ਬਾਬਾ ਫ਼ਰੀਦ ਉਤਸਵ ਤੇ ਕੱਲ੍ਹ ਫ਼ਰੀਦਕੋਟ ਚ ਕਵੀ ਦਰਬਾਰ ਹੈ।
ਪਹਿਲੀ ਵਾਰ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਬੁਲਾਵੇ ਤੇ 1986 ਵਾਲੇ ਕਵੀ ਦਰਬਾਰ ਚ ਗਿਆ ਸਾਂ।
ਪ੍ਰਿੰ: ਸੰਤ ਸਿੰਘ ਸੇਖੋਂ ਜੀ ਦਾ ਸਨਮਾਨ ਸੀ ਓਥੇ।
ਕਿੰਨੇ ਵੱਡੇ ਸ਼ਾਇਰ ਸਨ ਉਸ ਕਵੀ ਦਰਬਾਰ ਚ।
ਦੀਪਕ ਜੈਤੋਈ, ਜੋਗਾ ਸਿੰਘ, ਮੋਹਨਜੀਤ, ਸੁਰਜੀਤ ਪਾਤਰ, ਰਣਧੀਰ ਸਿੰਘ ਚੰਦ, ਪ੍ਰਮਿੰਦਰਜੀਤ, ਦੀਦਾਰ ਗੜ੍ਹਦੀਵਾਲਾ, ਹਰਿਭਜਨ ਹਲਵਾਰਵੀ ਤੇ ਮੇਰੇ ਜਹੇ ਕਿੰਨੇ ਹੋਰ।
ਸ ਸ ਮੀਸ਼ਾ ਜੀ ਨੇ ਆਉਣਾ ਸੀ, ਮੰਚ ਸੰਚਾਲਨ ਕਰਨਾ ਸੀ, ਪਰ ਨਾ ਪੁੱਜੇ।
ਸਾਨੂੰ ਕੀ ਪਤਾ ਸੀ ਕਿ ਸਵੇਰ ਵੇਲੇ ਉਹ ਕਾਂਜਲੀ ਚ ਕਿਸ਼ਤੀ ਸਵਾਰ ਹੋਣ ਗਏ ਸਾਨੂੰ ਸਦੀਵੀ ਅਲਵਿਦਾ ਕਹਿ ਗਏ ਹਨ।
ਉਦੋਂ ਸ: ਭੁਪਿੰਦਰ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਸਨ ਤੇ ਸ ਸ ਚੰਨੀ ਵਧੀਕ ਡਿਪਟੀ ਕਮਿਸ਼ਨਰ। ਗਵਰਨਰ ਪੰਜਾਬ
ਸਿਧਾਰਥ ਸ਼ੰਕਰ ਰੇਅ ਨੇ ਪ੍ਰਧਾਨਗੀ ਕੀਤੀ ਸੀ ਪੂਰੀ ਰਾਤ ਜਾਗਦਿਆਂ।
ਹੁਣ ਕੱਲ੍ਹ ਫੇਰ ਫ਼ਰੀਦਕੋਟ ਚ ਬਾਬਾ ਫ਼ਰੀਦ ਯਾਦਗਾਰੀ ਕਵੀ ਦਰਬਾਰ ਹੈ।
ਮੈਨੂੰ ਵੀ ਸੱਦਿਆ ਹੈ। ਤ੍ਰੈਲੋਚਨ ਲੋਚੀ ਤੇ ਮਨਜਿੰਦਰ ਨੇ ਵੀ ਜਾਣੈਂ।
2014 ਚ ਵੀ ਗਿਆ ਸਾਂ। ਹੁਣ ਪਹਿਲਾਂ ਵਰਗਾ ਚਾਅ ਗੈਰ ਹਾਜ਼ਰ ਹੈ ਮਨ ਵਿੱਚ।
ਸੋਚਦਾਂ, ਕਵਿਤਾਵਾਂ ਪੜ੍ਹੀ ਜਾਂਦੇ ਹਾਂ, ਅਸਰ ਤਾਂ ਕਿਤੇ ਵੀ ਨਹੀਂ ਹੁੰਦਾ।
ਅਸੀਂ ਵੀ ਉਹੋ ਜਹੇ ਹੀ ਹੋ ਗਏ ਹਾਂ,ਮਸ਼ੀਨੀ ਜਹੇ।
ਪਰ ਜਾਵਾਂਗਾ ਮੈਂ, ਕਿਉਂਕਿ ਸੁਨੀਲ ਚੰਦਿਆਣਵੀ ਤੇ ਮਨਜੀਤ ਪੁਰੀ ਨੇ ਏਨੇ ਹੱਕ ਨਾਲ ਬੁਲਾਇਆ ਹੈ।
ਕੱਲ੍ਹ ਸ਼ਾਮੀਂ (20ਸਤੰਬਰ) ਸਾਢੇ ਚਾਰ ਵਜੇਬਾਬਾ ਫ਼ਰੀਦ ਯੂਨੀਵਰਸਿਟੀ ਦੇ ਸੈਨੇਟ ਹਾਲ ਚ ਕਵੀ ਦਰਬਾਰ ਹੈ।
ਕੱਲ੍ਹ ਹੀ ਭਾਈ ਘਨੱਈਆ ਜੀ ਦਾ ਵੀ ਜਨਮ ਦਿਹਾੜਾ ਹੈ।
ਮੈਂ ਤਾਂ ਭਾਈ ਘਨੱਈਆ ਬਾਰੇ ਨਜ਼ਮ ਪੜ੍ਹਾਂਗਾ।
ਹਾਲ ਦੀ ਘੜੀ ਇਹ ਗ਼ਜ਼ਲ ਪੜ੍ਹ ਲਵੋ, ਫਿਰ ਕਹੋਗੇ, ਗੱਲਾਂ ਹੀ ਕਰੀ ਗਿਆ।
ਗ਼ਜ਼ਲ
ਗੁਰਭਜਨ ਗਿੱਲ
ਢੇਰੀ ਢਾਹ ਕੇ ਬਹਿ ਜਾਂਦਾ ਏਂ, ਏਸ ਤਰ੍ਹਾਂ ਨਾ ਕਰਿਆ ਕਰ ਤੂੰ।
ਮਰਨ ਦਿਹਾੜਾ ਕਹਿੰਦੇ ਮਿਥਿਆ, ਜੀਂਦੇ ਜੀਅ ਨਾ ਮਰਿਆ ਕਰ ਤੂੰ।
ਆਪੇ ਕਹਿੰਦੈਂ, ਚਾਰ ਦਿਹਾੜੇ, ਇਹ ਜ਼ਿੰਦਗਾਨੀ ,ਭਰਮ ਬੁਲਬੁਲਾ,
ਕੂੜ,ਕੁਫ਼ਰ ਜੇ ਮਿਲਖ ਜਾਗੀਰਾਂ, ਨਾ ਝੋਲੀ ਵਿੱਚ ਭਰਿਆ ਕਰ ਤੂੰ।
ਜੰਗਲ ਦੇ ਵਿੱਚ ਰਾਤ ਪਵੇ ਜੇ, ਦਿਨ ਵੀ ਚੜ੍ਹਦੈ ਓਸੇ ਥਾਂ ਤੇ,
ਬਿਰਖ਼ ਬਰੂਟੇ ਤੇਰੇ ਸੰਗ ਨੇ,ਐਵੇਂ ਹੀ ਨਾ ਡਰਿਆ ਕਰ ਤੂੰ।
ਗੁਰ ਉਪਦੇਸ਼ ਭੁਲਾਇਆ ਨਾ ਕਰ, ਸਭ ਦੀ ਸੁਣੀਏਂ, ਸਭ ਨੂੰ ਕਹੀਏ,
ਗੁੰਗਿਆ ਤੂੰ ਤੇ ਚੁੱਪ ਕਰ ਜਾਦੈਂ ਸ਼ਬਦ ਹੁੰਗਾਰਾ ਭਰਿਆ ਕਰ ਤੂੰ।
ਜੇ ਦਰਿਆ ਵਿੱਚ ਪਾਣੀ ਚੜ੍ਹਿਆ, ਬੈਠਾ ਵੀ ਤਾਂ ਰੁੜ੍ਹ ਜਾਵੇਂਗਾ,
ਮਿੱਟੀ ਬਣ ਕੇ ਖ਼ੁਰ ਜਾਵੇਂਗਾ,ਪੈਰ ਅਗਾਂਹ ਨੂੰ ਧਰਿਆ ਕਰ ਤੂੰ।
ਮਰਦ ਕਹਾਵੇਂ, ਮਰਦਾ ਕਿਉਂ ਏਂ,ਹਰ ਮਸਲੇ ਦਾ ਹੱਲ ਹੁੰਦਾ ਹੈ,
ਤੇਰੇ ਸੰਗ ਇਤਿਹਾਸ ਖੜ੍ਹਾ ਹੈ,ਜਿੱਤਕੇ ਨਾ ਇੰਜ ਹਰਿਆ ਕਰ ਤੂੰ।
ਤੂੰ ਧਰਤੀ ਤੋਂ ਸਬਕ ਲਿਆ ਕਰ,ਇਹ ਵੀ ਤਾਂ ਡੋਲੇ ਤੇ ਸੰਭਲੇ,
ਜੇ ਘਿਰ ਜਾਵੇਂ ‘ਕੱਲ੍ਹਾ ਕਿਧਰੇ,ਇਹ ਸਦਮੇ ਵੀ ਜਰਿਆ ਕਰ ਤੂੰ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.