ਡਿਜੀਟਲ-ਟੈੱਕ-ਗਿਆਨ ਲੜੀ
ਡਿਜੀਟਲ ਦੁਨੀਆ ਦਾ ਗਿਆਨ ਪਹਿਲੀ ਵਾਰ ਪੰਜਾਬੀ ਵਿਚ ਵੰਡਣ ਵਾਲੇ ਡਾ. ਸੀ.ਪੀ ਕੰਬੋਜ ਦਾ ਕਾਲਮ 'ਡਿਜਟਲ ਟੈੱਕ ਗਿਆਨ' ਬਾਬੂਸ਼ਾਹੀ 'ਤੇ ਸ਼ੁਰੂ ਲੜੀਵਾਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਇਹ ਉਪਰਾਲਾ ਅੱਜ ਦੇ ਯੁੱਗ ਵਿਚ ਡਿਜੀਟਲ ਤਕਨਾਲੋਜੀ ਨੂੰ ਪੰਜਾਬ ਦੇ ਉਨ੍ਹਾਂ ਲੋਕਾਂ ਤੱਕ ਪਹੁੰਚ ਕਰੇਗਾ ਜੋ ਲੋਕ ਅੱਜ ਵੀ ਭਾਸ਼ਾ ਦੀ ਸਮੱਸਿਆ ਕਰ ਕੇ ਦਿਨੋ ਦਿਨ ਨਵੀਂ ਆ ਰਹੀ ਤੇ ਤੇਜ਼ੀ ਨਾਲ ਬਦਲ ਰਹੀ ਤਕਨਾਲੋਜੀ ਦੀ ਜਾਣਕਾਰੀ ਤੋਂ ਸੱਖਣੇ ਹਨ। ਡਾ. ਸੀ.ਪੀ ਕੰਬੋਜ ਪੰਜਾਬੀ ਯੂਨੀਵਰਸਿਟੀ, ਪਟਿਆਲਾ 'ਚ ਬਤੌਰ ਅਸਿਸਟੈਂਟ ਪ੍ਰੋਫ਼ੈਸਰ; ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ 'ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਨੇ। 'ਡਿਜੀਟਲ ਟੈੱਕ ਗਿਆਨ' ਦੇ ਨਾਂਅ ਹੇਠ ਡਾ. ਸੀ ਪੀ ਕੰਬੋਜ ਦੀ ਲੇਖ-ਲੜੀ ਬਾਬੂਸ਼ਾਹੀ 'ਤੇ ਪੋਸਟ ਕਰਨ ਦੀ ਖ਼ੁਸ਼ੀ ਲੈ ਰਹੇ ਹਾਂ - ਸੰਪਾਦਕ
ਕਾਲਮ - 3
ਡਾ. ਸੀ.ਪੀ ਕੰਬੋਜ
ਬਹੁਤ ਸਾਰੇ ਲੋਕ ਪੰਜਾਬੀ ਟਾਈਪਿੰਗ ਦੇ ਨਾਂ ਤੋਂ ਕੰਨੀ ਕਤਰਾਉਂਦੇ ਹਨ। ਕਈਆਂ ਦੇ ਮਨਾਂ ਅੰਦਰ ਟਾਈਪਰਾਈਟਰ ਵਾਲੀ ਔਖੀ ਟਾਈਪ ਵਿਧੀ ਧੁਰ ਤੱਕ ਵਸੀ ਹੋਈ ਹੈ। ਅਖੇ, ਅਸੀਂ ਤਾਂ ਟਾਈਪਿੰਗ ਕਦੇ ਸਿੱਖ ਹੀ ਨਹੀਂ ਸਕਦੇ। ਟਾਈਪਿੰਗ ਦੇ ਕੰਮ ਨੂੰ ਆਸਾਨ ਬਣਾਉਣ ਲਈ ਆਓ ਜਾਣਦੇ ਹਾਂ ਟਾਈਪਿੰਗ ਨੁਕਤੇ।
ਦੋਸਤੋ, ਟਾਈਪ ਸਿੱਖਣਾ ਕੋਈ ਔਖਾ ਨਹੀਂ। ਬਸ, ਪੂਰਨ ਵਿਧੀਬਧ ਤਰੀਕੇ ਨਾਲ ਅਭਿਆਸ ਤੇ ਠਰ੍ਹੰਮੇ ਦੀ ਲੋੜ ਪੈਂਦੀ ਹੈ। ਪੇਸ਼ੇਵਰ ਟਾਈਪਿੰਗ ਸਿੱਖਣ ਲਈ ਵੱਖ-ਵੱਖ ਤੌਰ ਤਰੀਕਿਆਂ ਬਾਰੇ ਪ੍ਰਯੋਗੀ ਜਾਣਕਾਰੀ ਦੇਣ ਲਈ ‘ਪੰਜਾਬੀ ਟਾਈਪਿੰਗ’ ਨਾਂ ਦੀ ਪੁਸਤਕ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ।
ਹਾਂ, ਜੇਕਰ ਤੁਸੀਂ ਟਾਈਪਿੰਗ ਦੀ ਦੁਨੀਆ ਵਿਚ ਨਵੇਂ ਹੋ। ਸਰਕਾਰੀ ਨੌਕਰੀ ਲਈ ਜਾਂ ਕੋਈ ਪ੍ਰੀਖਿਆ ਦੇਣ ਦੇ ਇਰਾਦੇ ਨਾਲ ਨਹੀਂ ਸਿੱਖਣਾ ਚਾਹੁੰਦੇ ਤਾਂ ਤੁਹਾਡੇ ਲਈ ਰੋਮਨਾਈਜ਼ਡ ਤਰੀਕਾ ਢੁਕਵਾਂ ਹੈ। ਇਹ ਤਰੀਕਾ ਵਰਤਣ ਲਈ ਕੀ-ਬੋਰਡ ਦੇ ਅੰਗਰੇਜ਼ੀ ਦੇ ਬਟਣਾਂ ਦੀ ਮਾੜੀ-ਮੋਟੀ ਪਛਾਣ ਹੋਣੀ ਲਾਜ਼ਮੀ ਹੈ।
ਇਸ ਤਰੀਕੇ ਵਿਚ ਤੁਸੀਂ ਰੋਮਨ (ਅੰਗਰੇਜ਼ੀ) ਵਿਚ ਸ਼ਬਦ ਟਾਈਪ ਕਰਦੇ ਹੋ। ਜਿਉਂ ਹੀ ਤੁਸੀਂ ਕੀ-ਬੋਰਡ ਦਾ ਸਪੇਸ ਬਟਣ ਨੱਪਦੇ ਹੋ ਇਹ ਗੁਰਮੁਖੀ (ਪੰਜਾਬੀ) ਵਿਚ ਬਦਲ ਜਾਂਦਾ ਹੈ। ਧਿਆਨ ਸਿਰਫ਼ ਏਨਾ ਰੱਖਣਾ ਹੈ ਕਿ ਪੰਜਾਬੀ ਨੂੰ ਰੋਮਨ (ਅੰਗਰੇਜ਼ੀ) ਅੱਖਰਾਂ ਦੀ ਧੁਨੀ ਦੇ ਹਿਸਾਬ ਨਾਲ ਪਾਇਆ ਜਾਵੇ। ਮਿਸਾਲ ਵਜੋਂ ਸ਼ਬਦ ‘ਹੈ’ ਲਿਖਣ ਲਈ ਤੁਸੀ ਅੰਗਰੇਜ਼ੀ ਦਾ hai ਪਾ ਕੇ ਸਪੇਸ ਦੱਬੋਗੇ। ਇਸੇ ਤਰ੍ਹਾਂ ‘ਕੀ ਹਾਲ ਹੈ? ਮੈਂ ਠੀਕ ਹਾਂ’ ਪਾਉਣ ਲਈ ki hall hai, main theek han ਪਾਇਆ ਜਾਂਦਾ ਹੈ।
ਰੋਮਨਾਈਜ਼ਡ ਟਾਈਪਿੰਗ ਦੀ ਤਕਨੀਕ ਸਭ ਤੋਂ ਪਹਿਲਾਂ ਗੂਗਲ ਨੇ ਈਜਾਦ ਕੀਤੀ ਪਰ ਇਸ ਵਿਚ ਟਾਈਪ ਕਰਦਿਆਂ ਕਿਧਰੇ-ਕਿਧਰੇ ਸਹੀ ਸੁਮੇਲ ਨਹੀਂ ਬਣਦਾ ਤੇ ਤੁਸੀ ਗ਼ਲਤ ਅੱਖਰ-ਜੋੜ ਲਿਖ ਬਹਿੰਦੇ ਹੋ। ਫਿਰ ਵੀ ਇਸ ਨੂੰ ਵਰਤਣ ਲਈ ਵੈੱਬਸਾਈਟ google.com/inputtools/try ਨੂੰ ਖੋਲ੍ਹਿਆ ਜਾ ਸਕਦਾ ਹੈ। English ਸ਼ਬਦ ਦੇ ਸੱਜੇ ਪਾਸੇ ਤਿਕੋਣੇ ਬਟਣ ਉੱਤੇ ਕਲਿੱਕ ਕਰਕੇ ਖੁੱਲ੍ਹੀ ਹੋਈ ਭਾਸ਼ਾ ਸੂਚੀ ਵਿਚੋਂ ਪੰਜਾਬੀ ਦੀ ਚੋਣ ਕਰਕੇ ਤੁਸੀਂ ਟਾਈਪ ਕਰ ਸਕਦੇ ਹੋ।
ਗੂਗਲ ਦਾ ‘ਇਨਪੁਟ ਮੈਥਡ ਐਡੀਟਰ’ ਇਸ ਤਕਨੀਕ ਰਾਹੀਂ ਔਫ਼-ਲਾਈਨ ਟਾਈਪ ਕਰਨ ਵਾਲਾ ਸੌਫ਼ਟਵੇਅਰ ਹੈ ਜਿਸ ਨੂੰ ਇਸੇ ਪੰਨੇ ਦੇ ਹੇਠੋਂ ਡਾਊਨਲੋਡ ਕਰ ਸਕਦੇ ਹੋ। ਹੇਠਾਂ ਦਿੱਤੇ Window ਬਟਣ ’ਤੇ ਕਲਿੱਕ ਕਰੋ। ਭਾਸ਼ਾ ਦੀ ਚੋਣ ਕਰੋ ਤੇ ਸੌਫ਼ਟਵੇਅਰ ਡਾਊਨਲੋਡ ਕਰ ਲਓ। ਜਿਉਂ ਹੀ ਤੁਸੀਂ ਇਸ ਨੂੰ ਇੰਸਟਾਲ ਕਰੋਗੇ, ਇਹ ਟਾਸਕਬਾਰ ਉੱਤੇ ਨਜ਼ਰ ਆਉਣ ਵਾਲੀ ਭਾਸ਼ਾ ਪੱਟੀ (Language Bar) ਦਾ ਹਿੱਸਾ ਬਣ ਜਾਵੇਗਾ। ਇੱਥੋਂ ਪੰਜਾਬੀ ਚੁਣ ਕੇ ਤੁਸੀਂ ਵਰਡ, ਐਕਸਲ ਜਾਂ ਕਿਸੇ ਵੀ ਵੈੱਬਸਾਈਟ ਉੱਤੇ ਰੋਮਨ ਅੱਖਰਾਂ ਰਾਹੀਂ ਸਿੱਧਾ ਪੰਜਾਬੀ ਵਿਚ ਟਾਈਪ ਕਰ ਸਕਦੇ ਹੋ।
ਔਨ-ਲਾਈਨ ਤਕਨੀਕ ਵਾਂਗ ਇਹ ਡਾਊਨਲੋਡ ਕੀਤਾ ਹੋਇਆ ਸੌਫ਼ਟਵੇਅਰ ਟਾਈਪ ਕੀਤੇ ਅੱਖਰਾਂ ਲਈ ਸੰਭਾਵਿਤ ਸਾਰੇ ਸ਼ਬਦ ਜਾਂ ਅੱਖਰ-ਜੋੜਾਂ ਦੀ ਸੂਚੀ ਵਿਖਾਉਂਦਾ ਜਾਂਦਾ ਹੈ। ਇੱਥੋਂ ਤੁਸੀਂ ਲੋੜੀਂਦੇ ਸ਼ਬਦ ਨੂੰ ਆਪ ਵੀ ਚੁਣ ਸਕਦੇ ਹੋ ਨਹੀਂ ਤਾਂ ਸਭ ਤੋਂ ਸਿਖ਼ਰ ਵਾਲਾ ਸ਼ਬਦ ਸਪੇਸ ਦੱਬਣ ’ਤੇ ਆਪਣੇ ਆਪ ਟਾਈਪ ਹੋ ਜਾਂਦਾ ਹੈ।
ਹੁਣ ਗੱਲ ਕਰਦੇ ਹਾਂ ਸਮਾਰਟ ਫੋਨ ਦੀ। ਸਮਾਰਟ ਫੋਨ ਦੇ ਵਰਤੋਂਕਾਰਾਂ ਲਈ ਵੀ ਐਪ ਬਣ ਚੁੱਕੀ ਹੈ। ਇਸ ਐਪ ਦਾ ਨਾਂ ਹੈ - Google Indic Keyboard। ਗੂਗਲ ਪਲੇਅ ਸਟੋਰ ਤੋਂ ਇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਦੀਆਂ ਸੈਟਿੰਗਜ਼ ਧਿਔਨ ਨਾਲ ਕਰੋ। ਸਹਾਇਤਾ ਲੈਣ ਲਈ ਵੈੱਬਸਾਈਟ punjabicomputer.com ਤੋਂ ਇਨ੍ਹਾਂ ਸਤਰਾਂ ਦੇ ਲੇਖਕ ਦਾ ਵੀਡੀਓ ਸਬਕ ਵੇਖ ਸਕਦੇ ਹੋ। ਜੇ ਸਭ ਕੁਝ ਸਹੀ ਹੋ ਗਿਆ ਤਾਂ ਤੁਹਾਨੂੰ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਦਾ ਕੀ-ਬੋਰਡ ਵੀ ਮਿਲੇਗਾ। ਇਸ ਦੇ ਵੀ ਅਗਾਂਹ ਦੋ ਲੇਆਊਟ ਹੋਣਗੇ। ਪਹਿਲਾ ਰੋਮਨ ਅੱਖਰਾਂ ਵਾਲਾ ਤੇ ਦੂਜਾ ਗੁਰਮੁਖੀ ਅੱਖਰਾਂ ਵਾਲਾ। ਤੁਸੀਂ (ਪਹਿਲਾ) ਰੋਮਨ ਅੱਖਰਾਂ ਵਾਲਾ ਵਰਤਣਾ ਹੋਵੇਗਾ। ਇਹ ਵੀ ਰੋਮਨ ‘ਚ ਟਾਈਪ ਕੀਤੇ ਸ਼ਬਦ ਬਦਲੇ ਸੰਭਾਵਿਤ ਸੁਝਾਅ ਸੂਚੀ ਦਿਖਾਉਂਦਾ ਹੈ। ਪਹਿਲੀ ਵਾਰ ਚਾਲੂ ਕਰਨ ਲਈ ਬਟਣਾਂ ਦੇ ਉੱਤਲੇ ਪਾਸੇ ‘abc’ ਦੇ ਸੱਜੇ ਹੱਥ ਵਾਲੇ ‘ਅ’ ਬਟਣ ਦੀ ਚੋਣ ਕਰੋ। ਇਸ ਕੀ-ਬੋਰਡ ਐਪ ਰਾਹੀਂ SMS, ਕੀਪ, ਵਟਸਐਪ, ਫੇਸਬੁਕ, ਮਸੈਂਜਰ, ਵੈੱਬ ਪੇਜ ਆਦਿ ਕਿਧਰੇ ਵੀ ਟਾਈਪ ਕੀਤਾ ਜਾ ਸਕਦਾ ਹੈ।
ਉੱਤਲੇ ਸਾਰੇ ਸੌਫ਼ਟਵੇਅਰ ਅਤੇ ਐਪਜ਼ ਪੰਜਾਬੀ ਫੌਂਟਾਂ ਦੇ ਝੰਜਟ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਉਂਦੇ ਹਨ ਕਿਉਂਕਿ ਇਹ ਯੂਨੀਕੋਡ ਅਧਾਰਿਤ ਰਾਵੀ ਜਾਂ ਅਜਿਹੇ ਕਿਸੇ ਹੋਰ ਫੌਂਟ ਵਿਚ ਟਾਈਪ ਕਰਦੇ ਹਨ।
-
ਡਾ. ਸੀ.ਪੀ ਕੰਬੋਜ , ਅਸਿਸਟੈਂਟ ਪ੍ਰੋਫ਼ੈਸਰ; ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ; ਪੰਜਾਬੀ ਯੂਨੀਵਰਸਿਟੀ, ਪਟਿਆਲਾ
cpk@pbi.ac.in
94174-55614
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.