਕਤਾ ਦੇ ਸੂਤਰ ਵਿਚ ਪਰੋਣ ਅਤੇ ਜੋੜਨ ਦੇ ਯਤਨ ਦੀ ਭਾਈਵਾਲ ਸ਼ਾਇਰੀ ਹੈ। ਇਹ ਸ਼ਾਇਰੀ ਸਿਰਫ਼ ਹਿੰਦ/ਪਾਕਿਸਤਾਨ ਦੇ ਏਕੇ ਦੀ ਬਾਤ ਹੀ ਨਹੀਂ ਪਾਉਂਦੀ, ਸਗੋਂ ਇਹ ਆਪਣੇ ਮੰਤਵ ਅਤੇ ਸੋਚ ਕਾਰਨ ਅੰਤਰਰਾਸ਼ਟਰਵਾਦੀ ਸ਼ਾਇਰੀ ਹੈ:
ਕਿਰਤੀ ਦੇ ਹੱਥਾਂ ਨੂੰ ਕੜੀਆਂ, ਹੋਰ ਮੁਸੀਬਤਾਂ ਬੜੀਆਂ,
ਜੇ ਬੋਲੇ ਤਾਂ ਤੁਰੰਤ ਲਗਾਉਂਦੇ, ਜੀਭਾਂ ਉਪਰ ਤਾਲੇ।
ਸ਼ਹਿਰ ਸ਼ਿਕਾਗੋ ਵਰਗਾ ਨਕਸ਼ਾ, ਹਰ ਜ਼ਾਲਮ ਦੇ ਮੱਥੇ,
ਓਹੀ ਲਾਠੀ, ਓਹੀ ਗੋਲੀ, ਕੀ ਗੋਰੇ ਕੀ ਕਾਲੇ।(ਪੰਨਾ: ੧੧੧)
ਇਉਂ ਉਹ ਕਿਰਤ ਅਤੇ ਕਿਰਤੀ ਦਾ ਅੰਤਰਰਾਸ਼ਟਰੀਕਰਨ ਦੇ ਨਾਲ-ਨਾਲ ਰਾਜ-ਸੱਤਾ ਅਤੇ ਮਜ਼ਦੂਰ ਜਮਾਤ ਉਪਰ ਸਦੀਆਂ ਤੋਂ ਹੋ ਰਹੇ ਜ਼ੁਲਮ ਅਤੇ ਜਬਰ ਦਾ ਅਤੇ ਨਾਲ ਇਸ ਦੇ ਵਿਰੁੱਧ ਸਦਾ ਹੀ ਸੰਘਰਸ਼ਸ਼ੀਲ ਰਹੇ ਮਜ਼ਦੂਰ ਜਮਾਤ ਦੇ ਸੰਘਰਸ਼ ਦਾ ਵੀ ਅੰਤਰਰਾਸ਼ਟਰੀਕਰਨ ਕਰਦਾ ਹੈ।
ਗੁਰਭਜਨ ਦੇ ਅੰਤਰਰਾਸ਼ਟਰੀਵਾਦ ਦੇ ਨਾਲ-ਨਾਲ ਉਸ ਦੀ ਗ਼ਜ਼ਲ ਰਾਸ਼ਟਰਵਾਦ ਅਤੇ ਅੱਗੋਂ ਪਾਰ-ਰਾਸ਼ਟਰੀ (ਠਰaਨਸਨaਟਿਨaਲ) ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਰਚਮ ਨੂੰ ਵੀ ਬੁਲੰਦ ਕਰਦੀ ਹੈ।
ਰਾਸ਼ਟਰਵਾਦ ਵਿਚ ਉਸ ਦੀ ਕਵਿਤਾ ਇੱਕ ਤਰ੍ਹਾਂ ਨਾਲ ਦੋ ਧਾਰੀ ਤਲਵਾਰ ਦਾ ਕੰਮ ਕਰਦੀ ਹੈ। ਉਸ ਦੀਆਂ ਗ਼ਜ਼ਲਾਂ ਵਿਚ ਦੇਸ਼ ਦੇ ਮੌਜੂਦਾ ਹਾਕਮਾਂ ਵਲੋਂ ਹਿੰਦੂਵਾਦ ਅਤੇ ਭਗਵਾਕਰਣ ਦੇ ਨਾਮ ਉੱਤੇ ਫ਼ੈਲਾਈ ਜਾ ਰਹੀ ਦਹਿਸ਼ਤ ਅਤੇ ਵਹਿਸ਼ਤ ਦੀ ਖੁੱਲ੍ਹ ਕੇ ਵਿਰੋਧਤਾ ਕੀਤੀ ਗਈ ਪ੍ਰਤੀਤ ਹੁੰਦੀ ਹੈ। ਅਯੁੱਧਿਆ ਵਰਗੇ ਅਤਿ ਸੰਵੇਦਨਸ਼ੀਲ ਅਤੇ ਧਾਰਮਿਕ ਮੁੱਦਿਆਂ ਨੂੰ ਵੀ ਆਪਣੀ ਗ਼ਜ਼ਲ ਵਿਚ ਥਾਂ ਦੇ ਕੇ, ਉਸ ਦੀ ਸ਼ਾਇਰੀ ਦੇਸ਼ ਦੀ ਸੱਤਾ 'ਤੇ ਕਾਬਜ਼ ਫ਼ਾਸੀਵਾਦੀ, ਅੰਧ ਰਾਸ਼ਟਰਵਾਦੀ ਅਤੇ ਫ਼ਿਰਕਾਪ੍ਰਸਤ ਤਾਕਤਾਂ ਦੇ ਵਿਰੁੱਧ ਸਾਰੀਆਂ ਪ੍ਰਗਤੀਸ਼ੀਲ ਧਿਰਾਂ, ਵਿਚਾਰਧਾਰਾਵਾਂ, ਸੰਗਠਨਾਂ ਅਤੇ ਤਾਕਤਾਂ ਦੇਸ਼ ਨੂੰ ਇੱਕ ਹੋਰ ਵੰਡ ਵੱਲ ਧੱਕਣ ਵਾਲੀਆਂ ਇਨ੍ਹਾਂ ਭਰਾ-ਪਾੜ ਅਤੇ ਭਰਾ-ਮਾਰੂ ਤਾਕਤਾਂ ਦਾ ਡਟ ਕੇ ਵਿਰੋਧ ਕਰਨ ਦਾ ਸੱਦਾ ਦਿੰਦਿਆਂ, ਘੱਟ ਗਿਣਤੀਆਂ ਦੀ ਆਪਣੀ ਹੋਂਦ, ਹੋਣੀ, ਭਾਸ਼ਾ, ਸਭਿਆਚਾਰ ਅਤੇ ਵਿਰਾਸਤ ਦੀ ਵਿਲੱਖਣਤਾ ਦਾ ਪੂਰਨ ਸਤਿਕਾਰ ਕੀਤੇ ਜਾਣ ਅਤੇ ਇਨ੍ਹਾਂ ਦੀ ਵਿਲੱਖਣ ਹਸਤੀ ਨੂੰ ਪਛਾਣਨ ਅਤੇ ਬਣਾਈ ਰੱਖਣ ਦਾ ਸੰਦੇਸ਼ ਦਿੰਦੀਆਂ ਹਨ। ਅੰਧ ਰਾਸ਼ਟਰਵਾਦ ਦੇ ਨਾਂ 'ਤੇ ਦੇਸ਼ ਦੀਆਂ ਘੱਟ ਗਿਣਤੀਆਂ ਦੀ ਵਿਲੱਖਣ ਪਛਾਣ ਉੱਪਰ ਕਿਸੇ ਵੀ ਪ੍ਰਕਾਰ ਦੇ ਹਕੂਮਤੀ ਬੁਲਡੋਜ਼ਰ ਜਿਸ ਨੂੰ ਗੁਰਭਜਨ ਗਿੱਲ ਨੇ 'ਸੁਹਾਗਾ' ਕਿਹਾ ਹੈ, ਫੇਰੇ ਜਾਣ ਦਾ ਡਟ ਕੇ ਵਿਰੋਧ ਕੀਤਾ ਜਾਣਾ ਅਤੇ ਘੱਟ ਗਿਣਤੀਆਂ ਦੇ ਹੱਕ ਵਿਚ ਡਟ ਕੇ ਖਲੋ ਜਾਣਾ ਅਤੇ ਘੱਟ ਗਿਣਤੀਆਂ ਵਿਚ ਇਸ ਫ਼ਾਸੀਵਾਦੀ ਰੁਝਾਨ ਨੇ ਵਿਰੁੱਧ ਏਕਤਾ ਕਰਕੇ ਸੰਘਰਸ਼ਸ਼ੀਲ ਹੋਣ ਦਾ ਸੰਦੇਸ਼ ਦੇਣਾ, ਇਸ ਸ਼ਾਇਰੀ ਦੀ ਇੱਕ ਹੋਰ ਸ਼ਲਾਘਾਯੋਗ ਪ੍ਰਾਪਤੀ ਹੈ। ਅੱਜ ਭਾਵੇਂ ਕਿਸੇ ਨੂੰ ਇਹ ਵਰਤਾਰਾ ਛੋਟੇ ਪੱਧਰ ਅਤੇ ਛੋਟੇ ਘੇਰੇ ਦਾ ਲੱਗੇ, ਪਰੰਤੂ ਗੁਰਭਜਨ ਦੀ ਸ਼ਾਇਰੀ ਇਸ ਰੁਝਾਨ ਦੇ ਦੇਸ਼ ਵਿਰੋਧੀ, ਮਾਨਵ-ਵਿਰੋਧੀ ਅਤੇ ਅਨੇਕਤਾ ਵਿਰੋਧੀ ਚਿਹਰੇ ਨੂੰ ਪਛਾੜਨ ਅਤੇ ਨੰਗਾ ਕਰਨ ਵਿਚ ਵਿਚਾਰਧਾਰਕ ਦ੍ਰਿਸ਼ਟੀ ਤੋਂ ਬਹੁਤ ਹੀ ਸਪਸ਼ਟ ਅਤੇ ਲੋਕ-ਪੱਖੀ ਪੈਂਤੜਾ ਲੈਣ ਕਾਰਨ ਵਧਾਈ ਦੀ ਹੱਕਦਾਰ ਹੈ। ਇਸ ਵਰਤਾਰੇ ਪ੍ਰਤੀ ਉਸ ਦੀ ਦ੍ਰਿਸ਼ਟੀਮੂਲਕ ਪਹੁੰਚ ਵੇਖੋ:
ਸਾਡੀ ਵੀ ਇਹ ਮਾਂ ਧਰਤੀ ਹੈ, ਤੈਥੋਂ ਡਰ ਕੇ ਜੈ ਕਿਉਂ ਕਹੀਏ?
ਚਾਰੇ ਚੱਕ ਜਾਗੀਰ ਅਸਾਡੀ, ਜਿੱਥੇ ਜਿੱਦਾਂ ਮਰਜ਼ੀ ਰਹੀਏ।
ਸਾਡੀ ਧਰਤੀ ਵੇਦ ਵਿਆਸੀ, ਵਾਲਮੀਕਿ ਨਾਨਕ ਦੀ ਵਾਸੀ,
ਸ਼ਬਦ ਗੁਰੂ ਨੇ ਸਾਵੇਂ ਰੱਖੇ ਇਸ ਜ਼ਿੰਦਗੀ ਦੇ ਚਾਰੇ ਪਹੀਏ।
ਤੇਰੀ ਲਿਖੀ ਇਬਾਰਤ ਅੰਦਰ, ਇੱਕੋ ਰੰਗ ਦੀ ਮੂਰਤ ਦਿਸਦੀ,
ਏਸੇ ਬੇਵਿਸ਼ਵਾਸੀ ਕਰਕੇ, ਇੱਕ ਦੂਜੇ ਦੀ ਨਜ਼ਰੋਂ ਲਹੀਏ।
ਵਤਨ ਮੇਰਾ ਫੁਲਕਾਰੀ ਵਰਗਾ, ਖੱਦਰ ਸ਼ਕਤੀ, ਰੇਸ਼ਮ ਡੋਰਾਂ,
ਸਭ ਰੰਗਾਂ ਦਾ ਮੇਲਾ ਧਰਤੀ, ਸਭ ਦੀ ਸੁਣੀਏ, ਸਭ ਨੂੰ ਕਹੀਏ।
ਰਾਜ ਭਾਗ ਤਾਂ ਆਉਣੇ ਜਾਣੇ, ਬੱਦਲਾਂ ਦੇ ਪਰਛਾਵੇਂ ਵਾਂਗੂੰ,
ਫੁੱਲਾਂ ਵਿਚ ਖੁਸ਼ਬੋਈ ਜੀਕੂੰ, ਰੰਗਾਂ ਅੰਦਰ ਵੱਸਦੇ ਰਹੀਏ। (ਪੰਨਾ: ੧੧੦)
ਧਿਆਨ ਦਿਓ, ਦੇਸ਼ ਦੇ ਮੌਜੂਦਾ ਹਾਲਾਤ ਨੂੰ ਕਿੰਨੇ ਸੰਜਮ ਅਤੇ ਸੂਖ਼ਮਤਾ ਨਾਲ ਬਿਆਨ ਕੀਤਾ ਹੈ :
ਮਨ ਤੇ ਮਨ ਵਿਚਕਾਰ ਪਸਰਿਆ, ਸਹਿਮ ਜਿਹਾ ਤੇ ਚੁੱਪ ਦਾ ਪਹਿਰਾ
ਰੁੱਖ ਘਣਛਾਵੇਂ ਦੀ ਜੜ੍ਹ ਇੱਕੋ, ਟਾਹਣਾਂ ਵਾਂਗੂੰ ਕਾਹਨੂੰ ਖਹੀਏ। (ਪੰਨਾ: ੧੧੦)
ਸਾਨੂੰ ਚੇਤਨ-ਵਰਗ ਨੂੰ ਸੱਤਾ ਦੇ ਚਿਹਰੇ ਪਿੱਛੇ ਬੈਠੇ ਔਰੰਗਜ਼ੇਬ ਨੂੰ ਪਛਾਣਨ ਅਤੇ ਪਛਾਣ ਕੇ ਲੋਕ-ਸ਼ਕਤੀ ਨਾਲ ਪਛਾੜਨ ਦੀ ਦੀ ਵੀ ਬਹੁਤ ਵੱਡੀ ਜ਼ਰੂਰਤ ਹੈ।
ਗੁਰਭਜਨ ਨੇ ਵੀ ਅੰਧ-ਰਾਸ਼ਟਰਵਾਦ ਅਤੇ ਦੇਸ਼ ਵਿਚ ਸੋਚੀ-ਸਮਝੀ ਸਾਜ਼ਿਸ਼ ਅਧੀਨ ਚਲਾਈ ਜਾ ਰਹੀ ਭਗਵਾਕਰਣ ਦੀ ਲਹਿਰ ਦਾ ਬਹੁਤ ਠੋਕਵੇਂ ਢੰਗ ਨਾਲ ਵਿਰੋਧ ਕੀਤਾ ਹੈ। ਗ਼ਜ਼ਲ ਬਹੁਤ ਹੀ ਸੂਖਮ ਅਤੇ ਧੁਨੀ ਰੂਪ ਵਿਚ ਗੱਲ ਕਹਿਣ ਵਾਲੀ ਸਿਨਫ਼ ਹੈ। ਗੁਰਭਜਨ ਦੀ ਸ਼ਾਇਰੀ ਰਾਜਨੀਤੀ ਦੇ ਟੇਢੇ, ਵੱਡੇ ਅਤੇ ਦੇਸ਼ ਦੇ ਭਖ਼ਦੇ ਮਸਲਿਆਂ ਵੱਲ ਸੂਖਮਤਾ ਨਾਲ ਸੰਕੇਤ ਕਰਦੀ ਹੈ।
ਗੁਰਭਜਨ ਦੀ ਸ਼ਾਇਰੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਸ ਦਾ ਪੰਜਾਬੀ ਵਿਰਾਸਤ ਨਾਲ ਡੂੰਘੀ ਤਰ੍ਹਾਂ ਜੁੜੇ ਹੋਣਾ ਹੈ। ਇਸ ਵਿਰਾਸਤ ਵਿਚ ਪੰਜਾਬ ਦਾ ਇਤਿਹਾਸ, ਸਿੱਖ ਧਰਮ, ਸਿੱਖ-ਇਤਿਹਾਸ, ਗੁਰੂ ਗ੍ਰੰਥ ਸਾਹਿਬ ਦੀ ਸਾਂਝੀਵਾਲਤਾ, ਪੰਜਾਬੀ ਬੋਲੀ, ਪੰਜਾਬ ਦੀ ਲੋਕਧਾਰਾ, ਲੋਕ-ਮੁਹਾਵਰੇ, ਲੋਕ-ਰੀਤਾਂ, ਲੋਕ-ਧੰਦੇ, ਲੋਕ ਕਲਾਵਾਂ ਗੱਲ ਕੀ ਪੰਜਾਬੀ ਵਿਰਾਸਤ ਦਾ ਕਣ ਕਣ ਜੋੜ ਕੇ ਗੁਰਭਜਨ ਨੇ ਇਸ ਫੁਲਕਾਰੀ ਦਾ ਇੱਕ ਇੱਕ ਤੋਪਾ, ਇੱਕ ਰੰਗ ਜਿਸ ਮੁਹੱਬਤ, ਖ਼ਲੂਸ, ਸ਼ਰਧਾ, ਸਤਿਕਾਰ ਅਤੇ ਦਿਲ ਦੀ ਰੀਝ ਨਾਲ ਇਸ ਫੁਲਕਾਰੀ ਨੂੰ ਅੱਖਰਾਂ ਦਾ ਜਾਮਾ ਪੁਆਇਆ ਹੈ। ਇਹ ਪੰਜਾਬੀ ਸ਼ਾਇਰੀ ਅਤੇ ਵਿਸ਼ੇਸ਼ ਕਰਕੇ ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਪੰਜਾਬੀਅਤ ਦਾ ਇੰਨਾ ਗੂੜ੍ਹਾ ਰੰਗ ਸਾਨੂੰ ਦੋਹਾਂ ਪੰਜਾਬਾਂ ਦੇ ਗ਼ਜ਼ਲਗੋਆਂ ਵਿਚੋਂ ਸਭ ਤੋਂ ਵੱਧ ਖ਼ੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਪ੍ਰਾਪਤ ਹੁੰਦਾ ਹੈ। ਪੰਜਾਬੀਅਤ ਦੀ ਸਾਂਝ, ਦਾਨਾਪਣ, ਸੂਰਮਗਤੀ, ਸੰਘਰਸ਼, ਦਰਿਆਦਿਲੀ ਅਤੇ ਦੂਜਿਆਂ ਲਈ ਸਿਰ ਵਾਰਨ ਅਤੇ ਪਿਆਰ ਵਿਚ ਪ੍ਰੋ. ਪੂਰਨ ਸਿੰਘ ਦੇ ਕਹਿਣ ਵਾਂਗ 'ਗ਼ੁਲਾਮੀ ਕਰਨ' ਪਰ ਕਿਸੇ ਰਾਣੀ ਖਾਂ ਦੇ ਸਾਲੇ ਦੀ ''ਟੈਂ'' ਨਾ ਮੰਨਣ ਦੇ ਖ਼ੂਬਸੂਰਤ ਪਹਿਲੂਆਂ ਨੂੰ ਜਿਸ ਸੰਘਣੇਪਨ, ਸਮੁੱਚਤਾ ਅਤੇ ਸਹਿਜਤਾ ਵਿਚ ਗੁਰਭਜਨ ਦੀ ਗ਼ਜ਼ਲ ਇਸ ਪੰਜਾਬੀਅਤ ਨੂੰ ਪੇਸ਼ ਕਰਨ ਵਿਚ ਅਤੇ ਇਸ ਨੂੰ ਸਮਰਿੱਧ ਕਰਨ ਵਿਚ ਜੋ ਨਵੇਂ ਪਸਾਰ ਅਤੇ ਦਿਸਹੱਦੇ ਸਥਾਪਿਤ ਹੋਏ ਹਨ, ਇਸ ਪ੍ਰਾਪਤੀ ਨੂੰ ਸਲਾਮ ਕਰਨਾ ਬਣਦਾ ਹੈ। ਨਿਰਸੰਦੇਹ ਇਸ ਸਾਰੇ ਚਿੰਤਨ ਪਿੱਛੇ ਗੁਰੂ ਗ੍ਰੰਥ ਸਾਹਿਬ ਦੀ ਸਰਬੱਤ ਭਲਾ ਅਤੇ ਬਹੁਲਵਾਦੀ ਦ੍ਰਿਸ਼ਟੀ ਦਾ ਮੁੱਲਵਾਨ ਫ਼ਲਸਫ਼ਾ ਇਸ ਦਾ ਆਧਾਰ ਬਣਿਆ ਹੈ।
ਗੁਰਭਜਨ ਨੂੰ ਪੰਜਾਬ ਦੇ ਹਰ ਵਾਸੀ ਨਾਲ, ਹਰ ਧਰਮ ਨਾਲ, ਹਰ ਫ਼ਿਰਕੇ ਨਾਲ, ਹਰ ਕਿਰਤੀ ਨਾਲ, ਹਰ ਗੀਤਕਾਰ, ਕਲਮਕਾਰ ਅਤੇ ਸੰਗੀਤਕਾਰ ਨਾਲ ਮੋਹ ਹੈ। ਉਹ ਇੱਕ ਸਥਾਪਿਤ ਕਵੀ ਹੋਣ ਦੇ ਨਾਲ ਨਾਲ ਇੱਕ ਸਾਹਿਤ ਕਾਮਾ ਅਤੇ ਸੰਗਠਨਕਾਰ ਵੀ ਹੈ। ''ਪੱਗ, ਪੀਂਘ ਅਤੇ ਫੁਲਕਾਰੀ'' ਉਸਦੀ ਸ਼ਾਇਰੀ ਦੇ ਤਿੰਨ ਸਭਿਆਚਾਰਕ ਪ੍ਰਤੀਕ ਹਨ। ਫੁਲਕਾਰੀ ਦਾ ਬਾਬਲ ਖ਼ੁਦਕੁਸ਼ੀਆਂ ਕਰਨ ਦੇ ਲਈ ਹਾਕਮਾਂ ਦੀਆਂ ਗ਼ਲਤ ਨੀਤੀਆਂ ਨੇ ਮਜ਼ਬੂਰ ਕਰ ਦਿੱਤਾ ਹੈ। ਗੁਰਭਜਨ ਦੀ ਕਲਮ ਨੇ ਪੰਜਾਬ ਦੇ ਕਿਸਾਨਾਂ ਦੀ ਖ਼ੁਦਕੁਸ਼ੀ ਦੀ ਫ਼ਸਲ ਉੱਪਰ ਵੀ ਆਪਣੀ ਕਲਮ ਦੇ ਅੱਥਰੂ ਤਾਂ ਕੇਰੇ ਹੀ ਹਨ।ਨਾਲ ਹੀ ਸੰਗਰਾਮ ਅਤੇ ਸੰਘਰਸ਼ ਕਰਨ ਦਾ ਹੌਸਲਾ ਵੀ ਡੁੱਬਦੀ/ਮਰਦੀ ਕਿਸਾਨੀ ਨੂੰ ਖੜ੍ਹਾ ਕਰਨ ਲਈ ਦਿੱਤਾ ਹੈ।
ਲਹਿ ਗਿਆ ਇੱਕ ਸਾਲ ਜੀ ਕਰਜ਼ਾ ਪੁਰਾਣਾ ਲਹਿ ਗਿਆ,
ਹੁਣ ਨਵਾਂ ਇਹ ਸਾਲ ਕਿਧਰੇ ਟੰਗ ਨਾ ਦਏ ਜਾਨ।
ਪੱਤਿਆਂ ਦੇ ਵਾਂਗ ਟੰਗੇ, ਧਰਤੀ ਪੁੱਤਰ ਪੁੱਛਦੈ,
ਖ਼ੁਦਕਸ਼ੀ ਮਾਰਗ 'ਤੇ ਤੋਰੋਗੇ, ਭਲਾ ਕਦ ਤੱਕ ਕਿਸਾਨ।
ਲੋਕ ਨਾ ਕਿਉਂ ਜਾਗਦੇ ਤੇ ਇੰਜ ਕਿਉਂ ਨਾ ਕੂਕਦੇ,
ਜਿਸ ਦਿਆਂ ਹੱਕਾਂ ਤੇ ਡਾਕਾ ਮਾਰਦਾ ਹੈ ਹੁਕਮਰਾਨ। (ਪੰਨਾ: ੯੨)
ਫਿਰ ਕਿਸਾਨੀ ਨੂੰ ਜਾਗਣ ਅਤੇ ਸੰਘਰਸ਼ ਦਾ ਸੁਨੇਹਾ:
ਫ਼ਸਲਾਂ ਵਾਲਿਓ ਅਕਲ ਸਹਾਰੇ, ਆਪਣਾ ਆਪ ਸੰਭਾਲਣਾ ਸਿੱਖੋ,
ਗ਼ਫ਼ਲਤ ਵਿਚ ਹਰਿਆਲੀ ਪੈਲੀ, ਜੰਤ ਜਨੌਰੇ ਚਰ ਜਾਂਦੇ ਨੇ।
ਅਣਖ ਲਈ ਜੀਣਾ ਮਰਨਾ ਸਿੱਖੋ, ਸਿੱਖੋ ਪੈਰ ਟਿਕਾ ਕੇ ਧਰਨਾ,
ਇਸ ਮੰਤਰ ਨੂੰ ਜਾਨਣ ਵਾਲੇ, ਹਰ ਮੰਜ਼ਲ ਨੂੰ ਵਰ ਜਾਂਦੇ ਨੇ। (ਪੰਨਾ: ੭੮ )
ਸਾਰੀਆਂ ਬੀਮਾਰੀਆਂ ਦੀ ਜੜ੍ਹ ਪੂੰਜੀਵਾਦ ਹੈ। ਇਸ ਜਮਾਤੀ-ਸਮਾਜ ਵਿਚ ਆਰਥਿਕ ਨਾ ਬਰਾਬਰੀ-ਕਿਰਤ ਦੀ ਲੁੱਟ ਉਪਰ ਆਧਾਰਿਤ ਹੁੰਦੀ ਹੈ। ਜਿੰਨਾ ਚਿਰ ਤੀਕ ਇਸ ਜਮਾਤੀ ਸਮਾਜ ਵਿਚ ਇਨਕਲਾਬੀ ਤਾਕਤਾਂ ਆਪਣੀ ਏਕਤਾ ਅਤੇ ਸੰਘਰਸ਼ ਨਾਲ ਇਸ ਮਨੁੱਖ-ਦੋਖੀ ਜਮਾਤੀ ਢਾਂਚੇ ਨੂੰ ਲਾਹ ਕੇ ਵਗਾਹ ਨਹੀਂ ਮਾਰ ਦੀਆਂ, ਉਨ੍ਹਾ ਚਿਰ ਤੀਕ ਸਮਾਜ ਦੀਆਂ ਸਾਰੀਆਂ ਬੀਮਾਰੀਆਂ, ਔਕੜਾਂ, ਗ਼ਰੀਬੀ, ਬੇਰੁਜ਼ਗਾਰੀ, ਸੱਤਾ ਦਾ ਜਬਰ ਹਮੇਸ਼ਾ ਬਰਕਰਾਰ ਰਹੇਗਾ। ਗੁਰਭਜਨ ਨੇ ਪੂੰਜੀਵਾਦੀ ਢਾਂਚੇ ਦੀਆਂ ਸਾਰੀਆਂ ਅਲਾਮਤਾਂ ਦਾ ਜ਼ਿਕਰ ਆਪਣੀ ਸ਼ਾਇਰੀ ਵਿਚ ਬਹੁਤ ਬਾਰੀਕ ਸੂਝ ਅਤੇ ਸਪਸ਼ਟ ਦ੍ਰਿਸ਼ਟੀ ਨਾਲ ਕੀਤਾ ਹੈ।
ਪੂੰਜੀਵਾਦੀ ਢਾਂਚੇ ਦਾ ਮਨੁੱਖ ਨੂੰ ਮਨੁੱਖ ਨਾ ਰਹਿਣ ਦੇਣਾ ਜਾਂ ਦੂਜੇ ਸ਼ਬਦਾਂ ਵਿਚ ਮਨੁੱਖ ਦਾ ਅਮਾਨਵੀਕਰਣ ਇਸ ਢਾਂਚੇ ਦੀ ਮਨੁੱਖੀ ਸਮਾਜ ਦੇ ਇਤਿਹਾਸਕ ਵਿਕਾਸ ਵਿਚ ਪੈਦਾ ਕੀਤੀ ਸਭ ਤੋਂ ਵੱਡੀ ਲਾਹਣਤ ਹੈ। ਇਹ ਇਸੇ ਦਾ ਨਤੀਜਾ ਹੈ ਕਿ ਮੱਧ-ਸ਼੍ਰੇਣੀ ਦੇ ਬਹੁਤੇ ਲੋਕ ਦੰਭੀ, ਦੋਗਲਾ, ਖੋਖਲਾ ਅਤੇ ਵਿਅਕਤੀਵਾਦੀ ਜੀਵਨ ਜਿਉਂਦੇ ਹਨ। ਕਾਰਲਾਈਲ ਦੇ ਸ਼ਬਦਾਂ ਵਿਚ ਮਨੁੱਖੀ ਰਿਸ਼ਤੇ 'ਨਕਦ ਨਾਰਾਇਣ' ਦੇ ਰਿਸ਼ਤੇ ਬਣ ਜਾਂਦੇ ਹਨ। ਮਨੁੱਖ ਤੋਂ ਮਨੁੱਖ ਵਿਚਕਾਰ ਮੋਹ ਪਿਆਰ ਦੇ ਸੰਬੰਧ ਖ਼ਤਮ ਹੋ ਕੇ ਮਨੁੱਖ ਮਾਇਆ ਦੇ ਅਧੀਨ ਹੋ ਕੇ ਇੱਕ ਵਸਤ ਬਣ ਜਾਂਦਾ ਹੈ। ਸਾਰਾ ਕੁਝ ਬਾਜ਼ਾਰ ਦੇ ਲੇਖੇ ਲੱਗ ਉਸ ਦੇ ਅਧੀਨ ਹੋ ਜਾਂਦਾ ਹੈ। ਮਨੁੱਖ ਆਪਾ ਧਾਪੀ ਦੀ ਚੂਹੇ ਦੌੜ ਵਿਚ ਆਪਣੀ ਮਨੁੱਖੀ ਹੋਂਦ, ਮਨੁੱਖੀ ਕੀਮਤਾਂ, ਮਨੁੱਖੀ ਸਾਂਝ ਅਤੇ ਮਨੁੱਖ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਨੂੰ ਤਿਆਗ ਕੇ ਰੇਸ਼ਮ ਦੇ ਕੀੜੇ ਵਾਂਗ ਆਪਣੀ ਇਕੱਲਤਾ ਅਤੇ ਖ਼ੁਦਗ਼ਰਜ਼ੀ ਦੇ ਖੌਲ ਵਿਚ ਬੰਦ ਹੋ ਜਾਂਦਾ ਹੈ। ਕਾਰਲ ਮਾਰਕਸ ਨੇ ਇਸ ਤਰ੍ਹਾਂ ਦੇ ਵਸਤੂ ਪੂਜ ਜਾਂ ਮਾਇਆਧਾਰੀ ਮਨੁੱਖ ਬਾਰੇ ਠੀਕ ਹੀ ਕਿਹਾ ਸੀ ਕਿ "ਠਹe ਮੋਰe ੁ ਹaਵe aਨਦ ਟਹe ਲeਸਸ ੁ aਰe" ਜਿੰਨੀ ਤੁਹਾਡੇ ਕੋਲ ਦੌਲਤ ਵੱਧ ਹੋਵੇਗੀ, ਤੁਸੀਂ ਮਨੁੱਖ ਦੇ ਤੌਰ 'ਤੇ ਓਨੇ ਹੀ ਨੀਚ ਅਤੇ ਬੌਨੇ ਹੋਵੋਗੇ। ਪੂੰਜੀਵਾਦ ਦੇ ਇਨ੍ਹਾਂ ਸਾਰੇ ਅਣਮਨੁੱਖੀ ਪਹਿਲੂਆਂ ਦੀ ਅਮਰਵੇਲ ਹੇਠ ਦੱਬੇ ਮਨੁੱਖ ਦੇ ਹਰ ਪਹਿਲੂ ਨੂੰ ਗੁਰਭਜਨ ਦੀ ਸ਼ਾਇਰੀ ਸਾਡੇ ਸਾਹਮਣੇ ਨੰਗਿਆਂ ਕਰਦੀ ਹੈ।
ਮੁੱਠੀ ਦੇ ਵਿਚ ਦੁਨੀਆਂ ਕਰਦੇ, ਕਿੱਥੋਂ ਕਿੱਥੇ ਪਹੁੰਚ ਗਏ ਹਾਂ,
ਆਪਣੇ ਘਰ ਪਰਦੇਸੀ, ਵਧਿਆ ਬੰਦੇ ਤੋਂ ਬੰਦੇ ਦਾ ਪਾੜਾ।
ਅੰਧਲੀ ਅੰਧਲੇ ਮਾਪਿਆਂ ਵਾਂਗੂੰ, ਬੇਵੱਸ ਜਨਤਾ ਰਾਹੀਂ ਬੈਠੀ,
ਪਾਲ ਪੋਸ ਕੇ ਗੱਭਰੂ ਕੀਤਾ, ਸਰਵਣ ਪੁੱਤ ਵੀ ਮੰਗਦਾ ਭਾੜਾ।
ਅੰਧੀ ਰੱਯਤ ਗਿਆਨ ਵਿਹੂਣੀ, ਲਾਮਡੋਰ ਬੰਨ੍ਹ ਤੁਰਦੀ ਜਾਵੇ,
ਆਜੜੀਆਂ ਦੇ ਕਬਜ਼ੇ ਅੰਦਰ ਹਾਲੇ ਵੀ ਭੇਡਾਂ ਦਾ ਵਾੜਾ। (ਪੰਨਾ: ੧੬)
ਸੰਸਾਰ ਅਮਨ ਦੀ ਸਲਾਮਤੀ, ਵਾਤਾਵਰਣ ਦੀ ਚੇਤਨਾ, ਪੰਜਾਬ ਵਿਚ ਨਸ਼ਿਆਂ ਦਾ ਰੁਝਾਨ, ਭਰੂਣ ਹੱਤਿਆ, ਔਰਤ ਦੀ ਬੰਦ-ਖ਼ਲਾਸੀ, ਵਿਰਾਸਤ ਦਾ ਪਿਆਰ ਅਤੇ ਵਿਰਾਸਤ ਦੇ ਮੁਰਦਾ ਤੱਤਾਂ ਦਾ ਨਿਕਾਰਨ, ਔਰਤ ਦੀ ਸਭਿਆਚਾਰਕ ਮੁੱਲਾਂ ਰਾਹੀਂ ਮਾਨਸਿਕ ਗ਼ੁਲਾਮੀ ਅਤੇ ਨਰ ਅਤੇ ਨਾਰੀ ਦੋਹਾਂ ਦੇ ਸੰਯੋਗ ਅਤੇ ਸਰਗਰਮ ਸੰਘਰਸ਼ ਨਾਲ ਸਮਾਜਕ ਇਨਕਲਾਬ ਦੇ ਨੇਪਰੇ ਚੜ੍ਹਨ ਦਾ ਸੁਪਨਾ, ਗ਼ਰੀਬਾਂ ਦਾ ਵਿਦਿਆ ਅਤੇ ਗਿਆਨ ਤੋਂ ਮਹਿਰੂਮ ਹੋਣਾ, ਸਮਾਜਿਕ ਤਬਦੀਲੀ ਲਈ ਸਮਾਜਿਕ ਚੇਤਨਾ ਅਤੇ ਮਨੁੱਖਾਂ ਨੂੰ ਸਹੀ ਸਮਾਜਿਕ ਸੋਝੀ ਪਰਦਾਨ ਕਰਨਾ ਅਤੇ ਹਰ ਪ੍ਰਕਾਰ ਦੇ ਦੰਭ, ਦਿਖਾਵੇ, ਅੰਧ-ਵਿਸ਼ਵਾਸਾਂ, ਰਹੁ-ਰੀਤਾਂ ਅਤੇ ਪੁਰਤਾਨ-ਪੰਥੀ ਕੀਮਤਾਂ ਦਾ ਤਿਆਗ ਅਤੇ ਸਾਰਿਆਂ ਦੀ ਏਕਤਾ ਨਾਲ ਬਿਹਤਰ ਸਮਾਜ-ਸਿਰਜਣਾ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਲੋਚਾ ਗੁਰਭਜਨ ਦੀ ਸ਼ਾਇਰੀ ਵਿਚੋਂ ਝਲਕਦੀ ਹੈ। ਉਹ ਕਿਰਤ ਅਤੇ ਕਿਰਤੀ ਦੋਹਾਂ ਦਾ ਮਹਿਮਾਕਾਰ ਹੈ। ਕਿਰਤ ਵਾਲੇ ਹੱਥ ਉਸ ਦੀ ਸ਼ਾਇਰੀ ਵਿਚ ਪੂਜਣਯੋਗ ਸਥਾਨ ਗ੍ਰਹਿਣ ਕਰ ਰਹੇ ਹਨ।
'ਮੁਹੱਬਤ' ਗੁਰਭਜਨ ਦੀ ਸ਼ਾਇਰੀ ਦੀ ਇੱਕ ਤਾਕਤਵਰ ਸੁਰ ਹੈ। ਸ਼ਾਇਦ ਉਸਦੀ ਸ਼ਾਇਰੀ ਦਾ ਸੰਗੀਤ ਇਸੇ ਮੂਲ ਸੁਰ ਦਾ ਵਿਸਤਾਰ ਹੈ। ਉਸ ਦੀ ਸ਼ਾਇਰੀ ਵਿਚ 'ਮੁਹਬੱਤ' ਦੀ ਭਾਵਨਾ ਨਾਲ ਮਨੁੱਖੀ ਵਿਸਤਾਰ ਹੈ। ਉਸ ਦੀ ਸ਼ਾਇਰੀ ਵਿਚ 'ਮੁਹੱਬਤ' ਦੀ ਭਾਵਨਾ ਨਾਲ ਮਨੁੱਖੀ ਜੀਵਨ ਵਿਚ ਖੇੜੇ, ਖ਼ੁਸ਼ੀ ਅਤੇ ਇੱਕ ਨਵੇਂ ਸੰਸਾਰ ਵਿਚ ਜਿਉਣ ਦੀ ਭਾਵਨਾ ਦਾ ਪ੍ਰਕਾਸ਼ ਪਿਆਰ ਵਰਗੇ ਸੂਖ਼ਮ ਭਾਵ ਪ੍ਰਤੀ ਵੀ ਉਸ ਦੇ ਪ੍ਰਗਤੀਸ਼ੀਲ ਦ੍ਰਿਸ਼ਟੀਕੋਣ ਨੂੰ ਮੂਰਤੀਮਾਨ ਕਰਦਾ ਹੈ। ਉਸ ਦੀ ਮੁਹੱਬਤ ਉਰਦੂ ਗ਼ਜ਼ਲ ਦੇ ਹਉਕੇ/ਹਾਵੇ ਅਤੇ ਜਗਰਾਤੇ ਕੱਟਣ ਵਾਲੀ ਸ਼ਾਇਰੀ ਦੇ ਉਲਟ, ਮੁਹੱਬਤ ਨੂੰ ਮਨੁੱਖੀ ਜੀਵਨ ਲਈ ਇੱਕ ਅਨਮੋਲ ਸੰਜੀਵਨੀ ਬੂਟੀ ਵਜੋਂ ਗ੍ਰਹਿਣ ਅਤੇ ਪੇਸ਼ ਕਰਦੀ ਹੈ।
ਗੁਰਭਜਨ ਵਿਚੋਂ ਜੇ ਮੁਹੱਬਤ ਕੱਢ ਲਓ ਤਾਂ ਉਸ ਦੀ ਸ਼ਾਇਰੀ ਦੀ ਆਤਮਾ ਨਿਕਲ ਜਾਵੇਗੀ। ਉਸਦੀ ਮੁਹੱਬਤ ਛੋਟੇ ਅਰਥਾਂ ਵਿਚ ਸਿਰਫ਼ ਕਿਸੇ ਇੱਕ ਹੁਸੀਨ ਚਿਹਰੇ ਤੀਕ ਸੀਮਤ ਨਹੀਂ, ਬਿਹਤਰ ਜ਼ਿੰਦਗੀ ਕਵੀ ਚਿੰਤਨਸ਼ੀਲ ਅਤੇ ਯਤਨਸ਼ੀਲ ਹਰ ਇਨਸਾਨ ਉਸ ਦੀ ਮੁਹੱਬਤ ਦੇ ਘੇਰੇ ਵਿਚ ਸ਼ਾਮਿਲ ਹੈ। ਉਸ ਦੀ ਮੁਹੱਬਤ ਸਰਬੱਤ ਨੂੰ ਆਪਣੇ ਕਲਾਵੇ ਵਿਚ ਲੈਣ ਵਾਲੀ ਹੈ। ਇਸ ਲਿਹਾਜ਼ ਨਾਲ ਉਹ ਮਿਰਜ਼ਾ ਗ਼ਾਲਿਬ ਦੇ ਬੋਲਾਂ ਨਾਲ ਸੁਰ ਮਿਲਾਉਂਦਾ ਹੈ:
ਹਮ ਮੁਵੱਹਿਦ ਹੈਂ ਹਮਾਰਾ ਕੇਸ਼ ਹੈ ਤਰਕ-ਇ-ਰਸੂਮ
ਮਿੱਲਤੇਂ ਜਬ ਮਿਟ ਗਈਂ ਇਜ਼ਜ਼ਾਇ ਈਮਾਂ ਹੋ ਗਈਂ।
ਸਾਡਾ ਇਕਰਾਰਨਾਮਾ ਧਰਮ ਨਾਲ ਤਾਂ ਹੈ ਪਰ ਅਸੀਂ ਰਸਮਾਂ ਦੇ ਗੁਲਾਮ ਨਹੀਂ ਹਾਂ, ਜਦ ਹਰ ਤਰ੍ਹਾਂ ਦੀਆਂ ਹੱਦਾਂ ਹੀ ਮਿਟ ਗਈਆਂ ਤਾਂ ਸਰਬ ਸਾਂਝੀਵਾਲਤਾ ਹੀ ਸਾਰਾ ਈਮਾਨ ਹੈ। ਗੁਰਭਜਨ ਦੀ ਆਪਣੀ ਮੁਹੱਬਤ ਦਾ ਕਿਰਮਚੀ ਰੰਗ ਵੇਖੋ:
ਜਿਸਮ ਨਹੀਂ ਨਾ ਸੂਰਤ ਦੇਖੀ, ਰੂਪ ਨਹੀਂ ਨਾ ਰੰਗ ਸੀ ਉਸਦਾ,
ਯਾਦ ਕਰਾਂ ਜੇ ਹੁਣ ਵੀ ਉਹ ਪਲ, ਕਣ ਕਣ ਵਿਚ ਲਰਜ਼ੇ-ਖੁਸ਼ਬੋਈ।
ਧਰਮ ਜਾਤ ਨਾ ਇਸ ਦਾ ਹੋਵੇ, ਰਿਸ਼ਤਾ ਤਾਂ ਅਹਿਸਾਸ ਦਾ ਨਾਂ ਹੈ,
ਇਹ ਤਾਂ ਧੜਕੇ ਰੋਮ ਰੋਮ ਵਿਚ, ਸਾਹੀਂ ਜੀਕੂੰ ਨਬਜ਼ ਪਰੋਈ।
ਮੈਂ ਚਾਨਣ ਦਾ ਨੂਰ ਇਲਾਹੀ, ਤੇਰੇ ਨੈਣਾਂ ਦੇ ਵਿਚ ਤੱਕਿਆ,
ਪਲਕਾਂ ਅੰਦਰ ਕਿੱਦਾਂ ਰੱਖਦੀ, ਤੂੰ ਇਹ ਤਾਰੇ ਚੰਨ ਲਕੋਈ।
ਸੂਰਜ ਤੀਕਰ ਪੀਂਘ ਚੜ੍ਹਾ ਕੇ, ਆ ਅੰਬਰ ਵਿਚ ਤਾਰੀ ਲਾਈਏ,
ਕੁੱਲ ਸ੍ਰਿਸ਼ਟੀ ਨੂੰ ਇਹ ਦੱਸੀਏ, ਤੂੰ ਮੇਰਾ ਮੈਂ ਤੇਰੀ ਹੋਈ। (ਪੰਨਾ: ੪੮)
ਜ਼ਿੰਦਗੀ ਅਤੇ ਸਮਾਜ ਦੇ ਹਰ ਹਨ੍ਹੇਰੇ ਕੋਨੇ ਨੂੰ ਵੇਖਣ ਅਤੇ ਪਾਠਕਾਂ ਨੂੰ ਵਿਖਾਉਣ ਤੋਂ ਬਾਅਦ ਆਸ ਦੀ ਸੁਨਹਿਰੀ ਕਿਰਨ ਵਿਚ ਵਿਸ਼ਵਾਸ ਅਤੇ ਨਿਰਾਸ਼ਾ ਵਿਚੋਂ ਵੀ ਆਸ਼ਾ ਪੈਦਾ ਕਰਨ ਦਾ ਕਰਤਾਰੀ ਗੁਣ ਗੁਰਭਜਨ ਗਿੱਲ ਦੀ ਗ਼ਜ਼ਲ ਵਿਚ ਇਵੇਂ ਸਮੋਇਆ ਬੈਠਾ ਹੈ, ਜਿਵੇਂ ਕਾਲੇ ਬੱਦਲਾਂ ਵਿਚ ਅਸਮਾਨੀ ਬਿਜਲੀ ਸੁੱਤੀ ਪਈ ਹੁੰਦੀ ਹੈ। ਇਹ ਬਿਜਲੀ ਉਸ ਦੀ ਸ਼ਾਇਰੀ ਦੇ ਲੋਕਮੁਖੀ ਅਤੇ ਲੋਕਪੱਖੀ ਹੋਣ ਦਾ ਇੱਕ ਅਤੁੱਟ ਪ੍ਰਮਾਣ ਹੈ। ਉਸਦਾ ਹਰ ਅੱਖਰ ਆਪਣੇ ਪੂਰੇ ਜਲੌ ਨਾਲ, ਸੰਗੀਤਕਤਾ, ਰਵਾਨੀ ਅਤੇ ਨਾਜ਼ੁਕਤਾ ਨਾਲ ਇਸ 'ਆਸ਼ਾਵਾਦ' ਦੇ ਸੰਦੇਸ਼ ਨੂੰ ਪਾਠਕ ਦੀ ਸੁੱਤੀ ਚੇਤਨਾ ਵਿਚ 'ਦੀਵਾ ਜਗਾਉਣ' ਵਾਂਗ ਚਾਨਣ ਅਤੇ ਹਿੰਮਤ ਨਾਲ ਭਰਪੂਰ ਕਰ ਦਿੰਦਾ ਹੈ। ਜਿਵੇਂ ਉਸਤਾਦ ਦਾਮਨ ਨੇ ਲਿਖਿਆ ਹੈ:
ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ,
ਭਾਵੇਂ ਵਕਤ ਹੈ ਤੰਗ ਤੋਂ ਤੰਗ ਆਉਂਦਾ।
ਰਾਂਝਾ ਤਖ਼ਤ ਹਜ਼ਾਰਿਉਂ ਤੁਰੇ ਤਾਂ ਸਹੀ,
ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ।
ਗੁਰਭਜਨ ਗਿੱਲ ਦੀ ਸ਼ਾਇਰੀ ਦਾ ਇਹ ਰੌਸ਼ਨ-ਚਿਰਾਗ਼ ਹਰ ਪਾਠਕ ਵਿਚ ਹਿੰਮਤ, ਸੰਘਰਸ਼, ਏਕਤਾ ਅਤੇ ਮਨੁੱਖ ਦੀ ਹਰ ਮੈਦਾਨ ਵਿਚ ਫ਼ਤਿਹ ਦਾ ਸੰਦੇਸ਼ ਹੈ। ਇਸ ਸ਼ਾਇਰੀ ਦੀ ਇਹ ਸ਼ਲਾਘਾਯੋਗ, ਪਿਆਰਨਯੋਗ ਪ੍ਰਾਪਤੀ ਹੈ। ਗੁਰਭਜਨ ਦੇ ਆਪਣੇ ਕਲਾਮ ਵਿਚ ਪਾਸ਼ ਦੀ ਮਹਿਮਾ ਵਿਚ ਲਿਖੀ ਉਸ ਦੀ ਗ਼ਜ਼ਲ ਦੇ ਸ਼ਿਅਰ ਇਸ ਭਾਵਨਾ ਦਾ ਪ੍ਰਗਟਾਵਾ ਇਉਂ ਕਰਦੇ ਹਨ:
ਬਲਦੀ ਜਿਉਂ ਪ੍ਰਚੰਡ ਜਵਾਲਾ, ਪਾਸ਼ ਕੋਈ ਅਵਤਾਰ ਨਹੀਂ ਸੀ।
ਜਿੰਨਾ ਵੀ ਸੀ ਲਟ ਲਟ ਬਲਿਆ, ਉਹ ਕੱਲ੍ਹਾ ਇਕਰਾਰ ਨਹੀਂ ਸੀ।
ਜਦ ਵੀ ਆਉਂਦਾ ਵਾਂਗ ਹਨ੍ਹੇਰੀ, ਝੱਖੜ ਵਾਂਗੂੰ ਝੁੱਲ ਜਾਂਦਾ ਉਹ,
ਤਿੱਖੀ ਤੇਜ਼ ਨਜ਼ਰ ਦਾ ਸਾਈਂ, ਉਹ ਧਰਤੀ 'ਤੇ ਭਾਰ ਨਹੀਂ ਸੀ।
ਅੱਥਰੂ ਨਹੀਂ ਸੀ, ਹੌਕਾ ਵੀ ਨਾ, ਉਹ ਸੀ ਬਿਖੜਾ ਸਫ਼ਰ ਨਿਰੰਤਰ,
ਉਸ ਦੇ ਸ਼ਬਦ ਕੋਸ਼ ਵਿਚ ਲਿਖਿਆ, ਇਕ ਵਾਰੀ ਵੀ ਹਾਰ ਨਹੀਂ ਸੀ।
ਸਾਲਮ ਸੂਰਾ ਸ਼ਬਦ ਬਾਣ ਸੀ, ਵੈਰੀ ਵਿੰਨ੍ਹਦਾ ਲਿਖ ਕਵਿਤਾਵਾਂ,
ਵੇਖਣ ਨੂੰ ਉਸ ਦੇ ਹੱਥ ਭਾਵੇਂ, ਤਿੱਖੀ ਤੇਜ਼ ਕਟਾਰ ਨਹੀਂ ਸੀ। (ਪੰਨਾ: ੪੯)
ਹੁਣ ਆਪ ਤੋਂ ਵਿਦਾ ਚਾਹੁੰਦਾ ਹਾਂ, ਲਿਖਣ ਨੂੰ ਤਾਂ ਇੱਕ ਇੱਕ ਗ਼ਜ਼ਲ ਦੇ ਇੱਕ ਸ਼ਿਅਰ ਉਪਰ ਹੀ ਕਾਫ਼ੀ ਕੁਝ ਲਿਖਿਆ ਜਾ ਸਕਦੈ। ਪਰੰਤੂ ਪ੍ਰੋ. ਮੋਹਨ ਸਿੰਘ ਯਾਦ ਆ ਰਹੇ ਨੇ।
ਪੂਰੀ ਸ਼ੈਅ ਨੂੰ ਡਰ ਘਾਟੇ ਦਾ, ਡਰ ਨਾ ਅੱਧੀ ਤਾਈਂ
ਯਾ ਰੱਬ ਪਿਆਰ ਮੇਰੇ ਦੀ ਮੰਜ਼ਿਲ ਪੂਰੀ ਕਦੇ ਨਾ ਹੋਵੇ।
ਇਸ ਪਿਆਰੇ ਗ਼ਜ਼ਲ ਸੰਗ੍ਰਹਿ ਨੂੰ ਪੰਜਾਬੀ ਪਿਆਰਿਆਂ ਅਤੇ ਕਾਵਿ-ਮਹਿਰਮਾਂ ਨੂੰ ਭੇਟ ਕਰਦਿਆਂ ਅਥਾਹ ਖੁਸ਼ੀ ਅਤੇ ਮਾਣ ਮਹਿਸੂਸ ਕਰਦਿਆਂ, ਆਪ ਸਾਰਿਆਂ ਨੂੰ ਇਹ ਗ਼ਜ਼ਲਾਂ ਦਾ ਗੁਲਦਸਤਾ "ਰਾਵੀ" ਭੇਟ ਕਰਨ ਦਾ ਮਾਣ ਮਹਿਸੂਸ ਕਰਦਾ ਹਾਂ।
ਮੈਂ ਆਪਣੇ ਪਿਆਰੇ ਨਿੱਕੇ ਵੀਰ, ਗੁਰਭਜਨ ਗਿੱਲ ਦਾ ਧੰਨਵਾਦ ਕਰਦਾ ਹਾਂ, ਜਿਸ ਨੇ ਮੈਨੂੰ 'ਚਾਰ ਅੱਖਰ' ਲਿਖਣ ਦਾ ਹੱਕ ਪ੍ਰਦਾਨ ਕੀਤਾ
-
ਸੁਰਜੀਤ ਸਿੰਘ ਭੱਟੀ(ਡਾ:), ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.