ਮੈਂ ਬਹੁਤ ਨਿੱਕਾ ਜਿਹਾ ਸੀ ਜਦ ਮੇਰੇ ਤਾਇਆ ਜੀ ਦੇ ਘਰ ਹਰ ਸਾਲ ਕਣਕਾਂ ਦੀ ਵਾਢੀ ਮਗਰੋਂ ਇੱਕ ਘੋੜੀ ਵਾਲਾ ਬਾਬਾ ਆਉਂਦਾ । ਨਾਮਧਾਰੀ ਤਰਜ਼ ਦੀ ਦਸਤਾਰ ਵਾਲਾ। ਉਹ ਲਗਪਗ ਹਫ਼ਤਾ ਦੋ ਹਫ਼ਤੇ ਸਾਡੇ ਤਾਿਆ ਜੀ ਲਾਭ ਸਿੰਘ ਦੇ ਪੁੱਤਰ ਭਾ ਗੁਰਦਿਆਲ ਸਿੰਘ ਦੇ ਘਰ ਰਹਿੰਦਾ ਅਤੇ ਸਵੇਰ ਸਾਰ ਕਿਸੇ ਨਾ ਕਿਸੇ ਪਿੰਡ ਕਣਕ ਦੀ ਉਗਰਾਹੀ ਲਈ ਜਾਂਦਾ। ਸਾਰੀ ਇਕੱਠੀ ਕਣਕ ਸੰਗਤਾਂ ਵੱਲੋਂ ਭੈਣੀ ਸਾਹਬ ਦੇ ਲੰਗਰ ਵਾਸਤੇ ਸ਼ੁਕਰਾਨੇ ਵਜੋਂ ਭੇਂਟ ਕੀਤੀ ਜਾਂਦੀ ਸੀ, ਦਾਨ ਨਹੀਂ। ਨਾਮਧਾਰੀ ਸੰਸਾਰ ਨਾਲ ਇਹ ਮੇਰੀ ਪਹਿਲੀ ਵਾਕਫੀਅਤ ਸੀ। ਘੋੜੀ ਵਾਲਾ ਬਾਬਾ ਬੜਾ ਸਹਿਜ ਭਾਵੀ, ਭਰਿਆ ਭਕੁੰਨਾ, ਸਹਿਜ ਸੰਤੋਖੀ ਚਿਹਰਾ। ਨਾਮਧਾਰੀ ਸੰਸਾਰ ਨਾਲ ਮੇਰੀ ਦੂਸਰੀ ਮੁਲਾਕਾਤ ਮੇਰੇ ਸਹਿਪਾਠੀ ਸਤਨਾਮ ਸਿੰਘ ਮੰਮਣ ਕਾਰਨ ਹੋਈ । ਮੰਮਣ ਪਿੰਡ ਦੇ ਕਿਰਤੀ ਪਰਿਵਾਰ ਵਿਚੋਂ ਉੱਠਿਆ ਇਹ ਨੌਜੁਆਨ ਮੈਨੂੰ ਅੱਜ ਤੀਕ ਦੁਬਾਰਾ ਕਦੇ ਨਹੀਂ ਮਿਲਿਆ ਪਰ ਜਿੰਨੀ ਲਗਨ, ਮਿਹਨਤ ਅਤੇ ਸਮਰਪਿਤ ਭਾਵਨਾ ਨਾਲ ਉਹ ਹਰ ਕਾਰਜ ਨੂੰ ਨੇਪਰੇ ਚਾੜਦਾ ਉਹ ਅੱਜ ਵੀ ਮੇਰੀ ਰੂਹ ਨੂੰ ਠਾਰ ਜਾਂਦਾ ਹੈ। ਸਤਨਾਮ ਸਾਡਾ ਮੁਨੀਟਰ ਸੀ, ਕਦੇ ਗੁੱਸੇ ਵਿੱਚ ਨਾ ਆਉਂਦਾ ਹਰ ਗੱਲ ਹੱਸ ਕੇ ਸਮਝਾਉਂਦਾ ਅਤੇ ਸਾਰੀ ਜਮਾਤ ਨੂੰ ਆਪਣੇ ਨਾਮਧਾਰੀ ਹੋਣ ਦਾ ਅਹਿਸਾਸ ਕਰਵਾਉਂਦਾ। ਸੱਚੀ ਗੱਲ ਤਾਂ ਇਹ ਹੈ ਕਿ ਉਦੋਂ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਨਾਮਧਾਰੀਏ ਕੌਣ ਹੁੰਦੇ ਨੇ, ਕਿਥੇ ਰਹਿੰਦੇ ਨੇ। ਆਮ ਵਿਅਕਤੀਆਂ ਨਾਲੋਂ ਵਧੇਰੇ ਅਨੁਸ਼ਾਸ਼ਨਬੱਧ ਇਨ•ਾਂ ਲੋਕਾਂ ਬਾਰੇ ਜਾਨਣ ਦੀ ਉਤਸੁਕਤਾ ਬਾਰੇ ਹੀ ਸੀ ਕਿ ਜਦ ਮੈਂ ਉਚੇਰੀ ਪੜ•ਾਈ ਲਈ 1971 ਵਿੱਚ ਲੁਧਿਆਣੇ ਆਇਆ ਤਾਂ ਇਥੇ ਆਉਣ ਸਾਰ ਭੈਣੀ ਸਾਹਿਬ ਦਾ ਜ਼ਿਕਰ ਤੁਰਦਿਆਂ ਇਕ ਸਵੇਰ ਸਾਈਕਲਾਂ ਤੇ ਹੀ ਭੈਣੀ ਸਾਹਿਬ ਦੀ ਧਰਤੀ ਨੂੰ ਨਮਸਕਾਰਨ ਤੁਰ ਪਿਆ।
ਰੁਜ਼ਗਾਰ ਕਾਰਨ 1976 ਵਿੱਚ ਮੈਂ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਪੁੱਜਾ ਤਾਂ ਇਥੇ ਪੜ੍ਹਦੇ ਨਾਮਧਾਰੀ ਵਿਦਿਆਰਥੀਆਂ ਨੇ ਮੈਨੂੰ ਹੋਰ ਵੀ ਪ੍ਰਭਾਵਿਤ ਕੀਤਾ। ਨਾਮਧਾਰੀ ਬੱਚਿਆਂ ਦਾ ਸੰਗੀਤ ਅਤੇ ਖੇਡਾਂ ਵੱਲ ਸਮਰਪਣ ਹੋਰ ਵੀ ਅਪੀਲ ਕਰਨ ਵਾਲਾ ਸੀ। ਇਹ ਸਾਰਾ ਕੁਝ ਰੂਹ ਤੇ ਤਾਂ ਅਸਰ ਪਾਉਂਦਾ ਰਿਹਾ ਪਰ ਨਾਮਧਾਰੀ ਢਾਂਚੇ ਅਤੇ ਸੰਗਠਿਤ ਨਾਲ ਮੇਰਾ ਕੋਈ ਸੰਪਰਕ ਨਹੀਂ ਹੋਇਆ। ਮੇਰੇ ਲਈ ਇੱਕੋ ਇਕ ਖਿੜਕੀ ਨਾਮਧਾਰੀ ਜਗਦੀਸ਼ ਸਿੰਘ ਜਲੰਧਰ ਵਲੋਂ ਪ੍ਰਕਾਸ਼ਤ ਹੁੰਦਾ ਮੈਗਜ਼ੀਨ 'ਵਰਿਆਮ' ਸੀ ਜਿਸ ਵਿੱਚ ਮੇਰੀਆਂ ਲਿਖਤਾਂ ਅਕਸਰ ਛਪਦੀਆਂ । ਇਨ੍ਹਾਂ ਲਿਖਤਾਂ ਸਹਾਰੇ ਹੀ ਮੇਰੀ ਸਾਂਝ ਸ: ਪ੍ਰੀਤਮ ਸਿੰਘ ਕਵੀ ਜੀ ਨਾਲ ਹੋਈ ਜਿਨ੍ਹਾਂ ਨੇ ਨਵਾਂ ਜ਼ਮਾਨਾ ਅਖ਼ਬਾਰ ਦੇ ਬਾਹਰ ਖਲੋ ਕੇ ਆਪਣੇ ਕੈਮਰੇ ਨਾਲ ਮੇਰੀ ਜ਼ਿੰਦਗੀ ਦਾ ਪਹਿਲਾ ਰੰਗੀਨ ਚਿੱਤਰ ਖਿੱਚਿਆ। ਮਗਰੋਂ ਪਤਾ ਲੱਗਾ ਕਿ ਸ: ਪ੍ਰੀਤਮ ਸਿੰਘ ਕਵੀ ਨਾਮਧਾਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਸਹਿਪਾਠੀ ਅਤੇ ਬਾਲ ਸਖਾਈ ਮਿੱਤਰ ਹਨ। ਬੀਤੇ ਦੀਆਂ ਪੈੜਾਂ ਵਿੱਚੋਂ ਪ੍ਰਾਪਤ ਜਾਣਕਾਰੀ ਨੇ ਮੈਨੂੰ ਸਤਿਗੁਰੂ ਜਗਜੀਤ ਸਿੰਘ ਅਤੇ ਉਨ•ਾਂ ਦੇ ਪੂਰਬਲੇ ਮਹਾਂਪੁਰਖਾਂ ਬਾਰੇ ਜਾਨਣ ਦੀ ਉਤਸੁਕਤਾ ਵਧਾਈ। 1983 ਵਿੱਚ ਜਦ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸੇਵਾ ਵਿੱਚ ਆਇਆ ਤਾਂ ਉਨੀਂ ਦਿਨੀਂ ਮਾਛੀਵਾੜਾ ਬਲਾਕ ਲੈਬ ਟੂ ਲੈਂਡ ਪ੍ਰੋਗਰਾਮ ਅਧੀਨ ਯੂਨੀਵਰਸਿਟੀ ਦੇ ਕਾਰਜ ਖੇਤਰ ਦਾ ਹਿੱਸਾ ਸੀ। ਆਪਣੇ ਸੀਨੀਅਰ ਅਧਿਆਪਕਾਂ ਡਾ: ਰਣਜੀਤ ਸਿੰਘ ਅਤੇ ਡਾ: ਗੁਰਦੇਵ ਸਿੰਘ ਮੋਮੀ ਦੇ ਸੰਗ ਸਾਥ ਕਈ ਵਾਰ ਭੈਣੀ ਸਾਹਿਬ ਜਾਣ ਦਾ ਸੁਭਾਗ ਹੋਇਆ ਪਰ ਲੰਗਰ ਦੇ ਪਰਸ਼ਾਦੇ ਤੋਂ ਗੱਲ ਅੱਗੇ ਨਾ ਵਧੀ।
ਇਕ ਵਾਰ ਭੈਣੀ ਸਾਹਿਬ ਦੀ ਗਊ ਸ਼ਾਲਾ ਵੇਖਣ ਦਾ ਸਬੱਬ ਬਣਿਆ ਤਾਂ ਦੰਗ ਰਹਿ ਗਿਆ ਕਿ ਵੱਛੇ ਵੱਛੀਆਂ ਦਾ ਨਾਮ ਪੁਕਾਰਨ ਤੇ ਉਨ੍ਹਾਂ ਦੀਆਂ ਮਾਵਾਂ ਇੰਝ ਟਹਿਲਦੀਆਂ ਆਉਂਦੀਆਂ ਹਨ ਜਿਵੇਂ ਪੰਜਾਬੀ ਭਾਸ਼ਾ ਤੋਂ ਸਾਡੇ ਨਾਲੋਂ ਵੀ ਵਧੇਰੇ ਵਾਕਿਫ਼ ਹੋਣ। ਆਗਿਆਕਾਰ ਪਸ਼ੂ, ਸਚਮੁਚ ਗਊਆਂ। ਉਸ ਬਜ਼ੁਰਗ ਬਾਪੂ ਦਾ ਨਾਮ ਤਾਂ ਵਿੱਸਰ ਗਿਆ ਪਰ ਗੱਲਾਂ ਚੇਤੇ ਨੇ। ਬਾਪੂ ਨੇ ਦੱਸਿਆ ਕਿ ਨਾਮਧਾਰੀ ਪੰਥ ਮੁਖੀ ਸਨਮਾਨਯੋਗ ਜਗਜੀਤ ਸਿੰਘ ਜੀ ਦੇ ਪੁਰਖ਼ਿਆਂ ਵੇਲੇ ਤੋਂ ਹੀ ਗਊਸ਼ਾਲਾ ਦਾ ਇਹੀ ਨਿਜ਼ਾਮ ਚੱਲਦਾ ਆ ਰਿਹਾ ਹੈ। ਗੋਪਾਲ ਪੰਡਿਤ ਦੀ ਉਪਾਧੀ ਅਨੇਕ ਵਾਰ ਨਾਮਧਾਰੀ ਦਰਬਾਰ ਨੂੰ ਹਾਸਿਲ ਹੋ ਚੁੱਕੀ ਹੈ। ਇਨ੍ਹਾਂ ਵਕਤਾਂ ਵਿੱਚ ਹੀ ਲੁਧਿਆਣਾ ਦੇ ਫੋਟੋ ਕਲਾਕਾਰਾਂ ਦੇ ਸੰਪਰਕ ਵਿੱਚ ਠਾਕੁਰ ਦਲੀਪ ਸਿੰਘ ਅਤੇ ਉਨ•ਾਂ ਦੀ ਫੋਟੋ ਕਲਾਕਾਰੀ ਆਈ । ਉਨ•ਾਂ ਕਲਾਕਾਰਾਂ ਦੇ ਕਾਫਲੇ ਵਿੱਚ ਠਾਕੁਰ ਦਲੀਪ ਸਿੰਘ ਦੀਆਂ ਤਰੇਲ ਤੁਪਕਾ ਸੀਰੀਜ਼ ਦੀਆਂ ਤਸਵੀਰਾਂ ਅਤੇ ਮਗਰੋਂ ਕਿਲ•ਾ ਰਾਏਪੁਰ ਦੀਆਂ ਖੇਡਾਂ ਦਾ ਫੋਟੋ ਅੰਕਣ ਅੱਜ ਵੀ ਮੇਰੀ ਰੂਹ ਵਿੱਚ ਤਰਬਾਂ ਛੇੜਦਾ ਹੈ। ਮਾਂ ਦੀ ਗੋਦੀ ਵਿੱਚ ਲੇਟੀ ਸਫੇਦ ਵਸਤਰਾਂ ਵਾਲੀ ਨਿੱਕੀ ਜਿਹੀ ਬਾਲੜੀ ਦਾ ਮਾਂ ਦੀਆਂ ਅੱਖਾਂ ਵਿੱਚ ਅੱਖਾਂ ਗੱਡੀ ਚਿੱਤਰ ਮੈਨੂੰ ਵਿਸਮਾਦ ਅਵਸਥਾ ਵਿੱਚ ਲੈ ਜਾਂਦਾ ਹੈ। ਚਿੱਟੇ ਵਸਤਰਾਂ ਵਿਚੋਂ ਵਿਸਮਾਦੀ ਮੁਹਾਂਦਰੇ ਨਾਮਧਾਰੀ ਕਲਾਕਾਰ ਦਾ ਕਮਾਲ ਹੀ ਆਖਿਆ ਜਾ ਸਕਦਾ ਹੈ।
ਮੇਰੇ ਮਿਹਰਬਾਨ ਸੱਜਣ ਲਿਖਾਰੀ ਅਤੇ ਪੰਜਾਬ ਬੁੱਕ ਸੈਂਟਰ ਦੇ ਲੁਧਿਆਣਾ ਕੇਂਦਰ ਵਿੱਚ ਲੰਮਾ ਸਮਾਂ ਪ੍ਰਬੰਧਕ ਰਹੇ ਸੁਰਜੀਤ ਖੁਰਸ਼ੀਦੀ ਨੇ ਜਦ ਭੈਣੀ ਸਾਹਿਬ ਡੇਰਾ ਲਾਇਆ ਤਾਂ ਉਨ•ਾਂ ਰਾਹੀਂ ਲੁਧਿਆਣੇ ਦੇ ਬਹੁਤੇ ਲਿਖਾਰੀਆਂ ਨੂੰ ਅਕਸਰ ਭੈਣੀ ਸਾਹਿਬ ਜਾਣ ਦਾ ਮੌਕਾ ਮਿਲਣ ਲੱਗਾ । ਖੁਰਸ਼ੀਦੀ ਜੀ ਤੋਂ ਪਹਿਲਾਂ ਵੀ ਨਾਮਧਾਰੀ ਦਰਬਾਰ ਅਤੇ ਪੰਜਾਬੀ ਲੇਖਕਾਂ ਦਾ ਮੇਲ ਜਗ ਜਾਹਰ ਸੀ। ਸ: ਗੁਰਬਖਸ਼ ਸਿੰਘ ਪ੍ਰੀਤਲੜੀ, ਸੰਤੋਖ ਸਿੰਘ ਧੀਰ, ਪ੍ਰੋ: ਮੋਹਨ ਸਿੰਘ, ਸੰਤ ਸਿੰਘ ਸੇਖੋਂ, ਜਗਜੀਤ ਸਿੰਘ ਆਨੰਦ ਅਤੇ ਅਨੇਕਾਂ ਹੋਰ ਲਿਖਾਰੀ ਨਾਮਧਾਰੀ ਦਰਬਾਰ ਨਾਲ ਸੰਪਰਕ ਰੱਖਦੇ । ਮੈਨੂੰ ਕਈ ਵਾਰ ਅਜੀਬ ਲੱਗਦਾ ਕਿ ਆਸਥਾ ਦੇ ਸਮੁੰਦਰ ਨਾਲ ਨਾਸਤਕਤਾ ਦੀ ਜਗਜੀਤ ਇਹ ਅਜੀਬ ਰਿਸ਼ਤੇਦਾਰੀ ਕਿਵੇਂ ਨਿਭ ਰਹੀ ਹੈ ? ਹਰ ਲਿਖਾਰੀ ਦੇ ਦੁੱਖ ਦਰਦ ਅਤੇ ਤਕਲੀਫ ਵੇਲੇ ਸਤਿਗੁਰੂ ਸਿੰਘ ਬਹੁੜਦੇ ਵੇਖੇ ਹਨ। ਸਨਮਾਨਦੇ ਵੇਖੇ ਹਨ। ਪ੍ਰੋ: ਪ੍ਰੀਤਮ ਸਿੰਘ ਪਟਿਆਲਾ ਅਤੇ ਪ੍ਰੋ: ਕਿਰਪਾਲ ਸਿੰਘ ਕਸੇਲ ਤੋਂ ਇਲਾਵਾ ਡਾ: ਰਤਨ ਸਿੰਘ ਜੱਗੀ ਦਾ ਆਦਰ ਮਾਣ ਹੁੰਦਾ ਇਨ•ਾਂ ਅੱਖਾਂ ਨੇ ਖੁਦ ਵੇਖਿਆ ਹੈ। ਇਥੇ ਹੀ ਕਹਾਣੀਕਾਰ ਸੁਖਜੀਤ ਦੀ ਸਰਪੰਚੀ ਪ੍ਰਵਾਨ ਚੜ•ੀ ਅਤੇ ਮੇਰੇ ਹਮਉਮਰਾਂ ਦੀ ਆਮਦੋ ਰਫ਼ਤ ਵੀ ਪਹਿਲਾਂ ਨਾਲੋਂ ਕਿਤੇ ਵਧ ਗਈ। ਚੋਟੀ ਦੇ ਕਵੀ ਦਰਬਾਰ ਅਤੇ ਵਿਚਾਰ ਵਟਾਂਦਰੇ ਵਾਲੀਆਂ ਗਹਿਰ ਗੰਭੀਰੀਆਂ ਗੋਸ਼ਟੀਆਂ ਲਈ ਭੈਣੀ ਸਾਹਿਬ ਸਾਡੇ ਲਈ ਠਾਹਰ ਬਣ ਗਈ। ਇਥੇ ਸੰਤ ਹਰਪਾਲ ਸਿੰਘ ਸੇਵਕ ਅਤੇ ਹੋਰ ਸੱਜਣ ਪਿਆਰਿਆਂ ਨਾਲ ਮੁਹੱਬਤ ਦੀਆਂ ਪੀਡੀਆਂ ਗੰਢਾਂ ਦਾ ਵਿਕਾਸ ਹੋਇਆ ਹੈ। ਸੰਤ ਜਗਤਾਰ ਸਿੰਘ ਜੀ ਦੀ ਮੁਹੱਬਤ ਅਤੇ ਬਾਰੀਕ ਬੀਨ ਅੱਖ ਵਿਚੋਂ ਵੀ ਖੁਦ ਨੂੰ ਨਿਕਲਦਿਆਂ ਵੇਖਿਆ ਹੈ।
ਇਨ•ਾਂ ਵਕਤਾਂ ਦੌਰਾਨ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਦ੍ਰਿਸ਼ਟੀ ਦਾ ਅਹਿਸਾਸ ਹੁੰਦਾ ਰਿਹਾ। ਨਤਮਸਤਕ ਹੋਣ ਵੇਲੇ ਨਜ਼ਰ ਜਦ ਉੱਠਦੀ ਤਾਂ ਸਤਿਗੁਰੂ ਜਗਜੀਤ ਸਿੰਘ ਜੀ ਦੀ ਅਪਾਰ ਬਖਸ਼ਿਸ਼ ਦੀ ਨਜ਼ਰ ਨਾਲ ਰੂਹ ਠਰ ਜਾਂਦੀ । ਬਿਨ ਥੰਮਾਂ ਗਗਨ ਰਹਾਇਆ ਵਰਗੇ ਹਾਲ ਵਿੱਚ ਜਦ ਚਿੱਟੇ ਵਸਤਰਾਂ ਵਾਲੇ ਸਮੁੰਦਰ ਵਿਚੋਂ ਮੇਰੇ ਵਰਗਾ ਕੋਈ ਰੰਗ ਬਰੰਗਾ ਵਿਅਕਤੀ ਸੰਬੋਧਨ ਕਰਦਾ ਤਾਂ ਸਤਿਗੁਰੂ ਉਸਨੂੰ ਵੀ ਗਹੁ ਨਾਲ ਸੁਣਦੇ ਅਤੇ ਆਪਣੇ ਪਿਆਰ ਦੁਲਾਰ ਦਾ ਭਾਗੀ ਬਣਾਉਂਦੇ। ਮੈਂ ਉਨ•ਾਂ ਕੁਝ ਇਕ ਚੋਣਵੇਂ ਖੁਸ਼ਕਿਸਮਤ ਵਿਅਕਤੀਆਂ ਵਿੱਚ ਖੁਦ ਨੂੰ ਗਿਣ ਸਕਦਾ ਹਾਂ ਜਿਨ•ਾਂ ਤੇ ਇਸ ਰਹਿਮਤ ਦਾ ਮੀਂਹ ਵਰਿ•ਆ ਹੈ। ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਲੁਧਿਆਣਾ ਦੇ ਉਦਘਾਟਨੀ ਸਮਾਗਮ ਮੌਕੇ ਜਦ ਉਸਤਾਦ ਅਮਜ਼ਦ ਅਲੀ ਖਾਨ ਸਾਹਿਬ ਦੇ ਦੋਹਾਂ ਪੁੱਤਰਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਪਿੰਕੀ ਅਤੇ ਸ਼ਿਵਾ ਮਣੀ ਦਾ ਵਾਦਨ ਸੁਣਿਆ ਤਾਂ ਮਾਹੌਲ ਸੰਗੀਤ ਦੀ ਸਿਖ਼ਰ ਤੇ ਪਹੁੰਚਿਆ ਹੋਇਆ ਸੀ। ਸਤਿਗੁਰ ਜਗਜੀਤ ਸਿੰਘ ਤਾਂ ਇਸ ਮੌਕੇ ਹਾਜ਼ਰ ਨਹੀਂ ਸਨ ਪਰ ਉਨ•ਾਂ ਦੀ ਹਾਜ਼ਰੀ ਮਹਿਸੂਸ ਹੋ ਰਹੀ ਸੀ। ਉਹ ਅਜਿਹੇ ਮੌਕਿਆਂ ਤੇ ਬੰਦਸ਼ਾਂ ਦੀ ਨਿਗ•ਾਬਾਨੀ ਕਰਦੇ ਮੈਂ ਖੁਦ ਭੈਣੀ ਸਾਹਿਬ ਵਿਖੇ ਬਹੁਤ ਵਾਰ ਵੇਖੇ ਸਨ। ਇਸ ਮੌਕੇ ਮੈਂ ਕੁਝ ਸਤਰਾਂ ਕਵਿਤਾ ਵਰਗੀਆਂ ਮੌਕੇ ਤੇ ਹੀ ਲਿਖੀਆਂ ਜੋ ਸੰਤ ਦਲੀਪ ਸਿੰਘ ਨਾਮਧਾਰੀ ਅਤੇ ਸੰਤ ਅਜੀਤ ਸਿੰਘ ਲਾਇਲ ਨੂੰ ਸੌਂਪ ਦਿੱਤੀਆਂ। ਉਨ•ਾਂ ਉਸੇ ਵੇਲੇ ਮੰਚ ਤੋਂ ਪੜ• ਸੁਣਾਈਆਂ। ਉਹ ਕਵਿਤਾ ਗੁਆਚ ਗਈ ਸੀ ਹੁਣ ਸੰਤ ਜਗਦੀਸ਼ ਸਿੰਘ ਨਾਮਧਾਰੀ ਨੇ ਲੱਭ ਦਿੱਤੀ ਹੈ। ਤੁਸੀਂ ਵੀ ਉਸ ਨਾਲ ਸਾਂਝ ਪਾਓ।
ਕੁਝ ਮੌਕਿਆਂ ਤੇ ਹੋਏ ਬਚਨ ਬਿਲਾਸ ਟੁੱਟਵੇਂ ਰੂਪ ਵਿੱਚ ਇਕੱਠੇ ਕਰਨੇ ਸੰਭਵ ਨਹੀਂ ਹਨ ਪਰ ਇੱਕ ਵਾਰ ਪੂਰੇ ਦੋ ਘੰਟੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿੱਚ ਸ਼ਾਮ ਵੇਲੇ ਬੈਠਣ ਦਾ ਵਸੀਲਾ ਬਣਿਆ। ਕਾਰਨ ਸੀ ਮੇਰੇ ਮਿੱਤਰ ਤੇਜ ਪ੍ਰਤਾਪ ਸਿੰਘ ਸੰਧੂ ਨੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਫੋਟੋ ਚਿੱਤਰ ਉਤਾਰਨੇ ਸਨ। ਉਸ ਦਿਨ ਦੇ ਵਾਰਤਾਲਾਪ ਵਿਚੋਂ ਕੁਝ ਕਿਣਕੇ ਮੈਨੂੰ ਹੁਣ ਵੀ ਜੀਵਨ ਵਿੱਚ ਪ੍ਰੇਰਕ ਬਣ ਕੇ ਜਗਾਉਂਦੇ ਹਨ। ਗੱਲਾਂ ਰਸਮੀ ਨਹੀਂ ਸਨ ਨਾ ਹੀ ਵਿਸ਼ਾ ਵਸ਼ਤੂ ਕਿਸੇ ਬੰਧੇਜ਼ ਦਾ ਗੁਲਾਮ ਸੀ। ਰਹਿਮਤ ਵਰਗੇ ਬੋਲਾਂ ਵਿਚੋਂ ਫੜੇ ਕੁਝ ਵਿਚਾਰ ਮੈਂ ਉਸੇ ਦਿਨ ਘਰ ਪਰਤ ਕੇ ਡਾਇਰੀ ਤੇ ਉਤਾਰ ਲਏ। ਲੰਮਾ ਸਮਾਂ ਗੁਆਚੇ ਰਹੇ। ਹੁਣ ਹਿੰਮਤ ਕਰਕੇ ਲੱਭੇ ਹਨ।
ਸਤਿਗੁਰੂ ਜਗਜੀਤ ਸਿੰਘ ਜੀ ਨੇ ਆਖਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਸਾਡਾ ਰਿਸ਼ਤਾ ਪਿਉ ਪੁੱਤਰ ਵਾਲਾ ਹੈ। ਜਿਵੇਂ ਬਾਪ ਆਦੇਸ਼ ਕਰਦਾ ਹੈ ਪੁੱਤਰ ਨੂੰ ਮੰਨਣਾ ਬਣਦਾ ਹੈ। ਜਿਹੜੇ ਨਹੀਂ ਮੰਨਦੇ ਉਹ ਦਰ ਦਰ ਠੋਕਰਾਂ ਖਾਂਦੇ ਹਨ। ਦਿਲ ਖੋਲ ਕੇ ਮੰਗਣ ਅਤੇ ਦੇਣ ਵਾਲੇ ਨੂੰ ਹੀ ਬਖਸ਼ਿਸ਼ ਹਾਸਿਲ ਹੁੰਦੀ ਹੈ ਪਰ ਅਸੀਂ ਮੰਗਣ ਵੇਲੇ ਝੋਲੀ ਬਹੁਤੀ ਖਿਲਾਰ ਲੈਂਦੇ ਹਾਂ ਅਤੇ ਵੰਡਣ ਵੇਲੇ ਮੁੱਠੀ ਘੁੱਟ ਲੈਂਦੇ ਹਾਂ। ਇਹ ਗੁਰੂ ਦਾ ਰਾਹ ਨਹੀਂ । ਉਨ•ਾਂ ਇਹ ਵੀ ਆਖਿਆ ਕਿ ਸ਼ਬਦ ਦੀ ਸੱਤਿਆ ਤੁਹਾਡੇ ਕਰਮ ਵਿੱਚ ਲੁਕੀ ਹੋਈ ਹੈ ਜੇਕਰ ਤੁਸੀਂ ਸੰਤੋਖੀ ਨਹੀਂ ਅਤੇ ਮਾਇਆ ਦੇ ਗੁਲਾਮ ਹੋ ਤਾਂ ਤੁਹਾਡਾ ਸ਼ਬਦ ਵੀ ਅਰਥਹੀਣ ਹੋਵੇਗਾ। ਅਸੀਂ ਬਹੁਤੀ ਵਾਰ ਭਾਣੇ ਵਿੱਚ ਰਹਿਣ ਦੀ ਗੱਲ ਤਾਂ ਕਰਦੇ ਹਾਂ ਪਰ ਭਾਣਾ ਮੰਨਣ ਵੇਲੇ ਅੱਥਰੂ ਕੇਰਨ ਬੈਠ ਜਾਂਦੇ ਹਾਂ। ਇਸ ਦੋ ਅਮਲੀ ਕਾਰਨ ਹੀ ਅਸੀਂ ਆਪਣੇ ਆਪ ਨੂੰ ਦੁੱਖਾਂ ਦੇ ਪੁੜਾਂ ਵਿੱਚ ਪਿਸਦਾ ਮਹਿਸੂਸ ਕਰਦੇ ਹਾਂ। ਕਿਸੇ ਹੋਰ ਦੇ ਔਗਣਾਂ ਵੱਲ ਵੇਖਣ ਦੀ ਥਾਂ ਆਪਣੇ ਅੰਦਰ ਵੱਲ ਝਾਤੀ ਪਾਉਣ ਦੀ ਆਦਤ ਤੁਹਾਨੂੰ ਪਰਮ ਮਨੁੱਖ ਬਣਾ ਸਕਦੀ ਹੈ। ਅਸੀਂ ਸ਼ੀਸ਼ੇ ਵਿਚੋਂ ਸਿਰਫ ਚਿਹਰਾ ਵੇਖਦੇ ਹਾਂ ਰੂਹ ਦੀ ਖੂਬਸੂਰਤੀ ਨਹੀਂ। ਭਜਨ ਬਾਣੀ ਦਾ ਪਾਠ ਕਰਨਾ ਵੀ ਜ਼ਰੂਰੀ ਹੈ ਪਰ ਅਰਥਾਂ ਤੀਕ ਪਹੁੰਚ ਕੌਣ ਕਰੇਗਾ? ਸਾਨੂੰ ਹੀ ਕਰਨੀ ਪੈਣੀ ਹੈ। ਅਸੀਂ ਸਰੋਵਰਾਂ ਵਿੱਚ ਇਸ਼ਨਾਨ ਤਾਂ ਕਰਦੇ ਹਾਂ ਪਰ ਬਦੀਆਂ ਨੂੰ ਨਾਲ ਹੀ ਚੁੱਕੀ ਫਿਰਦੇ ਹਾਂ। ਰੂਹ ਨੂੰ ਅਪਰਾਧ ਮੁਕਤ ਕਰਨ ਲਈ ਰੂਹ ਦੇ ਦਰਬਾਰ ਖਲੋਣ ਤੋਂ ਗੁਰੇਜ਼ ਕਰਦੇ ਹਾਂ। ਖੂਬਸੂਰਤੀ ਵੇਖਣ ਵਾਲੀ ਅੱਖ ਵਿੱਚ ਹੁੰਦੀ ਹੈ ਅਤੇ ਇਹ ਅੱਖ ਨਿਰਮਲ ਤਾਂ ਹੀ ਰਹਿ ਸਕਦੀ ਹੈ ਜੇਕਰ ਰੂਹ ਵਿੱਚ ਮੈਲ ਨਾ ਹੋਵੇ। ਮੌਤ ਨੂੰ ਚੇਤੇ ਰੱਖਣ ਦਾ ਅਰਥ ਇਹ ਨਹੀਂ ਕਿ ਹਰ ਵੇਲੇ ਰੋਂਦੇ ਰਹੋ ਸਗੋਂ ਇਹ ਅਰਥ ਹੈ ਕਿ ਸਮੇਂ ਦੀ ਸੁਵਰਤੋਂ ਕਰੋ। ਹਰ ਪਲ ਆਦਰਸ਼ ਦੇ ਨਾਲ ਨਾਲ ਤੁਰੇ । ਸੰਸਾਰ ਵਿੱਚ ਆਉਣ ਦਾ ਮਨੋਰਥ ਜ਼ਿੰਦਗੀ ਨੂੰ ਹੁਣ ਨਾਲੋਂ ਸੋਹਣੀ ਬਣਾਉਣਾ ਹੈ। ਅਕਾਲ ਪੁਰਖ਼ ਵੱਲੋਂ ਲਿਖੇ ਸਵਾਸਾਂ ਦੀ ਪੂੰਜੀ ਖਰਚਣ ਵੇਲੇ ਸਾਨੂੰ ਜਾਗਣਾ ਚਾਹੀਦਾ ਹੈ। ਜੀਉਂਦੇ ਹੋਣ ਦਾ ਪ੍ਰਮਾਣ ਦੇਣ ਲਈ ਸਿਰਫ ਹਰਕਤ ਚਾਹੀਦੀ ਹੈ ਅਤੇ ਹਰਕਤ ਨਾਲ ਹੀ ਬਰਕਤਾਂ ਤੁਹਾਡੇ ਘਰ ਪਰਿਵਾਰ ਵਿੱਚ ਪੱਕਾ ਨਿਵਾਸ ਕਰਦੀਆਂ ਹਨ।
ਸਤਿਗੁਰਾਂ ਇਹ ਵੀ ਆਖਿਆ ਕਿ ਨਿੰਦਿਆ ਕਰਨ ਨਾਲ ਤੁਸੀਂ ਆਪਣੇ ਹੀ ਗੁਨਾਹਾਂ ਦਾ ਪ੍ਰਕਾਸ਼ ਕਰਦੇ ਹੋ ਕਿਸੇ ਦਾ ਕੁਝ ਨਹੀਂ ਵਿਗੜਦਾ। ਆਪਣਾ ਵਿਗਾੜਨ ਲਈ ਕਿਸੇ ਹੋਰ ਦੀ ਨਿੰਦਿਆ ਕਰੀ ਜਾਓ ਆਖ਼ਰ ਤੁਹਾਨੂੰ ਹੀ ਉਦਾਸੀ ਹੋਣੀ ਹੈ। ਚੰਗਿਆਂ ਦੀ ਸੰਗਤ ਲਈ ਹਿੰਮਤ ਕਰੋ ਅਤੇ ਬੁਰਿਆਂ ਦੀ ਸੰਗਤ ਤੋਂ ਮੁਕਤ ਰਹੋ। ਜ਼ਿੰਦਗੀ ਨਿਰੰਤਰ ਸੰਘਰਸ਼ ਦਾ ਨਾਂ ਹੈ ਅਤੇ ਇਹ ਸੰਘਰਸ਼ ਕੇਵਲ ਗੁਰੂ ਆਸ਼ੇ ਦੇ ਅਨੁਸਾਰ ਤੁਰ ਕੇ ਹੀ ਜਿੱਤ ਵਿੱਚ ਤਬਦੀਲ ਹੁੰਦਾ ਹੈ। ਜਿੱਤ ਤਨ ਦੀ ਨਹੀਂ ਹਮੇਸ਼ਾਂ ਮਨ ਦੀ ਹੁੰਦੀ ਹੈ ਅਤੇ ਮਨ ਜੇਤੂ ਅੰਦਾਜ਼ ਵਿੱਚ ਸਿਰਫ ਉਦੋਂ ਹੁੰਦਾ ਹੈ ਜਦ ਤੁਹਾਨੂੰ ਕਿਤੇ ਵੀ ਕੋਈ ਦੁਸ਼ਮਣ ਨਾ ਦਿਸੇ। ਹਰ ਪਾਸੇ ਪਿਆਰ ਦਾ ਸੰਸਾਰ ਪੱਲ•ਰਦਾ ਹੋਵੇ। ਵਿਗਿਆਨ ਸ਼ਕਤੀ ਹੈ ਪਰ ਧਰਮ ਤੋਂ ਵੱਡੀ ਨਹੀਂ। ਵਿਗਿਆਨ ਦਾ ਵੀ ਧਰਮ ਹੋਣਾ ਚਾਹੀਦਾ ਹੈ, ਕਲਾ ਵਾਂਗ ਕਲਿਆਣਕਾਰੀ। ਸਰਬੱਤ ਦਾ ਭਲਾ ਮੰਗਣ ਵਾਲਾ। ਵਿਸ਼ਵ ਸ਼ਾਂਤੀ ਸਿਰਫ ਸਾਡੀ ਲੋੜ ਨਹੀਂ ਮਨੁੱਖਤਾ ਦੀ ਲੋੜ ਹੈ। ਇਸ ਲਈ ਕਲਮ ਨੂੰ, ਬੁਰਸ਼ ਨੂੰ, ਸਾਜ ਨੂੰ ਕਦੇ ਵੀ ਚੁੱਪ ਨਹੀਂ ਬੈਠਣਾ ਚਾਹੀਦਾ ਹੈ। ਚੰਗੇ ਵਿਚਾਰ ਕਿਤੋਂ ਵੀ ਮਿਲਣ ਅਪਣਾਅ ਲਵੋ। ਇਹੀ ਮੂਲਧਨ ਜ਼ਿੰਦਗੀ ਵਿੱਚ ਖਰਚਣਯੋਗ ਪੂੰਜੀ ਹੈ। ਚੰਗੇ ਹੋਣ ਦਾ ਮਤਲਬ ਸਿਰਫ ਆਪਣੀ ਨਜ਼ਰ ਵਿੱਚ ਚੰਗੇ ਹੋਣਾ ਹੀ ਨਹੀਂ ਸਗੋਂ ਸਮਾਜ ਦੀ ਨਜ਼ਰ ਵਿੱਚ ਵੀ ਚੰਗੇ ਹੋਣਾ ਹੁੰਦਾ ਹੈ। ਦੁਨਿਆਵੀ ਪੜ•ਾਈ ਦੇ ਨਾਲ ਨਾਲ ਗਿਆਨ ਸਾਗਰ 'ਚੋਂ ਵੀ ਮੋਤੀ ਚੁਗਿਆ ਕਰੋ। ਹੰਸ ਇਹੀ ਚੁਗਦੇ ਨੇ ਅਤੇ ਕਾਂ ਗੰਦਗੀ ਦੇ ਢੇਰ ਵਿੱਚ ਹੀ ਗਲਤਾਨ ਰਹਿੰਦੇ ਨੇ।
ਮੇਰਾ ਮਿੱਤਰ ਤੇਜ ਪ੍ਰਤਾਪ ਸਿੰਘ ਸੰਧੂ ਤਸਵੀਰਾਂ ਉਤਾਰਦਾ ਰਿਹਾ ਅਤੇ ਮੈਨੂੰ ਮਹਾਂਪੁਰਖਾਂ ਦੇ ਬਚਨਾਂ ਦਾ ਲਾਲਚ ਸੀ। ਇੱਕ ਨਹੀਂ ਅਨੇਕ ਵਾਰ ਉਨ•ਾਂ ਨੇ ਆਖਿਆ ਕਿ ਮਨੁੱਖਤਾ ਦੀ ਬਿਹਤਰੀ ਲਈ ਕਲਮਕਾਰਾਂ ਨੂੰ ਪਹਿਲਾਂ ਨਾਲੋਂ ਵਧ ਸ਼ਕਤੀ ਨਾਲ ਕੰਮ ਕਰਨ ਦੀ ਲੋੜ ਹੈ। ਉਨ•ਾਂ ਵਿਅਕਤੀਆਂ ਦੀਆਂ ਕੰਮਜ਼ੋਰੀਆਂ ਦੀ ਥਾਂ ਸ਼ਕਤੀਆਂ ਵੱਲ ਧਿਆਨ ਦੇਣ ਲਈ ਪ੍ਰੇਰਨਾ ਦਿੱਤੀ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 2002 ਦੌਰਾਨ ਹੋਈਆਂ ਚੋਣਾਂ ਵਿੱਚ ਮੇਰਾ ਮੁਕਾਬਲਾ ਮੇਰੇ ਬਹੁਤ ਸਤਿਕਾਰਯੋਗ ਇਕ ਅਜਿਹੇ ਲੇਖਕ ਨਾਲ ਸੀ ਜਿਸ ਨੂੰ ਨਾਮਧਾਰੀ ਦਰਬਾਰ ਵੱਲੋਂ ਹਮੇਸ਼ਾਂ ਸਹਿਯੋਗ ਮਿਲਦਾ ਸੀ। ਮੈਂ ਖੁਦ ਸਹਿਯੋਗ ਮੰਗਣ ਦੀ ਥਾਂ ਆਪਣੇ ਸਿਰ•ਾਣੇ ਪਈ ਸਤਿਗੁਰ ਜਗਜੀਤ ਸਿੰਘ ਜੀ ਦੀ ਤਸਵੀਰ ਨਾਲ ਵਾਰਤਾਲਾਪ ਕੀਤਾ ਕਿ ਮੈਂ ਵੀ ਤੁਹਾਡਾ ਹਾਂ ਮੇਰੇ ਤੇ ਵੀ ਕਿਰਪਾ ਦ੍ਰਿਸ਼ਟੀ ਕਰੋ। ਚੋਣ ਵਿੱਚ ਮੈਂ ਜਿੱਤ ਗਿਆ । ਜਿੱਤ ਉਪਰੰਤ ਆਪਣੇ ਨਜ਼ਦੀਕੀ ਰਿਸ਼ਤੇਦਾਰ ਜਸਜੀਤ ਸਿੰਘ ਨੱਤ ਨੂੰ ਨਾਲ ਲੈ ਕੇ ਮੈਂ ਜਦ ਭੈਣੀ ਸਾਹਿਬ ਸ਼ੁਕਰਾਨਾ ਕਰਨ ਪੁੱਜਾ ਤਾਂ ਸਤਿਗੁਰ ਜਗਜੀਤ ਸਿੰਘ ਜੀ ਮੇਰੇ ਬੋਲਣ ਤੋਂ ਪਹਿਲਾਂ ਹੀ ਮੇਰੇ ਸਿਰ ਤੇ ਹੱਥ ਰੱਖ ਕੇ ਬੋਲੇ ਕਿ ਇਸ ਰੁਤਬੇ ਨੂੰ ਜਿੰਮੇਂਵਾਰੀ ਵਾਂਗ ਨਿਭਾਓਗੇ ਤਾਂ ਅਕਾਲ ਪੁਰਖ ਹਮੇਸ਼ਾਂ ਬਖਸ਼ਿਸ਼ ਰੱਖੇਗਾ। ਉਨ•ਾਂ ਇਸ਼ਾਰਿਆਂ ਵਿੱਚ ਇਹ ਵੀ ਦੱਸਿਆ ਕਿ ਮੇਰਾ ਮਿਹਰਵਾਨ ਵਿਰੋਧੀ ਸਿਰਫ ਆਪਣੇ ਭਾਰ ਨਾਲ ਡਿੱਗਿਆ ਹੈ ਮੇਰੇ ਵਿਰੋਧ ਕਾਰਨ ਨਹੀਂ। ਮਹਾਂਪੁਰਖ ਬਚਨ ਕਰਦੇ ਹਨ ਅੰਮ੍ਰਿਤ ਵਰਖਾ ਵਰਗੇ। ੳਨਾਂ ਨੂੰ ਆਪਣੇ ਸਾਹਾਂ ਵਿੱਚ ਰਮਾਉਣਾ ਅਤੇ ਜ਼ਿੰਦਗੀ ਵਿੱਚ ਨਿਭਾਉਣਾ ਸਾਡਾ ਪਵਿੱਤਰ ਫਰਜ਼ ਹੈ।
2015 ਚ ਬਾਬਾ ਰਾਮ ਸਿੰਘ ਜੀ ਦੀ 200 ਸਾਲਨਾਮਾ ਸ਼ਤਾਬਦੀ ਚ ਬੋਲਣ ਲਈ ਮੌਕਾ ਮਿਲਿਆ ਤਾਂ ਵਰਤਮਾਨ ਨਾਮਧਾਰੀ ਪੰਥ ਮੁਖੀ ਉਦੈ ਸਿੰਘ ਜੀ ਦੀ ਹਾਜ਼ਰੀ ਚ ਬਹੁਤ ਗੱਲਾਂ ਕਰਨ ਸੁਣਨ ਦਾ ਮੌਕਾ ਮਿਲਿਆ।
ਇਨਾਂ ਸ਼ਬਦਾਂ ਨਾਲ ਮੈਂ ਖੁਦ ਨਾਲ ਇਕਰਾਰ ਹੀ ਕਰ ਸਕਦਾ ਹਾਂ ਕਿ ਮੈਂ ਇਨ੍ਹਾਂ ਸ਼ਬਦਾਂ ਤੇ ਪਹਿਰੇਦਾਰੀ ਕਰਨ ਦਾ ਹਮੇਸ਼ਾਂ ਯਤਨ ਕਰਾਂਗਾ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.