ਅੱਜ ਕੱਲ ਟੀ.ਵੀ 'ਤੇ ਬਹਿਸਾਂ, ਰੈਲੀਆਂ ਅਤੇ ਪੰਚਾਇਤੀ ਚੋਣ ਜਲਸਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਇਹਦੇ ਨਾਲ ਤੁਅੱਲਕ ਰੱਖਣ ਵਾਲੇ ਗੋਲੀਕਾਂਡਾਂ ਦੀ ਚਰਚਾ ਵਿੱਚ ਸਿੱਧਮ ਸਿੱਧਾ ਦੋਸ਼ ਪਿਛਲੀ ਬਾਦਲ ਸਰਕਾਰ ਸਿਰ ਲਗਦਾ ਹੈ। ਕਾਂਗਰਸ ਕੋਲ ਅਕਾਲੀਆਂ ਦੇ ਖਿਲਾਫ਼ ਇਹ ਮੁੱਦਾ ਵੱਡੇ ਹਥਿਆਰ ਵਜੋਂ ਹੱਥ ਲੱਗਿਆ ਹੋਇਆ ਹੈ। ਪਰ ਬਹਿਸ ਦੀ ਹਰੇਕ ਸਟੇਜ ਤੇ ਕਾਂਗਰਸ ਦੇ ਇਸ ਦੋਸ਼ ਦੇ ਜਵਾਬ ਵਿੱਚ ਅਕਾਲੀਆਂ ਵੱਲੋਂ 34 ਸਾਲਾ ਬੈਂਕ ਛੜੱਪਾ ਮਾਰ ਕੇ ਜੂਨ ਚੁਰਾਸੀ ਅਤੇ ਨਵੰਬਰ ਚੁਰਾਸੀ ਚੇਤੇ ਕਰਾਉਂਦਿਆਂ ਕਾਂਗਰਸ ਨੂੰ ਬਰਾਬਰ ਦਾ ਜਵਾਬ ਦਿੱਤਾ ਜਾਂਦਾ ਹੈ। ਜੂਨ ਚੁਰਾਸੀ ਅਤੇ ਨਵੰਬਰ ਚੁਰਾਸੀ ਦੇ ਜ਼ਿੰਮੇਵਾਰ ਸ੍ਰੀਮਤੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਭਾਵੇਂ ਇਸ ਜਹਾਨ ਤੇ ਨਹੀਂ ਰਹੇ ਪਰ ਉਹ ਕਾਂਗਰਸ ਦੇ ਪ੍ਰਧਾਨ ਮੰਤਰੀ ਹੋਣ ਕਰਕੇ ਉਨ੍ਹਾਂ ਦੀ ਕੀਤੀ ਦੀ ਜ਼ਿੰਮੇਵਾਰੀ ਅੱਜ ਦੀ ਕਾਂਗਰਸ ਸਿਰ ਸੁੱਟੀ ਜਾਂਦੀ ਹੈ। ਹਾਲਾਂਕਿ ਆਪਦੇ ਪ੍ਰਧਾਨ ਮੰਤਰੀਆਂ ਦੇ ਇੰਨਾਂ ਐਕਸ਼ਨਾਂ ਦੀ ਜੁਮੇਵਾਰੀ ਤਾਂ ਮੌਜੂਦਾ ਕਾਂਗਰਸ ਨੂੰ ਓਟਣੀ ਹੀ ਪੈਣੀ ਹੈ। ਪਰ ਅਕਾਲੀਆਂ ਵੱਲੋਂ ਆਪਦੀ ਸਰਕਾਰ ਤੇ ਬੇਅਦਬੀ ਤੇ ਗੋਲੀਕਾਡਾਂ ਦੇ ਜਵਾਬ ਦੇਣ ਦੀ ਬਜਾਇ ਕਾਂਗਰਸ ਨੂੰ ਕਿਸੇ ਹੋਰ ਗੱਲ ਦੀ ਦੋਸ਼ੀ ਕਹਿ ਦੇਣ ਨਾਲ ਪਿਛਲੀ ਅਕਾਲੀ ਸਰਕਾਰ ਕਿਸੇ ਵੀ ਤਰਾ੍ਹ ਬਰੀ ਨਹੀਂ ਹੁੰਦੀ।
ਦੂਜੀ ਹੈਰਾਨੀ ਦੀ ਗੱਲ ਇਹ ਹੈ ਕਿ ਨਵੰਬਰ 1984 ਤੋਂ ਫਰਵਰੀ 1996 ਤੱਕ ਲਗਾਤਰ 12 ਸਾਲ ਕਾਂਗਰਸੀ ਸਰਕਾਰ ਰਹੀ ਹੈ। ਇਸ ਦੌਰ 'ਚ 5 ਸਾਲ ਬੇਅੰਤ ਸਿੰਘ , ਹਰਚਰਨ ਸਿੰਘ ਬਰਾੜ, ਰਜਿੰਦਰ ਕੌਰ ਭੱਠਲ ਦੀ ਸਰਕਾਰ ਅਤੇ 5 ਸਾਲ ਕੇਂਦਰ ਦੀ ਕਾਂਗਰਸ ਸਰਕਾਰ ਵਾਲੇ ਗਵਰਨਰ ਦਾ ਰਾਜ ਰਿਹਾ। 29 ਸਤੰਬਰ 1985 ਤੋਂ ਲੈ ਕੇ 11 ਮਈ 1987 ਤੱਕ ਲਗਭਗ 19 ਮਹੀਨੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਰਹੀ। ਬਰਨਾਲਾ ਸਰਕਾਰ ਦਾ ਨਾਓਂ ਭਾਵੇਂ ਅਕਾਲੀ ਸਰਕਾਰ ਸੀ ਪਰ ਇਹ ਪੂਰੀ ਤਰਾਂ੍ਹ ਕੇਂਦਰ ਦੀ ਕਾਂਗਰਸ ਸਰਕਾਰ ਦੀਆਂ ਸਿੱਧੀਆਂ ਹਦਾਇਤਾਂ ਹੇਠ ਦੀ ਕੰਮ ਕਰਦੀ ਸੀ। ਸ. ਪ੍ਰਕਾਸ਼ ਸਿੰਘ ਬਾਦਲ ਵੀ ਸ਼ਰੇਆਮ ਬਰਨਾਲਾ ਸਰਕਾਰ ਨੂੰ ਕਾਂਗਰਸ ਦੀ ਕਠਪੁਤਲੀ ਹੀ ਆਖਦੇ ਹੁੰਦੇ ਸੀ। ਛੋਟੇ ਤੋਂ ਛੋਟੇ ਅਕਾਲੀ ਲੀਡਰ ਤੋਂ ਲੈ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਂਗਰਸ ਦੇ ਇਸ ਬਾਰਾਂ ਸਾਲਾ ਦੌਰ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਲੰਮਾ ਬੈਕ ਛੜੱਪਾ ਮਾਰਕੇ ਸਿੱਧਾ 1984 ਤੇ ਪਹੁੰਚੇ ਜਾਂਦੇ ਹਨ। ਹਾਲਾਂਕਿ ਇਸ ਬਾਰਾਂ ਸਾਲਾ ਦੇ ਦੌਰ ਨੂੰ ਸਣੇ ਪ੍ਰਕਾਸ਼ ਸਿੰਘ ਬਾਦਲ ਮੁਗਲਾਂ ਦੇ ਜੁਲਮਾਂ ਨੂੰ ਮਾਤ ਪਾਉਣ ਵਾਲਾ ਸਮਾਂ ਦਸਦੇ ਰਹੇ ਹਨ। ਇਸੇ ਦੌਰ ਵਿੱਚ ਬਰਨਾਲਾ ਸਰਕਾਰ ਵੇਲੇ ਨਕੋਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਲਾਈ ਗਈ ਤੇ ਅਗਲੇ ਦਿਨ ਇਹਦੇ ਖਿਲਾਫ ਮੁਜਾਹਰਾ ਕਰਦੇ ਹੋਏ ਦੋ ਨੌਜੁਆਨ ਨੂੰ ਪੁਲਿਸ ਨੇ ਮੌਕੇ ਤੇ ਹੀ ਭੁੰਨਿਆ ਅਤੇ ਦੋ ਨੂੰ ਥਾਣੇ 'ਚ ਲਿਜਾ ਕੇ ਮਾਰਿਆਂ ਉਨਾਂ੍ਹ ਦੀਆਂ ਲਾਸ਼ਾਂ ਵੀ ਘਰਦਿਆਂ ਨੂੰ ਨਹੀਂ ਦਿੱਤੀਆਂ।
ਉਸ ਵੇਲੇ ਮੌਕੇ ਦਾ ਐਸ. ਐਸ. ਪੀ ਇਜ਼ਹਾਰ ਆਲਮ ਸੀ ਜਿਹਨੂੰ ਬਾਦਲ ਸਰਕਾਰ ਨੇ 2012 'ਚ ਵਕਫ਼ ਬੋਰਡ ਦਾ ਚੇਰਮੈਨ ਲਾਇਆ ਤੇ ਉਹਦੀ ਪਤਨੀ ਅਕਾਲੀ ਟਿਕਟ ਤੇ ਐਮ. ਐਲ. ਏ. ਬਣੀ। ਸੁਰਜੀਤ ਸਿੰਘ ਬਰਨਾਲਾ ਨੂੰ ਸ. ਬਾਦਲ ਨੇ ਤਿੰਨ ਵਾਰ ਲੋਕ ਸਭਾ ਦੀ ਅਕਾਲੀ ਟਿਕਟ ਦਿੱਤੀ ਉਹ ਦੋ ਵਾਰ ਅਕਾਲੀ ਐਮ. ਪੀ. ਅਤੇ ਲੋਕ ਸਭਾ 'ਚ ਅਕਾਲੀ ਪਾਰਟੀ ਦਾ ਮੁੱਖੀ ਰਿਹਾ ਤੇ ਕੇਂਦਰ ਸਰਕਾਰ ਦੀ ਵਜੀਰੀ ਹੰਡਾਈ। ਬਰਨਾਲਾ ਨੇ ਇਸ ਗੋਲੀ ਕਾਂਡ ਵਿੱਚ ਪੁਲਿਸ ਦੀ ਕਾਰਵਾਈ ਦੀ ਸਿਰਫ ਇੰਨੀ ਕੁ ਨਿੰਦਿਆ ਕੀਤੀ ਕੇ ਲਾਸ਼ਾਂ ਵਾਰਸਾਂ ਨੂੰ ਨਾ ਦੇ ਕੇ ਪੁਲਿਸ ਨੇ ਮਾੜਾ ਕੰਮ ਕੀਤਾ ਹੈ। ਨਾ ਤਾਂ ਅੱਗ ਲਾਉਣ ਵਾਲੇ ਫੜੇ ਗਏ, ਤੇ ਨਾ ਹੀ ਪੁਲਿਸ ਨੂੰ ਕਿਸੇ ਨੇ ਪੁਛਿਆ ਸਿਰਫ ਇੱਕ ਠਾਣੇਦਾਰ ਦੀ ਬਦਲੀ ਹੋਈ। ਇਸ ਦੀ ਨਕੋਦਰ ਗੋਲੀਕਾਂਡ ਦੀ ਪੜਤਾਲ ਖਾਤਰ ਜਸਟਿਸ ਗੁਰਨਾਮ ਸਿੰਘ ਜੁਡੀਸ਼ਲ ਕਮਿਸ਼ਨ ਬਣਿਆ ਜੀਹਨੇ ਆਪਦੀ ਰਿਪੋਰਟ 9 ਮਾਰਚ 1987 ਵਿੱਚ ਦੇ ਦਿੱਤੀ ਜੋ ਕਿ ਅੱਜ ਤੱਕ ਕਿਸੇ ਸਰਕਾਰ ਨੇ ਜੱਗ ਜਾਹਿਰ ਨਹੀਂ ਕੀਤੀ। ਇਸੇ ਬਾਰਾਂ ਸਾਲਾ ਦੌਰ 'ਚ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਮੌਤ ਪੁਲਿਸ ਹਿਰਾਸਤ 'ਚ ਹੋਈ ਜੀਹਦੀ ਪੜਤਾਲ ਤਿਵਾੜੀ ਕਮੇਟੀ ਨੇ ਕੀਤੀ। ਇਹ ਰਿਪੋਰਟ ਵੀ ਅਜੇ ਤੱਕ ਸਰਕਾਰ ਦੀਆਂ ਖੁਫੀਆਂ ਅਲਮਾਰੀਆਂ ਵਿੱਚ ਹੀ ਪਈ ਹੈ। 35 ਹਜ਼ਾਰ ਅਣਪਛਾਣੀਆਂ ਲਾਸ਼ਾਂ ਦਾ ਖੁਰਾ ਖੋਜ ਕੱਢਣ ਵਾਲੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸ. ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਇਸੇ ਬਾਰਾਂ ਸਾਲਾ ਦੌਰ ਵਿੱਚ ਮਾਰ ਕੇ ਖਪਾ ਦਿੱਤਾ। ਜੀਹਦੀ ਤਸਦੀਕ ਸੁਪਰੀਮ ਕੋਰਟ ਤੱਕ ਨੇ ਵੀ ਕਰ ਦਿੱਤੀ। ਸੀ. ਬੀ. ਆਈ. ਨੇ ਵੀ ਆਪਦੀ ਪੜਤਾਲ 'ਚ ਦੱਸਿਆਂ ਕਿ ਸਿਰਫ ਦੋ ਜ਼ਿਲਿਆਂ ਵਿੱਚ ਹੀ 35 ਸੌ ਬੇ ਪਛਾਣ ਲਾਸ਼ਾਂ ਦਾ ਅੰਤਿਮ ਸਸਕਾਰ ਇਸੇ ਬਾਰਾਂ ਸਾਲਾ ਦੌਰ 'ਚ ਹੋਇਆ। ਇਸ ਬਾਰਾਂ ਸਾਲਾ ਕਾਂਗਰਸ ਰਾਜ 'ਚ ਹੋਏ ਪੁਲਿਸ ਤਸ਼ੱਦਤ ਤੇ ਵਿਧਾਨ ਸਭਾ 'ਚ ਇੱਕ ਕਾਂਗਰਸੀ ਵਜੀਰ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮਿਸਾਲਾਂ ਦੇ-ਦੇ ਕੇ ਲਾਹਣਤਾਂ ਪਾ ਸਕਦਾ ਹੈ ਤਾਂ ਅਕਾਲੀਆਂ ਨੂੰ ਇੰਨਾਂ ਬਾਰਾਂ ਸਾਲਾ ਕਾਂਗਰਸੀ ਰਾਜ ਦਾ ਜ਼ਿਕਰ ਕਰਨ 'ਚ ਸੰਗ ਕਾਹਦੀ? ਸ਼ਾਇਦ ਇਸ ਦੌਰ ਦੇ ਅਹਿਮ ਪਾਤਰਾਂ ਤੇ ਬਾਦਲ ਪਰਿਵਾਰ ਦੀ ਛਤਰ ਛਾਇਆ ਰਹੀ ਹੋਣਾ ਵੀ ਇੱਕ ਕਾਰਨ ਹੋਵੇ।
-
ਗੁਰਪ੍ਰੀਤ ਸਿੰਘ ਮੰਡਿਆਣੀ , ਲੇਖਕ
gurpreetmandiani@gmail.com
88726-64000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.