21 ਸਾਲ ਪਹਿਲਾਂ ਅੱਜ ਦੇ ਦਿਨ ਪੰਜਾਬੀ ਜ਼ਬਾਨ ਦੇ ਸਿਰਮੌਰ ਲੇਖਕ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਸਦੀਵੀ ਅਲਵਿਦਾ ਕਹਿ ਗਏ ਸਨ।
ਉਨ੍ਹਾਂ ਦੀ ਸਮੁੱਚੀ ਜ਼ਿੰਦਗੀ ਖੁੱਲ੍ਹੀ ਕਿਤਾਬ ਸੀ। ਜਿੱਥੋਂ ਮਰਜੀ ਵਰਕਾ ਪਲਟ ਲਵੋ, ਸੱਜਰਾ ਪਨ ਮੱਥੇ ਲੱਗੇਗਾ।
ਵੱਡਿਆਂ ਨਾਲ ਵੱਡਾ, ਬੱਚਿਆਂ ਨਾਲ ਬੱਚਾ, ਮੁੰਡਿਆਂ ਨਾਲ ਮੁੰਡਾ।
ਲਿਆਕਤ ਦਾ ਨਵਾਂ ਨਵੇਲਾ ਸਫ਼ਲ ਪੇਸ਼ਕਾਰ। ਪੰਜਾਬੀ ਅਦਬ ਨੂੰ ਨਵੀਨਤਮ ਲੀਹਾਂ ਤੇ ਤੋਰਨ ਵਾਲੀ ਟਕਸਾਲੀ ਮੋਹਰ।
ਸੇਖੋਂ ਸਾਹਿਬ ਨਾਲ ਬਹੁਤੀਆਂ ਮੁਲਾਕਾਤਾਂ ਉਨ੍ਹਾਂ ਦੀ ਮੁਹੱਬਤ ਨੇ ਕਰਵਾਈਆਂ। ਰੱਜਵਾਂ ਮੋਹ ਦੇ ਕੇ ਸਰਸ਼ਾਰ ਕਰਦੇ।
ਨਿੱਕੀ ਨਿੱਕੀ ਗੱਲ ਸਭ ਨਾਲ ਭੋਲੇ ਭਾਅ ਸਾਂਝੀ ਕਰ ਲੈਂਦੇ। 1978 ਚ ਮੈਂ ਆਪਣੀ ਪਹਿਲੀ ਕਿਤਾਬ ਦਾ ਮੁੱਖ ਬੰਦ ਸੇਖੋਂ ਸਾਹਿਬ ਤੋਂ ਲਿਖਵਾਇਆ। ਦਾਖਾ ਦੇ ਤਿੰਨ ਗੇੜੇ ਹੀ ਲੱਗੇ।
ਪਹਿਲੀ ਵਾਰ ਆਪਣੇ ਜਗਰਾਉਂ ਚ ਆਪਣੇ ਸਹਿ ਕਰਮੀ ਪ੍ਰੋ: ਅੰਮ੍ਰਿਤ ਸਿੰਘ ਮੁੱਲਾਂਪੁਰ ਵਾਲਿਆਂ ਨਾਲ ਗਿਆ ,ਦੂਜੀ ਵਾਰ ਦੁਖਦੇ ਗੋਡਿਆਂ ਦੀ ਖ਼ਬਰ ਪੁੱਛਣ ਤੇ ਤੀਜੀ ਵਾਰ ਲਿਖਿਆ ਮੁੱਖ ਬੰਦ ਲੈਣ।
ਹਰ ਵਾਰ ਆਪਣੀ ਜੀਵਨ ਸਾਥਣ ਨੂੰ ਆਵਾਜ਼ ਮਾਰ ਕੇ ਆਖਦੇ
ਗੁਰਚਰਨ, ਇਹ ਮੁੰਡਾ ਕੁਝ ਕਰੂ।
ਪੁੱਤਰਾਂ ਜਿਹਾ ਮੋਹ ਦਿੰਦੇ ਦੋਵੇਂ ਜੀਅ।
ਆਖਦੇ ਸਾਡਾ ਪੁੱਤਰ ਕਾਕੂ ਤੈਨੂੰ ਮਿਲਦਾ ਗਿਲਦਾ ਰਹੂ, ਭਰਾ ਸਮਝੀਂ।
ਕਾਕੂ ਹੁਣ ਤੀਕ ਉਹੀ ਰਿਸ਼ਤਾ ਪਾਲ ਰਿਹੈ।
ਇੱਕ ਵਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਨ। ਮੇਰਾ ਪੱਤਰਕਾਰ ਮਿੱਤਰ ਤੇ ਸੇਖੋਂ ਸਾਹਿਬ ਦਾ ਜਨਮਜ਼ਾਤ ਸੇਵਕ ਸਤਿਬੀਰ ਸਿੰਘ ਪੰਜਾਬੀ ਚ੍ਰਿਬਿਊਨ ਮੈਨੂੰ ਦਾਖੇ ਲੈ ਗਿਆ। ਅਸੀਂ ਪੁਛਿਆ, ਸੇਖੋਂ ਸਾਹਿਬ ਵੋਟ ਪਾਉਣ ਨਹੀਂ ਗਏ। ਅੱਗਿਓਂ ਬੋਲੇ, ਗੁਰਦੇਵ ਸਿੰਘ ਖੜੈ?
ਅਸੀਂ ਕਿਹਾ ਕਿ ਹਾਂ ਖੜ੍ਹਾ।
ਉਹ ਦਬਾਦਬ ਪੱਗ ਲਪੇਟਣ ਲੱਗ ਪਏ ਤੇ ਕਹਿਣ ਲੱਗੇ, ਤੁਸੀਂ ਚਾਹ ਪੀਓ ਆਪਣੀ ਮਾਤਾ ਕੋਲੋਂ, ਮੈਂ ਵੋਟ ਪਾ ਕੇ ਹੁਣੇ ਆਇਆ।
ਪੰਜਾਬ ਚ ਕਤਲੋਗਾਰਤ ਦੇ ਮੌਸਮ ਚ ਵੀ ਅਸੀਂ ਸੇਖੋਂ ਸਾਹਿਬ ਕੋਲ ਅਕਸਰ ਜਾਂਦੇ। ਇੱਕ ਦਿਨ ਮੈਂ ਪੁੱਛਿਆ,
ਸੇਖੋਂ ਸਾਹਿਬ!
ਪੁਲਿਸ ਵਰਦੀ ਚ ਵੀ ਤੇ ਦੂਸਰੇ ਬੰਨੇ ਵੀ ਮਰਨ ਵਾਲੇ ਬਹੁਤੇ ਮੁੰਡੇ ਜੱਟਾਂ ਦੇ ਹੀ ਕਿਉਂ ਨੇ,
ਬੋਲੇ, ਜੱਟ ਨੂੰ ਭਰਮ ਹੈ ਕਿ ਪੰਜਾਬ ਦਾ ਮਾਲਕ ਮੈਂ ਹਾਂ। ਉਹ ਇਸ ਦੇ ਰਖਵਾਲੇ ਵਜੋਂ ਬੰਦੂਕ ਚੁੱਕਣ ਨੂੰ ਮਿੰਟ ਲਾਉਂਦਾ ਹੈ।
ਪਰ ਹੈ ਭਰਮ ਹੀ।
ਉਸ ਨੂੰ ਲੱਗਦੈ ਕਿ ਮੇਰਾ ਕੁਝ ਗਵਾਚ ਰਿਹੈ। ਮੈਂ ਗਵਾਚਣ ਨਹੀਂ ਦੇਣਾ। ਬੱਸ ਏਸੇ ਚ ਨੁਕਸਾਨ ਹੋਈ ਜਾਂਦੈ।
ਸੇਖੋਂ ਸਾਹਿਬ ਦੇ ਭਤੀਜੇ ਜਗਮੋਹਨ ਨੇ ਬੜੇ ਸਾਲਾਂ ਤੋਂ ਟੋਰੰਟੋ ਚ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਹਾਲ ਬਣਾਇਆ ਹੋਇਐ।
ਸਾਹਿੱਤਕ ਸਮਾਗਮਾਂ ਲਈ ਬੁੱਕਲ ਖੁੱਲ੍ਹੀ ਹੈ ਓਥੇ।
ਦਾਖਾ ਪਿੰਡ ਚ ਲਾਉਣ ਲਈ ਸੇਖੋਂ ਸਾਹਿਬ ਦਾ ਬੁੱਤ ਵੀ ਉਸ ਬਣਵਾਇਆ ਸੀ।
ਪ੍ਰੋ: ਮੋਹਨ ਸਿੰਘ ਮੇਲੇ ਦੇ ਉਹ ਬਾਨੀ ਮੁੱਖ ਸਰਪ੍ਰਸਤ ਸਨ ।ਉਹ 18 ਮੇਲਿਆਂ ਚ ਮੇਲੀ ਬਣ ਕੇ ਆਉਂਦੇ ਰਹੇ। ਇੱਕ ਵਾਰ ਤਾਂ ਮੋਹਨ ਸਿੰਘ ਮੇਲੇ ਦੇ ਬਾਨੀ ਚੇਅਰਮੈਨ ਸ: ਜਗਦੇਵ ਸਿੰਘ ਜੱਸੋਵਾਲ ਨੇ ਉਨ੍ਹਾਂ ਨੂੰ ਹਾਥੀ ਤੇ ਚੜ੍ਹਾ ਕੇ ਮੇਲੇ ਦੀ ਅਗਵਾਈ ਕਰਵਾਈ ਸੀ ਬੜੀ ਸ਼ਕਤੀਸ਼ਾਲੀ ਪ੍ਰੇਰਨਾ ਸਨ ਉਹ।
ਮੋਹਨ ਸਿੰਘ ਮੇਲੇ ਦੀ ਭਰਪੂਰ ਹਾਜ਼ਰੀ ਵੇਖ ਕੇ1985 ਚ ਉਨ੍ਹਾਂ ਭਾਰੀ ਇਕੱਠ ਨੂੰ ਸੰਬੋਧਨ ਹੁੰਦਿਆਂ ਕਿਹਾ ਸੀ,
ਬਈ ਜੇ ਜੱਸੋਵਾਲ ਮੇਰੇ ਨਾਲ ਇਹ ਇਕਰਾਰ ਕਰੇ ਕਿ ਉਹ ਮੇਰੇ ਮਰਨ ਮਗਰੋਂ ਏਡਾ ਵੱਡਾ ਮੇਲਾ ਲਾਇਆ ਕਰੇਗਾ ਤਾਂ ਮੈਂ ਅੱਜ ਹੀ, ਹੁਣੇ ਹੀ ਮਰਨ ਨੂੰ ਤਿਆਰ ਹਾਂ। ਬਾਬੇ ਗਰੇਟ ਸਨ।
ਇੱਕ ਵਾਰ ਅਸੀਂ ਕਈ ਜਣੇ ਸੇਖੋਂ ਸਾਹਿਬ ਦੇ ਗਿਰਦ ਬੈਠੇ ਸਾਂ। ਮੈਂ ਕਿਹਾ, ਸੇਖੋਂ ਸਾਹਿਬ, ਪ੍ਰੋ: ਸੁਰਿੰਦਰ ਸਿੰਘ ਨਰੂਲਾ ਤੁਹਾਡਾ ਵਿਦਿਆਰਥੀ ਕਹਿੰਦੈ ਕਿ ਸੇਖੋਂ ਦਾ ਨਾਵਲ ਲਹੂ ਮਿੱਟੀ ਮੌਲਿਕ ਰੂਪ ਚ ਅੰਗਰੇਜ਼ੀ ਚ ਲਿਖਿਆ ਹੋਇਆ ਸੀ ਤੁਸਾਂ। ਉਸਨੇ ਪੰਜਾਬੀ ਚ ਅਨੁਵਾਦ ਕੀਤੈ? ਭਾਸ਼ਾ ਫ਼ਰਕ ਕਾਰਨ ਮੰਨਣ ਚ ਨਹੀਂ ਆਉਂਦਾ।
ਸੇਖੋਂ ਸਾਹਿਬ ਬੋਲੇ, ਨਰੂਲਾ ਠੀਕ ਹੈ ਸੌ ਫੀ ਸਦੀ। ਬਾਕੀ ਭਾਵੇਂ ਉਹਦੀ ਮੰਨੋ ਜਾਂ ਨਾ ਮੰਨੋ ਪਰ ਇਹ ਜ਼ਰੂਰ ਮੰਨ ਲੈਣਾ।
ਨਰੂਲਾ ਦੀ ਹੀ ਹਿੰਮਤ ਸਦਕਾ ਇਹ ਨਾਵਲ ਪੰਜਾਬੀ ਜਾਮਾ ਧਾਰਨ ਕਰ ਸਕਿਆ।
ਸੇਖੋਂ ਸੇਖੋਂ ਹੀ ਸੀ।
ਇੱਕ ਵਾਰ ਪੰਜਾਬੀ ਭਵਨ ਦੇ ਬਲਰਾਜ ਸਾਹਨੀ ਓਪਨ ਏਅਰ ਥੀਏਟਰ ਦੀਆਂ ਪੌੜੀਆਂ ਤੇ ਜਿੱਥੇ ਸੱਖੋਂ ਸਾਹਿਬ ਬੈਠੇ ਸਨ ਹੇਠੋਂ ਭੂਰੀਆਂ ਕੀੜੀਆਂ ਨਿਕਲ ਆਈਆਂ। ਹਰਪਾਲਜੀਤ ਪਾਲੀ ਸੇਖੋਂ ਸਾਹਿਬ ਨੂੰ ਕਹਿਣ ਲੱਗਾ, ਬਾਬਿਓ, ਕਿਤੇ ਹੋਰ ਚਲੇ ਜਾਈਏ , ਕੀੜੀਆਂ ਲੜਨਗੀਆਂ।
ਸੇਖੋਂ ਸਾਹਿਬ ਬੋਲੇ ਮੈਂ ਨਹੀਂ ਉੱਠਦਾ, ਏਥੇ ਮੈਨੂੰ ਜਗਦੇਵ ਬਿਠਾ ਕੇ ਗਿਐ! ਉਹ ਭਾਵੇਂ ਕੀੜਿਆਂ ਦੇ ਭੌਣ ਤੇ ਬਿਠਾ ਦੇਵੇ। ਸੇਖੋਂ ਸਾਹਿਬ ਦਾ ਭੋਗ ਵੀ ਉਸੇ ਦਿਨ ਸੀ ਜਦ ਮੋਹਨ ਸਿੰਘ ਮੇਲਾ ਪੰਜਾਬੀ ਭਵਨ ਚ ਚੱਲ ਰਿਹਾ ਸੀ।
ਇੱਕ ਵਾਰ ਸੇਖੋਂ ਸਾਹਿਬ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਚ ਮੈਨੂੰ ਅਚਨਚੇਤ ਮਿਲਣ ਆਏ। ਦੋਵੇਂ ਪੋਤਰੇ ਨਾਲ ਸਨ।
ਕਹਿਣ ਲੱਗੇ ਮੇਰੇ ਨਾਲ ਚੱਲ, ਗੁਰੂ ਨਾਨਕ ਪਬਲਿਕ ਸਕੂਲ ਚ ਦਾਖਲ ਕਰਵਾਉਣੇ ਨੇ। ਮੈਨੂੰ ਕਿਸੇ ਦੱਸਿਆ ਹੈ ਬਈ ਪ੍ਰਿੰਸੀਪਲ ਤੈਨੂੰ ਜਾਣਦੀ ਏ।
ਅਸੀਂ ਗਏ ਤਾਂ ਪ੍ਰਿੰਸੀਪਲ ਕੁਲਵੰਤ ਵਿਰਦੀ ਜੀ ਨੇ ਬੜਾ ਸਤਿਕਾਰ ਦਿੱਤਾ।
ਵਾਪਸੀ ਤੇ ਅਸੀਂ ਤੇਜ ਪ੍ਰਤਾਪ ਸਿੰਘ ਸੰਧੂ ਦੇ ਸੰਧੂ ਸਟੁਡੀਓ ਚਲੇ ਗਏ।
ਸੇਖੋਂ ਸਾਹਿਬ ਦਾ ਨੂਰਾਨੀ ਆਭਾ ਮੰਡਲ ਕਮਾਲ ਸੀ ਓਸ ਦਿਨ।
ਹੱਥ ਵਿੱਚ ਸ਼ੇਰਮੂੰਹੀ ਖੂੰਡੀ ਸੀ।
ਤਸਵੀਰਾਂ ਖਿੱਚ ਕੇ ਵਿਹਲੇ ਹੋਏ ਤਾਂ ਸੇਖੋਂ ਸਾਹਿਬ ਬੋਲੇ,
ਦੋ ਤਸਵੀਰਾਂ ਹੋਰ ਖਿੱਚੋ
ਇੱਕ ਮੇਰੀ ਖੂੰਡੀ ਮੁੱਠੇ ਵਾਲੇ ਸ਼ੇਰ ਦਾ ਕਲੋਜ਼ ਅਪ ਤੇ ਦੂਜਾ ਜਵਾਨੀ ਵੇਲੇ ਮੇਰੀ ਪੱਟ ਤੇ ਪੁਆਈ ਮੋਰਨੀ ਦੀ।
ਮੈਂ ਕਿਹਾ, ਸੇਖੋਂ ਸਾਹਿਬ, ਹੁਣ ਮੋਰਨੀਆਂ ਦਾ ਖਹਿੜਾ ਛੱਡੋ!
ਬੋਲੇ, ਇਹ ਮੋਰਨੀ ਉਦੋਂ ਪੁਆਈ ਸੀ ਜਦ ਮੈਂ ਜਵਾਨੀ ਚ ਭਲਵਾਨ ਬਣਨਾ ਚਾਹਿਆ ਸੀ।
ਸੇਖੋਂ ਸਾਹਿਬ ਦੀ ਅਨੋਖੀ ਬਾਤ ਸੀ। ਚੇਤੇ ਕਰਕੇ ਹੁਣ ਵੀ ਭਰਪੂਰਤਾ ਦਾ ਇਹਸਾਸ ਹੁੰਦਾ ਹੈ ਕਿ ਕਿੰਨੇ ਵੱਡੇ ਬਿਰਖਾਂ ਦੀ ਛਾਵੇਂ ਬਹਿਣ ਦਾ ਸੁਭਾਗ ਮਿਲਿਆ ਹੈ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.