ਚੰਗੀ ਸੋਚ ਰੱਖਣ ਵਾਲਾ ਇਨਸਾਨ ਆਪਣੀ ਜ਼ਿੰਦਗੀ ਵਿਚ ਕੁਝ ਨਾ ਕੁਝ ਨਵਾਂ ਕਾਰਜ ਕਰਕੇ ਲੋਕਾਂ ਨੂੰ ਚੰਗੀ ਸੇਧ ਦਿੰਦਾ ਹੈ। ਅਜਿਹਾ ਹੀ ਹੈ ਮਾਸਟਰ ਦਰਸ਼ਨਦੀਪ ਸਿੰਘ ਜਰਗੜੀ ਜੋ ਬੱਚਿਆਂ ਨੂੰ ਕਿਤਾਬਾਂ ਦੀ ਦੁਨੀਆਂ ਅਤੇ ਪੰਜਾਬੀ ਵਿਰਸੇ ਨਾਲ ਜੋੜਨ ਲਈ ਨਿਸ਼ਕਾਮ ਸੇਵਾ ਕਰ ਰਿਹਾ ਹੈ।
ਪਿੰਡ ਜਰਗੜੀ, ਜ਼ਿਲ੍ਹਾ ਲੁਧਿਆਣਾ ਦੇ ਜੰਮਪਲ ਇਸ ਅਧਿਆਪਕ ਨੇ ਆਪਣੀ ਮੋਟਰ ਦੇ ਕਮਰੇ ਨੂੰ ਹੀ ਲਾਇਬ੍ਰੇਰੀ ਬਣਾ ਦਿੱਤਾ ਹੈ। ਇਸ ਦਾ ਨਾਂ ‘ਮਾਸਟਰ ਫਾਰਮ ਹਾਊਸ ਕਮ-ਲਾਇਬ੍ਰੇਰੀ’ ਰੱਖਿਆ ਹੋਇਆ ਹੈ। ਇਸ ਵਿਚ ਬੱਚਿਆਂ ਨੂੰ ਸੇਧ ਦੇਣ ਵਾਲੀਆਂ ਕਿਤਾਬਾਂ ਰੱਖੀਆਂ ਹੋਈਆਂ ਹਨ। ਜਿੱਥੇ ਵੱਡੀ ਗਿਣਤੀ ਵਿਚ ਬੱਚੇ ਪੜ੍ਹਨ ਆਉਂਦੇ ਹਨ, ਉੱਥੇ ਲਾਇਬ੍ਰੇਰੀ ਦੀਆਂ ਕੰਧਾਂ ਨੂੰ ਵੀ ਬੱਚਿਆਂ ਨੂੰ ਸੰਦੇਸ਼ ਦੇਣ ਅਤੇ ਜਾਗਰੂਕ ਕਰਨ ਲਈ ਵਰਤਿਆ ਜਾਂਦਾ ਹੈ। ਕੰਧਾਂ ’ਤੇ ਪੈਂਤੀ ਅੱਖਰੀ ਵੀ ਲਿਖੀ ਹੋਈ ਹੈ। ਹਰ ਸਮੇਂ ਖੁੱਲ੍ਹੀ ਰਹਿਣ ਵਾਲੀ ਇਸ ਲਾਇਬ੍ਰੇਰੀ ਵਿਚ ਬੈਠ ਕੇ ਪੜ੍ਹਨ ਲਈ ਪੂਰੀ ਸਹੂਲਤ ਦਿੱਤੀ ਗਈ ਹੈ। ਬੱਚੇ ਇੱਥੇ ਬਹੁਤ ਉਤਸ਼ਾਹ ਨਾਲ ਆਉਂਦੇ ਹਨ। ਦਰਸ਼ਨਦੀਪ ਸਿੰਘ ਨੇ ਦੱਸਿਆ ਕਿ ਉਸਦਾ ਮੁੱਖ ਮੰਤਵ ਬੱਚਿਆਂ ਨੂੰ ਕੁਦਰਤੀ ਮਾਹੌਲ, ਕੁਦਰਤੀ ਨਿਯਮਾਂ, ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨਾ ਅਤੇ ਪੰਜਾਬੀ ਮਾਂ ਬੋਲੀ ਨਾਲ ਜੋੜਨਾ ਹੈ।
ਉਸ ਨੇ ਲੋਪ ਹੋ ਰਹੀਆਂ ਪੁਰਾਤਨ ਚੀਜ਼ਾਂ ਨੂੰ ਸੰਭਾਲਣ ਲਈ ਘਰ ਵਿਚ ਹੀ ‘ਪੰਜਾਬੀ ਵਿਹੜਾ’ ਬਣਾਇਆ ਹੋਇਆ ਹੈ। ਇਸ ਵਿਚ ਪੁਰਾਣਾ ਲੱਕੜ ਵਾਲਾ ਟੀ.ਵੀ, ਝੋਲਾ, ਫੱਟੀ, ਚੁੱਲ੍ਹਾ, ਡੈੱਕ, ਛੱਜ, ਕਿਰਪਾਨ, ਮੰਜਾ, ਲਾਊਡ-ਸਪੀਕਰ, ਪਿੱਤਲ ਦੇ ਬਰਤਨ, ਲਾਲਟੈਨ, ਮਧਾਣੀ ਅਤੇ ਹੋਰ ਪੁਰਾਤਨ ਸਾਜ਼ੋ ਸਾਮਾਨ ਸਜਾਇਆ ਹੋਇਆ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਪੰਛੀਆਂ ਲਈ ਆਲ੍ਹਣੇ ਲਗਾਉਣ ਲਈ ਲਾਇਆ ਜਾਂਦਾ ਹੈ। ਬਜ਼ੁਰਗਾਂ ਦੇ ਬੈਠਣ ਲਈ ਬੈਂਚ ਲਗਾਏ ਗਏ ਹਨ। ਉਸਨੇ ਆਪਣੀ ਬੇਟੀ ਦੇ ਜਨਮ ਦਿਨ ’ਤੇ ਕਿਤਾਬਾਂ ਵੰਡ ਕੇ ਨਵੀਂ ਪਿਰਤ ਪਾਈ।
ਮਾਸਟਰ ਦਰਸ਼ਨਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਉਂਕੇ ਕਲਾਂ(ਜ਼ਿਲ੍ਹਾ ਲੁਧਿਆਣਾ )ਵਿਖੇ ਅੰਗਰੇਜ਼ੀ ਅਧਿਆਪਕ ਹੈ।
-
ਦੇਵਿੰਦਰ ਸਿੰਘ ਜੱਗੀ਼ , ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.