ਕੱਲ੍ਹ ਕਿਸੇ ਦੋਸਤ ਨੇ ਚੰਗੀ ਖ਼ਬਰ ਦਿੱਤੀ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਜਮਾਤ ਤੋਂ ਬੀ ਏ ਤੀਕਰ ਲਾਗੂ ਕਰਵਾਉਣ ਲਈ 12 ਅਕਤੂਬਰ ਸ਼ਾਮ ਤਿੰਨ ਵਜੇ ਲਾਹੌਰ ਪਰੈੱਸ ਕਲੱਬ ਸਾਹਮਣੇ ਵਿਖਾਵਾ ਕੀਤਾ ਜਾ ਰਿਹੈ।
ਪਰੈੱਸ ਕਲੱਬ ਤੋਂ ਪੰਜਾਬ ਅਸੈਂਬਲੀ ਲਾਹੌਰ ਤੀਕ ਕਾਫ਼ਲਾ ਚੱਲੇਗਾ।
ਮਕਸਦ ਇਹੀ ਹੈ ਕਿ ਮੀਡੀਆ ਤੇ ਕੁਰਸੀਧਾਰੀਆਂ ਤੀਕ ਇਹ ਸੁਨੇਹਾ ਅਸਰਦਾਰ ਢੰਗ ਨਾਲ ਪਹੁੰਚਾਇਆ ਜਾਵੇ ਕਿ ਸਾਨੂੰ ਮਾਂ ਬੋਲੀ ਨਾਲੋਂ ਨਾ ਤੋੜੋ।
ਦੋਸਤੋ,
ਮੈਂ ਬਹੁਤ ਪਹਿਲਾਂ ਕਿਹਾ ਸੀ।
ਮਾਂ ਬੋਲੀ, ਮਾਂ ਧਰਤੀ ਤੇ ਮਾਂ ਜਣਨੀ ਕੋਲੋਂ,
ਟੁੱਟ ਕੇ ਬੰਦਾ, ਮਰਦਾ ਮਰਦਾ, ਮਰ ਜਾਂਦਾ ਹੈ।
ਪਾਕਿਸਤਾਨੀ ਪੰਜਾਬ ਚ ਬਾਬਰ ਜਲੰਧਰੀ ਪੰਜਾਬੀ ਪੜ੍ਹਾਉ ਨਾਮਕ ਇਸ ਲਹਿਰ ਨੂੰ ਇਸ ਵੇਲੇ ਸੰਗਠਿਤ ਕਰ ਰਿਹਾ ਹੈ। ਉਸ ਦੀ ਇੱਛਾ ਹੈ ਕਿ ਵਿਸ਼ਵ ਭਰ ਚ ਬੈਠੇ ਪੰਜਾਬੀ ਆਪੋ ਆਪਣੇ ਵਿਤ ਅਨੁਸਾਰ ਇਹ ਚੇਤਨਾ ਪਸਾਰਨ ਚ ਬਣਦਾ ਹਿੱਸਾ ਪਾਉਣ ਕਿ ਹਰ ਧਰਤੀ ਤੇ ਹਰ ਵੇਲੇ ਬੰਦੇ ਦੀਆਂ ਜੜ੍ਹਾਂ ਮਜਬੂਤ ਕਰਨ ਲਈ ਮਾਂ ਬੋਲੀ ਵਿੱਚ ਗਿਆਨ ਤੋਂ ਵੱਡਾ ਕੋਈ ਸਾਧਨ ਨਹੀਂ।
ਏਧਰਲੇ ਪੰਜਾਬ ਵਿੱਚ ਵੀ ਦੋ ਅਮਲੀ ਨੀਤੀ ਨੇ ਊੜਾ ਐੜਾ ਵਾਧੂ ਕਰ ਦਿੱਤਾ ਹੈ, ਮਹਿੰਗੇ ਸਕੂਲਾਂ ਚ ਪੰਜਾਬੀ ਬੋਲਣ ਤੇ ਜੁਰਮਾਨੇ ਕੀਤੇ ਜਾ ਰਹੇ ਨੇ।
ਸਾਡੇ ਰਾਹਾਂ ਦੇ ਨਾਮ ਪਤੇ ਫਰੰਗੀ ਭਾਸ਼ਾ ਚ ਲਿਖੇ ਜਾ ਰਹੇ ਨੇ।
ਗੱਲ ਕਰਨ ਵਾਲਿਆਂ ਦੀ ਸੁਣਨ ਦੀ ਆਦਤ ਭੁੱਲ ਗਈ ਏ ਹਕੂਮਤਾਂ ਨੂੰ।
ਬਕੌਲ ਸੁਰਜੀਤ ਪਾਤਰ
ਜੇ ਹਵਾ ਇਹ ਰਹੀ, ਕਬਰਾਂ ਉੱਤੇ ਤਾਂ ਕੀ,
ਸਭ ਘਰਾਂ ਚ ਵੀ ਦੀਵੇ ਬੁਝੇ ਰਹਿਣਗੇ।
ਲੋਕ ਕਵਿਤਾ ਵਿੱਚੋਂ ਇਹ ਬੋਲ
ਮਾਂ ਬੋਲੀ ਜੇ ਭੁੱਲ ਜਾਉਗੇ।
ਕੱਖਾਂ ਵਾਂਗੂੰ ਰੁਲ ਜਾਉਗੇ।
ਪੌਣਾਂ ਚ ਲਿਖੇ ਤਾਂ ਗਏ ਹਨ, ਪਰ ਪੜ੍ਹਦਾ ਕੋਈ ਨਹੀਂ।
ਪੰਜਾਬੀ ਦਾ ਮੌਲਿਕ ਟਕਸਾਲੀ ਕਾਇਦਾ ਵਿਕਸਤ ਕਰਨ ਦੇ ਰਾਹ ਪੰਜਾਬੀ ਪੁੱਤਰ ਤੁਰੇ ਹਨ ।
ਦੋਹਾਂ ਪੰਜਾਬਾਂ ਦੇ ਸਾਂਝੇ ਵਰਤਣਯੋਗ ਸ਼ਬਦ ਚਰਨਜੀਤ ਸਿੰਘ ਤੇਜਾ ਤੇ ਟੀਮ ਨੇ ਪਹਿਲੀ ਕਿਤਾਬ ਚ ਬੀੜੇ ਹਨ। ਦੂਜੀ ਕਿਤਾਬ ਵੀ ਲਗਪਗ ਤਿਆਰ ਹੈ।
ਇਸ ਦੇ ਗੁਰਮੁਖੀ ਚ ਦੋ ਐਡੀਸ਼ਨ ਛਪ ਚੁਕੇ ਹਨ। ਕੋਈ ਸੱਜਣ ਸ਼ਾਹਮੁਖੀ ਚ ਵੀ ਛਾਪੇ ਤਾਂ ਚੰਗੀ ਸਾਂਝ ਵਿਕਸਤ ਹੋ ਸਕਦੀ ਹੈ।
ਇਸ ਘੜੀ ਇਹੀ ਸੁਆਲ ਘੇਰਾ ਪਾਉਂਦਾ ਹੈ ਕਿ ਮਾਂਬੋਲੀ ਵਿਸਾਰ ਕੇ
ਰੁਲ ਜਾਉਗੇ ਨਹੀਂ,ਰੁਲ ਰਹੇ ਹਾਂ।
ਇਸ ਸਿਲਸਿਲੇ ਚ ਕੁਝ ਸਤਰਾਂ ਕੱਲ੍ਹ ਦੀਆਂ ਹੀ ਮਨ ਮਸਤਕ ਵਿੱਚ ਗੇੜੇ ਲਾ ਰਹੀਆਂ ਸਨ, ਸਵੇਰ ਸਾਰ ਇੱਕ ਗ਼ਜ਼ਲ ਦੇ ਰੂਪ ਵਿੱਚ ਪਰਗਟ ਹੋਈਆਂ ਹਨ।
ਤੁਸੀਂ ਵੀ ਪੜ੍ਹੋ।
ਗ਼ਜ਼ਲ
ਗੁਰਭਜਨ ਗਿੱਲ
ਮਾਂ ਧਰਤੀ ,ਜਣਨੀ , ਮਾਂ ਬੋਲੀ, ਜਿੱਸਰਾਂ ਆਪਾਂ ਭੁਲ ਚੱਲੇ ਆਂ।
ਕੱਲ੍ਹ ਦੀ ਛੱਡੋ, ਅੱਜ ਹੀ ਆਪਾਂ ਕੱਖਾਂ ਵਾਂਗਰ ਰੁਲ ਚੱਲੇ ਆਂ।
ਸਿਰ ਸੀ ਭਾਰੀ ਜ਼ੁੰਮੇਵਾਰੀ, ਖਿਸਕਦਿਆਂ ਗੰਢ ਖਿਸਕੀ ਐਸੀ,
ਵਿੱਚ ਦਰਿਆ ਦੇ,ਤੂੜੀ ਦੀ ਪੰਡ ਵਾਂਗ ਭਰਾਓ ਖੁਲ੍ਹ ਚੱਲੇ ਆਂ।
ਅੱਠ ਸਦੀਆਂ ਤੋਂ ਪਹਿਲਾਂ ਬਾਬੇ ਲੇਖ ਨਾ ਕਾਲੇ ਲਿਖ ਸਮਝਾਇਆ,
ਨੀਂਦ ਪਿਆਰੀ, ਅਰਥ ਗੁਆਚੇ , ਅਸਲ ਸੁਨੇਹਾ ਭੁਲ ਚੱਲੇ ਆਂ।
ਸਾਡੇ ਨਾਲੋਂ ਸ਼ਾਹੀ ਮੂਰਖ਼ ,ਧਰਤੀ ਤੇ ਨਹੀਂ ਲੱਭਿਆਂ, ਮਿਲਣਾ,
ਮਹਿੰਗੇ ਮੁੱਲ ਦੀ ਸਿੱਖਿਆ ਬਦਲੇ, ਅੱਥਰੂ ਬਣ ਕੇ ਡੁਲ ਚੱਲੇ ਆਂ।
ਪਹਿਲਾਂ ਕਣੀਆਂ, ਫੇਰ ਹਨ੍ਹੇਰੀ, ਜੜ੍ਹਾਂ ਪੋਲੀਆਂ ਹਿੱਲ ਗਈਆਂ ਨੇ,
ਝਾੜ ਭਲਾ ਕੀ ਮਿਲਣਾ ਸਾਨੂੰ, ਕਣਕ ਦੇ ਵਾਂਗੂੰ ਹੁਲ ਚੱਲੇ ਆਂ।
ਸਾਥੋਂ ਪਹਿਲਿਆਂ ਸਾਨੂੰ ਦੱਸਿਆ ਸੱਚ ਦਾ ਮਾਰਗ ਧਰਮ ਦੀ ਪੌੜੀ,
ਕੂੜ ਕੁਫ਼ਰ ਦਾ ਵਣਜ ਕਰਦਿਆਂ, ਦੀਵੇ ਕਰਕੇ ਗੁਲ ਚੱਲੇ ਆਂ।
ਸਰਮਾਏ ਦੀਆਂ ਚੜ੍ਹੀਆਂ ਕਾਂਗਾਂ,ਕਲਮ ਧਰਮ ਸਭ ਬਣੇ ਵਿਕਾਊ,
ਮਿੱਟੀ ਦੇ ਬੁੱਕ ਪਿੱਛੇ ਆਪਾਂ, ਕਿਸ ਤੱਕੜੀ ਵਿੱਚ ਤੁਲ ਚੱਲੇ ਆਂ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.