ਰਾਤੀਂ ਮਹੁੰਮਦ ਸਦੀਕ ਦਾ ਅਖਾੜਾ ਸੁਣਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪੰਜਾਬ ਕਲਾ ਪਰਿਸ਼ਦ ਵਲੋਂ ਕਲਾ ਉਤਸਵ ਦੇ ਪਹਿਲੇ ਦਿਨ।ਪਤਾ ਨਹੀਂ, ਕਿੰਨੇ ਸਾਲਾਂ ਮਗਰੋਂ ਸੁਣਿਆ! ਪਿਤਾ ਵੀ ਚੇਤੇ ਆਇਆ, ਜਿਸਦੀ ਉਂਗਲੀ ਫੜ ਕੇ ਨਿਆਣੀ ਉਮਰੇ ਸਦੀਕ ਤੇ ਰਣਜੀਤ ਕੌਰ ਦੇ ਅਖਾੜੇ ਦੇਖੇ। ਪਿਤਾ ਸਦੀਕ ਦਾ ਡਾਹਢਾ ਫੈਨ ਸੀ। ਮੈਨੂੰ ਸਦੀਕ ਇਸ ਕਰ ਕੇ ਵੀ ਚੰਗਾ ਲੱਗਦਾ ਹੈ, ਕਿਉਂਕਿ ਪਿਤਾ ਜੀ ਨੂੰ ਚੰਗਾ ਲਗਦਾ ਸੀ।
ਨਾ ਹਾਲੇ ਸਦੀਕ ਬੁੱਢਾ ਹੋਇਆ, ਨਾ ਉਹਦੀ ਗਾਇਕੀ ਹੰਭੀ ਹੈ ਤੇ ਤੂੰਬੀ ਦੀ ਤਾਰ ਵੀ ਕਸੀ ਦੀ ਕਸੀ ਹੈ ਚਾਲੀ ਵਰੇ ਪਹਿਲਾਂ ਵਾਂਗ। ਭਾਵੇਂ ਉਹਦੇ ਨਾਲ ਰਣਜੀਤ ਕੌਰ ਦੀ ਥਾਵੇਂ ਸੁਖਜੀਤ ਕੌਰ ਗਾ ਰਹੀ ਹੈ ਦੇਰ ਤੋਂ, ਉਹੋ ਰੰਗ ਹੈ, ਉਹੋ ਰਾਗ ਤੇ ਸਦੀਕ ਦੇ ਸਿਰ ਉਤੇ ਹੱਸ ਹੱਸ ਕੇ ਝੂੰਮਦਾ ਸ਼ੰਮਲਾ। ਮੜਕ ਵੀ ਪੂਰੀ। ਅਦਾਵਾਂ ਵੀ ਉਵੇਂ ਚੁਸਤ ਦਰੁਸਤ! ਗਲ ਕੀ, ਦਮ ਖਮ ਨੇ ਦਗਾ ਨਹੀਂ ਦਿੱਤਾ ਤੇ ਅੱਖਾਂ ਵੀ ਹਾਲੇ ਆਖੇ ਲਗਦੀਆਂ ਨੇ। ਗੱਲ ਬੋਚਣੀ ਤੇ ਨਾਲੋ ਨਾਲ ਅਗਲੀ ਆਖਣ ਨੂੰ ਸੋਚਣੀ ਸਦੀਕ ਦੀ ਸਾਧਨਾ ਦਾ ਸਬੂਤ ਨੇ।
ਦੇਰ ਰਾਤੀਂ ਪਾਰਕਰ ਗੈਸਟ ਹਾਊਸ ਆਪਣੇ ਕਮਰੇ ਵਿਚ ਜਾ ਲੇਟਿਆ ਪਰ ਸਦੀਕ ਦੇ ਗਾਏ ਤੇ ਸੋਹਣ ਸਿੰਘ ਸੀਤਲ ਦੇ ਲਿਖੇ ਅਮਰ ਬੋਲ ਨੀਂਦ ਨਾ ਆਉਣ ਤੱਕ ਕੰਨਾਂ ਵਿੱਚ ਗੂੰਜਦੇ ਰਹੇ--
ਓ ਮਲਕੀ ਭਰਦੀ ਪਈ ਸੀ ਖੂਹ ਦੇ ਉਤੋਂ ਪਾਣੀ ਕੀਮਾ ਕੋਲ ਆ ਕੇ ਬੇਨਤੀ ਗੁਜਾਰੇ----
-
ਨਿੰਦਰ ਘੁਗਿਆਣਵੀ, ਪੰਜਾਬੀ ਲੇਖਕ ਤੇ ਕਾਲਮਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.