ਗੁਰਭਜਨ ਗਿੱਲ
ਥੋੜੇ ਜਹੇ ਪੈਸਿਆਂ ਵਿੱਚ
ਬਹੁਤ ਕੁਝ ਮਿਲਦਾ ਹੈ
ਆਵਾਜ਼ ਪਰਵਾਜ਼ ਤੇ ਅੰਦਾਜ਼।
ਪੈਰਾਂ ਤੇ ਮਿੱਟੀ ਥੱਪ ਕੇ
ਕੱਚਾ ਘਰ ਬਣਾ ਸਕਦੇ ਹੋ
ਨਿੱਕੀ ਜਹੀ ਸ਼ਹਿਨਸ਼ਾਹੀ ਲਈ
ਕਾਨਿਆਂ ਦਾ ਦਰਬਾਨ
ਖੜ੍ਹਾ ਕਰ ਸਕਦੇ ਹੋ।
ਘਾਹ ਦੀਆਂ ਤਿੜਾਂ ਦੇ ਕੋਕਲੇ
ਛੱਲੇ ਮੁੰਦੀਆਂ ਤੇ ਹੋਰ ਗਹਿਣਾ ਗੱਟਾ
ਮਹਿਬੂਬ ਲਈ
ਬਿਨਾ ਨਾਪ ਬਣਾ ਸਕਦੇ ਹੋ।
ਇਸ ਉਮਰੇ ਥੁੜਾਂ ਮਾਰੇ ਘਰਾਂ ਦੇ
ਧੀਆਂ ਪੁੱਤਰਾਂ ਦਾ ਨਾਪ
ਕੌਣ ਜਾਣਦਾ ਹੈ।
ਲੀਰਾਂ ਦੇ ਖਿੱਦੋ ਤੇ
ਚਾਵਾਂ ਦੀਆਂ ਪਿੜੀਆਂ
ਵੱਡੀ ਭੈਣ ਤੋਂ ਪੁਆਓ।
ਵਜਦ ਵਿੱਚ ਆ ਕੇ
ਹੇਕ ਲਾ ਸਕਦੇ ਹੋ।
ਥਾਲੀ ਨੂੰ ਸਾਜ਼ ਬਣਾ ਸਕਦੇ ਹੋ।
ਸੁਰ ਤੇ ਤਾਲ ਨਾਲ
ਅੰਬਰ ਗਾਹੁੰਦਿਆਂ
ਖ਼ਾਬਾਂ ਜਹੇ ਤਾਰੇ ਤੋੜ ਸਕਦੇ ਹੋ।
ਸੁਪਨ ਸ਼ਹਿਜ਼ਾਦੀ ਦੇ ਵਾਲਾਂ ਚ
ਟੁੰਗ ਸਕਦੇ ਹੋ ਕਹਿਕਸ਼ਾਂ।
ਮੱਥੇ ਤੇ ਚੰਨ ਦਾ ਟਿੱਕਾ
ਟਿਕਾ ਸਕਦੇ ਹੋ,
ਥੋੜੇ ਜਹੇ ਪੈਸਿਆਂ ਵਿੱਚ।
ਰਾਤ ਨੂੰ ਸੌਣ ਲੱਗਿਆਂ
ਤਾਰੇ ਗਿਣ ਸਕਦੇ ਹੋ।
ਰੀਝਾਂ ਨੂੰ ਕਹਿ ਸਕਦੇ ਹੋ
ਜਾਗਦੀਆਂ ਰਹਿਣਾ,
ਮੈਂ ਸੌਣ ਲੱਗਿਆਂ।
ਸਵੇਰੇ ਫਿਰ ਮਿਲਾਂਗੇ
ਸੂਰਜ ਟਿੱਕੀ ਚੜ੍ਹਦਿਆਂ।
ਕਿਰਨਾਂ ਦਾ ਝੁਰਮਟ
ਥੋੜੇ ਜਹੇ ਪੈਸਿਆਂ ਵਿੱਚ
ਬਹੁਤ ਕੁਝ ਖ਼ਰੀਦ ਸਕਦੇ ਹੋ।
ਜੇ ਕੋਲ ਕੁਝ ਵੀ ਨਹੀਂ ਤਾਂ
ਕੰਧ ਤੇ ਲੀਕਾਂ ਵਾਹ
ਔਂਸੀਆਂ ਪਾ ਸਕਦੇ ਹੋ
ਭਲੇ ਵਕਤਾਂ ਦੀ ਉਡੀਕ ਵਿੱਚ।
ਆਪਣੀ ਛਾਵੇਂ ਤੁਰ ਸਕਦੇ ਹੋ
ਕਿਸੇ ਦਾ ਪਰਛਾਵਾਂ ਬਣੇ ਬਗੈਰ।
ਮਨਭਾਉਂਦੀ ਤਸਵੀਰ ਨਾਲ
ਗੁਫ਼ਤਗੂ ਕਰ ਸਕਦੇ ਹੋ।
ਬਿਨ ਬੁਲਾਏ
ਹੁੰਗਾਰਾ ਭਰ ਸਕਦੇ ਹੋ।
ਵਗਦੀ ਪੌਣ ਨੂੰ
ਸੁਨੇਹਾ ਦੇ ਸਕਦੇ ਹੋ।
ਹਾਉਕਾ ਕਾਸਦ ਬਣਾ ਸਕਦੇ ਹੋ।
ਪੌਣ ਦੇ ਲੱਕ ਨੂੰ
ਤੜਾਗੀ ਬੰਨ੍ਹ ਸਕਦੇ ਹੋ।
ਸੁਪਨਿਆਂ ਨੂੰ ਰੰਗਾਂ ਵਿੱਚ
ਬਦਲ ਸਕਦੇ ਹੋ।
ਸਿਆਲੀ ਧੁੱਪ ਨੂੰ ਮਾਣ ਸਕਦੇ ਹੋ
ਸੱਖਣਾ ਪੇਟ ਵਜਾ ਸਕਦੇ ਹੋ
ਸਾਜ਼ ਵਾਂਗ ਸੁਰ ਕਰ ਸਕਦੇ ਹੋ
ਮਨ ਬਚਨ ਤੇ ਕਰਮ
ਪੈਦਲ ਤੁਰਦਿਆਂ ਘਾਹ ਤੇ ਪਏ
ਤਰੇਲ ਮੋਤੀ ਚੁਗ ਸਕਦੇ ਹੋ।
ਚਿੜੀਆਂ ਦੀ ਚਹਿਚਹਾਟ ਵਿੱਚੋਂ
ਭੁੱਖ ਦੇ ਗੀਤ ਦੀ ਤਰਜ਼
ਲੱਭ ਸਕਦੇ ਹੋ।
ਰਾਹ ਵਿੱਚ
ਕਿਸੇ ਦਾਨਵੀਰ ਵੱਲੋਂ ਲੁਆਈ
ਹਲਟੀ ਗੇੜ ਸਕਦੇ ਹੋ।
ਛੋਲੇ ਚੱਬਦਿਆਂ
ਨਿਸਾਰ ਚੋਂ ਬੁੱਕ ਨਾਲ
ਪਾਣੀ ਪੀ ਸਕਦੇ ਹੋ।
ਸ਼ਰੀਂਹ ਦੀ ਛਾਵੇਂ ਸੌਣ ਦੀ ਥਾਂ
ਜਾਗਦਿਆਂ
ਵਿਰਲਾਂ ਥਾਣੀਂ
ਰੋਟੀ ਦੇ ਗੋਲ ਪਹੀਏ ਜਿਹਾ
ਰਿੜ੍ਹਦਾ ਸੂਰਜ ਵੇਖ ਸਕਦੇ ਹੋ।
ਇਸ ਦੇ ਸੁਰਖ਼ ਰੰਗ ਨੂੰ
ਸੁਪਨਿਆਂ ਚ ਭਰ ਸਕਦੇ ਹੋ।
ਥੋੜੇ ਜਿਹੇ ਪੈਸਿਆਂ ਵਿੱਚ।
ਪਿੰਡ ਚ ਕਿਸੇ ਦੇ ਵਿਆਹ ਚ ਵੱਜਦੇ ਸਪੀਕਰ ਤੋਂ ਗੀਤ ਸੁਣਦਿਆਂ
ਕਲਪਿਤ ਪਰੀਲੋਕ ਵਿੱਚ
ਜਾ ਸਕਦੇ ਹੋ।
ਗੀਤਾਂ ਵਾਲੀ ਕੁੜੀ ਨੂੰ
ਬਿਸਤਰੇ ਚ ਪਏ ਪਏ
ਹੁੰਗਾਰਾ ਭਰ ਸਕਦੇ ਹੋ।
ਉਸ ਨਾਲ ਗੱਲਾਂ ਕਰਦਿਆਂ
ਚੂੜੇ ਦੀ ਛਣਕਾਰ
ਮਹਿਸੂਸ ਕਰ ਸਕਦੇ ਹੋ।
ਥੋੜੇ ਜਹੇ ਪੈਸਿਆਂ ਵਿੱਚ।
ਮਹਿੰਗਾ ਹੋ ਗਿਆ ਹੈ ਬਾਜ਼ਾਰ
ਆਪਣਾ ਸੰਸਾਰ ਆਪ ਘੜੋ।
ਆਪਸ ਚ ਨਹੀਂ
ਮਹਿੰਗੇ ਬਾਜ਼ਾਰ ਨਾਲ ਲੜੋ।
ਨੰਗੇ ਧੜ ਹੋਰ ਕੁਝ ਨਹੀਂ ਤਾਂ
ਕਚੀਚੀ ਵੱਟੀ ਜਾ ਸਕਦੀ ਹੈ।
ਕੂੜ ਦੀ ਦੁਕਾਨ ਤੋਂ ਸੌਦਾ ਖ਼ਰੀਦਣੋਂ
ਮਨ ਮੋੜਿਆ ਜਾ ਸਕਦਾ ਹੈ।
ਲਾਰਿਆਂ ਤੇ ਨਾਅਰਿਆਂ ਵਿੱਚ
ਖੋਟ ਪਰਖੀ ਜਾ ਸਕਦੀ ਹੈ ।
ਹਵਾਈ ਕਿਲਿਆਂ ਦੀਆਂ ਨੀਹਾਂ
ਫੋਲੀਆਂ ਜਾ ਸਕਦੀਆਂ ਹਨ
ਥੋੜੇ ਜਹੇ ਪੈਸਿਆਂ ਵਿੱਚ।
ਦਰਦਾਂ ਦੇ ਸੰਗੀ ਸਾਥੀ ਨੂੰ
ਗਲਵੱਕੜੀ ਪਾ ਸਕਦੇ ਹੋ।
ਮੀਂਹ ਵਿੱਚ ਨਹਾਉਂਦਿਆਂ
ਮੇਘ ਮਲਹਾਰ ਗਾ ਸਕਦੇ ਹੋ।
ਪਾਟੀਆਂ ਬਿਆਈਆਂ ਵਾਲੇ ਪੈਰਾਂ ਚ
ਚਾਵਾਂ ਦੀ ਝਾਂਜਰ ਪਾ
ਮਨ ਦੇ ਬਾਗ ਵਿੱਚ ਮੋਰ ਨਚਾ ਸਕਦੇ ਹੋ।
ਬਹੁਤ ਕੁਝ ਕਰ ਸਕਦੇ ਹੋ
ਥੋੜੇ ਜਹੇ ਪੈਸਿਆਂ ਵਿੱਚ।
ਢੇਰੀ ਢਾਹ ਕੇ ਬੈਠਿਆਂ
ਰਾਤ ਖਾ ਜਾਂਦੀ ਹੈ
ਸਾਲਮ ਸਬੂਤਾ ਵਜੂਦ।
ਪੀ ਜਾਂਦੀ ਹੈ ਪਤਾਸਿਆਂ ਵਾਂਗ
ਖ਼ੋਰ ਖ਼ੋਰ ਕੇ ਕਿਲਕਾਰੀਆਂ।
ਕਰ ਦੇਂਦੀ ਹੈ ਧੁੱਪਾਂ ਘਸਮੈਲੀਆਂ।
ਝਾੜ ਦੇਂਦੀ ਹੈ ਰੁੱਖਾਂ ਦਾ ਪਤਰਾਲ
ਛਾਵਾਂ ਤੇਤਰੀਆਂ ਮੇਤਰੀਆਂ ਕਰ ਦਿੰਦੀ ਹੈ
ਸੱਤਾਵਾਨ ਹਨ੍ਹੇਰੀ।
ਆਪਣਾ ਆਪ ਇਕੱਠਾ ਕਰੋ।
ਤੀਲਾ ਤੀਲਾ ਜੋੜੋ
ਇਕੱਠੇ ਜੀਵੋ ਇਕੱਠੇ ਮਰੋ
ਥੋੜੇ ਜਹੇ ਪੈਸਿਆਂ ਵਿਚ
ਜ਼ਮੀਰ ਨਾ ਵਿਕਣ ਦਿਉ ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.