ਪਰਜਾਮੰਡਲ ਲਹਿਰ ਦੇ ਇਨਕਲਾਬੀ ਯੋਧੇ ਕਾਮਰੇਡ ਪਰਤਾਪ ਸਿੰਘ ਬਾਗੀ ਦੇ ਸਪੁੱਤਰ ਪਰਮਜੀਤ ਸਿੰਘ ਸਿੱਧੂ ਨੇ ਆਪਣੇ ਜੱਦੀ ਪਿੰਡ ਜਖੇਪਲ ਨੇੜੇ ਸੁਨਾਮ (ਸੰਗਰੂਰ)ਚ ਕਾਮਰੇਡ ਪਰਤਾਪ ਸਿੰਘ ਯਾਦਗਾਰੀ ਲਾਇਬਰੇਰੀ ਬਣਾਈ ਹੈ।
ਲਗਪਗ ਪੰਜ ਸਾਲ ਪਹਿਲਾਂ ਆਰੰਭੀ ਇਸ ਕੋਸ਼ਿਸ਼ ਵਿੱਚ ਹੁਣ ਪੰਜ ਛੇ ਹਜ਼ਾਰ ਸਰਬਪੱਖੀ ਗਿਆਨ ਦੀਆਂ ਕਿਤਾਬਾਂ ਹਨ।
ਧਰਮ, ਦਰਸ਼ਨ, ਆਚਰਣ ਉਸਾਰੀ, ਨਾਵਲ ,ਕਹਾਣੀ, ਸਫ਼ਰਨਾਮੇ ਤੇ ਕਵਿਤਾਵਾਂ ਦੇ ਮਹੱਤਵਪੂਰਨ ਸੰਗ੍ਰਹਿ ਸੁਭਾਇਮਾਨ ਹਨ।
ਵੱਖ ਵੱਖ ਯੂਨੀਵਰਸਿਟੀਆਂ ਦੀਆਂ ਪ੍ਰਕਾਸ਼ਨਾਵਾਂ ਤੋਂ ਇਲਾਵਾ, ਵਿਸ਼ਵ ਦਾ ਚੋਣਵਾਂ ਅਨੁਵਾਦਿਤ ਸਾਹਿੱਤ ਵੀ ਰੱਖਿਆ ਗਿਆ ਹੈ।
ਪਰਮਜੀਤ ਸਿੱਧੂ ਉਰਫ ਪੰਮੀ ਬਾਈ ਦੀ ਪ੍ਰੇਰਨਾ ਨਾਲ ਇਸ ਲਾਇਬਰੇਰੀ ਦੇ ਗਿਆਨ ਸਾਗਰ ਵਿੱਚ ਇੱਕ ਦੋ ਬਾਲਟੀਆਂ ਮੇਰੀਆਂ ਵੀ ਹਨ।
ਭਲਾ ਹੋਵੇ ਅੰਤਰ ਰਾਸ਼ਟਰੀ ਭੰਗੜਾ ਕਲਾਕਾਰਾਂ ਹਰਵਿੰਦਰ ਸਿੰਘ ਬਾਜਵਾ ਤੇ ਰਵਿੰਦਰ ਰੰਗੂਵਾਲ ਦਾ, ਜਿੰਨ੍ਹਾਂ ਨੇ ਮੇਰੇ ਵਡਿੱਕੇ ਦੀ ਯਾਦ ਚ ਕੁਝ ਪੁਸਤਕਾਂ ਪੰਮੀ ਬਾਈ ਨਾਲ ਮਿਲ ਕੇ ਜਖੇਪਲ ਪਹੁੰਚਾਈਆਂ। ਇਹ ਤਸਵੀਰ ਉਸੇ ਦਿਨ ਦੀ ਹੈ ਜਦ ਮੇਰੇ ਹਿੱਸੇ ਦੀਆਂ ਕਿਤਾਬਾਂ ਲੈ ਕੇ ਤਿੰਨੇ ਵੀਰ ਤੁਰੇ।
ਘਰ ਜ਼ਮੀਨ ਤੇ ਬਾਕੀ ਮਿੱਟੀ ਘੱਟਾ ਤਾਂ ਬੜੇ ਪੁੱਤਰ ਸਾਂਭਦੇ ਨੇ ਪਰ ਅਦਬੀ ਵਿਰਾਸਤ ਸੰਭਾਲਣ ਚ ਪਰਮਜੀਤ ਦਾ ਮੱਥਾ ਚੁੰਮਣਾ ਬਣਦਾ ਹੈ।
ਪਰਮਜੀਤ ਆਪ ਵੀ ਬਹੁਤ ਪੜ੍ਹਦਾ ਹੈ। ਨਵੀਨਤਮ ਪੰਜਾਬੀ ਸਾਹਿੱਤ ਨਾਲ ਨਿਰੰਤਰ ਜੁੜਿਆ ਹੋਇਐ।
ਕਾਮਰੇਡ ਬਾਗੀ ਮੇਰੇ ਮਿਹਰਬਾਨ ਬਜ਼ੁਰਗ ਸਨ। ਸ: ਜਗਦੇਵ ਸਿੰਘ ਜੱਸੋਵਾਲ ਜੀ ਨਾਲ ਦੋਸਤੀ ਕਾਰਨ ਜਦ ਵੀ ਲੁਧਿਆਣੇ ਆਉਂਦੇ,ਯਕੀਨਨ ਮੁਲਾਕਾਤ ਹੁੰਦੀ।
ਇੱਕ ਦੋ ਵਾਰ ਤਾਂ ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਚ ਮੇਰੇ ਰੁਜ਼ਗਾਰ ਕਮਰੇ ਚ ਪਹੁੰਚ ਕੇ ਵੀ ਆਸ਼ੀਰਵਾਦ ਦਿੱਤੀ।
ਉਹ ਵੀ ਖ਼ੁਦ ਬਹੁਤ ਪੜ੍ਹਦੇ ਸਨ, ਜਸਦੇਵ ਸਿੰਘ ਸੰਧੂ, ਜਗਦੇਵ ਸਿੰਘ ਖੁੱਡੀਆਂ ਤੇ ਜਗਦੇਵ ਸਿੰਘ ਜੱਸੋਵਾਲ ਵਾਂਗ।
ਲਿਖਦੇ ਵੀ ਖ਼ੂਬ ਸਨ, ਪੰਜਾਬੀ ਟ੍ਰਿਬਿਊਨ ਚ ਉਨ੍ਹਾਂ ਦੀਆਂ ਲਿਖਤਾਂ ਬੋਲਦੀਆਂ ਸਨ।
ਵਰਤਮਾਨ ਸਿਆਸਤੀਆਂ ਚੋਂ ਹੁਣ ਸਿਰਫ਼ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਮੰਤਰੀ, ਸ: ਬਲਬੀਰ ਸਿੰਘ ਬਾਠ,ਭੁਪਿੰਦਰ ਸਿੰਘ ਮਾਨ ਸਾਬਕਾ ਐੱਮ ਪੀ,ਜਸਬੀਰ ਸਿੰਘ ਸੰਗਰੂਰ ਸਾਬਕਾ ਮੰਤਰੀ ਤੇ ਬੀਰ ਦੇਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਹੀ ਪੜ੍ਹਦੇ ਜਾਪਦੇ ਨੇ, ਜਾਂ ਮੇਰਾ ਅਲਪ ਗਿਆਨ ਹੋ ਸਕਦੈ।
ਬਾਕੀਆਂ ਨੇ ਤਾਂ ਬਕੌਲ ਸਾਬਕਾ ਮੁੱਖ ਮੰਤਰੀ ਸ: ਦਰਬਾਰਾ ਸਿੰਘ ਇਹੀ ਵਿਚਾਰਧਾਰਾ ਅਪਣਾਈ ਲੱਗਦੀ ਹੈ।
ਬੰਦੇ ਪੜ੍ਹੀਏ ਕਿ ਕਿਤਾਬਾਂ।
ਕਿਤਾਬਾਂ ਪੜ੍ਹਨ ਵਾਲੇ ਪੱਛੜ ਜਾਂਦੇ ਨੇ ਕੁਰਸੀ ਦੌੜ ਵਿੱਚ।
ਅੱਲ੍ਹਾ ਅੱਲ੍ਹਾ ਖ਼ੈਰ ਸੱਲਾ।
ਗੱਲ ਤਾਂ ਜਖੇਪਲ ਵਾਲੇ ਕਾਮਰੇਡ ਪਰਤਾਪ ਸਿੰਘ ਦੀ ਕਰ ਰਹੇ ਸਾਂ। ਪਰਮਜੀਤ ਦੇ ਬਾਬਲ ਦੀ।
ਵਕੀਲ ਸਾਹਿਬ ਦੀ,
ਹਾਂ! ਜਿਸ ਨੂੰ ਤੁਸੀਂ ਪੰਮੀ ਬਾਈ ਲੋਕ ਗਾਇਕ ਕਹਿੰਦੇ ਹੋ।
ਮੈਂ ਵੀ ਉਸੇ ਦੀ ਗੱਲ ਕਰ ਰਿਹਾ ਸਾਂ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.