ਖ਼ਬਰ ਹੈ ਕਿ 7 ਅਕਤੂਬਰ 2018 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ 'ਚ ਮਾਰੇ ਗਏ ਨੌਜਵਾਨਾਂ ਦੇ ਕਾਤਲਾਂ ਨੂੰ ਫੜਨ ਖਿਲਾਫ ਸਿੱਖ ਜੱਥੇਬੰਦੀਆਂ ਦੇ ਆਗੂਆਂ ਸਮੇਤ ਆਮ ਅਤੇ ਇਨਸਾਫ ਪਾਰਟੀ ਦੇ ਆਗੂਆਂ ਨੇ ਰੋਸ ਵਜੋਂ ਕੋਟਕਪੂਰਾ ਦੀ ਨਵੀਂ ਦਾਣਾ ਮੰਡੀ ਤੋਂ ਬਰਗਾੜੀ ਤੱਕ ਰੋਸ ਮਾਰਚ ਕੀਤਾ। ਇਸੇ ਦਿਨ ਲੰਬੀ ਵਿਖੇ ਰਿਕਾਰਡ ਤੋੜ ਕਾਂਗਰਸੀ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਬਖਸ਼ਣਗੇ ਅਤੇ ਪਟਿਆਲਾ ਵਿਖੇ ਜਬਰ ਵਿਰੋਧੀ ਰੈਲੀ 'ਚ ਬੋਲਦਿਆਂ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਿਆਸੀ ਲਾਭ ਲਈ ਸਿੱਖਾਂ ਨੂੰ ਤੋੜਨ ਦੇ ਯਤਨ ਕੀਤੇ ਜਾ ਰਹੇ ਹਨ।
ਤਿੰਨ ਕਰੋੜੀ ਪੰਜਾਬ, ਜੀਹਦੀ ਕਦੇ ਝੱਲੀ ਨਹੀਂ ਸੀ ਜਾਂਦੀ ਆਬ, ਅੱਜ ਨੇਤਾਵਾਂ ਦੇ ਪਿੱਛੇ ਲੱਗ ਵਾਹੋ ਦਾਹੀ ਕੋਈ ਲੰਬੀ, ਕੋਈ ਪਟਿਆਲੇ ਵਗ ਤੁਰਿਆ। ਕਿਸੇ ਵਿਚਾਰੇ ਦੇ ਹਿੱਸੇ ਗਾਂਧੀ ਦਾ ਨੋਟ ਆਇਆ, ਕਿਸੇ ਦੇ ਹਿੱਸੇ ਲਾਲ ਪਰੀ ਅਤੇ ਕਿਸੇ ਦੇ ਹਿੱਸੇ ਆਏ ਨਿਰੇ ਜੀਪਾਂ, ਕਾਰਾਂ, ਬੱਸਾਂ, ਟਰੱਕਾਂ ਦੇ ਝੂਟੇ। ਅਤੇ ਕਿਸੇ ਵਿਚਾਰੇ ਹਿੱਸੇ ਆਏ ਧੱਕੇ! ਉਂਜ ਭਾਈ ਧੱਕਿਆਂ ਧੋੜਿਆਂ, ਕੁੱਟਾਂ, ਲੁੱਟਾਂ ਦੇ ਆਦੀ ਹੋ ਗਏ ਆ ਹੁਣ ਪੰਜ ਦਰਿਆਵਾਂ ਦੇ ਅਣਖੀ ਪੁੱਤ! ਜਾਪਦੈ ਪੰਜਾਬ ਬੁੱਢਾ ਹੋ ਗਿਐ। ਜਾਪਦੈ ਪੰਜਾਬ ਦੀ ਜਵਾਨੀ ਦੀ ਤੋਰ ਰੁਸ ਗਈ ਆ। ਜਾਪਦੈ ਪੰਜਾਬ ਦਾ ਬੰਦਾ ਜੱਗ 'ਚ ਉਸ ਤਰ੍ਹਾਂ ਗੁਆਚਿਆ ਜਿਹਾ ਫਿਰਦੈ ਜਿਵੇਂ ਉਹਦਾ ਧਨ ਅਤੇ ਮਾਲ ਸੱਭੋ ਕੁਝ ਗੁਆਚ ਗਿਆ ਹੋਵੇ।
ਪੰਜਾਬ ਮੁੜ ਗਰਮਾਇਆ ਜਾ ਰਿਹੈ। ਪੰਜਾਬ ਮੁੜ ਸਤਾਇਆ ਜਾ ਰਿਹੈ। ਪੰਜਾਬ ਮੁੜ ਬਲੀ ਦੇ ਬੁਥੇ ਡਾਹਿਆ ਜਾ ਰਿਹੈ। ਪੰਜਾਬ ਮੁੜ ਸੁਕਣੈ ਪਾਇਆ ਜਾ ਰਿਹਾ। ਤਦੇ ਤਾਂ ਭਾਈ ਪੰਜਾਬ ਦੇ ਨੇਤਾ ਗਰਮ ਗਰਮ ਬੋਲਦੇ ਆ, ਝੂਠੇ ਫੱਕਰ ਤੋਲਦੇ ਆ, ਗੁਰੂ ਤੋਂ ਦੂਰ ਹੋ ਵੇਚ ਗੈਰਤਾਂ ਬਸ ਆਪੋ ਆਪਣੀ ਬੋਲੀ ਬੋਲਦੇ ਆ। ਤਦੇ ਇਸ ਮੌਕੇ ਕੈਲਵੀ ਕਹਿੰਦਾ ਆ ਪੰਜਾਬ ਬਾਰੇ, "ਤਪਸ਼ ਨਾਲ ਧਰਤੀ ਗਰਮ ਹੋ ਰਹੀ ਏ, ਤੱਤੇ ਲੋਕ ਨੇ ਬੋਲਦੇ ਬੋਲ ਤੱਤੇ"।
ਚੋਣ ਜੰਗ ਹੈ ਸਿਰ ਤੇ ਆਣ ਢੁੱਕੀ, ਕਿਵੇਂ ਸਫਲਤਾ ਨਾਲ, ਇਹ ਲੜੀ ਜਾਵੇ
ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਤਰਾਖੰਡ ਦੇ ਇੱਕ ਸੰਮੇਲਨ ਵਿੱਚ ਬੋਲਦਿਆਂ ਕਿਹਾ ਕਿ ਦੇਸ਼ 'ਚ ਵੱਡੇ ਸਮਾਜਿਕ ਅਤੇ ਆਰਥਿਕ ਬਦਲਾਅ ਹੋ ਰਹੇ ਹਨ। ਚਾਰ ਸਾਲ 'ਚ 10 ਹਜ਼ਾਰ ਉਪਾਅ ਕਰਕੇ ਦੇਸ਼ 'ਚ ਕਾਰੋਬਾਰ ਕਰਨਾ ਸੌਖਾ ਬਣਾਇਆ ਗਿਆ ਹੈ। ਇਸ ਕਾਰਨ ਕਾਰੋਬਾਰੀ ਸੁਗਮਤਾ ਦੀ ਦੁਨੀਆਂ ਦੀ ਸੂਚੀ 'ਚ ਭਾਰਤ ਦਾ ਰੈਂਕ 42 ਅੰਕ ਸੁਧਰਿਆ ਹੈ। ਉਹਨਾ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੇ 10 ਹਜ਼ਾਰ ਤੋਂ ਵੱਧ ਕਦਮ ਚੁੱਕੇ ਹਨ। ਅਤੇ 1400 ਤੋਂ ਵੱਧ ਕਾਨੂੰਨਾਂ 'ਚ ਸੋਧ ਕੀਤੀ ਗਈ ਹੈ।
ਮੋਦੀ ਨੂੰ ਤਾਂ ਭਾਈ ਮੋਦੀ ਹਰਾਊ! ਜਿੰਨੇ ਝੂਠ ਬੋਲੂ, ਜਿੰਨੇ ਫੱਕੜ ਤੋਲੂ, ਉਨੇ ਹੀ ਉਹਦੀ ਗੱਦੀ ਥੱਲੇ ਤਿੱਖੇ ਕਿੱਲ ਠੁਕਣਗੇ! ਉਂਜ ਭਾਈ ਘੱਟ ਕੋਈ ਨਹੀਂ! ਰਾਹੁਲ ਮੰਦਰ 'ਚ ਤੁਰਿਆ ਫਿਰਦਾ। ਬੀਬੀ ਮਾਇਆ, ਬਿਨ ਪਾਣੀ ਤੋਂ ਜੁੱਤਾ ਖੋਲ੍ਹੀ ਫਿਰਦੀ ਆ। ਬੀਬੀ ਬੰਗਾਲ ਵਾਲੀ ਪ੍ਰਧਾਨ ਮੰਤਰੀ ਬਨਣ ਦੇ ਸੁਪਨੇ ਬੁਨਣ ਲੱਗੀ ਆ। ਪਵਾਰ 77 ਵਰ੍ਹਿਆਂ 'ਚ ਵੀ ਦੇਸ਼ ਦਾ ਸਭ ਤੋਂ ਵੱਡਾ ਨੇਤਾ ਬਨਣ ਦਾ ਚਾਅ ਪਾਲੀ ਬੈਠਾ ਅਤੇ ਇਧਰ ਅਡਵਾਨੀ ਰੁਸਿਆ ਰੁਸਿਆ ਵੀ, ਹਾਲੇ ਸਿਖ਼ਰ ਦਾ ਬੇਰ ਮੂੰਹ 'ਚ ਪਾਉਣ ਲਈ ਕਾਹਲਾ ਆ। ਇੱਕ ਅਨਾਰ ਆ ਅਤੇ ਸੌ ਬੀਮਾਰ ਆ। ਹੁਣ ਤਾਂ ਭਾਈ ਚੌਕਾ ਲੱਗੂ ਜਾਂ ਛਿੱਕਾ।
ਭ੍ਰਿਸ਼ਟਾਚਾਰ, ਅਨਾਚਾਰ, ਵਿਭਾਚਾਰ ਦੇ ਰੌਲੇ ਰੱਪੇ 'ਚ ਆਹ ਵੇਖੋ ਨਾ ਭਾਈ ਪਹਿਲਾਂ ਪੰਜ ਰਾਜਾਂ ਦੀ ਚੋਣ ਦਾ ਸੈਮੀਫਾਈਨਲ ਹੋਊ ਤੇ ਫਿਰ ਫਾਈਨਲ ਖੜਕੂ 2019 'ਚ! ਇਥੇ ਚੋਣਾਂ 'ਚ ਜਰਵਾਣਿਆ ਦੀ ਕਰਤੂਤ ਵੀ ਵੇਖਣ ਨੂੰ ਵੀ ਮਿਲੂ ਅਤੇ ਪਲਟਵਾਰ ਵੀ! ਚੋਬਰ ਜ਼ੋਰ ਅਜ਼ਮਾਈ ਵੀ ਕਰੂ, ਧਾਵੀ ਹੱਲਾ ਵੀ ਬੋਲੂ ਅਤੇ ਜਾਫੀ, ਪਕੜੂ ਵੀ। ਪਰ ਜਿੱਤ ਉਸੇ ਦੀ ਹੋਊ, ਜਿਹੜਾ ਲੋਕਾਂ ਨੂੰ ਵੱਧ ਬੇਵਕੂਫ ਬਣਾਊ ਅਤੇ ਆਪਣਾ ਸੌਦਾ ਵੇਚੂ। ਨੇਤਾ ਤਾਂ ਹੁਣੇ ਤੋਂ ਹੀ ਵਿਊਂਤਾਂ ਬਨਾਉਣ ਲੱਗ ਪਏ ਆ, "ਚੋਣ ਜੰਗ ਹੈ ਸਿਰ ਤੇ ਆਣ ਢੁੱਕੀ, ਕਿਵੇਂ ਸਫਲਤਾ ਨਾਲ ਇਹ ਲੜੀ ਜਾਏ"।
ਉਨੇ ਛੇਕ ਨੇ ਛਾਨਣੀ ਵਿੱਚ, ਜਿੰਨੀਆਂ ਵਿੱਚ ਕਾਨੂੰਨ ਦੇ ਮੋਰੀਆਂ ਨੇ
ਖ਼ਬਰ ਹੈ ਕਿ ਇਸ ਸਮੇਂ ਦੇਸ਼ ਵਿੱਚ ਮਾਨਤਾ ਪ੍ਰਾਪਤ ਸੂਬਾ ਪੱਧਰੀ ਸਿਆਸੀ ਦਲਾਂ ਦੀ ਸੰਖਿਆ 59 ਹੈ ਅਤੇ ਮਾਨਤਾ ਪ੍ਰਾਪਤ ਰਾਸ਼ਟਰੀ ਸਿਆਸੀ ਦਲਾਂ ਦੀ ਸੰਖਿਆ 7 ਹੈ। ਲੇਕਿਨ ਬਿਨ੍ਹਾਂ ਮਾਨਤਾ ਵਾਲੇ ਰਜਿਸਟਰਡ ਸਿਆਸੀ ਦਲਾਂ ਦੀ ਸੰਖਿਆ ਜੋ 2014 ਵਿੱਚ 1643 ਸੀ ਉਹ ਹੁਣ 2018 ਵਿੱਚ ਵਧਕੇ 2095 ਹੋ ਗਈ ਹੈ, ਇਹ ਸੰਖਿਆ 2015 ਵਿੱਚ 1737, ਸਾਲ 2016 'ਚ 1786, ਸਾਲ 2017 ਵਿੱਚ 1874 ਸੀ।
ਮੈਂ ਕੀ ਆਖਾਂ? ਇਥੇ ਦਿਨੇ ਡਾਕੇ ਵੱਜਦੇ ਹਨ, ਚੋਰੀਆਂ ਹੁੰਦੀਆਂ ਹਨ। ਕਿਧਰੇ ਗਰੀਬ, ਭੁੱਖਾ ਨੰਗਾ ਜਾਗ ਨਾ ਪਏ, ਇਸ ਕਰਕੇ ਹਾਕਿਮ ਸਮੇਂ ਸਮੇਂ ਤੇ ਲੋਰੀਆਂ ਦੇਂਦੇ ਆ, ਗਰੀਬਾਂ ਨੂੰ ਭੁਚਲਾਉਣ ਲਈ ਨਵੇਂ ਢੰਗ ਤਰੀਕੇ ਲੱਭਦੇ ਆ। ਜਦ ਵੱਡਿਆਂ ਤੋਂ ਲੋਕ ਨਹੀਂ ਨਾ ਸਾਂਭੇ ਜਾਂਦੇ, ਆਪਣੇ ,ਧੀਆਂ, ਪੁੱਤਰਾਂ, ਰਿਸ਼ਤੇਦਾਰਾਂ ਇਥੋਂ ਤੱਕ ਕਿ ਸ਼ਰੀਕਾਂ ਤੱਕ ਨੂੰ ਨਵੇਂ ਦਾਅ ਸਿਖਾਕੇ, ਥੱਲੇ ਨੂੰ ਤੋਰ ਦਿੰਦੇ ਆ। ਹੋਰ ਪਾਰਟੀਆਂ ਬਣਾਕੇ, ਨਵੇਂ ਨਕੋਰ ਨਾਹਰੇ ਲਾਕੇ ਉਸੇ ਰਸਤੇ ਪਾ ਦਿੰਦੇ ਆ, ਜਿਥੇ ਬੰਦਾ "ਰੋਟੀ" ਤੋਂ ਵੱਧ ਹੋਰ ਕੁਝ ਸੋਚ ਹੀ ਨਾ ਸਕੇ।
ਵੇਖੋ ਨਾ ਜੀ ਜਦ ਸਾਡੀ ਵੱਡੀ ਅਦਾਲਤ ਉਤੇ ਕੁਝ ਟੱਬਰਾਂ ਦਾ ਰਾਜ ਆ, ਜਦ ਸਾਡੀ ਦੇਸ਼ ਦੀ ਅੱਧੀ ਨਾਲੋਂ ਵੱਧ ਦੌਲਤ ਉਤੇ ਦਰਜਨਾਂ ਟੱਬਰਾਂ ਦਾ ਗਲਬਾ ਆ, ਤਾਂ ਫਿਰ ਸਾਡੇ ਦੇਸ਼ ਦੀ ਰਾਜਨੀਤੀ ਉਤੇ ਕੁਝ ਟੱਬਰਾਂ ਸਮੇਤ ਉਹਦੇ ਗੁਰਗਿਆਂ ਦਾ ਰਾਜ ਚੱਲਦਾ ਆ ਤਾਂ ਫਿਰ ਕੀ ਹੋਇਆ? ਰਹੀ ਗੱਲ ਦੇਸ਼ ਦੇ ਕਾਨੂੰਨ ਨੂੰ ਤੋੜਨ ਮਰੋੜਨ ਦੀ, ਇਹ ਤਾਂ ਨੇਤਾਵਾਂ ਦੀ ਸੱਜੇ ਹੱਥ ਦੀ ਖੇਡ ਆ, ਤਦੇ ਭਾਈ ਕਵੀ ਇਹ ਕਹਿੰਦਾ ਨਹੀਓਂ ਝਿਜਕਦਾ, "ਉਨੇ ਛੇਕ ਨੇ ਛਾਨਣੀ ਵਿੱਚ ਜਿੰਨੀਆਂ ਵਿੱਚ ਕਾਨੂੰਨ ਦੇ ਮੋਰੀਆਂ ਨੇ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਦੇਸ਼ ਦੇ 77 ਫੀਸਦੀ ਪ੍ਰੀਵਾਰਾਂ ਦੀ ਕੋਈ ਵੀ ਨਿਯਮਤ ਬੱਧੀ ਆਮਦਨ ਨਹੀਂ ਹੈ ਅਤੇ 67 ਫੀਸਦੀ ਪਰਿਵਾਰ 11000 ਰੁਪਏ ਮਹੀਨਾ ਤੋਂ ਵੱਧ ਨਹੀਂ ਕਮਾਉਂਦੇ। 76 ਫੀਸਦੀ ਪਰਿਵਾਰਾਂ ਨੂੰ ਮਗਨਰੇਗਾ ਜਾਂ ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ ਦਾ ਕੋਈ ਲਾਭ ਨਹੀਂ ਮਿਲਦਾ।
ਇੱਕ ਵਿਚਾਰ
ਗਠਬੰਧਨ ਤਦੇ ਸਥਿਰ ਹੋ ਸਕਦੇ ਹਨ, ਜਦ ਉਹ ਅਸਲੀਅਤਾਂ ਅਤੇ ਹਿੱਤਾਂ ਨੂੰ ਪ੍ਰਤੀਬਿੰਧਤ ਕਰਦੇ ਹੋਣ।...................ਸਟੀਫਨ ਕਿੰਜਰ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.