ਕੁਝ ਦੋਸਤ ਪੁੱਛਦੇ ਨੇ ਅਕਸਰ ਕਿ ਅੱਜ ਕੱਲ੍ਹ ਕੀ ਕਰਦੈਂ।
ਮੇਰਾ ਉੱਤਰ ਹੁੰਦੈ, ਬੱਸ ਉਧੇੜ ਬੁਣ ਚ ਲੱਗਿਆ ਰਹਿੰਦਾਂ।
ਆਪਣੀ ਪੋਤਰੀ ਅਸੀਸ ਦੀ ਮੁਸਕਾਣ ਵੇਖ ਕੇ ਵਿਸਮਾਦ ਚ ਚਲਾ ਜਾਂਦਾਂ।
ਜੀਅ ਕਰਦੈ, ਜਲਦੀ ਜਲਦੀ ਵੱਡੀ ਹੋ ਕੇ ਪਲਾਕੀ ਮਾਰ ਮੇਰੇ ਮੋਢਿਆਂ ਤੇ ਆਣ ਚੜ੍ਹੇ ਤੇ ਕਹੇ, ਮੇਰੇ ਨਾਲ ਖੇਡੋ, ਸਾਰੀ ਉਮਰ ਲਿਖਦੇ ਹੀ ਰਹੇ ਹੋ, ਫਿਰ ਲਿਖ ਲੈਣਾ, ਇਹ ਵੇਲਾ ਮੇਰਾ ਹੈ।
ਸੇਵਾ ਮੁਕਤੀ ਦਾ ਛੇਵਾਂ ਸਾਲ ਚੜ੍ਹ ਗਿਆ ਸੀ ਮਈ ਮਹੀਨੇ। ਪੜ੍ਹਨ ਲਿਖਣ ਬਿਨ ਕੋਈ ਸ਼ੌਕ ਨਹੀਂ।
ਰੁਤਬੇ ਮੁਰਾਤਬਿਆਂ ਤੇ ਲੰਬੜਦਾਰੀਆਂ ਰੱਜ ਕੇ ਕਰ ਲਈਆਂ ਹੁਣ ਪੱਕੀ ਫ਼ਸਲ ਸਾਂਭਣ ਦਾ ਵੇਲਾ ਹੈ।
ਸੱਜਣ ਪਿਆਰੇ ਲਿਖਤ ਨੂੰ ਪਹਿਲਾਂ ਨਾਲੋਂ ਵੱਧ ਪਿਆਰ ਕਰਨ ਲੱਗ ਪਏ ਹਨ। ਮੈਨੂੰ ਵੀ ਚੰਗਾ ਚੰਗਾ ਲੱਗਦੈ।
ਪਿਛਲੇ ਦੋ ਢਾਈ ਸਾਲਾਂ ਚ ਲਿਖੀਆਂ ਗ਼ਜ਼ਲਾਂ ਦਾ ਸੰਗ੍ਰਹਿ
ਸੁਰਤਾਲ
ਟਾਈਪ ਕਰਵਾ ਲਿਐ। ਸਵਰਨਜੀਤ ਸਵੀ ਨੇ ਸੋਹਣਾ ਸਰਵਰਕ ਬਣਾ ਕੇ ਮੇਰੀ ਰੂਹ ਦਾ ਰਾਂਝਾ ਰਾਜ਼ੀ ਕਰ ਦਿੱਤਾ। ਮੇਰੇ ਮੋਹਵੰਤੇ ਮਿੱਤਰ ਤੇਜ ਪ੍ਰਤਾਪ ਸਿੰਘ ਸੰਧੂ ਦੀ ਲਗਪਗ ਵੀਹ ਸਾਲ ਪਹਿਲਾਂ ਖਿੱਚੀ ਰੰਗੋਲੀ ਦੀ ਸਲਵੀਰ ਪੁਸਤਕ ਦੇ ਮੱਥੇ ਦਾ ਦੌਣੀ ਟਿੱਕਾ ਬਣੇਗੀ।
ਇਸ ਕਿਤਾਬ ਦੇ ਲਗਪਗ 200 ਪੰਨੇ ਹੋਣਗੇ।
ਇਸ ਗ਼ਜ਼ਲ ਸੰਗ੍ਰਹਿ ਦਾ ਪ੍ਰਕਾਸ਼ਨ ਜਨਵਰੀ ਤੀਕ ਸੰਪੂਰਨ ਕਰਨ ਦਾ ਟੀਚਾ ਹੈ।
ਇਸ ਸੰਗ੍ਰਹਿ ਵਿੱਚੋਂ ਦੋ ਗ਼ਜ਼ਲਾਂ ਤੁਹਾਡੇ ਸਨਮੁਖ ਪੇਸ਼ ਹਨ।
ਦੋ ਗ਼ਜ਼ਲਾਂ
ਇੱਕ ਪੁੜ ਥੱਲੇ ਦੂਜਾ ਉੱਤੇ, ਪੀਸ ਰਹੇ ਚੱਕੀ ਵਿੱਚ ਦਾਣੇ।
ਭੋਲ਼ੇ ਲੋਕ ਅਲਾਪ ਰਹੇ ਨੇ ,ਸਭ ਕੁਝ ਰੱਬਾ ਤੇਰੇ ਭਾਣੇ।
ਸਾਡਾ ਆਟਾ ਸਾਨੂੰ ਵੰਡ ਕੇ, ਆਖੀ ਜਾਣ ਵਜਾਉ ਤਾੜੀ,
ਕਿੰਨੇ ਚਾਤਰ ਹੋ ਗਏ ਵੇਖੋ, ਕੁਰਸੀਧਾਰੀ ਜ਼ਰ ਜਰਵਾਣੇ।
ਕਣਕ ਵੀ ਸਾਡੀ ਹੱਥ ਵੀ ਸਾਡੇ,ਪੀਸਿਆ ਕੋਈ ਹੋਰ ਸਮੇਟੇ,
ਧਰਤੀ ਧਰਮ ਗੁਆਚ ਗਿਆ ਹੈ ਰਖਵਾਲਾ ਨਾ ਫ਼ਰਜ਼ ਪਛਾਣੇ।
ਚਿੜੀਆਂ ਮੌਤ ਗੰਵਾਰਾਂ ਹਾਸਾ, ਇਹ ਵਰਤਾਰਾ ਮੁੱਕਦਾ ਨਹੀਂਉਂ,
ਫਿਰਨ ਸ਼ਿਕਾਰੀ ਕੱਸ ਗੁਲੇਲਾਂ, ਧਰਮ ਨਗਰੀਉਂ, ਧੁਰ ਲੁਧਿਆਣੇ।
ਅੰਨ੍ਹਾ ਬੋਲ਼ਾ ਮਾਇਆ ਧਾਰੀ ,ਸ਼ਸਤਰ ਧਾਰੀ ਤੇ ਅਧਿਕਾਰੀ,
ਕਿਹੜਾ ਦਰ ਖੜਕਾਈਏ ਦੱਸੋ, ਜਿਹੜਾ ਸਾਡਾ ਦਰਦ ਪਛਾਣੇ।
ਫਿਰ ਬੁੱਤਾਂ ਨੂੰ ਪੂਜ ਰਹੇ ਹਾਂ,ਮੁਕਤ ਕਰਾਇਆ ਜਿਸ ਤੋਂ ਗੁਰੂਆਂ,
ਕਿੱਧਰ ਘੇਰ ਲਿਆਏ ਸਾਨੂੰ ਧਰਮ ਦੇ ਨਾਂ ਤੇ ਮਾਨਸ ਖਾਣੇ।
ਯੋਗੀ ਭੋਗੀ ਰਲ ਗਏ ਸਾਰੇ,ਵੇਚਣ ਰਲ ਕੇ ਵਤਨਪ੍ਰਸਤੀ,
ਸੌ ਫੁੱਲ ਖਿੜੇ ਕਿਆਰੀਉਂ ਪੁੱਟ ਕੇ,ਬੀਜ ਰਹੇ ਨੇ ਜੋਗੀਆ ਬਾਣੇ।
ਸਤਿਯੁਗ,ਦਵਾਪਰ,ਕਾਲ ਤਰੇਤਾ ਕਲਿਯੁਗ ਤੀਕਰ ਅੱਖੀਆਂ ਮੀਟੀ,
ਜੰਤ ਪਰਿੰਦੇ ਹੁਣ ਵੀ ਗਾਉਂਦੇ ,ਤੇਰੀਆਂ ਦਾਤਾ ਤੂੰਹੀਉਂ ਜਾਣੇ।
ਭੇਡਾਂ ਮੁੰਨਣ ਵਾਲਿਆਂ ਦੀ ਵੀ, ਨਸਲ ਬਦਲ ਗਈ, ਇਹ ਕੀ ਹੋਇਆ,
ਉੱਨ ਉਤਾਰਨ ਵਾਲੇ ਰੱਜ ਗਏ, ਆਜੜੀਆਂ ਦੇ ਪਾਟੇ ਬਾਣੇ।
????????????????????????????????????
ਗ਼ਜ਼ਲ 2
ਸਾਰਾ ਜੰਗਲ ਸਾੜ ਲਿਆ ਹੈ, ਸੋਚ ਜ਼ਰਾ ਕਿਉਂ ਆਪਾਂ ਖਹੀਏ?
ਕੂਕ ਰਹੇ ਨੇ ਬਾਂਸ ਦੇ ਬੂਟੇ,ਸਭ ਦੀ ਸੁਣੀਏਂ,ਸਭ ਦੀ ਸਹੀਏ।
ਪੱਤਝੜ ਵਾਲੀ ਕਥਾ ਕਰਦਿਆਂ ਝੜਦੇ ਪੱਤੇ ਬਹੁਤ ਗਿਣਾਏ,
ਵਕਤ ਫੁਟਾਰੇ ਦਾ ਜੇ ਆਇਐ, ਆ ਇਸ ਨੂੰ ਜੀ ਆਇਆਂ ਕਹੀਏ।
ਨਵੀਂ ਕਰੂੰਬਲ ਨਵਾਂ ਸੁਨੇਹਾ,ਨਵੇਂ ਸੁਪਨਿਆਂ ਨੂੰ ਖੰਭ ਲੱਗੇ,
ਕਿਸ ਮੰਜ਼ਿਲ ਵੱਲ ਜਾਣੈਂ ਆਪਾਂ, ਨਿਸ਼ਚਾ ਕਰੀਏ ਰਲ ਕੇ ਬਹੀਏ।
ਸੱਜੇ ਹੱਥ ਨੂੰ ਖੱਬਾ ਜੇਕਰ ਸਾਥ ਨਾ ਦੇਵੇ ਤਾੜੀ ਦੇ ਲਈ,
ਏਦਾਂ ਹੀ ਰੂਹ ਬੇ ਸੁਰ ਹੋਵੇ,ਦਿਨ ਤੇ ਰਾਤ ਗਵਾਚੇ ਰਹੀਏ।
ਕਦਮਾਂ ਦਾ ਸਮਤੋਲ ਜ਼ਰੂਰੀ, ਮੈਨੂੰ ਪੁੱਛੋ ਥਿੜਕੇ ਕੋਲੋਂ,
ਮਨ ਤੇ ਬੁੱਧੀ ਸੁਰਤਿ ਇਕਾਗਰ, ਰਲ ਕੇ ਤੋਰਨ ਚਾਰੇ ਪਹੀਏ।
ਮਾਂ ਧਰਤੀ ਮਾਂ ਜਣਨੀ ਦੇ ਸੰਗ ਮਾਂ ਬੋਲੀ ਵੀ ਕਦੇ ਨਾ ਵਿੱਸਰੇ,
ਦੇਸ਼ ,ਬਦੇਸ਼ ,ਸਮੁੰਦਰ ਟੱਪ ਕੇ,ਜਿੱਥੇ ਮਰਜ਼ੀ ਭਾਵੇਂ ਰਹੀਏ।
ਤੂੰ ਮੈਨੂੰ, ਮੈਂ ਤੈਨੂੰ ਜੇਕਰ ਹੁਣ ਤੀਕਰ ਵੀ ਮਿਲਿਆ ਨਹੀਂਉਂ,
ਵਿੱਛੜਿਆਂ ਹੀ ਮਰ ਨਾ ਜਾਈਏ, ਇੱਕ ਦੂਜੇ ਦੇ ਦਿਲ ਵਿੱਚ ਲਹੀਏ।
-
ਗੁਰਭਜਨ ਗਿੱਲ ,
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.