ਜਨਮ ਦਿਨ ਸ਼ਾਮ।
ਕੁਦਰਤ ਦੇ ਨਾਮ।
ਕਰਦਿਆਂ ਕੱਲ੍ਹ ਹਾਕੀ ਕਲੱਬ ਦੇ ਮੈਂਬਰ ਕਮਲਜੀਤ ਸਿੰਘ ਮੱਲੀ ਨੇ ਆਪਣਾ ਜਨਮ ਦਿਨ ਕਲੱਬ ਦੀ ਪ੍ਰੰਪਰਾ ਅਨੁਸਾਰ ਆਪਣੇ ਘਰ ਦੇ ਅੱਗੇ ਗੁਲਮੋਹਰ ਦਾ ਬੂਟਾ ਲਗਾ ਕੇ ਮਨਾਇਆ।
.ਸੋ ਆਓ ਆਪਾਂ ਸਾਰੇ ਮਿਲਕੇ
ਹਾਕੀ ਕਲੱਬ ਸਮਰਾਲਾ ਵਲੋਂ
ਸ਼ੁਰੂ ਕੀਤੀ ਹੋਈ ਮੁਹਿੰਮ ਵਾਂਗ ਆਪਣੇ ਖੁਸ਼ੀਆਂ ਦੇ ਮੌਕੇ ਰੁੱਖ ਲਗਾਈਏ
ਆਪਣੀ ਧਰਤੀ ਮਾਂ ਨੂੰ
ਹਰਿਆ ਭਰਿਆ ਤੇ
ਜਿਉਣ ਯੋਗ ਬਣਾਈਏ ।
ਪਿਆਰੇ ਵੀਰ ਗੁਰਪ੍ਰੀਤ ਸਿੰਘ ਬੇਦੀ ਦੀ ਗਤੀਸ਼ੀਲ ਪ੍ਰੇਰਨਾ, ਨਿਰੰਤਰ ਅਗਵਾਈ ਤੇ ਸਾਥੀਆਂ ਦੇ ਸਹਿਯੋਗ ਨੂੰ
ਮੇਰਾ ਸਲਾਮ!
ਕਮਲਜੀਤ ਸਿੰਘ ਮੱਲ੍ਹੀ ਦੇ ਬੂਹੇ ਅੱਗੇ ਲੱਗੇ ਜਨਮ ਦਿਨ ਮੁਬਾਰਕ ਗੁਲਮੋਹਰ ਨੂੰ ਸਮਰਪਿਤ ਨੇ ਮੇਰੇ ਇਹ ਬੋਲ
ਗ਼ਜ਼ਲ
ਬਿੰਦੂ ਤੋਂ ਬ੍ਰਹਿਮੰਡ ਹੈ ਬਣਿਆ ਜਿਸ ਦਿਨ ਦਾ ਮੈਂ ਜਾਣ ਲਿਆ ਹੈ।
ਸ਼ੀਸ਼ੇ ਅੰਦਰ ਅਸਲੀ ਚਿਹਰਾ ਲੁਕਿਆ ਮੈਂ ਪਹਿਚਾਣ ਲਿਆ ਹੈ।
ਇਸ ਤੋਂ ਹੋਰ ਉਚੇਰੇ ਪਰਬਤ ਮੈਨੂੰ ਅਜੇ ਉਡੀਕ ਰਹੇ ਨੇ,
ਇੱਕ ਪਰਬਤ ਦੀ ਚੋਟੀ ਉੱਤੇ ਪਹੁੰਚਣ ਮਗਰੋਂ ਠਾਣ ਲਿਆ ਹੈ।
ਸਿਖ਼ਰ ਸਵਾਦ ਪਲਾਂ ਦੀ ਹਰਕਤ,ਨਾਦ ਜਦੋਂ ਵਿਸਮਾਦ ਚ ਬਦਲੇ,
ਸ਼ਬਦ ਹਾਰਦੇ ਜਿੱਥੇ ਜਾ ਕੇ ,ਉਹ ਪਲ ਵੀ ਮੈਂ ਮਾਣ ਲਿਆ ਹੈ।
ਉਸ ਤੋਂ ਮਗਰੋਂ ਜਿੱਤਾਂ ਹਾਰਾਂ,ਖੁਸ਼ੀਆਂ ਗ਼ਮੀਆਂ,ਅਰਥਹੀਣੀਆਂ,
ਮਨ ਦੀ ਬਸਤੀ ਅੰਦਰ ਜੀਆਂ,ਚੁੱਪ ਦਾ ਤੰਬੂ ਤਾਣ ਲਿਆ ਹੈ।
ਰੰਗ ਨਹੀਂ ਮਿਲਿਆ ਝੀਲ ਬਲੌਰੀ, ਤੇਰੇ ਨੈਣਾਂ ਅੰਦਰ ਜਿਹੜਾ,
ਸਭ ਹੱਟੀਆਂ ਤੋਂ ਪੁੱਛ ਬੈਠਾ ਹਾਂ,ਪਾਣੀ ਨੂੰ ਵੀ ਛਾਣ ਲਿਆ ਹੈ।
ਚਾੜ੍ਹ ਕਮਾਨ ਮਾਰਦੀ ਖਿੱਚ ਕੇ, ਆਰ ਪਾਰ ਲੰਘ ਜਾਵੇ ਰੂਹ ‘ਚੋਂ,
ਕਤਰਾ ਵੀ ਇੱਕ ਖ਼ੂਨ ਵਗੇ ਨਾ,ਇਹ ਤੂੰ ਕਿੱਥੋਂ ਬਾਣ ਲਿਆ ਹੈ।
ਸ਼ੁਕਰ ਤੇਰਾ ਲੱਖ ਵਾਰ ਧਰਤੀਏ ਮਾਂ ਬੋਲੀ ਤੇ ਜਣਨੀ ਮਾਏ,
ਸ਼ਬਦ ਸ਼ਨਾਸ ਬਗੀਚਾ ਦਿੱਤਾ, ਜਿਸ ਤੋਂ ਏਨਾ ਮਾਣ ਲਿਆ ਹੈ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.