ਲਿਟਰੇਰੀ ਫੋਰਮ ਫ਼ਰੀਦਕੋਟ ਵੱਲੋਂ ਰਾਤੀਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਚ ਕਵੀ ਦਰਬਾਰ ਸੀ।
ਸਰੀਰ ਕੰਡ ਚ ਨਹੀਂ ਸੀ ਪਰ ਬਾਬਾ ਫ਼ਰੀਦ ਨੇ ਕਿਹਾ
ਜੇ ਸੱਜਣਾਂ ਨਾਲ ਨਿਹੁੰ ਹੈ ਤਾਂ ਭਿੱਜੀ ਕੰਬਲੀ ਲੈ ਕੇ ਵੀ ਤੁਰ ਪਉ।
ਤਰਸੇਮ ਨੂਰ, ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਦਾ ਸੰਗ ਸੀ।
ਲਾਲਚ ਇਹ ਵੀ ਕਿ ਰਾਹ ਵਿਚ ਮੋਗਾ ਵਿਖੇ ਲੇਖਕ ਦੋਸਤ ਗੁਰਪ੍ਰੀਤ ਸਿੰਘ ਤੂਰ ਤੇ ਪਿਰਥੀਪਾਲ ਸਿੰਘ ਹੇਅਰ ਨੂੰ ਮਿਲ ਕੇ ਮੁਬਾਰਕ ਵੀ ਦਿਆਂਗੇ। ਮੋਗਾ ਦੇ ਸੀਨੀਅਰ ਪੁਲਿਸ ਕਪਤਾਨ ਤੇ ਪੁਸਿਸ ਕਪਤਾਨ ਵਜੋਂ ਸਾਡੇ ਇਨ੍ਹਾਂ ਦੋਹਾਂ ਵੀਰਾਂ ਨੇ ਨਸ਼ਾਮੁਕਤੀ ਲਹਿਰ ਲਈ ਦਿਨ ਰਾਤ ਕੰਮ ਕਰਕੇ ਇਸ ਬੁਰਾਈ ਦਾ ਜਿਵੇਂ ਲੱਕ ਤੋੜਿਆ ਹੈ, ਇਸ ਦੀ ਸ਼ਲਾਘਾ ਕਰਦੇ ਜਾਵਾਂਗੇ। ਨਸ਼ਿਆਂ ਦੇ ਖ਼ਿਲਾਫ਼ ਕਿਤਾਬਾਂ ਹੀ ਨਹੀਂ ਲਿਖੀਆਂ ਸਗੋਂ ਕਰਮ ਭੂਮੀ ਚ ਵੀ ਨਿੱਤਰ ਕੇ ਜੇਤੂ ਬਣ ਵਿਖਾਇਆ ਹੈ। ਕਾਲਾ ਟਿੱਕਾ ਧੋਤਾ ਹੈ।
ਫ਼ਰੀਦਕੋਟ ਜਾਣ ਲਈ ਤੁਰੇ ਤਾਂ ਤਲਵੰਡੀ ਭਾਈ ਤੋਂ ਸੋਹਣੀ ਸੜਕ ਨੇ ਐਸਾ ਭੁਲਾਂਦਰਾ ਪਾਇਆ ਕਿ ਬਾਈਪਾਸ ਉਲੰਘ ਕੇ ਬਰਗਾੜੀ ਜਾ ਨਿਕਲੇ।
ਕਵੀਆਂ ਨੂੰ ਚੰਗੇ ਸ਼ਿਅਰ ਸੁਣਾਉਣ ਦਾ ਲਾਲਚ ਸੀ। ਪ੍ਰਵਾਨ ਕੁਮਾਰ ਅਸ਼ਕ , ਦੁਸ਼ਿਅੰਤ ਕੁਮਾਰ ਤੇ ਰਾਜਿੰਦਰ ਨਾਥ ਰਹਿਬਰ ਦੇ ਜ਼ਿਕਰ ਚ ਰਾਹ ਭੁੱਲ ਗਏ।
ਕਵੀਆਂ ਦਾ ਤਰਕ ਵੇਖੋ!
ਸਾਡੇ ਚੋਂ ਲੋਚੀ ਹੀ ਰਾਹਾਂ ਦਾ ਭੇਤੀ ਸੀ।
ਮੈਂ ਬਥੇਰਾ ਕਿਹਾ! ਭਰਾਵਾ, ਫਰੀਦਕੋਟ ਪਿੱਛੇ ਛੱਡ ਆਏ ਹਾਂ , ਉਹ ਕਹੇ ਨਹੀਂ ਇਹ ਬਰਗਾੜੀ ਹੋਰ ਹੈ।
ਬਰਗਾੜੀ ਖ਼ੁਰਦ ਲੱਗਦੈ। ਮੈਂ ਕਹਾਂ ਮੈਂ ਖੁਸ਼ਵੰਤ ਬਰਗਾੜੀ ਦਾ ਸਕੂਲ ਵੇਖਿਆ ਹੋਇਐ, ਇਹ ਪੱਕਾ ਉਹੀ ਹੈ।
ਲੋਚੀ ਕਹੇ ਖੁਸ਼ਵੰਤ ਦਾ ਪਿੰਡ ਬਰਗਾੜੀ ਕਲਾਂ ਹੈ ਭਾ ਜੀ।
ਅਸੀਂ ਮੰਨੀ ਗਏ ਪਰ ਅਦਰ ਧੁੜਕੂ ਸੀ ਕਿਉਂਕਿ ਬਠਿੰਡਾ ਨੇੜੇ ਹੋਈ ਜਾ ਰਿਹਾ ਸੀ। ਮਨਜਿੰਦਰ ਦੀ ਹਵਾ ਨਾਲ ਗੱਲਾਂ ਕਰਦੀ ਕਾਰ ਜਹਾਜ਼ ਵਾਂਗ ਸਫ਼ਰ ਚੀਰਦੀ ਜਾ ਰਹੀ ਸੀ।
ਰਾਹਗੀਰ ਨੂੰ ਫਰੀਦਕੋਟ ਦਾ ਰਾਹ ਪੁੱਛਿਆ ਤਾਂ ਬੋਲਿਆ, ਪਿੱਛੇ ਪਰਤ ਜਾਉ।
ਗੁਮਰਾਹ ਹੋ ਗਏ ਹੋ? ਤਰਸੇਮ ਨੂਰ ਦੇ ਲੰਮੇ ਵਾਲ ਵੇਖ ਕੇ ਬੋਲਿਆ, ਕਵੀ ਲੱਗਦੇ ਹੋ!
ਵਲੇਵਾਂ ਖਾ ਕੇ ਬਾਬਾ ਫਰੀਦ ਯੂਨੀਵਰਸਿਟੀ ਪੁੱਜੇ ਤਾਂ ਗਲਵੱਕੜੀਆਂ ਉਡੀਕ ਰਹੀਆਂ ਸਨ।
ਖੱਬੇ ਗੋਡੇ ਚ ਪੀੜ ਜਾਗ ਪਈ ਸੀ।
ਵਿਦੈ ਵਿਵੇਕ ਨੇ ਹਾਲ ਪੁੱਛਿਆ ਤਾਂ ਮੈਂ ਕਿਹਾ
ਗੋਡਾ ਹੀ ਉਦਾਸ ਹੈ ਜੀ ਬਾਕੀ ਸਭ ਖ਼ੈਰ ਏ।
ਕਵੀ ਦਰਬਾਰ ਤੋਂ ਪਹਿਲਾਂ ਪ੍ਰੋ: ਜਸਪਾਲ ਘਈ ਤੇ ਵਿਸ਼ਵ ਜਯੋਤੀਧੀਰ ਨੂੰ ਫੋਰਮ ਵੱਲੋਂ ਸਨਮਾਨਿਤ ਕੀਤਾ ਗਿਆ। ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵੀ ਸੀ ਤੇ ਹੁਣ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ: ਜਸਪਾਲ ਸਿੰਘ, ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਦੇ ਨਾਲ ਮੈਨੂੰ ਵੀ ਪ੍ਰਧਾਨਗੀ ਮੰਡਲ ਚ ਸ਼ਾਮਿਲ ਕੀਤਾ ਗਿਆ।
ਸਭ ਕਵੀ ਪੂਰੀ ਰੌਂਅ ਚ ਸਨ।
ਵਿਜੈ ਵਿਵੇਕ, ਜਸਪਾਲ ਘਈ, ਡਾ: ਜਗਵਿੰਦਰ ਜੋਧਾ,ਡਾ: ਸ਼ਮਸ਼ੇਰ ਮੋਹੀ, ਤਰਸੇਮ ਨੂਰ,ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਅਨਿਲ ਆਦਮ, ਹਰਮੀਤ ਵਿਦਿਆਰਥੀ, ਰੇਣੂ ਨੱਈਅਰ,ਕੁਲਵਿੰਦਰ ਕੰਵਲ, ਕਰਨਜੀਤ ਨਕੋਦਰ, ਸਚਦੇਵ ਗਿੱਲ ਸਮੇਤ ਸਭ ਜੋਬਨ ਤੇ ਸਨ।
ਰਾਤ ਦਾ ਪਰਸ਼ਾਦਾ ਛਕ ਕੇ ਪਰਤਦਿਆਂ ਨਿੱਕੇ ਵੀਰ ਰਾਜੀਵ ਪਰਾਸ਼ਰ ਦੀ ਦਿੱਤੀ ਬਰਫ਼ੀ ਨੇ ਸਫ਼ਰ ਮਿੱਠਾ ਮੱਠਾ ਕਰੀ ਰੱਖਿਆ। ਲੋਚੀ ਦੇ ਸ਼ਿਅਰਾਂ ਵਰਗੀਆਂ ਬਰਫ਼ੀ ਦੀਆਂ ਡਲੀਆਂ ਖਾਂਦਿਆਂ ਉਸ ਤਲਖ਼ ਠਾਣੇਦਾਰ ਦਾ ਵੀ ਜ਼ਿਕਰ ਆਇਆ ਜਿਸ ਨੇ ਲਾਹੌਰੀਏ ਸ਼ਬਦ ਆਪਣੇ ਆਪ ਤੇ ਢੁਕਾ ਕੇ ਮੈਨੂੰ ਪੰਦਰਾਂ ਸਾਲ ਪਹਿਲਾਂ ਕਵੀ ਦਰਬਾਰ ਮਗਰੋਂ ਏਸੇ ਸ਼ਹਿਰ ਚ ਘੇਰ ਕੇ ਕਿਹਾ ਸੀ
ਸਰਦਾਰਾ! ਸ਼ਿਅਰ ਬਦਲ, ਨਹੀਂ ਤੇ..........
ਘਰ ਪਰਤ ਕੇ ਗੋਡਾ ਤਾਂ ਬੜਾ ਦੁਖਿਆ ਪਰ ਸੱਜਣਾਂ ਦੀਆਂ ਮੁਹੱਬਤਾਂ ਮਾਨਣਾ ਸੱਚੀਂ ਸੱਚਾ ਸੌਦਾ ਸੀ।
ਲਿਖਦਿਆਂ ਲਿਖਦਿਆਂ ਖੁਸ਼ਵੰਤ ਬਰਗਾੜੀ ਨੇ ਸ਼ੁਭਾਸ਼ ਪਰਿਹਾਰ ਦੀ
ਪੋਸਟ ਭੇਜੀ ਹੈ, ਤੁਸੀਂ ਵੀ ਪੜ੍ਹੋ ਕੇ ਕਿਤਾਬ ਨਾਲ ਸਾਂਝ ਪਾਉ !
ਦੋਸਤੋ, ਮੈਂ ਫ਼ਰੀਦਕੋਟ ਰਿਆਸਤ ਦੇ ਸ਼ਹਿਰ ਕੋਟ ਕਪੂਰੇ ਦਾ ਜੰਮ-ਪਲ਼ ਹਾਂ ਅਤੇ ਆਪਣੀ ਜ਼ਿੰਦਗੀ ਦੇ 65 ਸਾਲਾਂ ਵਿਚੋਂ 58 ਸਾਲ ਇਥੇ ਹੀ ਜੀਵੇ ਹਨ। ਇਸ ਰਿਆਸਤ ਦੇ ਰਾਜਿਆਂ ਦੁਆਰਾ ਸਥਾਪਿਤ ਕੀਤੇ ਸਕੂਲ-ਕਾਲਜ ਵਿਚ ਪੜ੍ਹਿਆ ਹਾਂ ਅਤੇ ਉਸੇ ਕਾਲਜ ਵਿਚ 18 ਵਰ੍ਹੇ ਰਿਜ਼ਕ ਕਮਾਇਆ ਹੈ। ਇਸ ਸਭ ਦਾ ਮੇਰੇ ਸਿਰ ਵੱਡਾ ਅਹਿਸਾਨ ਹੈ। ਇਸ ਅਹਿਸਾਨ ਦਾ ਇਕ ਅੰਸ਼ ਚੁਕਾਉਣ ਲਈ ਮੈਂ 2006 ਵਿਚ ਫ਼ਰੀਦਕੋਟ ਰਿਆਸਤ ਦੇ ਇਤਿਹਾਸ ਬਾਰੇ ਕਿਤਾਬ ਲਿਖਣ ਦਾ ਵਿਚਾਰ ਬਣਾਇਆ। ਇਸ ਵਿਚਾਰ ਨੂੰ ਸਾਕਾਰ ਕਰਨ ਵਿਚ ਤਿੰਨ ਸਾਲ ਲੱਗ ਗਏ। 2009 ਵਿਚ ਮੇਰੀਆਂ ਪਿਛਲੀਆਂ ਦੋ ਕਿਤਾਬਾਂ ਦੇ ਪਬਲਿਸ਼ਰ ਮੈਸਰਜ਼ ਆਰਿਯਨ ਬੁਕਸ ਇੰਟਰਨੇਸ਼ਨਲ ਨੇ ਇਸ ਕਿਤਾਬ ਨੂੰ ਖੂਬਸੂਰਤ ਦਿੱਖ ਵਿਚ ਛਾਪ ਦਿੱਤਾ।
ਮੇਰੀਆਂ ਬਾਕੀ ਸਾਰੀਆਂ ਕਿਤਾਬਾਂ ਵਾਂਙ ਇਹ ਵੀ ਅੰਗ੍ਰੇਜ਼ੀ ਵਿਚ ਸੀ। 290 ਸਫ਼ਿਆਂ ਦੇ ਟੈਕਸਟ ਅਤੇ 35 ਰੰਗੀਨ, 196 ਬਲੈਕ-ਐਂਡ-ਵਾਈਟ ਤਸਵੀਰਾਂ ਅਤੇ 140 ਨਕਸ਼ਿਆਂ ਨਾਲ ਛਪੀ ਹੋਣ ਕਰਕੇ ਪਬਲਿਸ਼ਰ ਨੇ ਇਸਦਾ ਮੁੱਲ 3500/- ਰੱਖਿਆ। ਕਿਤਾਬ ਨੂੰ ਦੇਸ਼-ਵਿਦੇਸ਼ ਵਿਚ ਵਧੀਆ ਹੁੰਗਾਰਾ ਮਿਲਿਆ ਅਤੇ ਲਗਭਗ ਸਾਰੀ ਵਿਕ ਗਈ।
ਪਿੱਛੇ ਜਿਹੇ ਖ਼ਿਆਲ ਆਇਆ ਕਿ ਕਿਉਂ ਨਾ ਪੰਜਾਬੀ ਦੇ ਪਾਠਕਾਂ ਲਈ ਇਸ ਕਿਤਾਬ ਦਾ ਸੰਖੇਪ ਅਨੁਵਾਦ ਕੀਤਾ ਜਾਵੇ। ਕਿਤਾਬ ਇੱਧਰੋਂ-ਉੱਧਰੋਂ ਸਮਗਰੀ ਇਕੱਠੀ ਕਰ ਕੇ ਲਿਖੀ ਪੱਤਰਕਾਰਿਤਾ ਦੇ ਪੱਧਰ ਦੀ ਨਹੀਂ , ਸਗੋਂ ਠੋਸ ਖੋਜ-ਆਧਾਰਿਤ ਹੈ। ਕਿਤਾਬ ਦਾ ਮੰਤਵ ਨਾ ਕਿਸੇ ਨੂੰ ਖੁਸ਼ ਕਰਨਾ ਹੈ ਅਤੇ ਨਾ ਕਿਸੇ ਨੂੰ ਨਿੰਦਣਾ। ਪਾਠਕਾਂ ਤੀਕ ਆਪਣੇ ਇਲਾਕੇ ਬਾਰੇ ਵੱਧ ਤੋਂ ਵੱਧ ਠੋਸ ਇਤਿਹਾਸਿਕ ਜਾਣਕਾਰੀ ਪਹੁੰਚਾਣਾ ਹੀ ਇਸ ਦੇ ਲਿਖਣ ਦਾ ਇਕੋ-ਇਕ ਮਕਸਦ ਹੈ।
ਇਹ ਕਿਤਾਬ ਪੀਪਲਜ਼ ਫ਼ੋਰਮ, ਬਰਗਾੜੀ, ਨੇ "ਰਿਆਸਤ ਫ਼ਰੀਦਕੋਟ: ਇਤਿਹਾਸ ਅਤੇ ਇਤਿਹਾਸਿਕ ਇਮਾਰਤਾਂ" ਦੇ ਨਾਂ ਹੇਠ ਛਾਪੀ ਹੈ। 208 ਸਫ਼ਿਆਂ ਦੀ ਇਹ ਕਿਤਾਬ 35 ਰੰਗੀਨ ਤਸਵੀਰਾਂ, 168 ਬਲੈਕ/ਵਾਈਟ ਤਸਵੀਰਾਂ ਅਤੇ 9 ਨਕਸ਼ਿਆਂ ਨਾਲ, ਖੂਬਸੂਰਤ ਦਿੱਖ ਵਿਚ ਛਾਪ ਕੇ ਅੱਜ ਹੀ ਰੀਲੀਜ਼ ਕੀਤੀ ਹੈ। ਹਾਰਡ-ਬਾਉਂਡ ਇਸ ਕਿਤਾਬ ਦੀ ਕੀਮਤ ਅੰਗ੍ਰੇਜ਼ੀ ਦੀ ਕਿਤਾਬ ਦੇ ਮੁੱਲ ਦੇ ਦਸਵੇਂ ਹਿੱਸੇ ਤੋਂ ਵੀ ਘੱਟ, ਸਿਰਫ਼ 300 ਰੁਪਏ ਰਖੀ ਗਈ ਹੈ ਤਾਂ ਜੋ ਇਹ ਆਮ ਪਾਠਕਾਂ ਤੀਕ ਪੁੱਜ ਸਕੇ।
ਕਿਤਾਬ ਬ੍ਰਿਜਿੰਦਰਾ ਕਾਲਜ ਵਿਚ ਲੱਗੇ ਹੋਏ ਪੁਸਤਕ ਮੇਲੇ ਦੇ ਪੀਪਲਜ਼ ਫ਼ੋਰਮ ਦੇ ਅਤੇ ਹੋਰ ਸਟਾਲਾਂ ਤੋਂ ਮਿਲ ਸਕਦੀ ਹੈ। ਇਹ ਨੁਮਾਇਸ਼ 23 ਸਿਤੰਬਰ ਤੀਕ ਰਹੇਗੀ। ਇਸ ਦੇ ਬਾਅਦ ਇਹ ਪੀਪਲਜ਼ ਫ਼ੋਰਮ, ਬਰਗਾੜੀ ਤੋਂ ਡਾਕ ਰਾਹੀਂ ਮੰਗਵਾਈ ਜਾ ਸਕਦੀ ਹੈ।
- Subhash Parihar
ਗੁਰਭਜਨ ਗਿੱਲ
21.9.2018
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.