ਅੱਜ ਅਸੀਂ ਆਪਣੇ ਪਿਆਰੇ ਬਾਪੂ ਦੀ 150ਵੀਂ ਜਯੰਤੀ ਦੇ ਸਮਾਰੋਹ ਦੀ ਸ਼ੁਰੂਆਤ ਕਰ ਰਹੇ ਹਾਂ। ਉਹ ਦੁਨੀਆ ਭਰ ਵਿੱਚ ਲੱਖਾਂ-ਕਰੋੜਾਂ ਲੋਕਾਂ ਲਈ ਆਸ ਦੀ ਕਿਰਨ ਬਣੇ ਹੋਏ ਹਨ, ਜੋ ਬਰਾਬਰੀ, ਮਾਣ, ਸ਼ਮੂਲੀਅਤ ਅਤੇ ਸਸ਼ਕਤੀਕਰਨ ਦੀ ਜ਼ਿੰਦਗੀ ਦੇ ਚਾਹਵਾਨ ਹਨ। ਵਿਰਲੇ ਹੀ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੇ ਮਨੁੱਖੀ ਸਮਾਜ ਉੱਤੇ ਉਨ੍ਹਾਂ ਵਰਗਾ ਗਹਿਰਾ ਪ੍ਰਭਾਵ ਛੱਡਿਆ ਹੋਵੇ।
ਮਹਾਤਮਾ ਗਾਂਧੀ ਨੇ ਭਾਰਤ ਨੂੰ ਸਹੀ ਅਰਥਾਂ ਵਿੱਚ ਸਿਧਾਂਤ ਅਤੇ ਕਾਰ-ਵਿਹਾਰ ਨਾਲ ਜੋੜਿਆ ਸੀ। ਜਿਵੇਂ ਕਿ ਸਰਦਾਰ ਪਟੇਲ ਨੇ ਬਿਲਕੁਲ ਸਹੀ ਕਿਹਾ, ''ਭਾਰਤ ਵਿਭਿੰਨਤਾਵਾਂ ਵਾਲਾ ਦੇਸ਼ ਹੈ। ਅਜਿਹੀ ਕੋਈ ਹੋਰ ਧਰਤੀ ਨਹੀਂ ਜਿੱਥੇ ਸਾਡੇ ਵਰਗੀਆਂ ਵਿਭਿੰਨਤਾਵਾਂ ਹੋਣ। ਜੇ ਕੋਈ ਇੱਕ ਵਿਅਕਤੀ ਹੈ ਜਿਸ ਨੇ ਕਿ ਹਰ ਇੱਕ ਨੂੰ ਇਕ ਥਾਂ ਲਿਆਂਦਾ ਹੈ, ਲੋਕਾਂ ਨੂੰ ਮਤਭੇਦਾਂ ਤੋਂ ਉੱਪਰ ਚੁੱਕਿਆ ਹੈ, ਬਸਤੀਵਾਦ ਦਾ ਮੁਕਾਬਲਾ ਕਰਨ ਲਈ ਅਤੇ ਵਿਸ਼ਵ ਵਿੱਚ ਭਾਰਤ ਦਾ ਮਾਣ ਵਧਾਉਣ ਲਈ, ਤਾਂ ਉਹ ਮਹਾਤਮਾ ਗਾਂਧੀ ਹੀ ਸਨ ਅਤੇ ਉਨ੍ਹਾਂ ਨੇ ਅਜਿਹਾ ਭਾਰਤ ਤੋਂ ਨਹੀਂ ਸਗੋਂ ਦੱਖਣੀ ਅਫ਼ਰੀਕਾ ਤੋਂ ਸ਼ੁਰੂ ਕੀਤਾ। ਬਾਪੂ ਅਗਾਂਹ ਵੱਲ ਦੇਖ ਸਕਦੇ ਸਨ ਅਤੇ ਵੱਡੀ ਤਸਵੀਰ ਨੂੰ ਸਮਝ ਸਕਦੇ ਸਨ। ਉਹ ਆਪਣੇ ਆਖਰੀ ਸਾਹ ਤੱਕ ਆਪਣੇ ਸਿਧਾਂਤਾਂ ਪ੍ਰਤੀ ਪ੍ਰਤੀਬੱਧ ਰਹੇ।
21ਵੀਂ ਸਦੀ ਵਿੱਚ ਵੀ ਮਹਾਤਮਾ ਗਾਂਧੀ ਦੇ ਵਿਚਾਰ ਓਨੇ ਹੀ ਲਾਜ਼ਮੀ ਹਨ ਜਿੰਨੇ ਕਿ ਉਨ੍ਹਾਂ ਦੇ ਆਪਣੇ ਸਮੇਂ ਵਿੱਚ ਸਨ ਅਤੇ ਉਨ੍ਹਾਂ ਨੇ ਦੁਨੀਆ ਸਾਹਮਣੇ ਮੌਜੂਦ ਕਈ ਸਮੱਸਿਆਵਾਂ ਦਾ ਹੱਲ ਪੇਸ਼ ਕੀਤਾ। ਇੱਕ ਅਜਿਹੀ ਦੁਨੀਆ, ਜਿੱਥੇ ਦਹਿਸ਼ਤਵਾਦ, ਕੱਟੜਪੰਥ, ਅਤਿਵਾਦ ਅਤੇ ਵਿਚਾਰਹੀਨ ਨਫਰਤ ਦੇਸ਼ਾਂ ਅਤੇ ਸਮਾਜਾਂ ਨੂੰ ਵੰਡ ਰਹੇ ਹਨ, ਮਹਾਤਮਾ ਗਾਂਧੀ ਦੇ ਸ਼ਾਂਤੀ ਅਤੇ ਅਹਿੰਸਾ ਦੇ ਸੱਦੇ ਵਿੱਚ ਮਨੁੱਖਤਾ ਨੂੰ ਜੋੜਨ ਦੀ ਸ਼ਕਤੀ ਹੈ।
ਅਜਿਹੇ ਸਮੇਂ ਜਿੱਥੇ ਅਸਮਾਨਤਾਵਾਂ ਹੋਣਾ ਸੁਭਾਵਿਕ ਹੈ, ਬਾਪੂ ਦਾ ਸਮਾਨਤਾ ਅਤੇ ਸਮਾਵੇਸ਼ੀ ਵਿਕਾਸ ਦਾ ਸਿਧਾਂਤ ਵਿਕਾਸ ਦੇ ਆਖਰੀ ਪਾਏਦਾਨ ‘ਤੇ ਰਹਿ ਰਹੇ ਲੱਖਾਂ ਲੋਕਾਂ ਲਈ ਖੁਸ਼ਹਾਲੀ ਦੇ ਇੱਕ ਯੁੱਗ ਦਾ ਅਰੰਭ ਕਰ ਸਕਦਾ ਹੈ।
ਇੱਕ ਅਜਿਹੇ ਸਮੇਂ ਜਦੋਂ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਦੀ ਰੱਖਿਆ ਦਾ ਵਿਸ਼ਾ ਚਰਚਾ ਦੇ ਕੇਂਦਰ ਬਿੰਦੂ ਵਿੱਚ ਹੈ, ਦੁਨੀਆ ਨੂੰ ਗਾਂਧੀ ਜੀ ਦੇ ਵਿਚਾਰਾਂ ਤੋਂ ਸਹਾਰਾ ਮਿਲ ਸਕਦਾ ਹੈ। ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ 1909 ਵਿੱਚ ਉਨ੍ਹਾਂ ਨੇ ਮਨੁੱਖੀ ਲੋੜਾਂ ਅਤੇ ਮਨੁੱਖੀ ਲਾਲਚ ਵਿੱਚ ਫਰਕ ਦੱਸਿਆ। ਉਨ੍ਹਾਂ ਨੇ ਕੁਦਰਤੀ ਸੋਮਿਆਂ ਦੀ ਵਰਤੋਂ ਕਰਨ ਵੇਲੇ ਸੰਜਮ ਅਤੇ ਦਇਆ ਤੋਂ ਕੰਮ ਲੈਣ ਲਈ ਕਿਹਾ ਅਤੇ ਇਸ ਸਬੰਧ ਵਿੱਚ ਉਨ੍ਹਾਂ ਨੇ ਅਜਿਹਾ ਕਰਕੇ ਉਦਾਹਰਣ ਵੀ ਪੇਸ਼ ਕੀਤੀ। ਉਨ੍ਹਾਂ ਨੇ ਆਪਣੇ ਪਖਾਨੇ ਦੀ ਸਫਾਈ ਕੀਤੀ ਅਤੇ ਵਾਤਾਵਰਣ ਦੀ ਸਵੱਛਤਾ ਨੂੰ ਯਕੀਨੀ ਬਣਾਇਆ। ਉਨ੍ਹਾਂ ਨੇ ਪਾਣੀ ਦੀ ਬਹੁਤ ਘੱਟ ਵਰਤੋਂ ਯਕੀਨੀ ਬਣਾਈ ਅਤੇ ਜਦੋਂ ਉਹ ਅਹਿਮਦਾਬਾਦ ਵਿੱਚ ਸਨ ਤਾਂ ਉਨ੍ਹਾਂ ਨੇ ਇਹ ਯਕੀਨੀ ਬਣਾਉਣ ਦਾ ਪੂਰਾ ਧਿਆਨ ਰੱਖਿਆ ਕਿ ਦੂਸ਼ਿਤ ਪਾਣੀ ਸਾਬਰਮਤੀ ਦੇ ਪਾਣੀ ਵਿੱਚ ਨਾ ਮਿਲੇ।
ਕੁਝ ਹੀ ਸਮਾਂ ਪਹਿਲਾਂ ਮਹਾਤਮਾ ਗਾਂਧੀ ਵੱਲੋਂ ਲਿਖੀ ਇੱਕ ਸਾਰਗਰਭਿਤ, ਸਮੁੱਚੇ ਅਤੇ ਸੰਖੇਪ ਲੇਖ ਨੇ ਮੇਰਾ ਧਿਆਨ ਖਿੱਚਿਆ। 1941 ਵਿੱਚ ਬਾਪੂ ਨੇ 'ਉਸਾਰੂ ਪ੍ਰੋਗਰਾਮ - ਇਸ ਦਾ ਅਰਥ ਅਤੇ ਸਥਾਨ’ ਨਾਮ ਦਾ ਇੱਕ ਲੇਖ ਲਿਖਿਆ ਸੀ ਜਿਸ ਵਿੱਚ ਉਨ੍ਹਾਂ ਨੇ 1945 ਵਿੱਚ ਮੁੜ ਉਸ ਵੇਲੇ ਸੁਧਾਰਿਆ ਜਦੋਂ ਉੱਥੇ ਅਜ਼ਾਦੀ ਦੇ ਅੰਦੋਲਨ ਨੂੰ ਲੈ ਕੇ ਨਵਾਂ ਉਤਸ਼ਾਹ ਸੀ। ਇਸ ਦਸਤਾਵੇਜ਼ ਵਿੱਚ ਬਾਪੂ ਨੇ ਵੱਖ ਵੱਖ ਵਿਸ਼ਿਆਂ, 'ਤੇ ਚਰਚਾ ਕੀਤੀ ਜਿਨ੍ਹਾਂ ਵਿੱਚ ਗ੍ਰਾਮੀਣ ਵਿਕਾਸ, ਖੇਤੀਬਾੜੀ ਦੀ ਮਜ਼ਬੂਤੀ, ਸਾਫ-ਸਫਾਈ ਨੂੰ ਹੁਲਾਰਾ ਦੇਣਾ, ਖਾਦੀ ਨੂੰ ਉਤਸ਼ਾਹਿਤ ਕਰਨਾ, ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਆਰਥਿਕ ਸਮਾਨਤਾ ਸਮੇਤ ਹੋਰ ਮੁੱਦੇ ਵੀ ਸ਼ਾਮਲ ਸਨ।
ਮੈਂ ਆਪਣੇ ਸਾਥੀ ਭਾਰਤੀਆਂ ਨੂੰ ਤਾਕੀਦ ਕਰਾਂਗਾ ਕਿ ਉਹ ਗਾਂਧੀ ਜੀ ਦੇ ''ਉਸਾਰੂ ਪ੍ਰੋਗਰਾਮ'' ਨੂੰ ਪੜ੍ਹਨ (ਇਹ ਵੱਡੇ ਪੱਧਰ ‘ਤੇ ਔਨਲਾਈਨ ਅਤੇ ਔਫਲਾਈਨ ਅਸਾਨੀ ਨਾਲ ਉਪਲੱਬਧ ਹੈ) ਅਸੀਂ ਕਿਵੇਂ ਬਾਪੂ ਦੇ ਸੁਪਨਿਆਂ ਦਾ ਭਾਰਤ ਬਣਾ ਸਕਦੇ ਹਾਂ ਇਸ ਕਾਰਜ ਲਈ ਇਸ ਨੂੰ ਮਾਰਗ ਦਰਸ਼ਕ ਬਣਾਈਏ। ਉਸਾਰੂ ਪ੍ਰੋਗਰਾਮ' ਵਿੱਚ ਕਈ ਅਜਿਹੇ ਵਿਸ਼ੇ ਹਨ ਜੋ ਅੱਜ ਵੀ ਪੂਰੀ ਤਰ੍ਹਾਂ ਪ੍ਰਾਸੰਗਿਕ ਹਨ ਅਤੇ ਭਾਰਤ ਸਰਕਾਰ ਅਜਿਹੇ ਕਈ ਨੁਕਤਿਆਂ ਨੂੰ ਪੂਰਾ ਕਰ ਰਹੀ ਹੈ ਜੋ ਕਿ ਬਾਪੂ ਨੇ ਸੱਤ ਦਹਾਕੇ ਪਹਿਲਾਂ ਉਠਾਏ ਸਨ ਅਤੇ ਅੱਜ ਤੱਕ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ।
ਗਾਂਧੀ ਜੀ ਦੀ ਸ਼ਖਸੀਅਤ ਦੇ ਬਹੁਤ ਸੁੰਦਰ ਪਹਿਲੂਆਂ ਵਿੱਚੋਂ ਇੱਕ ਇਹ ਸੀ ਕਿ ਉਨ੍ਹਾਂ ਨੇ ਹਰ ਭਾਰਤੀ ਨੂੰ ਇਹ ਮਹਿਸੂਸ ਕਰਵਾਇਆ ਕਿ ਉਹ ਭਾਰਤ ਦੀ ਅਜ਼ਾਦੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸਵੈ -ਵਿਸ਼ਵਾਸ ਦੀ ਭਾਵਨਾ ਲੋਕਾਂ ਵਿੱਚ ਭਰੀ ਕਿ ਇੱਕ ਅਧਿਆਪਕ, ਵਕੀਲ, ਡਾਕਟਰ, ਕਿਸਾਨ, ਮਜ਼ਦੂਰ, ਉੱਦਮੀ, ਉਹ ਭਾਵੇਂ ਕਿਸੇ ਵੀ ਤਰੀਕੇ ਨਾਲ ਕੁਝ ਕਰ ਰਿਹਾ ਹੈ, ਉਹ ਭਾਰਤ ਦੀ ਅਜ਼ਾਦੀ ਦੇ ਸੰਗਰਾਮ ਵਿੱਚ ਹਿੱਸਾ ਪਾ ਰਿਹਾ ਹੈ।
ਉਸੇ ਸੰਦਰਭ ਵਿੱਚ, ਅੱਜ ਸਾਨੂੰ ਉਨ੍ਹਾਂ ਪਹਿਲੂਆਂ ਨੂੰ ਗਲੇ ਲਗਾਉਣਾ ਚਾਹੀਦਾ ਹੈ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ਕਿ ਉਨ੍ਹਾਂ ਨੂੰ ਅਪਣਾਕੇ ਅਸੀਂ ਗਾਂਧੀ ਜੀ ਦਾ ਸੁਪਨਾ ਪੂਰਾ ਕਰ ਸਕਦੇ ਹਾਂ। ਇਸ ਦੀ ਸ਼ੁਰੂਆਤ ਬਹੁਤ ਹੀ ਸਾਦਾ ਢੰਗ ਨਾਲ ਹੋ ਸਕਦੀ ਹੈ ਅਤੇ ਉਹ ਹੈ ਭੋਜਨ ਦੀ ਬਰਬਾਦੀ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਤਾਕਿ ਅਹਿੰਸਾ ਅਤੇ ਇਕਮੁੱਠ ਰਹਿਣ ਦੀਆਂ ਕਦਰਾਂ-ਕੀਮਤਾਂ ਦੀ ਪੂਰਤੀ ਹੋ ਸਕੇ।
ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਕਿਵੇਂ ਸਾਡੇ ਕਾਰਜ ਭਵਿੱਖ ਦੀ ਪੀੜ੍ਹੀ ਲਈ ਇੱਕ ਸਵੱਛਤਾ ਵਾਲਾ ਅਤੇ ਹਰਿਆ ਭਰਿਆ ਮਾਹੌਲ ਕਾਇਮ ਕਰਨ ਵਿੱਚ ਸਹਾਈ ਹੋ ਸਕਦੇ ਹਨ। ਤਕਰੀਬਨ 8 ਦਹਾਕੇ ਪਹਿਲਾਂ ਜਦੋਂ ਪ੍ਰਦੂਸ਼ਣ ਦਾ ਖਤਰਾ ਬਹੁਤ ਜ਼ਿਆਦਾ ਨਹੀਂ ਸੀ, ਮਹਾਤਮਾ ਗਾਂਧੀ ਨੇ ਸਾਈਕਲ ਚਲਾਉਣਾ ਸ਼ੁਰੂ ਕੀਤਾ। ਜੋ ਲੋਕ ਅਹਿਮਦਾਬਾਦ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਯਾਦ ਹੋਵੇਗਾ ਗਾਂਧੀ ਜੀ ਗੁਜਰਾਤ ਵਿੱਦਿਆਪੀਠ ਤੋਂ ਸਾਬਰਮਤੀ ਆਸ਼ਰਮ ਤੱਕ ਸਾਈਕਲ ਉੱਤੇ ਜਾਂਦੇ ਸਨ। ਅਸਲ ਵਿੱਚ ਮੈਂ ਇਹ ਪੜ੍ਹਿਆ ਹੈ ਕਿ ਗਾਂਧੀ ਜੀ ਦੇ ਵਿਰੋਧ ਪ੍ਰਦਰਸ਼ਨਾਂ ਵਿੱਚੋਂ ਸਭ ਤੋਂ ਪਹਿਲਾ ਵਿਰੋਧ ਪ੍ਰਦਰਸ਼ਨ ਦੱਖਣੀ ਅਫਰੀਕਾ ਵਿੱਚ ਕਾਨੂੰਨਾਂ ਦੇ ਇੱਕ ਸੈੱਟ ਵਿਰੁੱਧ ਕੀਤਾ। ਇਨ੍ਹਾਂ ਕਾਨੂੰਨਾਂ ਨੇ ਲੋਕਾਂ ਨੂੰ ਸਾਈਕਲ ਚਲਾਉਣ ਤੋਂ ਰੋਕਿਆ। ਖੁਸ਼ਹਾਲ ਕਾਨੂੰਨੀ ਪੇਸ਼ੇ ਵਿੱਚ ਹੋਣ ਦੇ ਬਾਵਜੂਦ ਗਾਂਧੀ ਜੀ ਜੋਹਾਨਸਬਰਗ ਤੱਕ ਸਾਈਕਲ ਉੱਤੇ ਜਾਂਦੇ ਸਨ। ਕਿਹਾ ਜਾਂਦਾ ਹੈ ਕਿ ਜਦੋਂ ਜੋਹਾਨਸਬਰਗ ਵਿੱਚ ਪਲੇਗ ਫੈਲੀ ਤਾਂ ਗਾਂਧੀ ਜੀ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਵਿੱਚ ਸਾਈਕਲ ‘ਤੇ ਪਹੁੰਚੇ ਅਤੇ ਸਹਾਇਤਾ ਕਾਰਜਾਂ ਵਿੱਚ ਜੁਟ ਗਏ। ਕੀ ਸਾਡੇ ਵਿੱਚ ਇਹੋ ਭਾਵਨਾ ਅੱਜ ਆ ਸਕਦੀ ਹੈ?
ਤਿਉਹਾਰਾਂ ਦਾ ਮੌਸਮ ਆ ਗਿਆ ਹੈ ਅਤੇ ਦੇਸ਼ ਭਰ ਦੇ ਲੋਕ ਨਵੇਂ ਕਪੜਿਆਂ, ਤੋਹਫਿਆਂ, ਖੁਰਾਕੀ ਵਸਤਾਂ ਅਤੇ ਹੋਰ ਵਸਤਾਂ ਦੀ ਖਰੀਦ ਕਰਨਗੇ। ਅਜਿਹਾ ਕਰਦੇ ਸਮੇਂ ਗਾਂਧੀ ਜੀ ਦੇ ਉਨ੍ਹਾਂ ਸਿਆਣਪ ਭਰੇ ਵਿਚਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਜੋ ਕਿ ਉਨ੍ਹਾਂ ਨੇ ਤਵੀਤ (Talisman) ਦੇ ਰੂਪ ਵਿੱਚ ਸਾਨੂੰ ਦਿੱਤੇ। ਸਾਨੂੰ ਆਪਣੇ ਕਾਰਜਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਕਿਵੇਂ ਇਹ ਖੁਸ਼ਹਾਲੀ ਦਾ ਦੀਵਾ ਸਾਡੇ ਸਾਥੀ ਭਾਰਤੀਆਂ ਵਿੱਚ ਜਗਾ ਸਕਦੇ ਹਨ। ਜੋ ਉਹ ਬਣਾਉਂਦੇ ਹਨ, ਉਸ ਨੂੰ ਖਰੀਦਣਾ ਚਾਹੀਦਾ ਹੈ ਭਾਵੇਂ ਉਹ ਖਾਦੀ ਉਤਪਾਦ ਹੋਣ ਜਾਂ ਕੋਈ ਤੋਹਫੇ ਵਿੱਚ ਦੇਣ ਵਾਲੀ ਚੀਜ਼ ਜਾਂ ਖਾਣ-ਪੀਣ ਦਾ ਸਮਾਨ ਹੋਵੇ। ਅਸੀਂ ਸ਼ਾਇਦ ਉਨ੍ਹਾਂ ਨੂੰ ਪਹਿਲਾਂ ਨਾ ਦੇਖਿਆ ਹੋਵੇ ਜਾਂ ਆਪਣੇ ਬਾਕੀ ਜੀਵਨ ਵਿੱਚ ਵੀ ਅਜਿਹਾ ਨਾ ਕਰ ਸਕੀਏ ਪਰ ਬਾਪੂ ਸਾਡੇ ਤੇ ਮਾਣ ਮਹਿਸੂਸ ਕਰਨਗੇ ਕਿ ਆਪਣੇ ਕਾਰਜਾਂ ਰਾਹੀਂ ਅਸੀਂ ਸਾਥੀ ਭਾਰਤੀਆਂ ਦੀ ਮਦਦ ਕਰ ਰਹੇ ਹਾਂ।
ਪਿਛਲੇ ਚਾਰ ਸਾਲਾਂ ਵਿੱਚ 130 ਕਰੋੜ ਭਾਰਤੀਆਂ ਨੇ ਮਹਾਤਮਾ ਗਾਂਧੀ ਨੂੰ ਸਵੱਛ ਭਾਰਤ ਮਿਸ਼ਨ ਦੇ ਰੂਪ ਵਿੱਚ ਸ਼ਰਧਾਂਜਲੀ ਦਿੱਤੀ ਹੈ। ਹਰ ਭਾਰਤੀ ਦੀ ਸਖਤ ਮਿਹਨਤ ਦੇ ਨਾਲ ਸਵੱਛ ਭਾਰਤ ਮਿਸ਼ਨ, ਜਿਸ ਨੇ ਅੱਜ 4 ਸਾਲ ਪੂਰੇ ਕਰ ਲਏ ਹਨ, ਇੱਕ ਜੀਵੰਤ ਜਨ ਅੰਦੋਲਨ ਵੱਜੋਂ ਸਾਹਮਣੇ ਆਇਆ ਹੈ ਜਿਸ ਦੇ ਨਤੀਜੇ ਪ੍ਰਸ਼ੰਸਾਯੋਗ ਹਨ। ਸਾਢੇ ਅੱਠ ਕਰੋੜ ਤੋਂ ਵੱਧ ਪਰਿਵਾਰਾਂ ਦੀ ਪਹੁੰਚ ਪਹਿਲੀ ਵਾਰੀ ਪਖਾਨਿਆਂ ਤੱਕ ਹੋਈ ਹੈ। ਚਾਲੀ ਕਰੋੜ ਤੋਂ ਵੱਧ ਭਾਰਤੀਆਂ ਨੂੰ ਹੁਣ ਖੁੱਲ੍ਹੀ ਥਾਂ ‘ਤੇ ਪਖਾਨਾ ਕਰਨ ਤੋਂ ਮੁਕਤੀ ਮਿਲੀ ਹੈ। 4 ਸਾਲ ਦੀ ਛੋਟੀ ਜਿਹੀ ਮਿਆਦ ਵਿੱਚ ਸਫਾਈ ਦੀ ਕਵਰੇਜ 39% ਤੋਂ ਵਧਕੇ 95% ਤੱਕ ਜਾ ਪਹੁੰਚੀ ਹੈ। 21 ਰਾਜ, ਕੇਂਦਰ ਸ਼ਾਸਤ ਪ੍ਰਦੇਸ਼ ਅਤੇ 4.5 ਲੱਖ ਪਿੰਡ ਹੁਣ ਖੁੱਲ੍ਹੀ ਥਾਂ ‘ਤੇ ਪਖਾਨੇ ਤੋਂ ਮੁਕਤ ਹੋ ਗਏ ਹਨ।
‘ਸਵੱਛ ਭਾਰਤ ਮਿਸ਼ਨ’ ਮਾਣ ਅਤੇ ਬਿਹਤਰ ਭਵਿੱਖ ਲਈ ਹੈ। ਇਹ ਕਰੋੜਾਂ ਭਾਰਤੀ ਔਰਤਾਂ ਲਈ ਸ਼ੁਭ ਸੰਕੇਤ ਹੈ ਕਿ ਉਨ੍ਹਾਂ ਨੂੰ ਹਰ ਸਵੇਰੇ ਪਖਾਨੇ ਜਾਣ ਲਈ ਚਿਹਰਾ ਢਕਕੇ ਖੁੱਲ੍ਹੀ ਥਾਂ ‘ਤੇ ਜਾਣ ਤੋਂ ਮੁਕਤੀ ਮਿਲ ਗਈ ਹੈ ਅਤੇ ਉਨ੍ਹਾਂ ਭਾਰਤੀ ਬੱਚਿਆਂ ਲਈ ਵੀ ਸ਼ੁਭ ਸੰਕੇਤ ਹੈ ਜੋ ਕਿ ਸਫਾਈ ਦੀ ਅਣਹੋਂਦ ਕਾਰਨ ਕਈ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਸਨ।
ਕੁਝ ਦਿਨ ਪਹਿਲਾਂ ਰਾਜਸਥਾਨ ਤੋਂ ਇੱਕ ਦਿੱਵਯਾਂਗ ਭਰਾ ਨੇ ''ਮਨ ਕੀ ਬਾਤ'' ਪ੍ਰੋਗਰਾਮ ਦੌਰਾਨ ਮੇਰੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਹ ਦੋਹਾਂ ਅੱਖਾਂ ਤੋਂ ਦੇਖ ਨਹੀਂ ਸਕਦਾ ਅਤੇ ਕਿਵੇਂ ਉਸ ਦੇ ਘਰ ਵਿੱਚ ਬਣੇ ਪਖਾਨੇ ਨੇ ਉਸ ਦੇ ਜੀਵਨ ਵਿੱਚ ਹਾਂ-ਪੱਖੀ ਤਬਦੀਲੀ ਲਿਆਂਦੀ ਹੈ। ਉਸ ਵਰਗੇ ਕਈ ਦਿੱਵਯਾਂਗ ਭੈਣਾਂ ਅਤੇ ਭਰਾ ਹਨ ਜੋ ਕਿ ਜਨਤਕ ਖੁੱਲ੍ਹੀਆਂ ਥਾਵਾਂ ‘ਤੇ ਪਖਾਨਾ ਕਰਨ ਜਾਣ ਵਿੱਚ ਕਾਫੀ ਪ੍ਰੇਸ਼ਾਨੀ ਮਹਿਸੂਸ ਕਰਦੇ ਸਨ। ਉਸ ਤੋਂ ਜੋ ਅਸ਼ੀਰਵਾਦ ਮੈਨੂੰ ਮਿਲਿਆ ਹੈ, ਉਹ ਮੇਰੀਆਂ ਯਾਦਾਂ ਵਿੱਚ ਰਹੇਗਾ।
ਭਾਰਤੀਆਂ ਦੀ ਇੱਕ ਬਹੁਤ ਵੱਡੀ ਗਿਣਤੀ ਦੀ ਚੰਗੀ ਕਿਸਮਤ ਨਹੀਂ ਸੀ ਕਿ ਉਹ ਅਜ਼ਾਦੀ ਦੇ ਸੰਘਰਸ਼ ਦਾ ਹਿੱਸਾ ਨਹੀਂ ਬਣ ਸਕੇ। ਅਸੀਂ ਉਸ ਵੇਲੇ ਦੇਸ਼ ਲਈ ਬਲੀਦਾਨ ਨਹੀਂ ਦੇ ਸਕੇ ਪਰ ਹੁਣ ਸਾਨੂੰ ਦੇਸ਼ ਲਈ ਜਿਊਣਾ ਚਾਹੀਦਾ ਹੈ ਅਤੇ ਉਸ ਦੀ ਉਸਾਰੀ ਲਈ ਉਹ ਹਰ ਸੰਭਵ ਕੰਮ ਕਰਨਾ ਚਾਹੀਦਾ ਹੈ ਜਿਸ ਦਾ ਸੁਪਨਾ ਸਾਡੇ ਅਜ਼ਾਦੀ ਘੁਲਾਟੀਆਂ ਨੇ ਲਿਆ ਸੀ।
ਅੱਜ, ਸਾਡੇ ਕੋਲ ਬਾਪੂ ਦੇ ਸੁਪਨੇ ਨੂੰ ਪੂਰਾ ਕਰਨ ਦਾ ਵੱਡਾ ਮੌਕਾ ਹੈ। ਅਸੀਂ ਕਾਫੀ ਰਾਹ ਤੈਅ ਕਰ ਲਿਆ ਹੈ ਅਤੇ ਮੈਨੂੰ ਭਰੋਸਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਪੈਂਡਾ ਤੈਅ ਕਰਨ ਵਿੱਚ ਸਫਲ ਹੋਵਾਂਗੇ।
‘ਵੈਸ਼ਣਵ ਜਨ ਤੋ ਤੇਨੇ ਕਹੀਏ ਜੇ, ਪੀਰ ਪਰਾਈ ਜਾਨ ਰੇ’ ('वैष्णव जन तो तेने कहिये जे, पीर परायी जाने रे”) ਬਾਪੂ ਦੇ ਪਿਆਰੇ ਭਜਨਾਂ ਵਿੱਚੋਂ ਇੱਕ ਸੀ, ਜਿਸ ਦਾ ਅਰਥ ਹੈ ''ਇੱਕ ਪਵਿੱਤਰ ਆਤਮਾ ਉਹ ਹੈ ਜੋ ਕਿ ਦੂਜਿਆਂ ਦੇ ਦਰਦ ਨੂੰ ਮਹਿਸੂਸ ਕਰੇ।'' ਇਹ ਉਹ ਭਾਵਨਾ ਹੈ ਜਿਸ ਨੇ ਉਨ੍ਹਾਂ ਨੂੰ ਦੂਜਿਆਂ ਲਈ ਜਿਊਣਾ ਸਿਖਾਇਆ। ਅੱਜ ਅਸੀਂ 130 ਕਰੋੜ ਭਾਰਤੀ ਮਿਲ ਕੇ ਬਾਪੂ ਦੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰਤੀਬੱਧ ਹਾਂ ਜੋ ਕਿ ਉਨ੍ਹਾਂ ਨੇ ਦੇਸ਼ ਲਈ ਦੇਖੇ ਅਤੇ ਜਿਸ ਲਈ ਉਨ੍ਹਾਂ ਨੇ ਜੀਵਨ ਦਾ ਬਲੀਦਾਨ ਦਿੱਤਾ ਸੀ।
-
ਨਰੇਂਦਰ ਮੋਦੀ, ਭਾਰਤ ਦੇ ਪ੍ਰਧਾਨ ਮੰਤਰੀ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.