ਗਵਰਨਰ ਪੰਜਾਬ ਤੇ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਤੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੇਂ ਨੇ ਉਦਘਾਟਨ ਕੀਤਾ।
ਪਰਾਲੀ ਨਾ ਸਾੜਨ ਤੇ ਅਗਲੇ ਦੇੋ ਦਿਨ ਵਿਚਾਰ ਚਰਚਾ ਹੋਵੇਗੀ। ਇਸ ਮੌਕੇ ਤੀਹ ਸਾਲ ਇਸ ਮੇਲੇ ਦਾ ਹਿੱਸਾ ਰਹਿਣ ਕਰਕੇ ਮੇਰਾ ਵੀ ਫ਼ਰਜ਼ ਹੈ ਕਿ ਇਸ ਮਸਲੇ ਤੇ ਆਪਣਾ ਬਣਦਾ ਹਿੱਸਾ ਪਾਵਾਂ।
ਇੱਕ ਗੀਤ ਪ੍ਰਵਾਨ ਕਰੋ।
ਗੀਤ
ਗੁਰਭਜਨ ਗਿੱਲ
ਇਹ ਗੱਲ ਦੱਸਿਓ ਪਿੰਡ ਦੇ ਹਰ ਇੱਕ ਹਾਲੀ ਪਾਲੀ ਨੂੰ।
ਅੱਗ ਨਾ ਲਾਇਓ, ਵੀਰੋ ਵੇ ਇਸ ਵਾਰ ਪਰਾਲੀ ਨੂੰ।
ਧਰਤੀ ਮਾਂ ਦੇ ਸੀਨੇ ਤੇ ਕਿਉਂ ਅਗਨ ਲਗਾਉਂਦੇ ਹੋ।
ਮਹਿੰਗਾ ਜੈਵਿਕ ਮਾਦਾ ਸੋਨਾ ਰਾਖ਼ ਬਣਾਉਂਦੇ ਹੋ।
ਮਾਰ ਆਵਾਜ਼ਾਂ ਘਰ ਵਿੱਚ ਸੱਦਦੇ ਕਿਉਂ ਮੰਦਹਾਲੀ ਨੂੰ।
ਅੱਗ ਨਾ ਲਾਇਓ ਵੀਰੋ ਵੇ ਇਸ ਵਾਰ ਪਰਾਲੀ ਨੂੰ।
ਅੱਗ ਬਾਲ ਕੇ ਖੇਤੀਂ ,ਧੂੰਆਂ ਜ਼ਹਿਰ ਫ਼ੈਲਾਉ ਨਾ।
ਲੈਣ ਦਿਉ ਸਾਹ,ਮਾਂ ਜਾਇਓ ਵੇ ਕਹਿਰ ਕਮਾਉ ਨਾ।
ਕਿਵੇਂ ਜਗਣਗੇ ਦੀਵੇ, ਧੂੰਆਂਧਾਰ ਦੀਵਾਲੀ ਨੂੰ।
ਅੱਗ ਨਾ ਲਾਇਓ ਵੀਰੋ ਵੇ ਇਸ ਵਾਰ ਪਰਾਲੀ ਨੂੰ।
ਏਸ ਪਰਾਲੀ ਨੂੰ ਜੇ ਇੱਕ ਥਾਂ ਕੱਠੀ ਕਰ ਲਓਗੇ।
ਗੱਤਾ ਮਿੱਲ ਨੂੰ ਵੇਚ ਕਮਾਈ ਚੋਖੀ ਕਰ ਲਉਗੇ।
ਸਿਰਫ਼ ਸਵਾਹ ਸਿਰ ਪੈਂਦੀ ਮਗਰੋਂ ਤੀਲੀ ਬਾਲੀ ਨੂੰ।
ਅੱਗ ਨਾ ਲਾਇਓ ਵੀਰੋ ਵੇ ਇਸ ਵਾਰ ਪਰਾਲੀ ਨੂੰ।
ਝੋਨੇ ਦੇ ਵੱਢ ਅੰਦਰ ਕਣਕ ਬੀਜਾਈ ਖਾਤਰ ਜੀ।
ਹੈਪੀ ਸੀਡਰ ਵਰਤੋ, ਖ਼ਰਚਾ ਨਾਮ ਦੇ ਮਾਤਰ ਜੀ।
ਮਿਹਨਤ ਸੰਗ ਵਿਗਿਆਨ ਮਿਲਾ ਰਲ ਮਾਰੋ ਤਾਲੀ ਨੂੰ।
ਅੱਗ ਨਾ ਲਾਇਉ, ਵੀਰੋ ਵੇ ਇਸ ਵਾਰ ਪਰਾਲੀ ਨੂੰ।
ਆਪ ਸਮਝ ,ਸਮਝਾਇਓ ਮਗਰੋਂ ਭਾਈਚਾਰੇ ਨੂੰ।
ਏਸ ਤਰ੍ਹਾਂ ਹੀ ਰੋਕ ਪਊ ਇਸ ਮੰਦੜੇ ਕਾਰੇ ਨੂੰ।
ਇੱਕ ਤੀਲਾ ਵੀ ਜਲਣਾ ਮਿਹਣਾ ਬਾਗ ਦੇ ਮਾਲੀ ਨੂੰ।
ਅੱਗ ਨਾ ਲਾਇਉ ਵੀਰੋ ਵੇ ਇਸ ਵਾਰ ਪਰਾਲੀ ਨੂੰ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.