ਸੰਤ ਸਤਿਨਾਮ ਸਿੰਘ ਕਿਸ਼ਨਗੜ੍ਹ ਦਾ ਸਦੀਵੀ ਵਿਛੋੜਾ ਅਸਹਿ ਹੈ।
ਦੇਸ ਰਾਜ ਕਾਲੀ ਨੇ ਮਿਲਾਇਆ ਸੀ ਦਸ ਕੁ ਸਾਲ ਪਹਿਲਾਂ।
ਅਫ਼ਸੋਸ ਹੋਇਆ ਕਿ ਪਹਿਲਾਂ ਕਿਉਂ ਨਹੀਂ ਮਿਲੇ?
ਇੱਕ ਦੁਪਹਿਰ ਕਿਤੋਂ ਪਰਤਦਿਆਂ ਕਿਸ਼ਨਗੜ੍ਹ ਜਾ ਵੱਜੇ ਬਾਬੇ ਕੋਲ। ਕਰਤਾਰਪੁਰ ਤੋਂ ਪਠਾਨਕੋਟ ਰੋਡ ਵਾਲੀ ਵਿਚਕਾਰਲੀ ਸੜਕ ਤੇ ਸੂਏ ਦੇ ਕੰਢੇ ਬਣੇ ਆਸ਼ਰਮ ਵਿੱਚ ਬਾਬਾਰਿਆਜ਼ ਕਰਵਾ ਰਿਹਾ ਸੀ।
ਸੰਤ ਸਤਿਨਾਮ ਸਿੰਘ ਬੱਚਿਆਂ ਨੂੰ ਬਹੁਤ ਸਨੇਹ ਨਾਲ ਸ਼ਬਦ ਗਾਇਨ ਬੀਰੀਕੀਆਂ ਸਮਝਾ ਰਿਹਾ ਸੀ।
ਮੈਂ, ਪ੍ਰੋ: ਰਵਿੰਦਰ ਭੱਠਲ, ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਨੇ ਬਾਬੇ ਕੋਲ ਪੂਰਾ ਦੁਪਹਿਰਾ ਕੱਟਿਆ।
ਸੰਤ ਸਤਿਨਾਮ ਸਿੰਘ ਨੇ ਸਾਨੂੰ ਬਾਬਾ ਫ਼ਰੀਦ ਤੋਂ ਸ਼ੁਰੂ ਕਰਕੇ ਡਾ: ਜਗਤਾਰ ਤੀਕ ਦੀ ਸ਼ਾਇਰੀ ਨੂੰ ਚੋਣਵੇਂ ਰੂਪ ਚ ਸ਼ਾਸਤਰੀ ਸੰਗੀਤ ਚ ਢਾਲ ਕੇ ਸੁਣਾਇਆ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਕਰਵਾਏ ਇੱਕ ਸਮਾਗਮ ਵਿੱਚ ਅਸੀਂ ਸੰਤ ਸਤਿਨਾਮ ਸਿੰਘ ਤੋਂ ਸੂਫ਼ੀ ਕਲਾਮ ਸੁਣਿਆ।
ਇੱਕ ਵੇਰ ਮੈਂ ਪੁੱਛ ਬੈਠਾ!
ਬਾਬਾ !ਤੂੰ ਨਿਰਮਲਿਆਂ ਚੋਂ ਹੈਂ ਜਾਂ ਉਦਾਸੀਆਂ ਚੋਂ।
ਉਹ ਬੋਲਿਆ!
ਮੈਂ ਗਰੀਬਾਂ ਚੋਂ ਹਾਂ, ਗਰੀਬ ਸਾਰਾ ਕੁਝ ਹੀ ਹੁੰਦੇ ਨੇ।
ਪਰ ਗਰੀਬੀ ਮੇਰੀ ਕਮਜ਼ੋਰੀ ਨਹੀਂ ਸ਼ਕਤੀ ਹੈ, ਗਦਾ ਹੈ।
ਬਾਬਾ ਲਾਲਚੀ ਨਹੀਂ ਸੀ ਕਿਣਕਾ ਮਾਤਰ ਵੀ। ਟਕਸਾਲੀ ਸੰਗੀਤ ਗਿਆਤਾ ਹੋ ਕੇ ਵੀ ਹੰਕਾਰੀ ਨਹੀਂ ਸੀ, ਧਰਤੀ ਪੁੱਤਰ ਸੀ।
ਦਿੱਲੀਉਂ ਪਰਤਦਿਆਂ ਬੀਮਾਰ ਪੈ ਗਿਆ।
ਜਲੰਧਰ ਤੇ ਲੁਧਿਆਣਾ ਦੇ ਗੁਣੀ ਡਾਕਟਰ ਉਸ ਦੀ ਜੀਵਨ ਡੋਰ ਟੁੱਟਣੋਂ ਨਾ ਬਚਾ ਸਕੇ।
ਅੱਜ ਤੜਕਸਾਰ ਬਾਬਾ ਪੱਲਾ ਛੁਡਾ ਕੇ ਅਨੰਤ ਰਾਹਾਂ ਦਾ ਪਾਂਧੀ ਹੋ ਗਿਆ।
ਜੀ ਕਰਦੈ! ਕਹਾਂ, ਬਾਬਾ ਜੇ ਤੂੰ ਏਨੀ ਜਲਦੀ ਤੁਰ ਜਾਣਾ ਸੀ ਤਾਂ ਪਿਆਰ ਕਿਉਂ ਪਾਇਆ।
ਯਕੀਨ ਨਹੀਂ ਸੀ ਆ ਰਿਹਾ ਕਿ ਬਾਬਾ ਸਤਿਨਾਮ ਚਲਾ ਗਿਆ ਹੈ, ਜਲੰਧਰ ਫੋਨ ਕਰਕੇ ਰਾਜੇਸ਼ ਬਾਘਾ ਤੇ ਦੇਸ ਰਾਜ ਤੋਂ ਪੱਕ ਕੀਤਾ ਕਿ ਖ਼ਬਰ ਭਾਵੇਂ ਮੰਦੀ ਹੈ ਪਰ ਸੱਚੀ ਹੈ।
ਚੰਗਾ ਬਈ ਬਾਬਾ ਸਤਿਨਾਮ ਸਿੰਹਾਂ! ਤੇਰਾ ਯਾਦਾਂ ਚੋਂ ਜਾਣਾ ਮੁਹਾਲ ਹੈ।
ਡਾ: ਜਗਤਾਰ ਦੇ ਕਹਿਣ ਮੁਤਾਬਕ
ਕਾਫ਼ਲੇ ਵਿੱਚ ਤੂੰ ਨਹੀਂ ਭਾਵੇਂ ਰਿਹਾ,
ਯਾਦ ਤੇਰੀ ਦਿਲ ਚੋਂ ਪਰ ਜਾਣੀ ਨਹੀਂ।
ਚੰਗਾ ਸੱਜਣਾ
ਸਾਡੀ ਮੁਹੱਬਤ ਦੀ ਮਹਿਕ ਪ੍ਰਵਾਨ ਕਰ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.