ਉਹ ਪਹਿਲਾਂ ਸਿਆੜਾਂ ਚ
ਬੀਜ ਕੇਰਦਾ ਸੀ
ਕਰੀਨੇ ਨਾਲ
ਬਾਬਲ ਰਾਮ ਸਿੰਘ ਵਾਂਗ
ਤਾਏ ਸਰਦਾਰ ਬਹਾਦਰ ਲਾਲ ਸਿੰਘ
ਸਫ਼ਲ ਖੇਤੀ ਨਿਰਦੇਸ਼ਕ
ਰਾਵੀ ਉਰਵਾਰ ਪਾਰਲੇ ਪੰਜਾਬ ਦਾ
ਹੋਣਹਾਰ ਭਤੀਜੜਾ ਜਗਜੀਤ
ਕੰਗਣਵਾਲ (ਲੁਧਿਆਣਾ)ਦੀ
ਗਾਰਡਨ ਕਾਲੋਨੀ ਦਾ ਰੌਸ਼ਨ ਚਿਰਾਗ।
ਦੂਰੋਂ ਦਿਸਦਾ ਰੌਸ਼ਨ ਮੱਥਾ।
ਕੰਗਣ ਵਾਲ ਦੀ
ਮਿਆਨ ਚ ਦੋ ਤਲਵਾਰਾਂ ਸਨ
ਦੋਵੇਂ ਪੂਰੀਆਂ ਤਿੱਖੀਆਂ
ਇੱਕ ਮਹਿੰਦਰ ਸਿੰਘ ਗਰੇਵਾਲ
ਤੇ ਦੂਜਾ ਜਗਜੀਤ ਸਿੰਘ ਹਾਰਾ
ਦੋਵੇਂ ਦਰਿਆ
ਜੇ ਇੱਕ ਸਤਿਲੁਜ ਦੂਜਾ ਬਿਆਸ
ਵੱਖ ਵੱਖ ਵਹਿੰਦੇ।
ਦੋਹਾਂ ਦਾ ਹਰੀ ਕੇ ਪੱਤਣ
ਪੰਜਾਬ ਖੇਤੀ ਯੂਨੀਵਰਸਿਟੀ ਸੀ।
ਸਿਰਫ਼ ਇਥੇ ਹੀ ਮਿਲਦੇ।
83 ਬਹਾਰਾਂ ਪੱਤਝੜਾਂ ਨੂੰ
ਉਸ ਸਬਦਾਂ ਚ ਬੀੜਿਆ ਹੈ
ਧਰਤੀ ਪੁੱਤਰ ਨਾਮ ਹੇਠ।
ਪੜ੍ਹਦਿਆਂ ਮੋਹ ਆਉਂਦੈ
ਸਫ਼ਰ ਪੈੜਾਂ ਤੇ ਇਤਿਹਾਸ ਦਾ।
ਅਰਥ ਸ਼ਾਤਰ ਦੀਆਂ 16 ਜਮਾਤਾਂ ਚ
ਮੁੜ੍ਹਕਾ ਮਿਲਾਇਆ,
ਓਹੀ ਕੰਮ ਆਇਆ।
ਵਿਸ਼ਵ ਪ੍ਰਸਿੱਧ ਵਿਗਿਆਨੀ
ਨੋਬਲ ਪੁਰਸਕਾਰ ਜੇਤੂ ਬੋਰਲਾਗ
ਐਵੇਂ ਨਹੀਂ ਸੀ
ਕੰਗਣਵਾਲ ਬਾਰ ਬਾਰ ਜਾਂਦਾ।
ਜਗਜੀਤ ਨੂੰ ਰੱਬ ਨੇ
ਬਹੁਤ ਕੁਝ ਦਿੱਤਾ ਹੈ
ਰਹਿੰਦੀ ਕਸਰ
ਕਿਤਾਬ ਨੇ ਪੂਰੀ ਕਰ ਦਿੱਤੀ ਹੈ।
ਕੰਗਣਵਾਲ ਨੂੰ ਲੁਧਿਆਣੇ ਨੇ
ਚੁਫ਼ੇਰਿਉਂ ਘੇਰ ਕੇ ਮਾਰਿਆ ਹੈ
ਪਰ ਜਗਜੀਤ ਅਜੇ ਵੀ
ਅੜਿਆ ਖੜ੍ਹਾ ਹੈ।
ਕਹਿੰਦੈ, ਓ ਵੱਡਿਆ ਥੈਲੀਸ਼ਾਹਾ!
ਜਿੰਨਾ ਚਿਰ ਮੇਰੇ ਸਵਾਸ
ਹਰੀ ਕਾਇਮ ਨੇ
ਨਾ ਮੈਂ ਵਿਕਾਂ ਨਾ ਮੇਰੇ ਸਿਆੜ।
ਇਕੱਲਾ ਨਾ ਜਾਣੀਂ,
ਮੇਰੇ ਨਾਲ ਮੇਰਾ ਇਤਿਹਾਸ ਖੜ੍ਹਾ ਹੈ।
ਵੀਹ ਸਾਲਾਂ ਤੋਂ ਕੰਡ ਕਰੀ ਬੈਠੇ
ਵੱਡੇ ਵੀਰ
ਜਗਜੀਤ ਦੀ ਕਿਤਾਬ
ਜਦ ਡਾ: ਰਣਜੀਤ ਸਿੰਘ ਨੇ
ਰਵਿੰਦਰ ਭੱਠਲ ਰਾਹੀਂ ਘੱਲੀ
ਤਾਂ ਸ਼ਾਮੀ ਦੁਬਾਰਾ ਦਿਨ ਚੜ੍ਹ ਆਇਆ।
ਪੰਜ ਘੰਟੇ ਲਗਾਤਾਰ
ਕਿਤਾਬ ਵਿੱਚੋਂ ਲੰਘਿਆ।
ਕਿਸੇ ਮੋੜ ਤੇ
ਪ੍ਰੋ: ਅਵਤਾਰ ਸਿੰਘ ਢੋਡੀ ਖੜ੍ਹੇ ਮਿਲੇ
ਕਿਤੇ ਪ੍ਰੋ: ਰਾਜਿੰਦਰ ਵਰਮਾ।
ਸਬੱਬ ਵੇਖੋ
ਦੋਵੇਂ ਮੇਰੇ ਵੀ ਅਧਿਆਪਕ
ਜੀ ਜੀ ਐੱਨ ਖਾਲਸਾ ਕਾਲਿਜ
ਤੇ ਗੌਰਮਿੰਟ ਕਾਲਿਜ ਲੁਧਿਆਣਾ ਵਾਲੇ।
ਸਵਰਨਜੀਤ ਸਵੀ ਨੇ
ਕਿਤਾਬ ਦਾ ਮੂੰਹ ਮੱਥਾ
ਸੋਹਣਾ ਸ਼ਿੰਗਾਰਿਆ ਹੈ।
ਆਰਟ ਪੇਪਰ ਤੇ ਛਪੀ
ਇਸ ਇਬਾਰਤ ਵਿੱਚ
ਉਹ ਬਹੁਤ ਸਾਰੇ ਬਿਰਖ਼ ਗੈਰਹਾਜ਼ਰ ਨੇ
ਜੋ ਸਿਖ਼ਰ ਦੁਪਹਿਰੇ ਛਾਵਾਂ ਦਿੰਦੇ ਰਹੇ।
ਇਥੇ ਮੈਨੂੰ ਡਾ: ਸੁਰਜੀਤ ਪਾਤਰ ਜੀ ਦੀ
ਇੱਕ ਨਿੱਕੀ ਜਹੀ ਵਡੇਰੇ ਅਰਥਾਂ ਵਾਲੀ ਕਵਿਤਾ ਪੁਲ ਯਾਦ ਆ ਰਹੀ ਹੈ।
ਪੁਲ
ਮੈਂ ਜਿੰਨ੍ਹਾਂ ਲੋਕਾਂ ਲਈ
ਪੁਲ ਬਣ ਗਿਆ ਸਾਂ
ਜਦ ਮੇਰੇ ਉੱਪਰੋਂ ਲੰਘ ਰਹੇ ਸਨ
ਮੈਂ ਸੁਣਿਆ
ਕਹਿ ਰਹੇ ਸਨ
ਕਿੱਥੇ ਰਹਿ ਗਿਆ ਉਹ ਚੁੱਪ ਜਿਹਾ ਬੰਦਾ
ਸ਼ਾਇਦ ਪਿੱਛੇ ਮੁੜ ਗਿਆ ਹੈ!
ਸਾਨੂੰ ਪਹਿਲਾਂ ਹੀ ਪਤਾ ਸੀ
ਉਸ ਵਿੱਚ ਦਮ ਨਹੀਂ ਹੈ ।
ਚੰਗੀ ਲਿਖੀ ਕਿਤਾਬ ਅਸਥੈਟਿਕਸ ਪਬਲੀਕੇਸ਼ਨਜ਼ ਲੁਧਿਆਣਾ ਨੇ ਪ੍ਰਕਾਸ਼ਿਤ ਕੀਤੀ ਹੈ।
ਜਗਜੀਤ ਸਿੰਘ ਹਾਰਾ ਦਾ ਸੰਪਰਕ ਨੰਬਰ 94170 50411 ਹੈ।
ਗੁਰਭਜਨ ਗਿੱਲ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.