ਗੁਰਭਜਨ ਗਿੱਲ ਦਾ ਕਾਵਿ-ਸੰਸਾਰ ਸਮੁੱਚੇ ਪੰਜਾਬ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ; ਇਹ ਉਹ ਪੰਜਾਬ ਹੈ, ਜਿੱਥੇ ਗੁਰਭਜਨ ਗਿੱਲ ਵੱਸਦਾ, ਹੱਸਦਾ, ਸਾਹ ਲੈਂਦਾ ਤੇ ਗ਼ਜ਼ਲਾਂ ਲਿਖਦਾ ਹੈ ਤੇ ਉਹ ਪੰਜਾਬ ਜੋ ਉਸ ਪੰਜਾਬ ਤੋਂ ਪਰੇ ਲਹਿੰਦੇ ਪੰਜਾਬ ਵਿਚ ਵੱਸਦਾ ਹੈ; ਜੰੰਮੂ, ਹਰਿਆਣੇ, ਦਿੱਲੀ ਤੇ ਹਿੰਦੋਸਤਾਨ ਦੇ ਹੋਰ ਸੂਬਿਆਂ ਵਿਚ ਵੱਸਦਾ ਹੈ; ਜੋ ਕਨੇਡਾ, ਯੋਰਪ, ਅਮਰੀਕਾ, ਆਸਟਰੇਲੀਆ ਤੇ ਹੋਰ ਦੇਸ਼ਾਂ-ਬਦੇਸ਼ਾਂ ਵਿਚ ਵੱਸਦਾ ਹੈ; ਉਹ ਪੰਜਾਬ ਜਿਸ ਦੇ ਕੋਈ ਹੱਦ ਬੰਨੇ ਨਹੀਂ ਹਨ, ਜਿਸ ਨੇ ਆਪਣੇ ਬੋਲ ਸ਼ੇਖ ਫਰੀਦ ਤੇ ਗੁਰੂ ਨਾਨਕ ਤੋਂ ਲਏ ਹਨ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ ਤੇ ਕਾਦਰ ਯਾਰ ਤੋਂ ਲਏ ਹਨ।
ਗੁਰਭਜਨ ਗਿੱਲ ਦੇ ਕਾਵਿ-ਸੰਸਾਰ ਵਿਚ ਦੋ ਉਪ-ਸੰਸਾਰ ਜਾਂ ਬਿਰਤਾਂਤ ਸਾਫ਼ ਵੇਖੇ ਜਾ ਸਕਦੇ ਹਨ, ਪੰਜਾਬ ਤੇ ਪੰਜਾਬੀਅਤ ਦਾ ਬਿਰਤਾਂਤ ਅਤੇ ਨਿੱਜਤਾ ਦਾ ਬਿਰਤਾਂਤ। ਪੰਜਾਬ ਤੇ ਪੰਜਾਬੀਅਤ ਦਾ ਬਿਰਤਾਂਤ ਦੇ ਮੋਕ੍ਹਲੇ ਵਿਹੜੇ ਵਿਚ ਗੁਰਭਜਨ ਗਿੱਲ ਪੰਜਾਬ ਦੇ ਅਤੀਤ ਅਤੇ ਅੱਜ ਦੀਆਂ ਬਾਤਾਂ ਪਾਉਂਦਾ ਹੈ। ਇਸ ਬਿਰਤਾਂਤ ਵਿਚ ਨਿਹਿਤ ਹੈ ਕਿ ਇਹ ਬਿਰਤਾਂਤ ਵੀਹਵੀਂ ਸਦੀ ਵਿਚ ਹੋਈ ਪੰਜਾਬ ਦੀ ਵੰਡ ਤੋਂ ਬਾਅਦ ਦੀ ਹੋਣੀ ਜੋ ਦੋਹਾਂ ਨੂੰ ਪੰਜਾਬ ਨੇ ਭੋਗੀ, ਇਹ (ਬਿਰਤਾਂਤ) ਉਨ੍ਹਾਂ ਨੂੰ ਕਲਾਵੇ ਵਿਚ ਲਵੇ। ਇਹ ਬਿਰਤਾਂਤ ਕੁਝ ਗੁੰਮ ਜਾਣ ਦਾ ਬਿਰਤਾਂਤ ਹੈ, ਲੁੱਟੇ ਜਾਣ, ਉੱਜੜ ਜਾਣ ਤੇ ਮੁੜ ਵੱਸਣ ਦਾ ਬਿਰਤਾਂਤ ਹੈ, ਜੜ੍ਹਹੀਣੇ ਹੋ ਜਾਣ ਤੇ ਫਿਰ ਜੜ੍ਹਾਂ ਲਾਉਣ ਦਾ ਬਿਰਤਾਂਤ, ਇਨ੍ਹਾਂ ਪ੍ਰਕਿਰਿਆਵਾਂ ਵਿਚ ਪਏ ਬੰਦੇ ਨੇ ਜੋ ਦੁੱਖ ਆਪਣੇ ਪਿੰਡੇ 'ਤੇ ਹੰਢਾਏ ਤੇ ਜਦੋ ਜਹਿਦ ਕੀਤੀ ਉਸ ਦਾ ਬਿਰਤਾਂਤ ਹੈ।
ਗੁਰਭਜਨ ਗਿੱਲ ਇਨ੍ਹਾਂ ਸਭ ਗੱਲਾਂ ਦੀ ਨਿਸ਼ਾਨਦੇਹੀ ਕਰਦਾ, ਲਿਖਦਾ ਹੈ:
ਮਾਂ ਧਰਤੀ ਦਾ ਚੀਰ ਕੇ ਸੀਨਾ, ਅੱਧੀ ਰਾਤੀਂ ਕਿਹਾ ਆਜ਼ਾਦੀ,
ਕਿਉਂ ਘਰ ਬਾਰ ਗੁਆਚਾ ਸਾਡਾ, ਸਾਨੂੰ ਹੁਣ ਤੱਕ ਸਮਝ ਨਾ ਆਇਆ।
ਸੁਣੋ ਇੱਕ ਵਾਰ ਸੁਣੋ, ਮੇਰਾ ਪਿੱਛਾ ਨਾਰੋਵਾਲ,
ਅਸੀਂ ਉੱਜੜੇ ਆਜ਼ਾਦੀ ਹੱਥੋਂ ਸੁਣੇ ਮੇਰੇ ਮੀਤ।
ਕਿੱਥੇ ਸੁੱਟਿਆ ਲਿਆ ਕੇ ਸਾਨੂੰ ਵੰਡ ਤੇ ਵੰਡਾਰੇ,
ਜੜ੍ਹਾਂ ਅੱਜ ਤੀਕ ਭੁੱਲੀਆਂ ਨਾ ਪਿਛਲੀ ਪ੍ਰੀਤ।
ਜਿਸ ਪਿੰਡ ਵਿਚ ਜੰਮਿਆ ਤੇ ਪਾਇਆ ਪਹਿਲਾ ਊੜਾ,
ਓਸ ਪਾਠਸ਼ਾਲ ਥਾਵੇਂ ਪਹਿਲਾਂ ਹੁੰਦੀ ਸੀ ਮਸੀਤ।
ਸਾਨੂੰ ਦਰਦਾਂ ਪੜ੍ਹਾਇਆ ਹੈ ਮੁਹੱਬਤਾਂ ਦਾ ਕਾਇਦਾ,
ਤਾਂ ਹੀ ਪੈਰ ਪੈਰ ਉੱਤੇ ਪਿੱਛਾ ਛੱਡੇ ਨਾ ਅਤੀਤ।
ਉੱਪਰ ਦਿੱਤੀਆਂ ਟੂਕਾਂ ਤੋਂ ਸਪਸ਼ਟ ਹੈ ਕਿ ਗੁਰਭਜਨ ਗਿੱਲ- ਕਾਵਿ ਵਿਚਲੇ ਪੰਜਾਬ ਦਾ ਬਿਰਤਾਂਤ ਕੋਈ ਰਹੱਸਮਈ ਜਾਂ ਅਮੂਰਤ ਪੰਜਾਬੀਅਤ ਦਾ ਬਿਰਤਾਂਤ ਨਹੀਂ ਹੈ। ਇਹ ਬਿਰਤਾਂਤ ਥਾਵਾਂ, ਨਦੀਆਂ, ਦਰਿਆਵਾਂ ਤੇ ਉਨ੍ਹਾਂ ਜੂਹਾਂ ਨਾਲ ਗੰਢਿਆ ਹੋਇਆ ਹੈ, ਜਿੱਥੇ ਗੁਰਭਜਨ ਗਿੱਲ ਜੰਮਿਆ ਪਲਿਆ ਤੇ ਜਵਾਨ ਹੋਇਆ। ਇਸ ਬਿਰਤਾਂਤ ਵਿਚ ਸਥਾਨਕਤਾ ਦਾ ਗੌਰਵ ਹੈ ਅਤੇ ਇਸ ਸਥਾਨਕਤਾ ਦੀ ਧੁਰੀ ਹੈ ਦਰਿਆ ਰਾਵੀ, ਉਹ ਰਾਵੀ ਜਿਸ ਦੇ ਕੰਢਿਆਂ 'ਤੇ ਪੰਜਾਬ ਦੇ ਸਭ ਤੋਂ ਅਜ਼ੀਮ ਪੁੱਤਰ ਗੁਰੂ ਨਾਨਕ ਦੇਵ ਜੀ ਨੇ ਆਪਣਾ ਪੱਕਾ ਟਿਕਾਣਾ ਬਣਾਇਆ, ਓਹੀ ਰਾਵੀ, ਜਿਸ ਦੇ ਪਾਣੀਆਂ ਨਾਲ ਪੰਜਾਬ ਦੀਆਂ ਮੁਟਿਆਰਾਂ ਗੱਲਾਂ ਕਰਦੀਆਂ ਹਨ ਤੇ ਉਸ 'ਤੇ ਤਰਦੇ ਪੀਲੇ ਫੁੱਲਾਂ ਨਾਲ ਆਪਣੇ ਦੁੱਖ-ਸੁੱਖ ਸਾਂਝੇ ਕਰਦੀਆਂ ਹਨ। ਉਹ ਰਾਵੀ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿਚ ਇੱਕ ਜੀਉਂਦੀ ਜਾਗਦੀ ਸਾਹ ਲੈਂਦੀ ਇਕਾਈ ਹੈ:
ਤੇਰੇ ਲਈ ਦਰਿਆ ਹੈ ਰਾਵੀ, ਮੇਰੇ ਲਈ ਇਹ ਦੇਸ ਵੀਰਿਆ।
ਧਰਮੀ ਬਾਬਲ, ਮਾਂ ਹੈ ਰਾਵੀ, ਇਸ ਓਹਲੇ ਪਰਦੇਸ ਵੀਰਿਆ।
ਏਸ ਦਰਿਆ ਦੀ ਕਹਾਣੀ, ਨਾ ਸੁਣਾ, ਮੈਂ ਜਾਣਦਾਂ,
ਏਸ ਰਾਵੀ ਜ਼ਖ਼ਮ ਦਿੱਤੇ ਅੱਜ ਵੀ ਓਵੇਂ ਹਰੇ।
ਕਿਵੇਂ ਲਿਖੇਂ ਤੂੰ ਮੁਹੱਬਤਾਂ ਦਾ ਗ਼ਜ਼ਲਾਂ ਤੇ ਗੀਤ।
ਕਿੱਦਾਂ ਸ਼ਬਦੀਂ ਪਰੋਨੈਂ, ਵਿੱਚ ਰਾਵੀ ਦਾ ਸੰਗੀਤ।
ਜਿਹੜੇ ਰਾਵੀ ਦਿਆਂ ਪੱਤਣਾਂ ਤੇ ਮਾਰਦੇ ਆਵਾਜ਼ਾਂ,
ਮੋਏ ਮਿੱਤਰਾਂ ਦੇ ਨਾਲ ਆ ਜਾ ਅੱਖ ਤਾਂ ਮਿਲਾਈਏ।
ਕੀ ਦੱਸਾਂ ਕੀ ਦੱਸਾਂ ਯਾਰਾ, ਰਾਵੀ ਮੈਨੂੰ ਦੇਸ ਵਾਂਗ ਹੈ।
ਜਿੱਥੇ ਆਹ ਮੈਂ ਰਹਿੰਦਾ ਮਰਦਾਂ, ਇਹ ਤਾਂ ਸਭ ਪਰਦੇਸ ਵਾਂਗ ਹੈ।
ਇਸ ਤਰ੍ਹਾਂ ਰਾਵੀ ਗੁਰਭਜਨ ਗਿੱਲ ਕਾਵਿ ਵਿਚ ਥਾਂ-ਥਾਂ 'ਤੇ ਮੌਜੂਦ ਹੈ, ਜਿਉਂਦੇ ਜਾਗਦੀ ਰਹਿਤਲ ਦੀ ਨਿਸ਼ਾਨੀ ਵਜੋਂ, ਯਾਦ ਵਾਂਗ, ਵੰਡ ਦੇ ਜ਼ਖ਼ਮ ਦੀ ਨਿਸ਼ਾਨ-ਦੇਹੀ ਕਰਦੇ ਮੈਟਾਫ਼ਰ ਵਾਂਗ, ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਵਿਚਕਾਰ ਵੱਜੀ ਲੀਕ ਦੇ ਪ੍ਰਤੀਕ ਵਜੋਂ ਤੇ ਲਹਿੰਦੇ ਪੰਜਾਬ ਨਾਲ ਸਾਂਝ ਤੇ ਕਦੇ ਵੀ ਨਾ ਵੰਡੇ ਜਾਣ ਦੀ ਤੜਪ ਵਜੋਂ।
ਪੰਜਾਬ ਤੇ ਪੰਜਾਬੀਅਤ ਦੇ ਇਸ ਬਿਰਤਾਂਤ ਸਦਕਾ ਗੁਰਭਜਨ ਗਿੱਲ ਦੀ ਕਾਵਿ-ਬਗੀਚੀ ਵਿਚੋਂ ਵਾਰਿਸ ਸ਼ਾਹ, ਸ਼ਿਵ ਕੁਮਾਰ, ਮੁਨੀਰ ਨਿਆਜ਼ੀ, ਮਜ਼ਹਰ ਤਿਰਮਜ਼ੀ ਤੇ ਬਾਬਾ ਨਜ਼ਮੀ ਦੀ ਮਹਿਕ ਆਉਂਦੀ ਹੈ। ਏਹੋ ਜੇਹੀ ਨਜ਼ਾਕਤ ਨੂੰ ਪਹਿਰਨ ਦੇਂਦੇ ਸ਼ੇਅਰ ਪੰਜਾਬੀ ਲੋਕ-ਮਾਣਸ ਦੇ ਸਾਂਝੀਵਾਲ ਹਨ :
ਕੈਂਚੀ ਵਾਲੇ ਰਾਜ ਕਰਨ ਤੇ ਸੂਈਆਂ ਵਾਲੇ ਫਿਰਨ ਬਾਜ਼ਾਰੀਂ,
ਸਿਰ ਤੋਂ ਪੈਰ ਲੰਗਾਰੀ ਜ਼ਿੰਦਗੀ, ਲੀਰਾਂ ਟੁਕੜੇ ਨਾ ਕੋਈ ਸੀਵੇ।
ਮੇਰੀ ਬੁੱਕਲ ਦੇ ਵਿਚ ਖ਼ਬਰੇ, ਕੀ ਕੁਝ ਸੱਜਣ ਛੱਡ ਜਾਂਦੇ ਨੇ,
ਬਹੁਤੀ ਵਾਰੀ ਦਰਦ ਕੰਵਾਰੇ, ਭੁੱਲ ਜਾਂਦੇ ਨੇ ਏਥੇ ਧਰ ਕੇ।
ਪਰ ਲਹਿੰਦੇ ਪੰਜਾਬ ਦੇ ਜਿਸ ਸ਼ਾਇਰ ਨਾਲ ਗੁਰਭਜਨ ਗਿੱਲ ਨੇ ਲਗਾਤਾਰ ਸੰਵਾਦ ਰਚਾਇਆ ਹੈ ਉਹ ਹੈ ਮਜ਼ਹਰ ਤਿਰਮਜ਼ੀ। ਮਜ਼ਹਰ ਤਿਰਮਜ਼ੀ ਦੇ ਲਿਖੇ ਗੀਤ ''ਉਮਰਾਂ ਲੰਘੀਆਂ ਪੱਬਾਂ ਭਾਰ'' ਨੂੰ ਅਸਦ ਅਮਾਨਤ ਅਲੀ ਨੇ ਗਾਇਆ ਅਤੇ ਇਹ ਗੀਤ ਪੰਜਾਬੀਆਂ ਦੇ ਮਨਾਂ ਅੰਦਰ ਘਰ ਬਣਾ ਕੇ ਵੱਸ ਗਿਆ। ਇਸ ਗੀਤ ਵਿਚ ਪੰਜਾਬ ਦੀ ਵੰਡ ਤੋਂ ਪੱਕਾ ਹੋਇਆ ਦੁੱਖ ਲੁਕਵੇਂ ਰੂਪ ਵਿਚ ਮੌਜੂਦ ਹੈ ਤੇ ਉਹ ਦੁੱਖ ਤੇ ਸੰਤਾਪ ਜੋ ਲਹਿੰਦੇ ਪੰਜਾਬ ਦੇ ਵਾਸੀਆਂ ਨੇ ਫ਼ੌਜੀ ਹਕੂਮਤਾਂ ਦੇ ਜਬਰ ਹੇਠ ਹੰਢਾਇਆ, ਜਿਹਦੇ ਕਰਕੇ ਸੁਰਖ਼ ਗੁਲਾਬਾਂ ਦੇ ਮੌਸਮ ਵਿਚ ਫੁੱਲਾਂ ਦੇ ਰੰਗ ਕਾਲੇ ਹੋ ਗਏ, ਉਮਰਾਂ ਪੱਬਾਂ ਭਾਰ ਬੈਠਿਆਂ ਲੰਘ ਗਈਆਂ। ਚੜ੍ਹਦੇ ਪੰਜਾਬ ਨੇ ਵੀ ਏਹੋ ਜਿਹੀ ਹੋਣੀ ਹੰਢਾਈ, ਖ਼ਾਸ ਕਰਕੇ ੧੯੮੦ ਈ. ਦੇ ਦਹਾਕੇ ਤੋਂ ਸ਼ੁਰੂ ਹੋਏ ਦੁੱਖ ਦੇ ਦਰਦ ਦੀ ਹੋਣੀ। ਦੋਵੇਂ ਪੰਜਾਬ ਪੰਜਾਬੀਆਂ ਨੂੰ ਭਵਿੱਖਹੀਣੇ ਭੂਗੋਲਿਕ ਖਿੱਤੇ ਲੱਗਦੇ ਨੇ ਜਿੱਥੋਂ ਉਹ ਭੱਜ ਜਾਣਾ ਚਾਹੁੰਦੇ ਹਨ, ਕੈਨੇਡਾ ਨੂੰ ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਨੂੰ, ਯੂਰੋਪ ਦੇ ਕਿਸੇ ਵੀ ਦੇਸ਼ ਨੂੰ, ਕਿਉਂਕਿ ਦੋਹਾਂ ਪੰਜਾਬਾਂ ਵਿਚ ਗੁਰੂਆਂ, ਪੀਰਾਂ, ਫ਼ਕੀਰਾਂ ਦੀਆਂ ਧਰਤੀਆਂ ਦੇ ਢੋਲ ਵੱਜਣ ਦੇ ਬਾਵਜੂਦ ਏਥੋਂ ਦੇ ਰਹਿਣ ਵਾਲਿਆਂ ਨੂੰ ਅੱਜ ਪੈਰ ਲਾਉਣ ਲਈ ਧਰਤੀ ਨਹੀਂ ਮਿਲਦੀ। ਦੋਹਾਂ ਪੰਜਾਬਾਂ ਵਿਚ ਸੁਰਖ਼ ਗੁਲਾਬਾਂ ਦੇ ਮੌਸਮਾਂ ਵਿਚ ਫੁੱਲਾਂ ਦੇ ਰੰਗ ਕਾਲੇ ਹਨ। ਗੁਰਭਜਨ ਗਿੱਲ ਇਸ ਦੀ ਤਸਵੀਰਕਸ਼ੀ ਕੁਝ ਤਰ੍ਹਾਂ ਕਰਦਾ ਹੈ:
ਵਿਹੜੇ ਦੇ ਵਿੱਚ ਬੀਜੀਆਂ ਰੀਝਾਂ, ਬਿਰਖ਼ ਮੁਹੱਬਤਾਂ ਵਾਲੇ।
ਪਰ ਇਨ੍ਹਾਂ ਨੂੰ ਫੁੱਲ ਕਿਉਂ ਪੈਂਦੇ, ਹਰ ਮੌਸਮ ਵਿਚ ਕਾਲੇ।
ਸੁਰਖ਼ ਗੁਲਾਬਾਂ ਦੇ ਮੌਸਮ ਵਿੱਚ, ਫ਼ੁੱਲਾਂ ਦੇ ਰੰਗ ਕਾਲ਼ੇ ਕਿਉਂ ਨੇ।
ਵੇਖਣ ਵਾਲੀ ਅੱਖ ਦੇ ਅੰਦਰ, ਏਨੇ ਗੂੜ੍ਹੇ ਜਾਲ਼ੇ ਕਿਉਂ ਨੇ।
ਸੁਰਖ਼ ਗੁਲਾਬਾਂ ਦੇ ਬਾਗ਼ਾਂ ਵਿੱਚ, ਪੀਲ਼ੀ ਰੁੱਤ ਵੀ ਆ ਜਾਂਦੀ ਹੈ।
ਗੁਰਬਤ ਜੀਕੂੰ ਖੜ੍ਹੇ ਖਲੋਤੇ, ਸਾਬਤ ਬੰਦੇ ਖਾ ਜਾਂਦੀ ਹੈ।
ਰਾਵੀ ਪਾਰੋ ਅਸਦ ਅਮਾਨਤ* ਗਾ ਕੇ ਲਾਹਵੇ ਜਾਲ਼ੇ।
ਸੁਰਖ਼ ਗੁਲਾਬਾਂ ਦੇ ਮੌਸਮ ਕਿਉਂ, ਫੁੱਲਾਂ ਦੇ ਰੰਗ ਕਾਲ਼ੇ।
ਗੁਰਭਜਨ ਗਿੱਲ ਦੇ ਕਾਵਿ-ਸੰਸਾਰ ਵਿਚਲਾ ਦੂਸਰਾ ਮੁੱਖ ਬਿਰਤਾਂਤ ਹੈ, ਉਸ ਦੀ ਨਿੱਜਤਾ ਦਾ ਬਿਰਤਾਂਤ। ਇਸ ਤਰ੍ਹਾਂ ਦੇ ਕਾਵਿ ਵਿਚ ਰੋਜ਼ਮੱਰਾ ਦੀ ਜ਼ਿੰਦਗੀ ਤੇ ਸੰਘਰਸ਼ ਤੋਂ ਪੈਦਾ ਹੁੰਦਾ ਖ਼ਲਲ ਹੈ, ਬੰਦੇ ਦੀ ਟੁੱਟ-ਭੱਜ ਤੇ ਸਿਰਜਣਾ ਦਾ ਬਿਆਨ ਹੈ, ਟਕਰਾਉ ਹੈ, ਅਸੰਗਤੀਆਂ ਹਨ, ਬੰਦੇ ਦੇ ਅਧੂਰੇਪਨ ਦੀਆਂ ਬਾਤਾਂ ਹਨ, ਪੰਜਾਬੀ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਨਾਲ ਲੋਹਾ ਲੈਂਦੀ ਮਾਨਸਿਕਤਾ ਹੈ:
ਹੁਣੇ ਹੁਣੇ ਤੂੰ ਯਾਦ ਸੀ ਕੀਤਾ, ਪਹੁੰਚ ਗਿਆ ਹਾਂ।
ਵੇਖ ਜ਼ਰਾ ਮੈਂ ਤੇਰੇ ਦਿਲ ਵਿੱਚ ਧੜਕ ਰਿਹਾ ਹਾਂ।
ਸ਼ੁਕਰ ਤੇਰਾ ਧੰਨਵਾਦ ਨੀ ਜਿੰਦੇ, ਜੇ ਨਾ ਲਾਉਂਦੀ ਫਿਰ ਕੀ ਹੁੰਦਾ,
ਸਾਰੀ ਜ਼ਿੰਦਗੀ ਦਾ ਇਹ ਹਾਸਿਲ, ਟੁੱਟਾ ਭੱਜਿਆ ਇੱਕ ਅੱਧ ਲਾਰਾ।.
ਤੇਰੇ ਅੰਦਰ ਕਿੰਨਾ ਲਾਵਾ, ਦਿਲ ਵਿੱਚ ਤੜਪੇ, ਦਸਤਕ ਦੇਵੇ,
ਅੱਥਰੂ ਬਣ ਕਿਉਂ ਵਹਿ ਜਾਂਦਾ ਏ, ਦੱਸ ਤਾਂ ਸਹੀ ਅੱਖੀਆਂ ਦੇ ਕੋਇਆ।
ਲਗਨ ਹੈ ਤਾਂ ਅਗਨ ਹੈ, ਮਗਰੋਂ ਤਾਂ ਸਾਰੀ ਰਾਖ਼ ਹੈ,
ਐ ਹਵਾ! ਤੂੰ ਦੱਸ ਦੇਵੀਂ, ਜਾ ਕੇ ਮੇਰੇ ਯਾਰ ਨੂੰ।
ਹਰ ਸ਼ਾਇਰ ਦੇ ਅੰਦਰ ਇੱਕ ਸੱਚਾ ਮਨੁੱਖ ਬੈਠਾ ਹੁੰਦਾ ਹੈ। ਸ਼ਾਇਰ ਸੰਸਾਰੀ ਜੀਵ ਹੈ। ਉਸ ਨੇ ਨੌਕਰੀ ਕਰਨੀ ਹੈ, ਰਿਸ਼ਤੇਦਾਰੀਆਂ ਨਿਭਾਉਣੀਆਂ ਹਨ, ਜਿਸ ਧਰਮ ਤੇ ਜਾਤ ਵਿਚ ਉਸ ਨੇ ਜਨਮ ਲਿਆ, ਉਨ੍ਹਾਂ ਦੇ ਆਇਦ ਕੀਤੇ ਤੌਰ-ਤਰੀਕਿਆਂ ਨਾਲ ਉਲਝਣਾ ਹੈ, ਸਮਾਜ ਵਿਚ ਮੌਜੂਦ ਵਿਚਾਰਧਾਰਕ ਸੱਤਾ ਸੰਸਥਾਵਾਂ (ਜਿਵੇਂ ਪਰਿਵਾਰ, ਵਿਦਿਅਕ ਅਦਾਰੇ, ਧਾਰਮਿਕ ਅਦਾਰੇ ਆਦਿ) ਨਾਲ ਉਲਝਣਾ ਹੈ, ਕਿਤੇ ਸਮਝੌਤੇ ਕਰਨੇ ਹਨ ਤੇ ਕਿਤੇ ਬੋਲਣਾ ਹੈ। ਇਸ ਟਕਰਾਉ ਤੇ ਦਵੰਦ ਨੂੰ ਗੁਰਭਜਨ ਗਿੱਲ ਏਦਾਂ ਪੇਸ਼ ਕਰਦਾ ਹੈ:
ਮੈਂ ਜੋ ਵੀ ਸੋਚਦਾ ਹਾਂ, ਕਹਿਣ ਵੇਲੇ ਜਰਕ ਜਾਂਦਾ ਹਾਂ,
ਮੇਰੇ ਵਿੱਚ ਕੌਣ ਆ ਬੈਠਾ ਹੈ, ਬਿਲਕੁਲ ਅਜਨਬੀ ਵਰਗਾ।
ਵਾਰਿਸ ਸ਼ਾਹ ਨੇ ਆਪਣੇ ਕਿੱਸੇ ਵਿਚ ਇਹ ਪਰੰਪਰਾ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿਚ ਹੀਰ-ਰਾਂਝੇ ਦੇ ਇਸ਼ਕ ਦਾ ਬਿਰਤਾਂਤ, ਵਾਰਿਸ ਦੀ ਨਿੱਜਤਾ ਦਾ ਬਿਰਤਾਂਤ ਤੇ ਦੇਸ਼ ਪੰਜਾਬ ਹਾਲ ਅਹਿਵਾਲ ਦਾ ਬਿਰਤਾਂਤ ਇਕਮਿੱਕ ਹੋ ਜਾਂਦੇ ਹਨ, ਸੁਖ ਵਿਚ, ਦੁੱਖ ਵਿਚ, ਵਸਲ ਵਿਚ, ਬਿਰਹਾ ਵਿਚ, ਜਸ਼ਨ ਵਿਚ, ਨਿਰਾਸ਼ਾ ਵਿਚ ਤੇ ਇਨ੍ਹਾਂ ਜਜ਼ਬਿਆਂ ਦੇ ਮਿਲਣ ਦੇ ਮਟਕ-ਚਾਨਣੇ ਵਿਚ :
ਸੁਰਮਾ ਨੈਣਾਂ ਦੀ ਧਾਰ ਵਿਚ ਖੁਬ ਰਹਿਆ,
ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ॥
ਮੱਝੀਂ ਜੇਡ ਨਾ ਕਿਸੇ ਦੇ ਹੋਣ ਜ਼ੇਰੇ,
ਰਾਜ ਹਿੰਦ ਪੰਜਾਬ ਦਾ ਬਾਬਰੀ ਵੇ॥
ਵਾਂਗ ਕਿਲ੍ਹੇ ਦਿਪਾਲਪੁਰ ਹੋਇ ਆਲੀ,
ਮੇਰੇ ਬਾਬ ਦਾ ਤੁਧ ਭੁੰਚਾਲ ਕੀਤਾ॥
ਕੁੜੀਆਂ ਪਿੰਡ ਦੀਆਂ ਬੈਠ ਕੇ ਮਤਾ ਕੀਤਾ,
ਲੁੱਟੀ ਅੱਜ ਕੰਧਾਰ ਪੰਜਾਬੀਆਂ ਜੀ॥
ਅਹਿਮਦ ਸ਼ਾਹ ਵਾਂਗੂ ਮੇਰੇ ਵੈਰ ਪੈ ਕੇ,
ਪੁੱਟ ਹਿੰਦ ਦੇ ਚੱਲ ਦਾ ਤਾਲ ਕੀਤੋ॥
ਫਿਰ ਰਵਾਇਤ ਚੇਤਨ ਤੇ ਅਵਚੇਤਨ ਤੌਰ ਬਹੁਤ ਸਾਰੇ ਪੰਜਾਬੀ ਸ਼ਾਇਰਾਂ ਦੀ ਸ਼ਾਇਰੀ ਵਿਚ ਉੱਭਰੀ ਤੇ ਕਾਇਮ ਰਹੀ ਹੈ ਤੇ ਗੁਰਭਜਨ ਗਿੱਲ ਦੀ ਸ਼ਾਇਰੀ ਵਿਚ ਇਹ ਇੱਕ ਉੱਭਰਦੀ ਸੁਰ ਹੈ। ਗੁਰਭਜਨ ਗਿੱਲ ਦੀ ਨਿੱਜਤਾ ਦਾ ਸੰਸਾਰ ਪੰਜਾਬ ਹਾਲਾਤ ਨਾਲ ਟਕਰਾਉਂਦਾ ਹੈ। ਨਿੱਜਤਾ ਦਾ ਬਿਰਤਾਂਤ ਪੰਜਾਬ ਤੇ ਪੰਜਾਬੀਅਤ ਦੇ ਬਿਰਤਾਂਤ ਨਾਲ ਖਹਿਬੜਦਾ ਹੈ:
ਜਿਸ ਦਿਨ ਤੂੰ ਨਜ਼ਰੀਂ ਆ ਜਾਵੇ, ਓਹੀ ਦਿਵਸ ਗੁਲਾਬ ਦੇ ਵਰਗਾ।
ਬਾਕੀ ਬਚਦਾ ਹਰ ਦਿਨ ਜੀਕੂੰ, ਰੁੱਸ ਗਏ ਦੇਸ਼ ਪੰਜਾਬ ਦੇ ਵਰਗਾ।
ਅੱਖੀਆਂ ਦੇ ਵਿੱਚ ਸਹਿਮ ਸੰਨਾਟਾ ਵੱਖੀਆਂ ਅੰਦਰ ਭੁੱਖ ਦਾ ਤਾਂਡਵ,
ਬੰਨ੍ਹ ਕਾਫ਼ਲੇ ਨਾਰੋਵਾਲ ਤੋਂ ਲੱਗਦੈ ਮੇਰਾ ਟੱਬਰ ਆਇਆ।
ਇਹ ਜਿਹੇ ਬਿਆਨ ਗੁਰਭਜਨ ਗਿੱਲ ਦੀ ਸ਼ਾਇਰੀ ਵਿਚ ਥਾਂ ਥਾਂ 'ਤੇ ਮਿਲਦੇ ਹਨ, ਕਿਤੇ ਸਾਫ਼ ਸਪਸ਼ਟ ਤੇ ਕਿਤੇ ਬੜੀ ਨਜ਼ਾਕਤ ਨਾਲ, ਉਹਲੇ ਵਿਚ, ਲੁਕੇ ਲੁਕੇ ਜਿਹੇ:
ਜਿਸ ਵਿੱਚ ਤੇਰੀ ਮੇਰੀ ਰੂਹ ਦਾ ਰੇਸ਼ਮ ਸੀ,
ਕਿੱਧਰ ਗਈ ਹੁਣ ਉਹ ਫੁਲਕਾਰੀ, ਹਾਏ ਤੌਬਾ।
ਇੱਕ ਹੋਰ ਰਵਾਇਤ ਜੋ ਸ਼ੇਖ ਫ਼ਰੀਦ ਦੀ ਸ਼ਾਇਰੀ
ਫਰੀਦਾ ਰੁਤਿ ਫਿਰੀ, ਵਣੁ ਕੰਬਿਆ, ਪਤ ਝੜੇ ਝੜਿ ਪਾਹਿ॥
ਲੰਮੀ ਲੰਮੀ ਨਦੀ ਵਰੈ ਕੰਧੀਐ ਕੇਰੈ ਹੇਤਿ॥
ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ॥
ਕਲਰ ਕੇਰੀ ਛਪੜੀ ਆਦਿ ਉਲਥੇ ਹੰਝ॥
ਤੋਂ ਲੈ ਕੇ ਸਾਰੀ ਪੰਜਾਬੀ ਸ਼ਾਇਰੀ ਵਿਚ ਕਾਇਮ ਰਹੀ ਹੈ, ਉਹ ਬੰਦੇ ਦੀ ਹੋਣ ਥੀਣ ਨੂੰ ਕੁਦਰਤ ਨਾਲ ਮੇਲਣਾ। ਇਹ ਰਵਾਇਤ ਗੁਰਬਾਣੀ ਵਿਚ ਵੀ ਮਿਲਦੀ ਹੈ ਤੇ ਮੱਧਕਾਲੀਨ ਸੂਫ਼ੀ ਸ਼ਾਇਰਾਂ ਵਿਚ ਵੀ। ਮੋਹਨ ਸਿੰਘ ਤੇ ਸ਼ਿਵ ਕੁਮਾਰ ਵਿਚ ਵੀ।
ਤੇਰੇ ਦੋ ਨੈਣਾਂ ਵਿਚ ਸੁਪਨਾ ਦਿਨ ਵੇਲੇ ਜਿਉਂ ਸੂਰਜ ਦਗਦਾ।
ਸ਼ਾਮ ਢਲੇ ਤੋਂ ਮਗਰੋਂ ਏਹੀ, ਪਤਾ ਨਹੀਂ ਕਿਉਂ ਚੰਨ ਹੈ ਲਗਦਾ।
ਛਣਕੀਆਂ ਫ਼ਲੀਆਂ ਸ਼ਰੀਂਹ ਤੇ, ਮੈਂ ਕਿਹਾ,
ਸੁਣ ਜ਼ਰਾ ਇਹ ਬਿਰਖ਼ ਦਾ ਜੋ ਤਾਲ ਹੈ।
ਬਹੁਤ ਸਾਰੀਆਂ ਰਵਾਇਤਾਂ ਦਾ ਪੱਲੂ ਫੜਦਾ ਤੇ ਆਪਣੀ ਨਿਵੇਕਲੀ ਸੁਰ ਸਿਰਜਦਾ ਗੁਰਭਜਨ ਗਿੱਲ ਸਾਨੂੰ ਅੱਜ ਦੇ ਪੰਜਾਬ ਦੇ ਰੂਬਰੂ ਕਰਦਾ ਹੈ। ਉਹ 'ਧਰਤੀ ਦੀਆਂ ਧੀਆਂ' ਦੇ ਦੁੱਖਾਂ ਦੀਆਂ ਗੱਲਾਂ ਕਰਦਾ ਸਾਡੀ ਲੋਕ-ਸਮਝ ਤੇ ਵਿਦਵਤਾ 'ਤੇ ਪ੍ਰਸ਼ਨ ਕਰਦਾ ਹੈ। ਸੰਤਾਲੀ ਦੇ ਜ਼ਖ਼ਮ ਦੇ ਸ਼ਿੱਦਤ ਮਹਿਸੂਸ ਕਰਦਿਆਂ ਉਹ ਇਸ ਸਿੱਟੇ 'ਤੇ ਪਹੁੰਚਦਾ ਹੈ ਕਿ 'ਦਰਦਾਂ ਵਾਲੀ ਗਠੜੀ' ਨੂੰ ਤੋਲਿਆ ਨਹੀਂ ਜਾ ਸਕਦਾ। ਸ਼ਾਇਰੀ ਦੇ ਇਸ ਸਫ਼ਰ ਵਿਚ ਉਸ ਨੂੰ ਇਹ ਪਤਾ ਵੀ ਲੱਗਦਾ ਹੈ ਪੰਜ ਦਰਿਆਵਾਂ ਦੀ ਇਸ ਧਰਤੀ, ਜਿਸ ਦੀਆਂ ਰਵਾਇਤਾਂ ਤੇ ਸਭਿਆਚਾਰ 'ਤੇ ਅਸੀਂ ਮਾਣ ਕਰਦੇ ਹਾਂ, 'ਗਫ਼ਲਤ ਦੇ ਟਿੱਬਿਆਂ' ਵਿਚ ਜ਼ੀਰ ਗਏ ਹਨ। ਇਸ ਸਫ਼ਰ ਵਿਚ ਉਹ ਸੌ ਜਨਮਾਂ ਦੇ ਵਿਛੋੜੇ ਮਾਧਉ, ਬੇਗਮਪੁਰੇ ਦੇ ਵਾਸੀਆਂ ਤੇ ਪਾਸ਼ ਨਾਲ ਸੰਵਾਦ ਰਚਾਉਂਦਾ ਹੈ। ਏਸੇ ਕਰਕੇ ਉਹਦੇ ਸ਼ੇਅਰ ਐਹੋ ਜਿਹੇ ਹਨ, ਜਿਨ੍ਹਾਂ ਦੀ ਨੌਈਅਤ ਪੂਰੀਆਂ ਨਜ਼ਮਾਂ ਜਿਹੀ ਹੈ:
ਮੈਂ ਦੋਚਿੱਤੀਆਂ ਨਸਲਾਂ ਕੋਲੋਂ ਏਹੀ ਸਬਕ ਸਮਝਿਐ, ਤਾਂਹੀਓਂ,
ਬੋਲ ਮੈਂ ਜਿਹੜੇ ਸੋਚ ਲਏ ਉਹ ਜਾਂਦੇ ਜਾਂਦੇ ਕਹਿ ਜਾਣੇ ਨੇ।
ਹਰ ਸ਼ਾਇਰ ਦਾ ਸਫ਼ਰ ਡਰ, ਭਉ, ਆਸ਼ਾ, ਨਿਰਾਸ਼ਾ, ਜਗਿਆਸਾ, ਯਾਦਾਂ, ਮਹਿਕਾਂ, ਸੁਗੰਧੀਆਂ, ਦੁੱਖਾਂ, ਸੁਖਾਂ, ਬਿਰਹਾ ਤੇ ਵਸਲ ਦੇ ਜੰਜ਼ਾਲਾਂ, ਜ਼ਿੰਦਗੀ ਵਿਚਲੇ ਖ਼ਤਰਿਆਂ, ਵੇਦਨਾ ਤੇ ਜ਼ੋਖ਼ਮ ਨਾਲ ਭਰਿਆ ਹੁੰਦਾ ਹੈ। ਗੁਰਭਜਨ ਗਿੱਲ ਦੇ ਸਫ਼ਰ ਵਿਚ ਇਹ ਸਭ ਕੁਝ ਵਿਦਮਾਨ ਹੈ, ਪਰ ਉਹ ਆਸ ਦਾ ਪੱਲੂ ਨਹੀਂ ਛੱਡਦਾ:
ਤੁਸੀਂ ਪਾਣੀ ਤਾਂ ਪਾਓ, ਫੇਰ ਫ਼ਲ ਫੁੱਲ ਹਾਰ ਮਹਿਕਣਗੇ,
ਭਲਾ ਜੀ ਆਸ ਦੇ ਬੂਟੇ ਨੂੰ ਦੱਸੋ ਕੀਹ ਨਹੀਂ ਲੱਗਦਾ?
ਆਸ ਦੇ ਬੂਟੇ ਨੂੰ ਤਾਂ ਬਹੁਤ ਕੁਝ ਲੱਗਦਾ ਹੈ ਤੇ ਇਹ ਭੇਤ ਗੁਰਭਜਨ ਗਿੱਲ ਜਾਣਦਾ ਹੈ ਅਤੇ ਉਹ ਇਹ ਵੀ ਜਾਣਦਾ ਹੈ ਕਿ ਉਹ ਬਹੁਤ ਕੁਝ ਕਹਿ ਚੁੱਕਾ ਹੈ, ਪਰ ਹਾਲੇ ਉਹਦੇ ਕੋਲ ਬਹੁਤ ਅਣਕਿਹਾ ਵੀ ਹੈ ਤੇ ਏਸੇ ਲਈ ਉਹ ਸਾਨੂੰ ਦੱਸਦਾ ਹੈ:
ਬਹੁਤ ਹਾਲੇ ਅਣਕਿਹਾ, ਲਿਖਿਆ ਨਹੀਂ, ਪੜ੍ਹਿਆ ਨਹੀਂ।
ਕੰਢੇ ਕੰਢੇ ਫਿਰ ਰਿਹਾਂ ਸਾਗਰ 'ਚ ਮੈਂ ਵੜਿਆ ਨਹੀਂ।
ਅਖ਼ੀਰ ਵਿਚ ਮੈਂ ਇਹ ਕਹਿਣਾ ਚਾਹੁੰਦਾ ਕਿ ਗੁਰਭਜਨ ਗਿੱਲ ਦੇ ਕਹੇ ਸ਼ੇਅਰਾਂ ਵਿਚ ਪਾਠਕਾਂ ਨੂੰ ਅਣਕਹੇ ਦੀਆਂ ਗੂੰਜਾਂ ਵੀ ਸੁਣਨਗੀਆਂ ਤੇ ਕਹੇ ਦੀਆਂ ਵੀ। ਉਸ ਨੇ ਆਪਣੇ ਦਿਲ ਨੂੰ ਪੰਜਾਬ ਤੇ ਪੰਜਾਬੀਅਤ ਦਾ ਵਿਹੜਾ ਬਣਾ ਲਿਆ ਹੈ, ਜਿਸ ਵਿਚ ਪੰਜਾਬ ਦੇ ਲੋਕਾਂ ਦੇ ਸੁਖ, ਦੁੱਖ, ਮਜ਼ਬੂਰੀਆਂ, ਪ੍ਰੇਸ਼ਾਨੀਆਂ, ਮੁਸ਼ਕਿਲਾਂ ਸਭ ਹਾਜ਼ਰ ਨਾਜ਼ਰ ਹਨ। ਏਹੀ ਗੁਰਭਜਨ ਗਿੱਲ ਤੇ ਉਸ ਦੇ ਕਲਾਮ ਦੀ ਪ੍ਰਾਪਤੀ ਹੈ।
-
ਸਵਰਾਜਬੀਰ (ਡਾ:), ਸੰਪਾਦਕ ਪੰਜਾਬੀ ਟ੍ਰਿਬਿਊਨ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.