ਮੇਰੀ ਅਮਰੀਕਾ ਕੈਨੇਡਾ ਦੀ ਵਿਦੇਸ਼ ਯਾਤਰਾ ਦੌਰਾਨ ਫੇਅਰਫੀਲਡ ਵਿਖੇ ਚੱਲ ਰਹੀਆਂ ਬੱਚਿਆਂ ਦੀਆਂ ਖੇਡਾਂ ਦੌਰਾਨ ਇਸ ਤਰ੍ਹਾਂ ਦੀ ਇੱਕ ਮਹਾਨ ਸ਼ਖਸੀਅਤ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਜੋ ਕਿ 100 ਸਾਲ ਦੀ ਉਮਰ ਦੇ ਨੇੜੇ ਢੁਕਣ ਵਾਲਾ ਬਜ਼ੁਰਗ ਬਾਪੂ ਜਰਨੈਲ ਸਿੰਘ ਅਟਵਾਲ ਪਿੰਡ ਫਰਲਾ ਜ਼ਿਲ੍ਹਾ ਨਵਾਂਸ਼ਹਿਰ ਦਾ ਮਹਿੰਗੇ ਲਾਲ ਸੇਬਾਂ ਵਰਗਾ ਰੰਗ, ਅਜੇ ਗਦ-ਗਦ ਕਰਦਾ ਸਰੀਰ ਨਾਲ, ਗੱਲਬਾਤ ਸ਼ੁਰੂ ਹੋਈ ਤਾਂ ਉਨ੍ਹਾਂ ਦੱਸਿਆ ਕਿ 'ਕਾਕਾ, ਸਾਨੂੰ ਐਵੇਂ ਨਾ ਸਮਝੀਂ... ਅਸੀਂ ਵੀ ਆਪਣੇ ਜ਼ਮਾਨੇ ਦੇ ਛੁਪੇ ਰੁਸਤਮ ਹੋਏ ਆਂ...।' ਜਿਵੇਂ ਹੀ ਗੱਲ ਬਾਤ ਸ਼ੁਰੂ ਹੋਈ, ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜ਼ਿੰਦਗੀ ਦਾ ਸਫ਼ਰ ਪਿੰਡ ਫਰਾਲਾ ਤੋਂ 10 ਜੁਲਾਈ 1921 ਦੇ ਲਗਭਗ ਸ਼ੁਰੂ ਕੀਤਾ। ਮੈਟ੍ਰਿਕ ਤੱਕ ਸਿੱਖਿਆ ਹਾਸਲ ਕੀਤੀ। 1937 'ਚ ਉਹ ਆਰਮੀ 'ਚ ਭਰਤੀ ਹੋਏ। ਫਰੰਟੀਅਰ ਫੋਰਸ 4/12 ਉਨ੍ਹਾਂ ਨੇ ਆਰਮੀ ਦਾ ਸਫਰ ਸ਼ੁਰੂ ਕੀਤਾ। ਇਹ ਫਰੰਟੀਅਰ ਫੋਰਸ 1947 'ਚ ਖਤਮ ਹੋ ਕੇ ਪਾਕਿਸਤਾਨ ਚਲੀ ਗਈ। ਅੱਜ ਵੀ ਪਾਕਿਸਤਾਨ ਵਿਚ ਇਸ ਫਰੰਟੀਅਰ ਫੋਰਸ ਦਾ ਵੱਡਾ ਨਾਮ ਹੈ। ਬਾਪੂ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 16 ਸਾਲ ਦੀ ਉਮਰ ਵਿਚ ਆਪਣੇ ਵੱਡੇ ਭਰਾ ਮਾਸਟਰ ਫੁੱਮ੍ਹਣ ਸਿੰਘ ਦੀ ਪ੍ਰੇਰਣਾ ਨਾਲ ਹਾਕੀ ਖੇਡਣੀ ਸ਼ੁਰੂ ਕੀਤੀ। ਸਕੂਲ ਵਿਚ ਜਲੰਧਰ ਵੱਲੋਂ 1936 'ਚ ਜ਼ਿਲ੍ਹਾ ਜਿੱਤਿਆ। ਉਸਨੂੰ ਸਕੂਲੀ ਹਾਕੀ ਖੇਡਦਿਆਂ ਹੀ ਇੱਕ ਅੰਗ੍ਰੇਜ਼ ਅਫਸਰ ਏ.ਐਚ. ਮਾਰਸ਼ਲ ਉਸਦੀ ਖੇਡ ਤੋਂ ਪ੍ਰਭਾਵਿਤ ਹੁੰਦਿਆਂ ਆਰਮੀ ਵਿਚ ਲੈ ਗਿਆ। ਆਰਮੀ 'ਚ ਭਰਤੀ ਮੌਕੇ ਉਸਦਾ ਮੈਡੀਕਲ ਵੀ ਨਹੀਂ ਹੋਇਆ ਕਿਉਂਕਿ ਉਸਦੀ ਸਰੀਰਕ ਫਿਟਨੈੱਸ ਤੋਂ ਹਰ ਕੋਈ ਇੰਨਾ ਪ੍ਰਭਾਵਿਤ ਸੀ ਕਿ ਹਰ ਅਫਸਰ ਕਹਿ ਦਿੰਦਾ ਸੀ ਕਿ ਇਹ ਨੌਜਵਾਨ ਹਰ ਖੇਤਰ ਵਿਚ ਆਪਣਾ ਹੁਨਰ ਦਿਖਾਏਗਾ। ਬਾਪੂ ਜਰਨੈਲ ਸਿੰਘ ਨੇ ਦੱਸਿਆ ਕਿ ਆਰਮੀ ਵੱਲੋਂ ਉਸਦੀਆਂ ਵੱਡੀਆਂ ਪ੍ਰਾਪਤੀਆਂ 'ਚੋਂ 'ਬਨੂ ਪੇਸ਼ਾਵਰ' ਅਤੇ ਜੇਹਲਮ 'ਚ ਆਲ ਇੰਡੀਆ ਆਰਮੀ ਟੂਰਨਾਮੈਂਟ 'ਚ ਉਸਦਾ ਖੇਡ ਹੁਨਰ ਚਮਕਿਆ। ਉਸ ਤੋਂ ਬਾਅਦ ਸਰਵਿਸਜ਼ ਦੀ ਟੀਮ ਅਤੇ ਯੂਪੀ ਵੱਲੋਂ ਕੌਮੀ ਪੱਧਰ 'ਤੇ ਜਰਨੈਲ ਸਿੰਘ ਅਟਵਾਲ ਨੇ ਹਾਕੀ ਦੀ ਨੁਮਾਇੰਦਗੀ ਕੀਤੀ। ਉਸਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਹਾਕੀ ਦੇ ਜਾਦੂਗਰ ਧਿਆਨ ਚੰਦ ਨਾਲ ਉਨ੍ਹਾਂ ਦਾ ਮਿਲਾਪ ਹੋਇਆ।
1948 ਤੋਂ ਲੈ ਕੇ 1952 ਤਕ ਉਹ ਧਿਆਨਚੰਦ ਦੇ ਰਾਈਟ ਇਨ ਵਜੋਂ ਲਗਾਤਾਰ ਖੇਡੇ। ਆਪਣੀ ਜ਼ਿੰਦਗੀ ਦੀ ਇੱਕ ਅਹਿਮ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ 1954 ਅਬਦੁੱਲਾ ਖਾਨ ਗੋਲਡ ਕੱਪ ਭੋਪਾਲ 'ਚ ਉਨ੍ਹਾ ਦੇ ਖਿਲਾਫ ਬਲਬੀਰ ਸੀਨੀਅਰ ਸਮੇਤ ਪੰਜਾਬ ਦੇ 7 ਓਲੰਪੀਅਨ ਖੇਡ ਰਹੇ ਸਨ ਅਤੇ ਉਨ੍ਹਾਂ ਦੇ ਗੋਲ ਸਦਕਾ ਆਰਮੀ ਟੀਮ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। 1955 'ਚ ਜਦੋਂ ਧਿਆਨਚੰਦ ਨੇ ਉਨ੍ਹਾਂ ਨਾਲ ਇਹ ਵਾਅਦਾ ਕਰ ਲਿਆ ਸੀ ਕਿ 'ਸਰਦਾਰ ਜਰਨੈਲ ਸਿਆਂ, ਹੁਣ ਤੇਰਾ ਓਲੰਪਿਕ ਖੇਡਾਂ ਦਾ ਬੇਸ ਬਣ ਚੁੱਕਿਐ ਤੇ ਤੈਨੂੰ ਹੁਣ ਇੰਡੀਆ ਟੀਮ 'ਚ ਜਾਣ ਤੋਂ ਰੋਕ ਨਹੀਂ ਸਕਦਾ।'' ਤਾਂ 1955 ਗਵਾਲੀਅਰ ਗੋਲਡ ਕੱਪ 'ਚ ਬਜਰੀ ਦੀ ਗਰਾਉਂਡ ਤੇ ਡਿੱਗਣ ਕਰਕੇ ਉਨ੍ਹਾਂ ਦਾ ਗੋਡਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ। ਗੋਡਾ ਹੀ ਚਕਨਾਚੂਰ ਨਹੀਂ ਹੋਇਆ, ਉਹਨਾਂ ਦਾ ਓਲੰਪਿਕ ਖੇਡਾਂ ਦਾ ਸੁਪਨਾ ਅਤੇ ਹਾਕੀ ਕੈਰੀਅਰ ਵੀ ਚਕਨਾਚੂਰ ਹੋ ਗਿਆ। ਪਰ ਫਿਰ ਵੀ ਬਾਰਤੀ ਹਾਕੀ ਟੀਮ ਦੇ ਪਹਿਲੇ ਕਪਤਾਨ ਐਂਗਲੋ ਇੰਡੀਅਨ, ਜੈਪਾਲ ਸਿੰਘ ਜਿੰਨ੍ਹਾਂ ਨੇ 1928 ਐਮਸਟਰਡਮ ਓਲੰਪਿਕ 'ਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ ਸੀ, ਉਹ ਉਸ ਵੇਲੇ ਯੂਪੀ ਦੇ ਪ੍ਰਿੰਸੀਪਲ ਸੈਕਟਰੀ ਸਨ। ਉੇਨ੍ਹਾਂ ਨੇ ਬਾਪੈ ਜਰਨੈਲ ਸਿੰਘ ਨੂੰ ਹੈੱਡ ਕਲਰਕ ਦੀ ਵਿਸ਼ੇਸ਼ ਤਰੱਕੀ ਦੁਆਈ। ਬਾਪੂ ਜਰਨੈਲ ਸਿੰਘ ਨਾਲ, ਹਾਕੀ ਪ੍ਰਤੀ, ਉਹਨਾਂ ਦੀਆਂ ਪ੍ਰਾਪਤੀਆਂ ਪ੍ਰਤੀ ਬੜੀਆਂ ਵੱਡੀਆਂ ਗੱਲਾਂ ਹੋਈਆਂ।
ਉਨ੍ਹਾਂ ਨਾਲ ਮੇਰੀ ਜਦੋਂ ਦਿਲੀ ਵਾਰਤਾ ਹੋ ਰਹੀ ਸੀ ਤਾਂ ਇੰਗਲੈਂਡ ਤੋਂ ਅਕਾਲ ਟੀਵੀ ਚੈਨਲ ਤੋਂ ਮੈਨੂੰ ਇੱਕ ਇੰਟਰਵੀਊ ਲਈ ਫੋਨ ਆਇਆ ਤਾਂ ਮੈਂ ਉਥੇ ਹੀ ਬੈਠਿਆਂ ਟੀਵੀ 'ਤੇ ਇੰਟਰਵੀਊ ਦਿੰਦਿਆਂ ਬਾਪੂ ਜਰਨੈਲ ਸਿੰਘ ਅਟਵਾਲ ਦੀਆਂ ਉਕਤ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਟੀਵੀ ਚੈਨਲ ਦੇਖ ਰਹੇ ਦਰਸ਼ਕਾਂ ਵੱਲੋਂ ਅਤੇ ਸਰਦਾਰ ਅਜਾਇਬ ਸਿੰਘ ਗਰਚਾ ਵੱਲੋਂ ਉਚੇਚੇ ਤੌਰ 'ਤੇ ਜਰਨੈਲ ਸਿੰਘ ਅਟਵਾਲ ਦੀਆਂ ਪ੍ਰਾਪਤੀਆਂ ਸੁਣ ਕੇ ਹਰ ਕੋਈ ਗਦ-ਗਦ ਹੋਇਆ। ਬੜੀਆਂ ਲੰਬੀਆਂ ਚੌੜੀਆਂ ਗੱਲਾਂ ਬਾਤਾਂ ਵਿਚ ਗੋਰਿਆਂ ਵਰਗੇ ਚੁਸਤ ਚਲਾਕ ਪੱਗ ਬੰਨ੍ਹੀ ਸਰਦਾਰ ਜਰਨੈਲ ਸਿੰਘ ਨੇ ਹਾਕੀ ਦੇ ਜਾਦੂਗਰ ਧਿਆਨਚੰਦ ਦੀਆਂ ਯਾਦਾਂ ਸਾਂਝੀਆ ਕਰਦੀਆਂ ਦੱਸਿਆ ਕਿ ਉਹ ਦੇਵਤਾ ਇਨਸਾਨ ਸੀ। ਸਿੱਧਾ ਸਾਦਾ ਬੰਦਾ ਸੀ। ਉਸਨੇ ਕਦੇ ਪੈਸਾ ਨਹੀਂ ਕਮਾਇਆ, ਉਸਨੇ ਆਪਣੀ ਜ਼ਿੰਦ ਜਾਨ ਹਾਕੀ ਲਈ ਲਾਈ। ਧਿਆਨਚੰਦ ਗਰੀਬੀ 'ਚ ਜੰਮਿਆ, ਗਰੀਬੀ 'ਚ ਖੇਡਿਆ ਅਤੇ ਗਰੀਬੀ 'ਚ ਹੀ ਮਰ ਗਿਆ। ਹਿੰਦੁਸਤਾਨ ਦੇ ਰਾਜੇ ਮਹਾਰਾਜਿਆਂ, ਨਵਾਬਾਂ ਨੇ ਉਸਦੇ ਗੋਲਾਂ 'ਤੇ ਉਨ੍ਹਾਂ ਸਮਿਆਂ 'ਚ ਹਜ਼ਾਰਾਂ ਰੁਪਏ ਲਾਏ। ਜੇ ਉਹ ਉਨੇ ਕੁ ਪੈਸੇ ਹੀ ਇਕੱਠੇ ਕਰ ਲੈਂਦਾ ਤਾਂ ਅੱਜ ਤਾਂ ਵੀ ਉਸਦਾ ਪਰਿਵਾਰ ਦੁਨੀਆ ਦੇ ਧਨਾਡ ਪਰਿਵਾਰਾਂ 'ਚੋਂ ਇਕ ਹੋਣਾ ਸੀ। ਪਰ ਜਦੋਂ ਉਹ ਜਿੱਤਦਾ ਤਾਂ ਸਾਰੇ ਪੈਸੇ ਹਾਕੀ ਖਿਡਾਰੀਆਂ ਵਿਚ ਹੀ ਵੰਡ ਦਿੰਦਾ। ਇੱਕ ਵਾਰ ਇਕ ਰਾਜਸਥਾਨ ਦੇ ਰਾਜੇ ਨੇ ਕਿਹਾ ਕਿ, 'ਧਿਆਨਚੰਦ ਜੇ ਤੂੰ ਸਾਡੀ ਟੀਮ ਵੱਲ੍ਹ ਅੱਜ ਇੱਕ ਵੀ ਗੋਲ ਕਰ ਗਿਆ ਤਾਂ ਤੈਨੂੰ 500 ਰੁਪਇਆ ਮਿਲੇਗਾ।'' ਜਦਕਿ ਉਸ ਸਮੇਂ 500 ਰੁਪਏ ਦਾ ਨਾਮ ਸੁਣਨਾ ਹੀ ਇੱਕ ਅਚੰਭਾ ਸੀ। ਪਰ ਧਿਆਨਚੰਦ ਨੇ ਤਿੰਨ ਗੋਲ ਕੀਤਾ। ਰਾਜੇ ਨੇ ਮੈਦਾਨ 'ਚ ਆ ਕੇ ਉਸਨੂੰ 1500 ਰੁਪਏ ਦਿੱਤੇ। ਹਜ਼ਾਰਾਂ ਦੇ ਇਕੱਠ ਵਿਚ ਇੰਝ ਲੱਗਦਾ ਸੀ ਕਿ ਧਿਆਨਚੰਦ ਨੇ 1500 ਬਦਲੇ ਅੱਜ ਪੂਰੀ ਦੁਨੀਆ ਹੀ ਲੁੱਟ ਲਈ ਹੈ। ਇਸ ਤਰ੍ਹਾਂ ਜਦੋਂ 1947 'ਚ ਦੇਸ਼ ਦੀ ਵੰਡ ਹੋਈ ਤਾਂ ਪੇਸ਼ਾਵਰ ਦੀ ਬੈਂਕ 'ਚ ਉਸਦੇ 20 ਹਜ਼ਾਰ ਰੁਪਏ ਰਹਿ ਗਏ। ਉਸਨੇ ਆਰਮੀ ਅਫ਼ਸਰਾਂ ਨੂੰ ਦੱਸਿਆ ਕਿ ਉਹ ਤਾਂ ਸਦਾ ਲਈ ਲੁੱਟਿਆ ਪੁੱਟਿਆ ਗਿਆ ਤਾਂ ਉਸੇ ਵੇਲੇ ਆਰਮੀ ਅਫਸਰ ਨੇ ਪਾਕਿਸਤਾਨ ਦੇ ਕਮਾਂਡੈਂਟ ਚੀਫ ਨੂੰ ਲੈਟਰ ਲਿਖਿਆ ਤੇ ਉਸ ਬੈਂਕ 'ਚੋਂ ਹਾਕੀ ਦੇ ਜਾਦੂਗਰ ਦੇ ਪੈਸੇ ਵਾਪਸ ਮੰਗਵਾਏ। ਸ. ਜਰਨੈਲ ਸਿੰਘ ਅਟਵਾਲ ਨੇ ਆਪਣੀ ਜ਼ਿੰਦਗੀ ਦੀਆਂ ਧਿਆਨਚੰਦ ਨਾਲ ਬਿਤਾੇ ਪਲਾਂ ਦੀਆਂ ਬੜੀਆਂ ਅਣਹੋਣੀਆਂ ਕਹਾਣੀਆਂ ਸੁਣਾਈਆਂ। ਇੰਟਰਵੀਊ ਕਰਦਿਆਂ ਕਈ ਵਾਰ ਅੱਖਾਂ ਨਮ ਵੀ ਹੋਈਆਂ। ਕਈ ਅਚੰਭੇ ਵੀ ਲੱਗੇ। ਪਰ ਇੱਕ ਸੰਘਰਸ਼ ਦੀ ਗਾਥਾ, ਇੱਕ ਇਤਿਹਾਸ ਰਚਣ ਦਾ ਕਿੱਸਾ ਸੁਣਨਾ ਆਪਣੇ ਆਪ ਵਿਚ ਹੀ ਸਕੂਨ ਸੀ। ਜਰਨੈਲ ਸਿੰਘ ਅਟਵਾਲ ਹੁਰਾਂ ਦਾ ਵਿਦੇਸ਼ਾਂ 'ਚ ਆਉਣ ਦਾ ਸਬੱਬ ਬਣਿਆ। ਤੇ ਉਨ੍ਹਾਂ ਨੇ ਇੰਗਲੈਂਡ ਅਤੇ ਭਾਰਤ ਦੇ ਸਾਬਕਾ ਓਲੰਪੀਅਨ ਖਿਡਾਰੀਆਂ ਦੇ ਅਧਾਰ 'ਤੇ ਯੂਨਾਈਟੇਡ ਬ੍ਰਦਰ ਕਲੱਬ ਬਣਾਈ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਧਿਆਨ ਚੰਦ ਤੋਂ ਬਾਅਦ ਤੁਹਾਡਾ ਚਹੇਤਾ ਖਿਡਾਰੀ ਕੌਣ ਹੈ, ਤਾਂ ਉਨ੍ਹਾਂ ਇੱਕੋ ਗੱਲ ਨਬੇਤੜਦਿਆਂ ਆਖਿਆ - ਸੀਨੀਅਰ ਬਲਵੀਰ ਸਿੰਘ ਅਤੇ ਊਧਮ ਸਿੰਘ ਸੰਸਾਰਪੁਰ। ਜਦੋਂ ਕਿਹਾ ਕਿ ਦੋਹਾਂ 'ਚ ਫਰਕ ਕੋਈ ਤਾਂ ਉਨ੍ਹਾਂ ਕਿਹਾ ਕਿ ਬਲਬੀਰ ਡੀ ਦਾ ਮਾਸਟਰ ਸੀ ਤੇ ਊਧਮ ਸਿੰਘ ਮੈਦਾਨ ਦੀ ਪਲਾਨਿੰਗ ਦਾ ਮਾਸਟਰ ਸੀ। ਉਨ੍ਹਾਂ ਆਖਿਆ ਕਿ ਅੱਜ ਦੀ ਹਾਕੀ ਆਪ ਮੁਹਾਰੇ ਜ਼ਿਆਦਾ ਜਦਕਿ ਸਾਡੇ ਵੇਲੇ ਦੀ ਹਾਕੀ ਤਾਲਮੇਲ ਦੀ ਹਾਕੀ ਸੀ। ਮੇਰੀ ਖੁਸ਼ੀ ਦੀ ਹੱਦ ਉਸ ਵੇਲੇ ਨਾਲ ਰਹੀ ਜਦੋਂ ਉਨ੍ਹਾਂ ਆਖਿਆ ਕਿ ਮੈਂ ਜਗਰੂਪ ਸਿੰਘ ਜਰਖੜ ਦੇ ਹਾਕੀ ਦੇ ਲੇਖ ਬਹੁਤ ਪੜ੍ਹਦਾਂ ਤਾਂ ਮੈਂ ਉਨ੍ਹਾਂ ਨੂੰ ਆਖਿਆ, ਮੈਂ ਬਾਪੂ ਜੀ ਉਹੀ ਹਾਂ...।'' ਤਾਂ ਉਨ੍ਹਾਂ ਆਖਿਆ ਕਿ ਹਾਕੀ ਦੇ ਜਾਦੂਗਰ ਧਿਆਨ ਚੰਦ ਦੀ ਜੋ ਕਦਰ ਹੋਣੀ ਚਾਹੀਦੀ ਸੀ, ਉਹ ਨਹੀਂ ਹੋਈ। ਮੈਂ ਕਿਹਾ ਬਾਪੂ ਜੀ ਸਾਡੀ ਹਾਕੀ ਦਾ ਰੱਬ ਰਾਖਾ।
-
ਜਗਰੂਪ ਸਿੰਘ ਜਰਖੜ, ਖੇਡ ਲੇਖਕ
jagroopjarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.