ਗੁਰਭਜਨ ਗਿੱਲ
ਚੌਮੁਖੀਆ ਚਿਰਾਗ
ਚੇਤੇ ਆਉਂਦਾ ਹੈ
ਹਨ੍ਹੇਰੀ ਰਾਤ ਵਿੱਚ ਜਗਦਾ,
ਮਘਦਾ ਸੁਰਖ਼ ਸੂਰਜ
ਅੰਬਰ ਚ ਦਗਦਾ
ਸਮੂਲਚਾ ਵਜੂਦ
ਬਾਬੇ ਨਾਨਕ ਦਾ ਵਾਰਿਸ ਲੱਗਦਾ।
ਝਨਾਂ ਕੰਢੇ ਸੋਹਦਰੇ ਪਿੰਡ ਚ
ਮਾਂ ਸੁੰਦਰੀ ਦਾ ਜਾਇਆ
ਬਾਬਲ ਨੱਥੂ ਰਾਮ ਦੇ
ਬਿਰਖ਼ ਦੀ ਸਦੀਵਕਾਲੀ ਛਾਇਆ।
ਦਸ ਪਾਤਿਸ਼ਾਹੀਆਂ ਦੀ ਛਾਵੇਂ
ਤੁਰਦਾ ਤੁਰਦਾ
ਆਨੰਦਪੁਰ ਸਾਹਿਬ ਆਇਆ।
ਯੁੱਧ ਵਿੱਚ ਨਾ ਕੋਈ
ਵੈਰੀ ਨਾ ਬੇਗਾਨਾ
ਗੁਰੂ ਦਾ ਸੰਦੇਸ਼
ਜਿਸ ਸੱਚ ਕਰ ਮਾਨਾ।
ਮੁਗਲ ਜਾਂ ਪਹਾੜੀਆ
ਤੇਰਾ ਹੀ ਬੰਦਾ
ਦਿਸੇ ਬਲਿਹਾਰੀਆ।
ਨਿਰਛਲ ਨਿਰਭਉ ਤੇ ਨਿਰਵੈਰ।
ਸਰਬੱਤ ਦਾ ਭਲਾ ਲੋੜਦੇ ਕਰ ਪੈਰ
ਪਿਆਸਿਆਂ ਲਈ
ਨਿਰਮਲ ਜਲਧਾਰਾ
ਦਸਮੇਸ਼ ਗੁਰੂ ਨੂੰ
ਜਾਨੋਂ ਪਿਆਰਾ।
ਦੂਤੀਆਂ ਕਿਹਾ
ਇਹ ਮੁਗਲ ਬਚਾਵੇ।
ਮਰਦਿਆਂ ਦੇ ਮੂੰਹ
ਪਾਣੀ ਪਾਵੇ।
ਇਸਨੂੰ ਕਹੋ ਇਹ ਇੰਜ ਕਰੇ ਨਾ,
ਸਾਨੂੰ ਇਹ ਕੰਮ ਮੂਲ ਨਾ ਭਾਵੇ।
ਦਸਮ ਪਿਤਾ ਹੱਸੇ
ਮੁਸਕਰਾਏ।
ਬੋਲੇ ਮੇਰਿਓ ਭੋਲਿਓ ਪੁੱਤਰੋ,
ਇਹ ਤਾਂ ਆਪਣਾ
ਧਰਮ ਨਿਭਾਏ।
ਤੁਹਾਨੂੰ ਕਿਉਂ ਇਹ
ਸਮਝ ਨਾ ਆਏ।
ਹਿੱਕ ਨਾਲ ਲਾ ਕੇ
ਇਹ ਫੁਰਮਾਇਆ।
ਤੂੰ ਮੇਰੇ ਸ਼ਬਦਾਂ ਦੀ ਲੋਏ
ਤੁਰਦਾ ਤੁਰਦਾ
ਉਸ ਥਾਂ ਆਇਆ
ਜਿੱਥੇ ਪੁੱਜ ਕੇ ਨਾ ਕੋਈ ਵੈਰੀ
ਨਾ ਹੀ ਰਹੇ ਕੋਈ ਬੇਗਾਨਾ।
ਇਹ ਹੀ ਧਰਮ ਦਾ
ਅਸਲ ਨਿਸ਼ਾਨਾ।
ਆਹ ਫੜ ਪੱਟੀਆਂ
ਮੱਲਮ ਦੀ ਡੱਬੀ।
ਤੂੰ ਸੇਵਾ ਚੋਂ ਮਾਣਕ ਮੋਤੀ
ਉੱਚੀ ਸੁੱਚੀ ਹਸਤੀ ਲੱਭੀ।
ਹਰ ਜ਼ਖਮੀ ਨੂੰ ਸਮ ਕਰ ਜਾਣੀਂ।
ਮੂੰਹ ਵਿੱਚ ਪਾਵੇਂਗਾ ਜਦ ਪਾਣੀ।
ਚੁੱਪ ਕਰਕੇ ਤੂੰ ਉਸ ਪਲ ਸੁਣ ਲਈਂ
ਅਰਥ ਸਣੇ ਗੁਰੂਆਂ ਦੀ ਬਾਣੀ।
ਸਰਬ ਕਾਲ ਦਾ ਬਣ ਕੇ ਹਾਣੀ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.