ਸਾਨੂੰ ਸਕੂਲਾਂ ਦੀਆਂ ਛੱਤਾਂ, ਬੈਂਚ, ਯੋਗ ਅਧਿਆਪਕ ਤੇ ਸਿੱਖਿਆ ਅਨੁਕੂਲ ਢਾਂਚਾ ਦੇਣ ਦੀ ਥਾਂ ਕੀ ਹੋ ਰਿਹੈ?
ਹਸਪਤਾਲਾਂ ਚ ਸਿਹਤ ਸੇਵਾਵਾਂ, ਦਵਾਈ ਬੂਟੀਆਂ ਦੀ ਥਾਂ
ਸਿਹਤ ਬੀਮਾ ਸੇਵਾਵਾਂ ਦਾ ਭਰਮਜਾਲ ਵੰਡਿਆ ਜਾ ਰਿਹਾ ਹੈ।
ਬਹੁਕੌਮੀ ਕੰਪਨੀਆਂ ਨੂੰ ਸਿੱਧਾ ਚੈੱਕ ਜਾਵੇਗਾ।
ਇਸ ਘੜੀ ਇੱਕ ਸਾਖੀ ਚੇਤੇ ਆਈ।
ਮੇਰੇ ਵਰਗੇ ਕਿਸੇ ਜੱਟ ਨੇ ਪਿੰਡ ਚ ਹੱਟੀ ਖੋਲ੍ਹ ਲਈ ।
ਉਦੋਂ ਪੇਂਡੂ ਵੀਰ ਭੈਣਾਂ ਪੈਸਿਆਂ ਬਦਲੇ ਨਹੀਂ, ਜਿਣਸ ਬਦਲੇ ਸੌਦਾ ਖ਼ਰੀਦਦੇ ਸਨ।
ਕਿਸੇ ਦੱਸਿਆ ਉਸਨੂੰ ਕਿ ਸੇਠ ਤਾਂ ਤਰੱਕੀ ਕਰਦੇ ਹਨ ਕਿਉਂਕਿ ਤੱਕੜੀ ਚ ਪਾਸਕੂੰ ਬੰਨਿਆ ਹੁੰਦਾ ਹੈ।
ਮੇਰੇ ਵਰਗੇ ਕਮਲੇ ਨੇ ਪਾਈਆ ਪੱਕੇ ਦਾ ਪਾਸਕੂੰ ਬੰਨ੍ਹ ਲਿਆ।
ਪਿੰਡੋਂ ਕੋਈ ਮਾਤਾ ਕਪਾਹ ਬਦਲੇ ਸੌਦਾ ਲੈਣ ਆਈ।
ਕਪਾਹ ਵਾਲਾ ਛਾਬਾ ਉੱਪਰ ਨੂੰ ਜਾਵੇ।
ਪਿੱਛੇ ਤਾਂ ਪਾ ਪੱਕਾ ਪਾਸਕੂੰ ਸੀ, ਛਾਬਾ ਕੀ ਕਰਦਾ, ਕਿਵੇਂ ਹਿੱਲਦਾ?
ਹੱਟੀ ਵਾਲਾ ਕਹਿਣ ਲੱਗਾ , ਮਾਤਾ! ਹੋਰ ਕਪਾਹ ਲਿਆ ਕੇ ਮੇਰਾ ਪਾਸਕੂੰ ਤਾਂ ਪੂਰਾ ਕਰ, ਸੌਦਾ ਤਾਂ ਹੀ ਮਿਲੂ।
ਇਹੀ ਹਾਲ ਕੈਸ਼ਲੈੱਸ ਸਿਹਤ ਬੀਮਾ ਪਾਲਿਸੀ ਦਾ ਹੈ।
ਨਿਜੀ ਖੇਤਰ ਦੇ ਹਸਪਤਾਲ ਪੜ੍ਹ ਲੈਂਦੇ ਹਨ ਕਿ ਬੀਮਾ ਸੁਰੱਖਿਆ ਕਿੰਨੇ ਪੈਸਿਆਂ ਦੀ ਹੈ।
ਇਲਾਜ ਹੀ ਉਸ ਤੋਂ ਉੱਤੋਂ ਸ਼ੁਰੂ ਕਰਦੇ ਨੇ?
ਕਿਤੇ ਕੋਈ ਸੁਣਵਾਈ ਨਹੀਂ।
ਪ੍ਰਸ਼ਾਸਕ ਠੰਢੇ ਠਾਰ ਭਵਨਾਂ ਚ ਜਿਹੜੇ ਫ਼ੈਸਲੇ ਕਰਦਾ ਹੈ ਉਹ ਬਰਫ਼ ਦੀ ਡਲੀ ਰਾਹ ਚ ਹੀ ਖ਼ੁਰ ਜਾਂਦੀ ਹੈ।
ਨੱਕੇ ਤੇ ਖਲੋ ਕੇ ਫ਼ੈਸਲੇ ਕਰਨ ਵਾਲੇ ਰੰਧਾਵੇ, ਮਨੋਹਰ ਸਿੰਘ ਤੇ ਕਾਹਨ ਸਿੰਘ ਕਿੰਨੇ ਕੁ ਹਨ?
ਸਿਖਿਆ ਤੰਤਰ ਦੇ ਸਾਈਂ ਂ ਗਲੇ ਹੋਏ ਭਾਂਡੇ ਚ ਹੀ ਦੁੱਧ ਚੋਣ ਦਾ ਭਰਮ ਪਾਲ ਰਹੇ ਹਨ। ਕਦੋਂ ਪਛਾਣਾਂਗੇ ਵੈਰੀਆਂ ਦੀ ਚਾਲ!
ਚੰਗੇ ਸਕੂਲਾਂ ਦੇ ਪੜ੍ਹੇ ਸਭ ਸਿਆਸਤਦਾਨ
ਗੰਦੀ ਜ਼ਬਾਨ ਚ ਝੱਗੋ ਝੱਗ ਹੋ ਰਹੇ ਹਨ, ਰੋਕਣ ਵੇਲਾ ਹੈ।
ਇਹ ਕੁਰਸੀ ਯੁੱਧ ਸਾਡੀ ਮਾਂ ਬੋਲੀ ਦੇ ਮਿੱਠੇ ਦੁੱਧ ਚ ਜ਼ਹਿਰ ਘੋਲ ਰਿਹੈ।
ਏਦਾਂ ਤਾਂ ਕੀਕਣੇ ਵੀ ਨਹੀਂ ਮਿਹਣੇ ਦਿੰਦੇ।
ਇਸ ਪਲ
ਦੁਸ਼ਿਅੰਤ ਕੁਮਾਰ ਦੀ ਇੱਕ ਹਿੰਦੀ ਗ਼ਜ਼ਲ ਦਾ ਸ਼ਿਅਰ ਚੇਤੇ ਆ ਰਿਹੈ
ਅਬ ਕਿ ਇਸ ਸ਼ਹਿਰ ਮੇਂ ਬਾਰਾਤ ਹੋ ਯਾ ਵਾਰਦਾਤ,
ਅਬ ਕਿਸੀ ਭੀ ਬਾਤ ਪਰ ਖੁਲਤੀ ਨਹੀਂ ਹੈਂ ਖਿੜਕੀਆਂ।
ਲੇਖਕ ਧਰਮ ਨਿਭਾਉਂਦਿਆਂ ਇਹ ਗ਼ਜ਼ਲ ਤੁਹਾਨੂੰ ਸੌਂਪ ਰਿਹਾਂ।
ਗ਼ਜ਼ਲ
ਗੁਰਭਜਨ ਗਿੱਲ
ਮਨ ਮਸਤਕ ਵਿੱਚ ਪਹਿਲਾਂ ਆਪੇ ਜੰਗਲ ਦਾ ਵਿਸਥਾਰ ਕਰਨਗੇ।
ਜਗਦੇ ਦੀਪ ਬੁਝਾ ਕੇ ਡਾਕੂ, ਵਿੱਚ ਹਨ੍ਹੇਰੇ ਮਾਰ ਕਰਨਗੇ।
ਬਚ ਜਾਹ ਓ ਤੂੰ ਭੋਲੇ ਪੰਛੀ, ਇਨ੍ਹਾਂ ਵਾਲੀ ਚੋਗ ਚੁਗੀਂ ਨਾ,
ਬਿਰਖ਼ ਚੀਰਕੇ ਇਹ ਵਣਜਾਰੇ ਟਾਹਣਾਂ ਤਾਰੋ ਤਾਰ ਕਰਨਗੇ।
ਤੇਰੇ ਹੱਥ ਹਥਿਆਰ ਦੇਣਗੇ, ਵੰਨ ਸੁਵੰਨੇ ਭਰਮ ਪਾਉਣਗੇ,
ਹੌਲੀ ਹੌਲੀ ਤੈਨੂੰ ਏਦਾਂ ਵੇਖ ਲਵੀਂ ਮਿਸਮਾਰ ਕਰਨਗੇ।
ਤੇਰੀ ਥਾਲੀ ਵਿੱਚੋਂ ਰੋਟੀ, ਚੁੱਕ ਲੈਣੀ ਏਂ ਉੱਡਣੇ ਕਾਵਾਂ,
ਤੇਜ਼ ਤਰਾਰੀ, ਮੌਤ ਸਵਾਰੀ,ਸ਼ਾਤਰ ਬਹੁਤ ਖੁਆਰ ਕਰਨਗੇ।
ਨਾ ਬਣ ਸਿਰਫ਼ ਮਸ਼ੀਨੀ ਪੁਰਜ਼ਾ, ਤੇਰੀ ਹਸਤੀ ਕਿਤੇ ਵਡੇਰੀ,
ਪੌਣ ਸਵਾਰ ਕਰਨਗੇ ਚਾਤਰ, ਮਗਰੋਂ ਸਿਰ ਦੇ ਭਾਰ ਕਰਨਗੇ।
ਨੇਤਾ ਜਹੇ ਅਭਿਨੇਤਾ ਤੈਨੂੰ, ਖਲਨਾਇਕ ਕਹਿ ਰੋਲ ਦੇਣਗੇ,
ਛੱਜ ਚ ਪਾ ਕੇ ਛੱਟਣ ਵਾਲਾ ਬਾਕੀ ਕੰਮ ਅਖ਼ਬਾਰ ਕਰਨਗੇ।
ਕੀ ਹੋਇਆ ਤੇ ਕੀਕੂੰ ਹੋਇਆ, ਮੀਸਣਿਆਂ ਦੇ ਟੋਲੇ ਆ ਕੇ,
ਤੇਰੀ ਲੋਥ ਿਸਰ੍ਹਾਣੇ ਬਹਿ ਕੇ ਡੂੰਘੀ ਸੋਚ ਵਿਚਾਰ ਕਰਨਗੇ।
ਹਮਦਰਦੀ ਦਾ ਪਾਠ ਪੜ੍ਹਦਿਆਂ, ਮਗਰੋਂ ਏਦਾਂ ਭੋਗ ਪਾਉਣਗੇ,
ਆਪਣਾ ਪੱਲਾ ਝਾੜਨ ਮਗਰੋਂ ਇਹ ਵੀ ਅੱਤਿਆਚਾਰ ਕਰਨਗੇ।
ਬੜਾ ਰੋਕਿਆ ਰੁਕਿਆ ਹੀ ਨਾ, ਯਾਰੋ ਸਾਥੋਂ ਹੜ੍ਹ ਦਾ ਪਾਣੀ,
ਹੋਈਆਂ ਤੇ ਅਣਹੋਈਆਂ ਬਾਤਾਂ ਸਭ ਕੁਝ ਮੇਰੇ ਯਾਰ ਕਰਨਗੇ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.