ਧਰਮ ਅਤੇ ਸਿਆਸਤ ਇਕ ਦੂਜੇ ਵਾਸਤੇ ਲਗਾਤਾਰ ਮਸਲਾ ਬਣਦੇ ਆਏ ਹਨ ਅਤੇ ਇਸ ਬਾਰੇ ਅੰਤਮ ਫੈਸਲਾ ਸਦਾ ਹੀ ਸਿਆਸਤਦਾਨ ਲੈਂਦੇ ਆਏ ਹਨ।ਇਸ ਦੇ ਵਿਸਥਾਰ ਵਿਚ ਜਾਏ ਬਿਨਾ ਗੱਲ ਏਥੋਂ ਸ਼ੁਰੂ ਕਰਣਾ ਚਾਹੁੰਦਾ ਹਾਂ ਕਿ ਸੁਤੰਤ੍ਰ ਭਾਰਤ ਦੇ ਵਿਧਾਨ ਵਿਚ ਧਰਮ ਨਿਰਪੇਖ ਸਿਆਸਤ ਨੂੰ ਮਾਨਤਾ ਦਿੱਤੀ ਗਈ ਸੀ।ਧਰਮ ਨਿਰਪੇਖਤਾ ਦੇ ਵਿਰੋਧ ਵਿਚ ਆਰ.ਐਸ.ਐਸ ਲਗਾਤਾਰ ਭੁਗਤਦੀ ਰਹੀ ਹੈ ਅਤੇ ਇਸ ਪਾਸੇ ਮੋਦੀ ਦੀ ਅਗਵਾਈ ਵਿਚ ਪਹਿਲੀ ਵਾਰ ਮਨਭਾਉਂਦੀ ਸਫਲਤਾ ਪ੍ਰਾਪਤ ਵੀ ਹੋ ਗਈ ਹੈ। ਧਰਮ ਨਿਰਪੇਖਤਾ ਨੂੰ ਧਰਮ ਵਿਹੂਣਤਾ ਵਾਂਗ ਪਰਚਾਰਨ ਨੂੰ ਪੂਰਬ ਅਤੇ ਪੱਛਮ ਦੀ ਲੜਾਈ ਵਾਂਗ ਪਰਚਾਰਨ ਦਾ ਕੰਮ ਵੀ ਭਾਜਪਾ ਦੇ ਸਿਆਸੀ ਏਜੰਡੇ ਵਾਂਗ ਸਫਲ ਹੋ ਗਿਆ ਹੈ।ਏਸੇ ਦੀ ਸਿਆਸਤ ਏਥੋਂ ਤੱਕ ਪਹੁੰਚ ਗਈ ਹੈ ਕਿ ਇਸਲਾਮੀ ਪਾਕਿਸਤਾਨ ਵਾਂਗ ਹਿੰਦੂ ਭਾਰਤ ਦਾ ਏਜੰਡਾ ਜਿਸ ਪਾਸੇ ਭਾਰਤ ਨੂੰ ਲੈਕੇ ਜਾ ਰਿਹਾ ਹੈ, ਉਸ ਨਾਲ ਭਾਰਤ ਨੂੰ ਭਾਰਤ ਰੱਖ ਸਕਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।ਇਸ ਸਥਿਤੀ ਵਿਚ ਬਰਗਾੜੀ ਦੇ ਹਵਾਲੇ ਨਾਲ ਜੋ ਕੁਝ ਸਾਹਮਣੇ ਆ ਰਿਹਾ ਹੈ, ਉਸ ਦੇ ਨਤੀਜਿਆਂ ਨੂੰ ਲੈਕੇ ਹਰ ਪੰਜਾਬੀ ਪਰੇਸ਼ਾਨ ਨਜ਼ਰ ਆ ਰਿਹਾ ਹੈ।ਇਸ ਹਾਲਤ ਵਿਚ ਜਿੰਨਾ ਧਰਮ ਨੂੰ ਸਿਆਸਤ ਤੋਂ ਬਚਾਉਣਾ ਜ਼ਰੂਰੀ ਹੋ ਗਿਆ ਹੈ, ਓਨਾ ਹੀ ਸਿਆਸਤ ਨੂੰ ਧਰਮ ਤੋਂ ਬਚਾਉਣਾ ਵੀ ਜ਼ਰੂਰੀ ਹੋ ਗਿਆ ਹੈ।ਇਹ ਸਮਝਣਾ ਸੌਖਾ ਹੈ ਕਿ ਜਿਸ ਤਰ੍ਹਾਂ ਧਰਮ ਅਤੇ ਸਿਆਸਤ ਇਕ ਦੂਜੇ ਨੂੰ ਫਿਹਲ ਕਰਣ ਵਾਲੇ ਰਾਹ ਪੈ ਗਏ ਹਨ, ਇਸ ਦੇ ਨਤੀਜਿਆਂ ਬਾਰੇ ਸੋਚਦਿਆਂ ਵੀ ਡਰ ਲੱਗਣ ਲੱਗ ਪਿਆ ਹੈ।ਹਰ ਕੋਈ ਹਰ ਕਿਸੇ ਨੂੰ ਦੱਸੀ ਜਾਂਦਾ ਹੈ ਕਿ ਧਰਮ ਅਤੇ ਸਿਆਸਤ ਦੇ ਰਲਗੱਡ ਹੋ ਜਾਣ ਦੇ ਜਿਹੋ ਜਿਹੇ ਨਤੀਜੇ ਪੰਜਾਬ, ਵੀਹਵੀਂ ਸਦੀ ਦੇ ਪਿਛਲੇ ਦਹਾਕਿਆਂ ਵਿਚ ਭੁਗਤ ਚੁੱਕਾ ਹੈ, ਉਸ ਪਾਸੇ ਤੁਰਨ ਤੋਂ ਗੁਰੇਜ਼ ਕਰਣਾ ਚਾਹੀਦਾ ਹੈ।ਇਸ ਦੇ ਬਾਵਜੂਦ ਹਰ ਕੋਈ ਓਸੇ ਪਾਸੇ ਨੂੰ ਭੱਜਿਆ ਜਾ ਰਿਹਾ ਲੱਗਣ ਲੱਗ ਪਿਆ ਹੈ।ਇਹ ਠੀਕ ਹੈ ਕਿ ਬਾਣੀ ਦੀ ਬੇਅਦਬੀ ਦਾ ਮਸਲਾ ਆਮ ਪੰਜਾਬੀ ਦੀ ਮਾਨਸਿਕਤਾ ਵਿਚ ਡੂੰਘਾ ਉਤਰ ਗਿਆ ਹੈ।ਇਹ ਤਾਂ ਉਸ ਵੇਲੇ ਵੀ ਸੀ, ਜਦੋਂ ਸਰਸੇ ਵਾਲੇ ਪ੍ਰੇਮੀਆਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਚੋਰੀ ਕਰਣ ਦੀ ਖੁਲ੍ਹ ਦੇ ਦਿੱਤੀ ਗਈ ਸੀ।ਜਿਸ ਤਰ੍ਹਾਂ ਸਾਰਾ ਪੰਜਾਬ ਉਸ ਵੇਲੇ ਸੜਕਾਂ ਤੇ ਉਤਰ ਆਇਆ ਸੀ, ਓਸੇ ਤਰ੍ਹਾਂ 7 ਅਕਤੂਬਰ ਨੂੰ ਤਿੰਨ ਸਾਲ ਬਾਅਦ ਬਰਗਾੜੀ ਵੱਲ ਫਿਰ ਸਾਰਾ ਪੰਜਾਬ ਆਪ ਮੁਹਾਰੇ ਤੁਰ ਪਿਆ ਲੱਗਦਾ ਸੀ ਅਤੇ 14 ਅਕਤੂਬਰ ਨੂੰ ਵੀ ਲੱਗ ਸਕਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਜਿਵੇਂ ਉਸ ਵੇਲੇ ਪੰਜਾਬੀਆਂ ਦੀਆਂ ਸੁੱਚੀਆਂ ਰੀਝਾਂ ਦੀ ਸਿਆਸਤ ਸਰਬੱਤ ਖਾਲਸਾ ਦੇ ਨਤਿਿਜਆਂ ਵਿਚ ਢਲ ਗਈ ਸੀ, ਕਿਧਰੇ ਓਸੇ ਤਰ੍ਹਾਂ ਇਕ ਵਾਰ ਫਿਰ ਪੰਜਾਬੀਆਂ ਦੀਆਂ ਸੁੱਚੀਆਂ ਰੀਝਾਂ, ਸਿਆਸਤ ਦਾ ਸ਼ਿਕਾਰ ਤਾਂ ਨਹੀਂ ਹੋ ਜਾਣਗੀਆਂ?
ਕੌਣ ਕਿਸ ਨੂੰ ਸਮਝਾਏ ਕਿ ਧਰਮ, ਸਦਾ ਹੀ ਸਿਆਸਤ ਦੇ ਪੈਰੋਂ ਹਾਰਦਾ ਰਿਹਾ ਹੈ ਕਿਉਂਕਿ ਜਿਹੋ ਜਿਹੀ ਖੁਲ੍ਹ ਕਿਸੇ ਵੀ ਹੱਦ ਤੱਕ ਜਾਣ ਦੀ ਸਿਆਸਤ ਨੂੰ ਹੈ, ਓਹੋ ਜਿਹੀ ਖੁਲ੍ਹ ਧਰਮ ਨੂੰ ਨਹੀਂ ਹੈ।ਧਰਮ ਦੀ ਜੇ ਨੈਤਿਕਤਾ ਵੱਲ ਪਿੱਠ ਹੋ ਜਾਏ ਤਾਂ ਧਰਮ ਵੀ ਸਿਆਸਤ ਹੋ ਜਾਂਦਾ ਹੈ ਅਤੇ ਸਿਆਸਤ ਦੀ ਜੇ ਨੈਤਿਕਤਾ ਨਾਲ ਗਲਵਕੜੀ ਪੈ ਜਾਏ ਤਾਂ ਸਿਆਸਤ ਵੀ ਧਰਮ ਹੋ ਜਾਂਦੀ ਹੈ।ਮੀਰੀ ਪੀਰੀ ਦੇ ਹਵਾਲੇ ਨਾਲ ਏਹੋ ਜਿਹੀਆਂ ਗੱਲਾਂ ਕੀਤੀਆਂ ਤਾਂ ਜਾ ਸਕਦੀਆਂ ਹਨ, ਪਰ ਵਰਤਮਾਨ ਵਿਚ ਇਹੋ ਜਿਹੇ ਸੰਤੁਲਨ ਦੀ ਆਸ ਨ ਹੀ ਧਾਰਮਿਕ ਲੀਡਰਸ਼ਿਪ ਤੋਂ ਕੀਤੀ ਜਾ ਸਕਦੀ ਹੈ ਅਤੇ ਨ ਹੀ ਸਿਆਸੀ ਲੀਡਰਸ਼ਿਪ ਤੋਂ ਕੀਤੀ ਜਾ ਸਕਦੀ ਹੈ।ਏਸੇ ਕਰਕੇ ਬਾਣੀ ਦੀ ਬੇਅਦਬੀ ਦੇ ਮਸਲੇ ਵਾਂਗ, ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਅਕਾਲੀ ਦਲ ਵਰਗੀਆਂ ਸਾਰੀਆਂ ਪੰਥਕ ਸੰਸਥਾਵਾਂ ਮਸਲਾ ਹੋ ਗਈਆਂ ਹਨ।ਇਹ ਦੁਖਾਂਤ ਸਿਆਸਤਦਾਨਾਂ ਦੇ ਪੈਰੋਂ ਪੈਦਾ ਹੋਇਆ ਹੈ ਅਤੇ ਇਸ ਨੂੰ ਸਿਆਸਤਦਾਨਾਂ ਦੁਆਰਾ ਹੱਲ ਕਰ ਸਕਣ ਦੀਆਂ ਤਿਫਲ ਤਸੱਲੀਆਂ ਦੇ ਸ਼ਿਕਾਰ ਹੋਕੇ ਇਸ ਦੁਖਾਂਤ ਨੂੰ ਹੋਰ ਸੰਘਣਾ ਕਰੀ ਜਾ ਰਹੇ ਹਾਂ। ਅਕਤੂਬਰ 14 ਨੂੰ ਪੰਜਾਬ ਦੇ ਸਿਆਸਤਦਾਨਾਂ ਨੇ ਸਿੱਧਿਆਂ ਤੇ ਅਸਿੱਧਿਆਂ ਬਰਗਾੜੀ ਵੱਲ ਵਹੀਰਾਂ ਘੱਤ ਦੇਣੀਆਂ ਹਨ ਅਤੇ ਹਰ ਕਿਸੇ ਦੀ ਕੋਸ਼ਿਸ਼ ਇਹੀ ਰਹਿਣੀ ਹੈ ਕਿ ਬਾਣੀ ਦੀ ਬੇਅਦਬੀ ਦੀ ਸਿਆਸਤ ਕਿਵੇਂ ਕਰਣੀ ਹੈ ਅਤੇ ਕਿਸ ਦੇ ਖਿਲਾਫ ਭੁਗਤਾਉਣੀ ਹੈ? ਪਿਛਲੇ ਤਿੰਨ ਸਾਲਾਂ ਤੋਂ ਆਪੋ ਆਪਣੀ ਸਿਆਸਤ ਵਿਚ ਉਲਝੇ ਹੋਏ ਸਿਆਸਤਦਾਨ, 7 ਅਕਤੂਬਰ ਦੇ ਹਵਾਲੇ ਨਾਲ 14 ਅਕਤੂਬਰ ਦੇ ਬਰਗਾੜੀ ਇਕੱਠ ਨੂੰ ਲੈਕੇ ਜਿਸ ਤਰ੍ਹਾਂ ਪੱਬਾਂ ਭਾਰ ਹੋਏ ਨਜ਼ਰ ਆ ਰਹੇ ਹਨ, ਉਸ ਨਾਲ ਬਾਦਲਕੇ ਅਤੇ ਕੈਪਟਨ ਸਰਕਾਰ ਨਿਸ਼ਾਨੇ ਤੇ ਆ ਗਏ ਹਨ।ਕਾਰਣ ਇਹ ਹੈ ਕਿ ਆਪ ਵਾਲਾ ਸਿਆਸੀ ਲਾਣਾ, ਕੈਪਟਨ ਸਰਕਾਰ ਦਾ ਬਦਲ ਬਨਣਾ ਚਾਹੁੰਦਾ ਹੈ ਅਤੇ ਪੰਥਕ ਜਥੇਬੰਦੀਆਂ ਦੀ ਹੇੜ ਬਾਦਲਕਿਆਂ ਦਾ ਬਦਲ ਬਨਣਾ ਚਾਹੁੰਦੀਆਂ ਹਨ।ਇਕ ਪਾਸੇ ਬਦਲ ਬਨਣ ਦੇ ਇੱਛੁਕ ਹਨ, ਜਿਨ੍ਹਾਂ ਕੋਲ ਗੁਆਉਣ ਨੂੰ ਕੁਝ ਵੀ ਨਹੀਂ ਹੈ ਅਤੇ ਦੂਜੇ ਪਾਸੇ ਸਰਕਾਰ ਅਤੇ ਬਾਦਲਕੇ ਹਨ, ਜਿਨ੍ਹਾਂ ਕੋਲ ਬਚਾਉਣ ਨੂੰ ਘੱਟ ਅਤੇ ਗੁਆਉਣ ਨੂੰ ਵੱਧ ਹੈ।ਏਸੇ ਕਰਕੇ ਸਰਕਾਰ ਅਤੇ ਬਾਦਲਕਿਆਂ ਨੂੰ ਇਕੱਠੇ ਕਰਕੇ ਕੁੱਟਣ ਦੀ ਸਿਆਸਤ ਆਪ ਦਾ ਸਿਆਸੀ ਲਾਣਾ ਕਰ ਰਿਹਾ ਹੈ ਅਤੇ ਏਸੇ ਵਿਚ ਪੰਥਕ ਧਿਰਾਂ ਨੂੰ ਭਾਈਵਾਲ ਬਨਾਉਣਾ ਚਾਹੁੰਦਾ ਹੈ।ਵੇਖਿਆ ਜਾਵੇ ਤਾਂ ਬਰਗਾੜੀ ਦੇ ਇਕੱਠ ਵਿਚ ਸਿਆਸੀ ਮੁਕਾਬਲਾ, ਆਪ ਦੇ ਸਿਆਸੀ ਲਾਣੇ ਅਤੇ ਪੰਥਕ ਧਿਰਾਂ ਵਿਚਕਾਰ ਰਹਿਣਾ ਹੈ।ਇਹ ਗੱਲ ਬਰਗਾੜੀ ਵਿਚੋਂ ਬਾਦਲਕੇ ਅਤੇ ਸਰਕਾਰ ਨੂੰ ਗੈਰਹਾਜਰ ਮੰਨਕੇ ਕਹੀ ਜਾ ਰਹੀ ਹੈ।
ਸਿਆਸਤ, ਨਿਰਸੰਦੇਹ ਧਰਮ ਉਤੇ ਭਾਰੂ ਹੋ ਗਈ ਹੈ।ਏਸੇ ਕਰਕੇ ਬਾਣੀ ਦੀ ਬੇਅਦਬੀ ਦਾ ਧਾਰਮਿਕ ਮੁੱਦਾ, ਸਿਆਸਤ ਹੀ ਸਿਆਸਤ ਹੋ ਗਿਆ ਹੈ। ਬਰਗਾੜੀ ਵਿਖੇ ਸਿਆਸੀ ਫੱਟਿਆਂ ਦੀ ਭਰਮਾਰ ਵਿਚ ਵੀ ਬਾਣੀ ਦੀ ਬੇਅਦਬੀ ਦਾ ਮੁੱਦਾ ਕੇਂਦਰ ਵਿਚ ਰਹੇਗਾ, ਪਰ ਨਤੀਜੇ ਸਿਆਸੀ ਹੀ ਨਿਕਲਣਗੇ।ਕਾਰਣ ਇਹ ਹੈ ਕਿ ਜਿਸ ਤਰ੍ਹਾਂ ਸਿਆਸੀ ਏਜੰਡੇ ਸਪਸ਼ਟ ਹਨ, ਉਸ ਤਰ੍ਹਾਂ ਧਾਰਮਿਕ ਏਜੰਡਾ ਸਪਸ਼ਟ ਨਹੀਂ ਹੈ।ਸਿਆਸੀ ਏਜੰਡੇ ਵਿਚ ਤਾਂ ਮੀਡੀਆ ਵਿਚ ਬਣੇ ਰਹਿਣਾ ਵੀ ਸ਼ਾਮਲ ਹੈ ਕਿਉਂਕਿ ਸਿਆਸੀ ਏਜੰਡੇ ਵਿਚ ਅਕਾਲ ਤਖਤ ਸਾਹਿਬ ਅਤੇ ਪੰਥਕ ਸੰਸਥਾਵਾਂ ਦੀ ਸਿੱਖ ਸਿਆਸਤਦਾਨਾਂ ਤੋਂ ਮੁਕਤੀ ਨੂੰ ਸ਼ਾਮਲ ਕੀਤਾ ਹੀ ਨਹੀਂ ਜਾ ਸਕਦਾ।ਇਹ ਮੁਕਤੀ-ਮਾਡਲ ਤਾਂ ਪੰਥਕ ਏਜੰਡੇ ਵਿਚ ਹੀ ਸ਼ਾਮਲ ਕੀਤਾ ਜਾ ਸਕਦਾ ਹੈ।ਇਸ ਵਾਸਤੇ ਪੰਥਕ ਧਿਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਬਾਣੀ ਦੀ ਬੇਅਦਬੀ ਨੂੰ ਲੈਕੇ ਸਿਆਸੀ ਸਪੇਸ ਵਾਸਤੇ ਕੋਈ ਥਾਂ ਹੀ ਨਹੀਂ ਹੈ।ਬਾਦਲਕੇ ਪੰਥਕ ਏਜੰਡਾ ਛੱਡ ਚੁੱਕੇ ਹਨ ਅਤੇ ਕਾਂਗਰਸ ਏਜੰਡੇ ਵਿਚ ਪੰਥਕਤਾ ਸ਼ਾਮਲ ਨਹੀਂ ਕੀਤੀ ਜਾ ਸਕਦੀ।ਆਪ ਦੇ ਸਿਆਸੀ ਲਾਣੇ ਵਾਸਤੇ ਵੀ ਪੰਥਕਤਾ ਨਾਲ ਨਿਭਣਾ ਸੌਖਾ ਨਹੀਂ ਹੈ।ਇਸ ਹਾਲਤ ਵਿਚ ਪੰਥਕ ਸਪੇਸ ਬਿਲਕੁਲ ਖਾਲੀ ਪਈ ਹੈ।ਬਾਦਲਕਿਆਂ ਦੀ ਇਹ ਸਿਆਸੀ ਚੀਕ ਕਿ ਕਾਂਗਰਸ ਗੁਰਦੁਆਰਿਆਂ ਤੇ ਕਬਜਾ ਕਰਣਾ ਚਾਹੁੰਦੀ ਹੈ, ਅਰਥਹੀਣ ਹੈ ਕਿਉਂਕਿ ਕੈਪਟਨ ਸਾਹਿਬ ਇਹ ਕਹਿ ਚੁਕੇ ਹਨ ਕਿ ਬਾਦਲ-ਮੁਕਤ ਸ਼੍ਰੋਮਣੀ ਕਮੇਟੀ ਵਾਸਤੇ ਉਹ ਕਿਸੇ ਦੀ ਵੀ ਮਦਦ ਕਰਣ ਲਈ ਤਿਆਰ ਹਨ।ਇਹੋ ਜਿਹੀ ਸਥਿਤੀ ਪਹਿਲਾਂ ਟੌਹੜਾ ਸਾਹਿਬ ਵੇਲੇ ਵੀ ਪੈਦਾ ਹੋ ਗਈ ਸੀ ਅਤੇ ਬਾਦਲਕੇ, ਕੇਂਦਰ ਦੀ ਮਦਦ ਨਾਲ ਬਚ ਗਏ ਸਨ।ਹੁਣ ਵੀ ਬਾਦਲਕੇ, ਕੇਂਦਰ ਦੀ ਮਦਦ ਨਾਲ ਸ਼੍ਰੋਮਣੀ ਕਮੇਟੀ ਤੇ ਕਾਬਜ ਰਹਿਣਾ ਚਾਹੁੰਦੇ ਹਨ।ਗੁਰਦੁਆਰਿਆਂ ਤੇ ਸਿਆਸੀ ਕਬਜ਼ਾ ਜਿਵੇਂ ਮਹੰਤਾਂ ਰਾਹੀਂ ਅੰਗ੍ਰੇਜ਼ਾਂ ਦਾ ਸੀ, ਉਵੇਂ ਹੀ ਵਰਤਮਾਨ ਵਿਚ ਪੰਥਕ-ਸੰਸਥਾਵਾਂ ਦੇ ਮੁਖੀਆਂ ਰਾਹੀਂ ਬਾਦਲਕਿਆਂ ਦਾ ਹੈ।ਗੁਰਦੁਆਰਿਆਂ ਨੂੰ ਸਿਆਸੀ ਕਬਜ਼ੇ ਵਿਚੋਂ ਮੁਕਤ ਕਰਾਉਣ ਵਾਸਤੇ ਜਿਹੋ ਜਿਹੀਆਂ ਕੁਰਬਾਨੀਆਂ ਗੁਲਾਮ ਭਾਰਤ ਵਿਚ ਕਰਣੀਆਂ ਪਈਆਂ ਸਨ, ਉਹੋ ਜਿਹੀਆਂ ਕੁਰਬਾਨੀਆਂ ਆਜ਼ਾਦ ਭਾਰਤ ਵਿਚ ਵੀ ਕਰਣੀਆਂ ਪੈ ਸਕਦੀਆਂ ਹਨ।ਬਰਗਾੜੀ ਮੋਰਚੇ ਨੂੰ ਇਸ ਪਾਸੇ ਤੋਰਣ ਦਾ ਰਾਹ ਪੱਧਰਾ ਕਰਣਾ ਚਾਹੀਦਾ ਹੈ।ਅਜਿਹਾ ਨਹੀਂ ਕਰਾਂਗੇ ਤਾਂ ਸੁੱਚੀਆਂ ਰੀਝਾਂ ਦੇ ਇਕੱਠ ਵੀ ਸਿਆਸੀ ਦਲਾਲੀਆਂ ਵਾਸਤੇ ਮੰਡੀ ਹੁੰਦੇ ਰਹਿਣਗੇ।ਪੰਥ ਅਤੇ ਪੰਥਕ ਸੰਸਥਾਵਾਂ ਅਜਿਹੇ ਪਲੈਟਫਾਮ ਹਨ, ਜਿਨ੍ਹਾਂ ਨੂੰ ਜਿਹੋ ਜਿਹੇ ਲੋਕ ਵਰਤਣਗੇ, ਉਹੋ ਜਿਹੇ ਨਤੀਜੇ ਨਿਕਲਦੇ ਰਹਿਣਗੇ।ਇਸ ਵੇਲੇ ਪੰਥ ਅਤੇ ਪੰਥਕ ਸੰਸਥਾਵਾਂ ਦਾ ਸਿਆਸੀ ਅਪਹਰਣ ਹੋ ਚੁੱਕਾ ਹੈ ਅਤੇ ਇਹ ਇਹੀ ਪੰਥ ਦੇ ਵਾਰਸਾਂ ਲਈ ਵੰਗਾਰ ਹੋ ਗਿਆ ਹੈ।ਇਸ ਤੋਂ ਬਚਣ ਦਾ ਏਜੰਡਾ ਖੁਦ ਤਿਆਰ ਨਹੀਂ ਕਰਾਂਗੇ ਤਾਂ ਭਾਂਤ ਸੁਭਾਂਤੇ ਸਿਆਸੀ ਏਜੰਡਿਆਂ ਵਿਚ ਏਸੇ ਤਰ੍ਹਾਂ ਉਲਝੇ ਰਹਾਂਗੇ, ਜਿਸ ਤਰ੍ਹਾਂ ਇਸ ਵੇਲੇ ਉਲਝੇ ਹੋਏ ਹਾਂ।
-
ਡਾ. ਬਲਕਾਰ ਸਿੰਘ, ਲੇਖਕ
*********
93163 01328
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.