ਯਾਦਵੇਂਦਰ (ਪ੍ਰਸਿੱਧ ਸਾਹਿਤਕਾਰ)/ਅਨੁਵਾਦ : ਗੁਰਮੀਤ ਪਲਾਹੀ
ਕੁਝ ਸਮਾਂ ਪਹਿਲਾਂ ਜਦੋਂ ਇਹ ਪਤਾ ਲੱਗਾ ਕਿ ਪ੍ਰਗਤੀਸ਼ੀਲ ਪਰੰਪਰਾ ਅਤੇ ਸੰਘਰਸ਼ਾਂ ਦੇ ਝੰਡਾ-ਬਰਦਾਰ ਸੂਬੇ ਕੇਰਲਾ ਵਿੱਚ ਔਰਤ ਕਾਮਿਆਂ ਵੱਲੋਂ ਬੈਠਣ ਦੇ ਹੱਕ ਦੀ ਲੜਾਈ ਲੜੀ ਜਾ ਰਹੀ ਹੈ ਤਾਂ ਯਕੀਨ ਹੀ ਨਹੀਂ ਆਇਆ। ਕੀ ਬੈਠ ਕੇ ਕੰਮ ਕਰਨ ਲਈ ਵੀ ਲੜਾਈ ਲੜਨ ਦੀ ਲੋੜ ਹੈ?
ਪਤਾ ਲੱਗਾ ਹੈ ਕਿ ਪੂਰੀ ਦੁਨੀਆ ਵਿੱਚ ਲੱਗਭੱਗ ਤਿੰਨ-ਚੌਥਾਈ ਕਾਮੇ ਲਗਾਤਾਰ ਘੰਟਿਆਂ-ਬੱਧੀ ਖੜੇ ਹੋ ਕੇ ਕੰਮ ਕਰਦੇ ਹਨ। ਲੱਗਭੱਗ ਦੋ ਸਾਲ ਪਹਿਲਾਂ ਮੁੰਬਈ ਵਿੱਚ ਦਸ-ਗਿਆਰਾਂ ਘੰਟੇ ਤੱਕ ਸਟੋਰ ਵਿੱਚ ਖੜੇ-ਖੜੇ ਕੰਮ ਕਰਨ ਵਾਲੀ ਇੱਕ ਲੜਕੀ ਵੱਲੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਛਪੀ ਸੀ। ਦਰਅਸਲ ਦੇਰ ਤੱਕ ਖੜੇ ਰਹਿਣ ਕਾਰਨ ਉਸ ਦੀ ਸਿਹਤ ਵਿਗੜਦੀ ਜਾ ਰਹੀ ਸੀ। ਮੁੰਬਈ ਦੇ ਇੱਕ ਵੱਡੇ ਸਰਕਾਰੀ ਹਸਪਤਾਲ ਦੇ ਹੱਡੀਆਂ ਦੇ ਮਾਹਿਰ ਡਾਕਟਰ ਦਾ ਬਿਆਨ ਵੀ ਅਖ਼ਬਾਰਾਂ ਵਿੱਚ ਛਪਿਆ ਸੀ ਕਿ ਉਸ ਦੇ ਕੋਲ ਵੱਡੀ ਗਿਣਤੀ ’ਚ ਕਾਮੇ ਪਿੱਠ ਦਰਦ, ਪੈਰਾਂ ਦੀ ਸੋਜਸ਼, ਬੇਰੀਕੋਨ ਬੇਨ ਆਦਿ ਦੀ ਸ਼ਿਕਾਇਤ ਲੈ ਕੇ ਆਉਂਦੇ ਹਨ। ਉਹਨਾਂ ਸਾਰੇ ਕਾਮਿਆਂ ਨੂੰ ਕਈ ਘੰਟੇ ਖੜੇ ਹੋ ਕੇ ਕੰਮ ਕਰਨਾ ਪੈਂਦਾ ਹੈ। ਇਹ ਲੜਾਈ ਕੇਵਲ ਕੇਰਲ ਵਿੱਚ ਹੀ ਨਹੀਂ, ਕਈ ਹੋਰ ਦੇਸ਼ਾਂ ਵਿੱਚ ਵੀ ਲੜੀ ਜਾ ਰਹੀ ਹੈ। ਫਿਲਪਾਈਨ ਸਰਕਾਰ ਨੇ ਇਹੋ ਜਿਹੀ ਮੰਗ ਦੇ ਬਾਅਦ ਨਵਾਂ ਕਿਰਤ ਕਨੂੰਨ ਘੜ ਕੇ ਇਹ ਯਕੀਨੀ ਬਣਾਇਆ ਕਿ ਹਰ ਕਰਮਚਾਰੀ ਨੂੰ ਦੋ ਘੰਟੇ ਖੜੇ ਹੋ ਕੇ ਕੰਮ ਕਰਨ ਤੋਂ ਬਾਅਦ ਪੰਜ ਮਿੰਟ ਆਰਾਮ ਕਰਨ ਦੀ ਛੁੱਟੀ ਮਿਲੇ।
ਅਮਰੀਕਾ ਦੇ ਸੂਬੇ ਕੈਲੇਫੋਰਨੀਆ ਵਿੱਚ ਹੁਣੇ ਜਿਹੇ ਬੈਂਕਾਂ ਅਤੇ ਦਵਾਈਆਂ ਦੀਆਂ ਦੁਕਾਨਾਂ ’ਤੇ ਲੰਮੇ ਸਮੇਂ ਤੱਕ ਖੜੇ ਹੋ ਕੇ ਕੰਮ ਕਰਨ ਕਾਰਨ ਡਿੱਗਣ ਵਾਲੇ ਅਨੇਕ ਕਾਮਿਆਂ ਨੇ ਮਾਲਕਾਂ ਵਿਰੁੱਧ ਹਰਜਾਨੇ ਦੇ ਮੁਕੱਦਮੇ ਦਰਜ ਕਰਵਾਏ ਸਨ। ਅਦਾਲਤ ਦਾ ਫ਼ੈਸਲਾ ਇਤਿਹਾਸਕ ਸੀ, ਜਿਸ ਵਿੱਚ ਮਾਲਕਾਂ ਨੂੰ ਖੜੇ ਹੋ ਕੇ ਕੰਮ ਕਰਨ ਵਾਲਾ ਮਾਹੌਲ ਥੋਪਣ ਤੋਂ ਮਨਾਂ ਕੀਤਾ ਗਿਆ ਅਤੇ ਕੰਮ ਦੀ ਥਾਂ ’ਤੇ ਬੈਠਣ ਦਾ ਪ੍ਰਬੰਧ ਕਰਨ ਦੀਆਂ ਭਰਪੂਰ ਸੰਭਾਵਨਾਵਾਂ ਪੈਦਾ ਕਰਨ ਲਈ ਕਿਹਾ ਗਿਆ। ਜਦੋਂ ਇੱਕ ਇਨਸਾਨ ਲੰਮੇ ਸਮੇਂ ਤੱਕ ਖੜੇ ਹੋ ਕੇ ਪੂਰੀ ਲਗਨ ਨਾਲ ਕੰਮ ਕਰਦਾ ਹੈ, ਤਾਂ ਉਸ ਨੂੰ ਬੈਠਣ ਤੋਂ ਰੋਕਣ ਦਾ ਕਿਸੇ ਨੂੰ ਵੀ ਕੋਈ ਸਿਧਾਂਤਕ ਅਤੇ ਨੈਤਿਕ ਹੱਕ ਨਹੀਂ ਹੈ-ਇਹ ਹੁਕਮ ਜਸਟਿਸ ਕੈਰੋਲ ਕਾਰਗਿਨ ਨੇ ਦਿੱਤਾ।
1960 ਵਿੱਚ ਬਣੇ ਕੇਰਲਾ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ ਵਿੱਚ ਕੇਰਲ ਸਰਕਾਰ ਨੇ ਸੋਧ ਕੀਤੀ ਹੈ, ਜਿਸ ਵਿੱਚ ਕਾਮਿਆਂ ਦੇ ਕੰਮ ਦੇ ਘੰਟਿਆਂ ਦੌਰਾਨ ਬੈਠਣ ਅਤੇ ਦੋ ਵਾਰ ਟਾਇਲਟ ਆਦਿ ਜਾਣ ਦਾ ਹੱਕ ਪ੍ਰਦਾਨ ਕੀਤਾ ਜਾਵੇਗਾ। ਸੰਨ 2010 ਵਿੱਚ ਕੋਝੀਕੋਡ ਦੀਆਂ ਔਰਤ ਕਾਮਿਆਂ ਨੇ, ਜਿਨਾਂ ਵਿੱਚ ਬਹੁਤੀਆਂ ਕੱਪੜੇ ਅਤੇ ਗਹਿਣਿਆਂ ਦੀਆਂ ਦੁਕਾਨਾਂ ਵਿੱਚ ਵਿਕਰੀ ਦਾ ਕੰਮ ਕਰਨ ਵਾਲੀਆਂ ਅਤੇ ਸਫ਼ਾਈ ਮਜ਼ਦੂਰ ਔਰਤਾਂ ਸਨ, ਸੰਘਰਸ਼ ਦੀ ਜੋ ਮਸ਼ਾਲ ਜਲਾਈ, ਇਹ ਸੋਧ ਕਨੂੰਨ ਉਹਨਾਂ ਵੱਲੋਂ ਕੀਤੇ ਸੰਘਰਸ਼ ਦਾ ਸਿੱਟਾ ਹੈ। ਇਸ ਮੰਗ ਨੂੰ ਪੂਰਿਆਂ ਕਰਨ ਲਈ ਜ਼ੋਰ ਦੇਣ ਲਈ 2014 ਵਿੱਚ ਤਿ੍ਰਸ਼ੂਰ ਦੀ ਇੱਕ ਵੱਡੀ ਦੁਕਾਨ ਕਲਿਆਚ ਸਾੜੀਜ਼ ਦੀਆਂ ਔਰਤ ਕਾਮਿਆਂ ਨੇ ਲੰਮੀ ਹੜਤਾਲ ਕੀਤੀ, ਜਿਸ ਨੇ ਦੇਸ਼-ਵਿਆਪੀ ਪੱਧਰ ’ਤੇ ਮੀਡੀਆ ਦਾ ਧਿਆਨ ਖਿੱਚਿਆ। ਉਹਨਾਂ ਦੀਆਂ ਮੰਗਾਂ ’ਚ ਸਭ ਤੋਂ ਉੱਪਰ ਕੰਮ ਦੇ ਲੰਮੇ ਘੰਟਿਆਂ ਦੌਰਾਨ ਬੈਠਣ ਅਤੇ ਟਾਇਲਟ ਜਾਣ ਦੀ ਵਿਵਸਥਾ ਕਰਨਾ ਸ਼ਾਮਲ ਸੀ। ਖੜੇ-ਖੜੇ ਕੰਮ ਕਰਦੇ ਰਹਿਣ ਨਾਲ ਉਹਨਾਂ ’ਚ ਪਿੱਠ ਦਰਦ, ਜੋੜਾਂ ਦਾ ਦਰਦ, ਪੈਰਾਂ ’ਚ ਸੋਜਸ਼, ਗੁਰਦੇ ਦੀਆਂ ਬਿਮਾਰੀਆਂ ਅਤੇ ਗੋਡਿਆਂ ਦੇ ਕੋਲ ਨਾੜਾਂ ’ਚ ਦਰਦ ਭਰਿਆ ਉਭਾਰ (ਬੇਰੀਕੋਜ਼ ਵੇਨਜ਼) ਜਿਹੀਆਂ ਬਿਮਾਰੀਆਂ ਉੱਭਰਦੀਆਂ ਸਨ। ਇਹੋ ਜਿਹੇ ਮਾਮਲੇ ਵੀ ਸਾਹਮਣੇ ਆਏ ਕਿ ਕੰਮ ਦੇ ਘੰਟਿਆਂ ਵਿੱਚ ਕਿਸੇ ਕਾਮੇ ਨੂੰ ਮਿੰਟ-ਦੋ ਮਿੰਟ ਬੈਠੇ ਵੇਖ ਲਿਆ ਤਾਂ ਮਾਲਕਾਂ ਨੇ ਉਹਨਾਂ ਦੀ ਪਾਗਾਰ (ਤਨਖ਼ਾਹ) ਕੱਟ ਲਈ। ਉਹਨਾਂ ਦੀ ਮਨੁੱਖਤਾ-ਵਿਰੋਧੀ ਦਲੀਲ ਸੀ ਕਿ ਜੇਕਰ ਇਹ ਔਰਤਾਂ ਕੰਮ ਦੇ ਘੰਟਿਆਂ ਵਿੱਚ ਬੈਠਣਾ ਚਾਹੁੰਦੀਆਂ ਹਨ ਤਾਂ ਸਥਾਈ ਰੂਪ ’ਚ ਘਰ ਜਾ ਕੇ ਬੈਠਣ। ਯੂਨੀਅਨ ਨੇ ਇਸ ਨੂੰ ਮਨੁੱਖੀ ਅਧਿਕਾਰ ਦਾ ਮਾਮਲਾ ਮੰਨਿਆ ਅਤੇ ਕੇਰਲ ਦੀਆਂ ਕੰਮ-ਕਾਜੀ ਔਰਤਾਂ ਦਾ ਮਾਮਲਾ ਰਾਜ ਤੇ ਰਾਸ਼ਟਰੀ ਪੱਧਰ ’ਤੇ ਮਾਨਵ ਅਧਿਕਾਰ ਕਮਿਸ਼ਨਾਂ ਦੇ ਸਾਹਮਣੇ ਰੱਖਿਆ। ਮਾਲਕਾਂ ਦੀ ਦਲੀਲ ਸੀ ਕਿ ਸਾਮਾਨ ਦਿਖਾਉਣ ਅਤੇ ਵੇਚਣ ਵਾਲੇ ਕਰਮਚਾਰੀਆਂ ਦਾ ਖੜੇ ਰਹਿਣਾ ਗਾਹਕਾਂ ਦੇ ਪ੍ਰਤੀ ਸਨਮਾਨ ਦਾ ਪ੍ਰਦਰਸ਼ਨ ਹੈ, ਖੜੇ ਕਰਮਚਾਰੀ ਜ਼ਿਆਦਾ ਅਨੁਸ਼ਾਸਤ ਅਤੇ ਕਿੱਤਾਕਾਰੀ ਲੱਗਦੇ ਹਨ।
ਲੰਮੇ ਸਮੇਂ ਤੋਂ ਇਹ ਧਾਰਨਾ ਲੋਕਾਂ ਦੇ ਮਨਾਂ ਵਿੱਚ ਬਿਠਾਈ ਜਾਂਦੀ ਰਹੀ ਹੈ ਕਿ ਦੇਰ ਤੱਕ ਬੈਠ ਕੇ ਕੰਮ ਕਰਨਾ ਸਹੀ ਨਹੀਂ ਹੈ। ਇਹ ਸਿਟਿੰਗ ਡਿਜੀਜ਼, ਯਾਨੀ ਇੱਕ ਤਰਾਂ ਦੀ ਬਿਮਾਰੀ ਹੈ। ਖੋਜਾਂ ਰਾਹੀਂ ਸਾਬਤ ਕੀਤਾ ਗਿਆ ਹੈ ਕਿ ਇਹ ਬੈਠਣਾ ਮਨੁੱਖੀ ਸਰੀਰ ਨੂੰ ਵੈਸੇ ਵੀ ਖੋਖਲਾ ਕਰ ਦਿੰਦਾ ਹੈ, ਜਿਵੇਂ ਸਿਗਰਟਨੋਸ਼ੀ। ਇਸ ਲਈ ਮੈਡੀਕਲ ਸ਼ਬਦਾਵਲੀ ਵਿੱਚ ਦੇਰ ਤੱਕ ਬੈਠਣ ਨੂੰ ਨਵੀਂ ਕਿਸਮ ਦੀ ਸਿਗਰਟਨੋਸ਼ੀ ਗਰਦਾਨਿਆ ਗਿਆ। ਪਿਛਲੇ ਦਿਨੀਂ ਐਪਲ ਦੇ ਮੁਖੀ ਟਿਮ ਕੁੱਕ ਨੇ ਆਪਣੇ ਕਰਮਚਾਰੀਆਂ ਨੂੰ ਖੜੇ ਹੋ ਕੇ ਕੰਮ ਕਰਨ ਲਈ ਸਟੈਂਡਿੰਗ ਡੈਸਕ ਮੁਹੱਈਆ ਕਰਵਾਈ ਹੈ।
ਜਨਵਰੀ 2018 ਦੇ ਅਮਰੀਕਨ ਜਨਰਲ ਆਫ਼ ਐਪੀਡੇਮਿਓਲੋਜੀ ਵਿੱਚ ਛਪੀ ਕੈਨੇਡਾ ਦੇ ਡਾਕਟਰ ਪੀਟਰ ਸਮਿੱਥ ਅਤੇ ਉਸ ਦੇ ਸਾਥੀਆਂ ਦੀ ਖੋਜ ਨੇ ਖੜੇ ਹੋ ਕੇ ਕੰਮ ਕਰਨ ਦੀ ਧਾਰਨਾ ਨੂੰ ਪਲਟ ਦਿੱਤਾ ਹੈ। ਉਸ ਨੇ ਬਾਰਾਂ ਸਾਲਾਂ ਤੱਕ 7000 ਤੋਂ ਜ਼ਿਆਦਾ ਕਰਮਚਾਰੀਆਂ ਦੀ ਸਿਹਤ ਦੇ ਅੰਕੜੇ ਇਕੱਠੇ ਕਰ ਕੇ ਇਹ ਸਿੱਟਾ ਕੱਢਿਆ ਕਿ ਜ਼ਿਆਦਾ ਦੇਰ ਤੱਕ ਖੜੇ ਹੋ ਕੇ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਦੇਰ ਬੈਠ ਕੇ ਕੰਮ ਕਰਨ ਵਾਲਿਆਂ ਦੀ ਤੁਲਨਾ ਵਿੱਚ ਦਿਲ ਦੀ ਬੀਮਾਰੀ ਦੋ ਗੁਣਾਂ ਪਾਈ ਜਾਂਦੀ ਹੈ। ਇਹੀ ਨਹੀਂ, ਔਰਤ ਕਾਮਿਆਂ ਨੂੰ ਮਰਦਾਂ ਦੇ ਮੁਕਾਬਲੇ ਇਹ ਮਾਰ ਜ਼ਿਆਦਾ ਪੈਂਦੀ ਹੈ। ਜ਼ਿਆਦਾ ਦੇਰ ਤੱਕ ਖੜੇ ਹੋ ਕੇ ਕੰਮ ਕਰਨ ਵਾਲਿਆਂ ਦੇ ਸਰੀਰ ਦੇ ਹੇਠਲੇ ਹਿੱਸਿਆਂ ਦੀਆਂ ਨਾੜਾਂ ਵਿੱਚ ਖ਼ੂਨ ਦਾ ਜ਼ਿਆਦਾ ਪ੍ਰਵਾਹ ਚੱਲਣ ਕਾਰਨ ਸੋਜ ਆ ਜਾਂਦੀ ਹੈ। ਪਿੱਠ ਅਤੇ ਕਮਰ ਦਰਦ ਹੋਣ ਲੱਗਦਾ ਹੈ, ਗਰਦਨ ਅਤੇ ਬਾਹਾਂ ਵਿੱਚ ਅਕੜਾਂਦ ਆ ਜਾਂਦੀ ਹੈ, ਮਾਨਸਿਕ ਤਨਾਅ ਵਧਦਾ ਹੈ ਅਤੇ ਦਿਲ ਦੇ ਰੋਗਾਂ ਦਾ ਖ਼ਤਰਾ ਵਧ ਜਾਂਦਾ ਹੈ। ਅੱਜ ਦੀ ਵਿਗਿਆਨਕ ਖੋਜ ਇਹ ਸੁਝਾਅ ਦਿੰਦੀ ਹੈ ਕਿ ਇੱਕ ਘੰਟੇ ਬੈਠ ਕੇ ਅਤੇ ਇੱਕ ਘੰਟੇ ਖੜੇ ਹੋ ਕੇ ਕੰਮ ਕਰਨ ਲਈ ਬਰਾਬਰ-ਬਰਾਬਰ ਵੰਡ ਲੈਣਾ ਜ਼ਿਆਦਾ ਚੰਗਾ ਹੈ।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.