ਪੰਜਾਬ ਰਾਜ ਅੰਦਰ ਸਭ ਤੋਂ ਤਾਕਤਵਰ ਸ਼ਾਨਾਮੱਤੇ ਕੁਰਬਾਨੀਆਂ ਭਰੇ ਇਤਿਹਾਸ ਦੀ ਲਖਾਇਕ, ਸਿੱਖ ਫਲਸਫੇ ਦੇ ਸਿਧਾਂਤਾ ਦੀ ਤਰਜਮਾਨੀ ਕਰਨ ਵਾਲੀ ਅਤੇ ਪੰਜਾਬ ਦੇ ਹਰ ਦੂਸਰੇ-ਤੀਸਰੇ ਘਰ ਵਿਚ ਆਪਣਾ ਵਰਕਰ ਰਖਣ ਵਾਲੀ ਖੇਤਰੀ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਘੋਰ ਰਾਜਨੀਤਕ, ਧਾਰਮਿਕ ਅਤੇ ਸੰਗਠਨਾਤਮਿਕ ਸੰਕਟ ਦੀ ਸ਼ਿਕਾਰ ਹੈ।
ਇਸ ਪਾਰਟੀ ਦਾ ਸੰਕਟ ਤਾਂ ਉਸ ਦਿਨ ਹੀ ਸ਼ੁਰੂ ਹੋ ਗਿਆ ਸੀ ਜਿਸ ਦਿਨ ਇਸ ਦੇ ਸਿਰਮੌਰ ਅਤੇ ਪ੍ਰੋਢ ਆਗੂ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸਰਗਰਮ ਸਿਆਸਤ ਤੋਂ ਕਿਨਾਰਾ ਕਰਕੇ ਇਸ ਦੀ ਪੂਰੀ ਤਰ੍ਹਾਂ ਅਗਵਾਈ ਆਪਣੇ ਪੁੱਤਕ, ਸਾਬਕਾ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੀ ਸੀ। ਪਾਰਟੀ ਪ੍ਰਧਾਨ ਦੀ ਪਤਨੀ ਦੇ ਭਰਾ ਸ: ਬਿਕਰਮ ਸਿੰਘ ਮਜੀਠੀਆਂ ਵਲੋਂ ਵਾਧੂ ਸੰਵਿਧਾਨਿਕ (Extra-Constitutional) ਪਾਰਟੀ ਸੁਪਰ ਪ੍ਰਧਾਨ ਵਜੋਂ ਵਿਚਰਨ ਅਤੇ ਸ਼ਕਤੀਆਂ ਦੀ ਵਰਤੋਂ ਕਰਨ ਕਰਕੇ ਨਾ ਸਿਰਫ ਸਿਰਮੌਰ ਮਹਾਂਰਥੀ ਟਕਸਾਲੀ ਲੀਡਰਸ਼ਿਪ ਘੁੱਟਣ ਮਹਿਸੂਸ ਕਰਨ ਲਗੀ ਬਲਕਿ ਸਿੱਖ ਰਾਜਨੀਤਕ, ਧਾਰਮਿਕ, ਸਮਾਜਿਕ, ਸੰਸਥਾਵਾਂ ਬੌਣੀਆਂ ਅਤੇ ਨਿਤਾਣੀਆਂ ਹੋਣੀਆਂ ਸ਼ੁਰੂ ਹੋ ਗਈਆਂ।
ਸ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸੁੱਘੜਤਾ, ਰਾਜਨੀਤਕ ਤਜ਼ਰਬੇ ਅਤੇ ਸਿੱਖ ਮਾਨਸਿਕਤਾ ਨੂੰ ਸਮਝਦੇ ਪਾਰਟੀ ਦੇ ਤਾਕਤਵਰ ਆਗੂ ਹੋਣ ਦੇ ਬਾਵਜੂਦ ਪਾਰਟੀ ਅਤੇ ਸਿੱਖ ਸੰਸਥਾਵਾਂ ਤੇ ਕਦੇ ਏਕਾਧਿਕਾਰ ਜਮਾਉਣ ਦੀ ਹਮਾਕਤ ਅਤੇ ਗਲਤੀ ਨਹੀਂ ਸੀ ਕੀਤੀ। ਹਮੇਸ਼ਾ ਸੱਤਾ ਸ਼ਕਤੀ ਦੀ ਮੁਨਸਫਾਨਾ ਵੰਡ ਰਾਹੀਂ ਪਾਰਟੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਤਖਤ ਸਹਿਬਾਨਾਂ ਦੀਆਂ ਸੰਸਥਾਵਾਂ ਨੂੰ ਚਲਾਉਣ ਦਾ ਯਤਨ ਕੀਤਾ। ਭਾਰਤੀ ਜਨਤਾ ਪਾਰਟੀ ਅਤੇ ਐਨ.ਡੀ.ਏ ਨਾਲ ਭਾਈਵਾਲੀ ਦੇ ਸੰਦਰਭ ਵਿਚ ਕੇਂਦਰ ਸਰਕਾਰ ਵਿਚ ਪ੍ਰਤੀਨਿਧਤਾ ਲਈ ਪਾਰਟੀ ਸਿਰਮੌਰ ਆਗੂਆਂ ਨੂੰ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲੋਂ ਪਹਿਲ ਦਿਤੀ।
ਲੇਕਿਨ ਸ: ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ, ਸਿੱਖ ਸੰਸਥਾਵਾਂ, ਕੇਂਦਰ 'ਚ ਭਾਈਵਾਲ ਐਨ.ਡੀ.ਏ ਸਰਕਾਰ ਵਿਚ ਪ੍ਰਤੀਨਿਧਤਾ, ਰਾਜਨੀਤਕ ਅਤੇ ਧਾਰਮਿਕ ਸੰਗਠਨਾਂ ਵਿਚ ਏਕਾਧਿਕਾਰ ਅਤੇ ਰਿਸ਼ਤੇਦਾਰਾਂ ਨੂੰ ਪ੍ਰੋੜਤਾ ਦੇਣ ਕਰਕੇ ਪਾਰਟੀ ਅੰਦਰ ਸਿਰਮੌਰ ਮਹਾਂਰਥੀ ਘੁੱਟਣ ਮਹਿਸੂਸ ਕਰਨ ਲਗੇ। ਸਥਿੱਤੀ ਉਦੋਂ ਹੋਰ ਗੰਭੀਰ ਹੋਣ ਲਗੀ ਜਦੋਂ ਉੰਨਾਂ ਦੇ ਪ੍ਰਭਾਵ ਹੇਠਲੇ ਹਲਕਿਆਂ ਜਾਂ ਉੰਨਾਂ ਦੇ ਹਲਕਿਆਂ ਵਿਚ ਨਾ ਸਿਰਫ ਸਿੱਧੀ ਦਖਲਅੰਦਾਜ਼ੀ ਬਲਕਿ ਉੰਨਾਂ ਵਿਰੁੱਧ ਨਵੀਂ ਲੀਡਰਸ਼ਿਪ ਨੂੰ ਉਕਸਾਉਣਾ ਅਤੇ ਸਥਾਪਿਤ ਕਰਨਾ ਸ਼ੁਰੂ ਕਰ ਦਿਤਾ।
ਪਾਰਟੀ ਦੇ ਸਿਰਮੌਰ ਆਗੂ ਅਤੇ ਸਕੱਤਰ ਜਨਰਲ ਸ: ਸੁਖਦੇਵ ਸਿੰਘ ਢੀਂਡਸਾ ਤਾਂ ਉਦੋਂ ਤੋਂ ਖਫਾ ਚਲ ਰਹੇ ਸਨ ਜਦ ਉੰਨਾਂ ਅਤੇ ਕੁੱਝ ਹੋਰ ਸੀਨੀਅਰ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੀ ਸੁਪਤਨੀ ਹਰਸਿਮਰਤ ਬਾਦਲ ਨੂੰ ਮਈ, 2014 ਨੂੰ ਸ਼੍ਰੀ ਨਰਿੰਦਰ ਮੋਦੀ ਦੀ ਐਨ.ਡੀ.ਏ ਸਰਕਾਰ ਵਿਚ ਕੈਬਨਿਟ ਮੰਤਰੀ ਨਾਮਜ਼ਦ ਕਰਵਾ ਲਿਆ।
ਸੰਨ 2017 ਦੀਆਂ ਵਿਧਾਨ ਸਭਾ ਚੋਣਾ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਰਮਨਾਕ ਹਾਰ, ਪੰਜਾਬ ਅਤੇ ਸਿੱਖ ਪੰਥ ਦਾ ਸਭ ਤੋਂ ਵੱਡਾ ਨੁਕਸਾਨ ਕਰਨ ਵਾਲੀ ਕਾਂਗਰਸ ਪਾਰਟੀ ਵਲੋਂ 77 ਸੀਟਾ ਦਾ ਇਤਿਹਾਸਿਕ ਬਹੁਮੱਤਪ੍ਰਾਪਤ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੱਤਾ ਵਿਚ ਪਰਤਣਾ, ਵਿਰੋਧੀ ਧਿਰ ਦਾ ਰੁਤਬਾ ਆਮ ਆਦਮੀ ਪਾਰਟੀ ਵਲੋਂ ਪ੍ਰਾਪਤ ਕਰਨਾ, ਰਾਜ ਵਿਚ ਨਸ਼ੀਲੇ ਪਦਾਰਥਾਂ ਦੀ ਵਿਕਰੀ, ਧਾਰਮਿਕ ਗ੍ਰੰਥਾਂ ਦੀ ਬੇਅਦਬੀ, ਬਿਹਬਲ ਕਲਾਂ, ਕੋਟਕਪੂਰਾ ਕਾਡਾਂ, ਸੌਦਾ ਸਾਧ ਸਿਰਸਾ ਦੀ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਮੁਆਫੀ ਸਬੰਧੀ ਉੰਗਲਾਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ, ਸ: ਪ੍ਰਕਾਸ਼ ਸਿੰਘ ਬਾਦਲ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਵੱਲ ਉੱਠਣ ਸੰਕਟ ਵਿਚਾਲੇ ਸ: ਸੁਖਦੇਵ ਸਿੰਘ ਢੀਂਡਸਾ ਵਲੋਂ ਪਾਰਟੀ ਦੇ ਸਭ ਪਦਾਂ ਤੋਂ ਅਸਤੀਫਾ ਦੇਣ ਨੇ ਪਾਰਟੀ ਅਤੇ ਲੀਡਰਸ਼ਿਪ ਨੂੰ ਹੋਰ ਘੋਰ ਸੰਕਟ ਵਿਚ ਧਕੇਲ ਦਿਤਾ। ਕੁੱਝ ਦਿਨ ਪਹਿਲਾਂ ਰਾਜਨੀਕਤ ਤੇ ਪਾਰਟੀ ਸੰਕਟ ਨਜਿੱਠਣ ਲਈ ਗਠਤ ਕੀਤੀ ਸੱਤ ਮੈਂਬਰੀ ਕਮੇਟੀ ਜਿਸ ਦੀ ਅਗਵਾਈ ਉਂਨਾ ਨੂੰ ਸੌਪੀ ਸੀ, ਸਬੰਧੀ ਕੋ ਪੱਤਰ ਜਾਰੀ ਨਾ ਕਰਨ ਤੋਂ ਵੀ ਉਹ ਖਫਾ ਸਨ। ਇਹ ਵੀ ਇੰਕਸਾਫ ਹੈ ਕਿ ਉਹ ਆਪਣੀ ਨੂੰਹ ਲਈ ਆਗਾਮੀ ਲੋਕ ਸਭਾ ਚੋਣਾ ਸਮੇਂ ਸੰਗਰੂਰ ਤੋਂ ਸੀਟ ਚਾਹੁੰਦੇ ਸਨ ਜਿਸ ਤੋਂ ਪਾਰਟੀ ਪ੍ਰਧਾਨ ਨੇ ਇਨਕਾਰ ਕਰ ਦਿਤਾ ਸੀ। ਲੇਕਿਨ ਆਪਣੇ ਸਿਰਮੌਰ ਸਾਥੀਆਂ ਨਾਲ ਵਿਚਾਰ-ਵਟਾਂਦਰਾ ਨਾ ਕਰਨਾ ਅਤੇ ਚੁੱਪ-ਚੁਪੀਤੇ ਏਡੇ ਸਿਰ ਮੌਰ ਆਗੂ ਵਲੋਂ ਅਸਤੀਫਾ ਦਾਗਣਾ ਰਾਜਨੀਤਕ ਸਿਆਣਪ ਨਹੀਂ ਸਮਝੀ ਜਾ ਸਕਦੀ।
ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਤਖਤ ਸਹਿਬਾਨਾ, ਸਿੱਖ ਸਿਧਾਂਤਾ ਅਤੇ ਪੰਜਾਬ ਦੀ ਰਾਖੀ ਲਈ ਇਸ ਘੋਰ ਸੰਕਟ ਸਮੇਂ ਸਿਰਮੌਰ ਮਝੈਲ ਟਕਸਾਲੀ ਆਗੂਆਂ ਵਲੋਂ ਸਿਰ ਜੋੜ ਕੇ ਬੈਠਣਾ ਅਤੇ ਇਸ ਲਈ ਸਹੀ ਯਤਨ ਅਰੰਭ ਕਰਨ ਅਤਿ ਸ਼ਲਾਘਾਯੋਗ ਕਦਮ ਸਾਹਮਣੇ ਆਇਆ ਹੈ।
ਸੱਤਾਧਾਰੀ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ, ਕੋਟਕਪੂਰਾ ਗੋਲੀ ਕਾਂਡ ਵਿਚ ਸ਼ਹੀਦ ਸਿੱਖ ਨੌਜਵਾਨਾਂ, ਜੋਧਪੂਰ ਜੇਲ੍ਹ 'ਚ ਕੈਦੀ ਰਹੇ ਸਿੱਖਾਂ ਦੀ ਮਦਦ, ਬਰਗਾੜੀ ਵਿਖੇ ਗਰਮ ਖਿਆਲੀ ਸਿੱਖ ਧੜਿਆਂ ਵਲੋਂ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਮੋਰਚਾ, ਸੌਦਾ ਸਾਧ ਸਿਰਸਾ ਦੀ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਮੁਆਫੀ, ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਦੇ ਪਰਿਵਾਰ ਦੇ ਭ੍ਰਿਸ਼ਟਾਚਾਰੀ ਅਤੇ ਗੈਰ ਸਿੱਖ ਸਿਧਾਂਤਿਕ ਕਾਰਨਾਮੇ ਜੋ ਪੱਟੀ ਹਲਕੇ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਲੋਂ ਵਿਧਾਨ ਸਭਾ ਸਦਨ ਵਿਚ ਉਘਾੜੇ ਸਨ ਆਦਿ ਨੂੰ ਆਪਣੇ ਰਾਜਨੀਤਕ ਕੁਹਾੜੇ ਦੇ ਦਸਤਾ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਧਾਰਮਿਕ ਸੰਸਥਾਵਾਂ ਤੋਂ ਲਾਂਭੇ ਕਰਨਾ ਚਾਹੁੰਦੀ ਹੈ।
ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ, ਇਸ ਦਾ ਸਿਧਾਂਤਿਕ ਸੰਗਠਨ ਆਰ.ਐਸ.ਐਸ ਯੋਜਨਾਬੱਧ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ, ਸਿੱਖ ਸੰਸਥਾਵਾਂ ਅਤੇ ਪੰਜਾਬ ਰਾਜ ਨੂੰ ਕਮਜ਼ੋਰ ਕਰਨ, ਸਿੱਖ ਪੰਥ ਨੂੰ ਹਿੰਦੁਤਵਵਾਦ ਵਿਚ ਜਜ਼ਬ ਕਰਨ ਲਈ ਬਹੁਤ ਯੁੱਧਨੀਤਕ ਪੈਂਤੜੇ ਅਤੇ ਕਾਰਵਾਈਆਂ ਕਰ ਰਹੇ ਹਨ। ਮਰਹੂਮ ਅਟਲ ਬਿਹਾਰੀ ਵਾਜਪਾਈ ਕਾਲ ਵੇਲੇ ਪੰਜਾਬ ਦੇ ਗੁਆਂਢੀ ਪਹਾੜੀ ਰਾਜਾਂ ਨੂੰ ਸਨਅਤੀ ਪੈਕੇਜ਼ ਅਤੇ ਟੈਕਸ ਮੁਆਫੀ ਜਾਰੀ ਕਰਕੇ ਜੋ ਨਿਰੰਤਰ ਜਾਰੀ ਹੈ, ਪੰਜਾਬ ਦੀ ਸਨਅਤ ਅਤੇ ਭਵਿੱਖ ਵਿਚ ਇਸ ਦੇ ਵਿਕਾਸ ਦਾ ਸਦਾ ਲਈ ਭੋਗ ਪਾ ਦਿਤਾ। ਸ਼੍ਰੀ ਮੋਦੀ ਸਰਕਾਰ ਨੇ ਅਜੇ ਤੱਕ ਪੰਜਾਬ ਨੂੰ ਕੋਈ ਪੈਕੇਜ ਨਹੀਂ ਦਿਤਾ। ਕਿਸਾਨ ਖੁਦਕੁਸ਼ੀਆਂ ਤੇ ਤਰਸ ਵੀ ਨਹੀਂ ਖਾਧਾ।
ਹੁਣ ਤਾਜ਼ਾ ਔਰੰਗਜ਼ੇਬੀ ਹੁਕਮਾਂ ਰਾਹੀਂ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖੋਹ ਕੇ ਇਸ ਨੂੰ ਪੱਕੀ ਕੇਂਦਰੀ ਸਾਸ਼ਤ ਪ੍ਰਦੇਸ਼ 25 ਸਤੰਬਰ, 2018 ਦੀ ਨੋਟੀਫੀਕੇਸ਼ਨ ਰਾਹੀਂ ਬਣਾ ਦਿਤਾ ਹੈ। ਸੰਨ 1966 ਦੀ ਵੰਡ ਰਾਹੀਂ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ। ਲੌਗੋਵਾਲ-ਰਾਜੀਵ ਸਮਝੌਤੇ ਰਾਹੀਂ ਇਸ ਨੂੰ ਪੰਜਾਬ ਨੂੰ ਸੌਪਣਾ ਮੰਨਿਆ। ਇਹ ਸ਼ਹਿਰ ਪੰਜਾਬੀ ਭਾਸ਼ੀ ਲੋਕ ਅਤੇ ਪਿੰਡ ਉਠਾ ਕੇ ਉਸਾਰਿਆ ਸੀ ਸਾਂਝੇ ਪੰਜਾਬ ਦੀ ਰਾਜਧਾਨੀ ਵਜੋਂ। 1966 ਵਿਚ ਇਸ ਦੇ ਪ੍ਰਸਾਸ਼ਨ ਅਤੇ ਇਮਾਰਤਾਂ ਨੂੰ ਪੰਜਾਬ-ਹਰਿਆਣਾ ਦਰਮਿਆਨ 60:40 ਰੋਸ਼ੋ ਨਾਲ ਵੰਡਿਆ ਸੀ ਜਿਸ ਦਾ ਭੋਗ ਲੌਗੋਵਾਲ-ਰਾਜੀਵ ਸਮਝੌਤੇ ਵੇਲੇ ਪੈ ਗਿਆ ਸੀ। ਸ਼੍ਰੀ ਮੋਦੀ ਸਰਕਾਰ ਦੇ ਇਸ ਸਬੰਧੀ ਹੁੱਕਮ ਦੇ ਵਿਰੋਧ ਵਿਚ ਤੁਰੰਤ ਅਕਾਲੀ ਦਲ ਮੰਤਰੀ ਹਰਸਿਮਰਤ ਕੌਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ। ਪਾਰਟੀ ਪ੍ਰਧਾਨ ਨੂੰ ਰੋਸ ਵਜੋਂ ਭਾਜਪਾ ਨਾਲ ਨਾਤਾ ਤੋੜ ਲੈਣਾ ਚਾਹੀਦਾ ਸੀ ਅਤੇ ਐਨ.ਡੀ.ਏ ਗਠਜੋੜ ਵਿਚੋਂ ਬਾਹਰ ਆ ਜਾਣ ਚਾਹੀਦਾ ਸੀ ਜਿਵੇਂ ਚੰਦਰਬਾਬੂ ਨਾਇਡੂ ਮੁੱਖ ਮੰਤਰੀ ਆਧਰਾਂ ਪ੍ਰਦੇਸ਼ ਨੇ ਆਪਣੇ ਰਾਜ ਦੇ ਹਿੱਤਾ ਖਾਤਰ ਮੋਦੀ ਸਰਕਾਰ ਵਲੋਂ ਆਪਣੇ ਮੰਤਰੀ ਹਟਾ ਲਏ ਸਨ ਤੇਲਗੂ ਦੇਸ਼ਮ ਨੇ ਭਾਜਪਾ ਅਤੇ ਐਨ.ਡੀ.ਏ ਨਾਲੋਂ ਨਾਤਾ ਤੋੜ ਲਿਆ ਸੀ। ਕਾਸ਼! ਕਿ ਸੁਖਬੀਰ ਬਾਦਲ ਦੀ ਲੀਡਰਸ਼ਿਪ ਵਿਚ ਐਨਾ ਦਮ-ਖਮ ਹੁੰਦਾ। ਇਵੇਂ ਨਾ ਕਰਕੇ ਉਸ ਨੇ ਆਪਣੇ ਆਪ ਨੂੰ ਮਰਹੂਮ ਸੁਰਜੀਤ ਸਿੰਘ ਬਰਨਾਲਾ ਵਾਂਗ ਮਹਿਜ਼ ਚੰਦ ਦਿਨਾਂ ਦੀ ਸੱਤਾ ਅਤੇ ਸਿਆਸੀ ਲਾਹੇ ਲਈ ਉਸਦੀ ਕਾਇਰਾਨਾ ਕਤਾਰ ਵਿਚ ਖੜ੍ਹਾ ਕਰ ਲਿਆ ਹੈ।
ਪਾਰਟੀ ਅੰਦਰ ਮੌਜੂਦਾ ਘੋਰ ਸੰਕਟ ਦੀ ਸਥਿੱਤੀ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਇਸ ਦਾ ਨਿਕੰਮਾ ਮੁਜਰੂ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਅਤੇ ਸਿੱਖ ਸੰਸਥਾਵਾਂ ਮੂੰਹ ਵਿਚ ਘੁੰਗਣੀਆਂ ਪਾਈ ਗੁੰਮ ਬੈਠੀਆਂ ਹਨ। ਹਰਿਆਣਾ ਦਾ ਭਾਜਪਾ ਮੁੱਖ ਮੰਤਰੀ ਸਿੱਖ ਗੁਰਦਵਾਰੇ ਵਿਚ ਇਸ ਕਰਕੇ ਨਤਮਸਤਕ ਹੋਣ ਨਹੀਂ ਜਾਂਦਾ ਕਿ ਉਸ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਤਸਵੀਰ ਲਗੀ ਹੋਈ ਸੀ। ਇਸ ਸਬੰਧੀ ਵੀ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਢੁੱਕਵਾਂ ਪ੍ਰਤੀਕਰਮ ਸਾਹਮਣੇ ਆਇਆ। ਇਹ ਭਾਜਪਾ ਪਾਰਲੀਮੈਂਟ ਤੇ ਹਮਲਾ ਕਰਨ ਵਾਲਿਆਂ ਨੂੰ ਹੀਰੋ ਮੰਨਣ ਵਾਲੀ ਪੀ.ਡੀ.ਪੀ ਨਾਲ ਜੰਮੂ ਕਸ਼ਮੀਰ ਵਿਚ ਸਰਕਾਰ ਬਣਾ ਸਕਦੀ ਹੈ। ਪਰ ਸਰਬ ਸਾਂਝੇ ਗੁਰਦਵਾਰੇ ਵਿਚ ਜਾਣ ਤੋਂ ਮਨਾਂ ਕਰਕੇ ਸਿੱਖਾਂ ਦੇ ਵਲੂੰਦਰੇ ਜਖਮਾਂ ਤੇ ਲੂਣ ਛਿੜਕਦੀ ਹੈ। ਕਾਸ਼! ਕਿ ਅੱਜ ਜਥੇਦਾਰ ਸੇਵਾ ਸਿੰਘ ਸੇਖਵਾ ਵਰਗਾ ਟਕਸਾਲੀ ਅਤੇ ਪ੍ਰਬੰਧ ਆਗੂ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਹੁੰਦਾ ਤਾਂ ਸਿੱਖ ਸਿਧਾਂਤਾ, ਮਰਿਯਾਦਾਵਾਂ ਅਤੇ ਹਿਤਾਂ ਖਾਤਰ ਡੱਟ ਜਾਂਦਾ।
ਮਝੈਲ ਲੀਡਰਸ਼ਿਪ ਜਿਸ ਵਿਚ ਪ੍ਰਮੁੱਖ ਤੌਰ 'ਤੇ ਸ: ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਜਾ: ਰਤਨ ਸਿੰਘ ਅਜਨਾਲਾ ਆਦਿ ਸ਼ਾਮਲ ਸਨ, ਨੇ ਡੂੰਘੀ ਸੋਚ ਵਿਚਾਰ ਬਾਅਦ ਅਜੋਕੀ ਸੰਕਟ ਦੀ ਘੜੀ ਵਿਚ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਤਖਤ ਸਾਹਿਬਾਨ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਸੱਤਾਧਾਰੀ ਕਾਂਗਰਸ, ਭਾਜਪਾ, ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਇੰਨਾਂ ਦੇ ਸਮਰਥਕਾਂ ਤੋਂ ਬਚਾਉਣ ਲਈ ਅਹਿਦ ਕੀਤਾ ਹੈ। ਪਾਰਟੀ ਅਤੇ ਸਿੱਖ ਸੰਸਥਾਵਾਂ ਅਜ਼ੀਮ, ਸੁਪਰੀਮ ਅਤੇ ਸਾਨਾਮੱਤੇ ਇਤਿਹਾਸ ਵਾਲੀਆਂ ਹਨ। ਉੰਨਾਂ ਸ: ਢੀਡਸਾ ਵਾਂਗ ਅਸਤੀਫਾ ਦੇ ਕੇ ਪਾਰਟੀ ਅਤੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਥਾਂ ਉੰਨਾਂ ਦਾ ਖੁਸਿਆ ਵਕਾਰ ਬਹਾਲ ਕਰਨ, ਸਮੂਹਿਕ ਲੀਡਰਸ਼ਿਪ ਮਜ਼ਬੂਤ ਕਰਨ, ਏਕਾਧਿਕਾਰਵਾਦੀ ਰੁਝਾਨ ਖਤਮ ਕਰਨ ਪਾਰਟੀ ਵਰਕਰਾਂ ਦੀ ਸਥਿੱਤ ਮਜ਼ਬੂਤ ਕਰਨ ਵੱਲ ਧਿਆਨ ਕੇਂਦਰਤ ਕਰਨਗੇ। ਉੰਨਾਂ ਊਣਤਾਈਆਂ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਕੇ ਉੰਨਾਂ ਨੂੰ ਦੂਰ ਕਰਨਗੇ ਜਿੰਨਾਂ ਕਰਕੇ ਉਹ ਪੈਦਾ ਹੋਈਆਂ ਹਨ। ਪਰ ਅਸੀਂ ਇੱਥੇ ਇੰਨਾਂ ਮਝੈਲ ਆਗੂਆਂ ਨੂੰ ਸ਼ਪਸ਼ਟ ਦਸਣਾ ਚਾਹੁੰਦੇ ਹਾਂ ਕਿ ਜਿੰਨਾਂ ਚਿਰ ਉਹ ਪਾਰਟੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਸਰਪ੍ਰਸਤੀ ਤੋਂ ਮੁੱਕਤ ਨਹੀਂ ਕਰਦੇ ਉਨਾਂ ਲਈ ਇਸ ਨੂੰ ਸ: ਬਾਦਲ ਪਰਿਵਾਰ ਤੋਂ ਮੁੱਕਤ ਕਰਾਉਣਾ ਸੰਭਵ ਨਹੀਂ ਹੋਵੇਗਾ। ਪਾਰਟੀ ਨਿਸ਼ਕਾਮ ਵਰਕਰਾਂ ਅਤੇ ਆਗੂਆਂ ਨਾਲ ਮਜ਼ਬੂਤ ਹੁੰਦੀ ਹੈ। ਨਾ ਕਿ ਪਰਿਵਾਰਿਕ ਧ੍ਰਿਤਰਾਸ਼ਟਰੀ ਮੋਹ ਨਾਲ। ਪੰਜਾਬ ਦੇ ਸੁਨਹਿਰੇ ਭਵਿੱਖ ਅਤੇ ਹਿੱਤਾ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤਿ ਜਰੂਰੀ ਹੈ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
kahlondarbarasingh@gmail.com
+1-416-887-2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.