ਮੈਂ ਤੇ ਸ਼ਮਸ਼ੇਰ ਸਿੰਘ ਸੰਧੂ ਜਦੋਂ ਜੀ ਜੀ ਐੱਨ ਖ਼ਾਲਸਾ ਕਾਲਿਜ ਚ ਪੜ੍ਹਦੇ ਸੀ ਤਾਂ ਉਦੋਂ ਉਸ ਦੇ ਲਿਖਣ ਪੜ੍ਹਨ ਤੋਂ ਬਿਨਾ ਦੋ ਹੋਰ ਸ਼ੌਕ ਬੜੇ ਅਵੱਲੇ ਸਨ।
ਉਹ ਲੋਕ ਗਾਇਕ ਸ਼ੌਕੀਨ ਜੱਟ ਕੋਲ ਤੂੰਬੀ ਸਿੱਖਣ ਜਾਂਦਾ। ਵਧੀਆ ਗਾ ਲੈਂਦਾ ਸੀ। ਗਾਉਣ ਵਾਲਿਆਂ ਨਾਲ ਸਾਂਝ ਰੱਖ ਕੇ ਬੜਾ ਖੁਸ਼ ਹੁੰਦਾ।
ਦੂਜਾ ਸ਼ੌਕ ਕੁਸ਼ਤੀਆਂ ਵੇਖਣ ਦਾ ਸੀ ਕਿਉਂਕਿ ਖ਼ੁਦ ਬਾਡੀ ਬਿਲਡਰ ਸੀ।
ਇੱਕ ਦਿਨ ਕਿਸੇ ਨਵੇਂ ਜਿਹੇ ਮੈਗਜ਼ੀਨ ਤੋਂ ਇੱਕ ਗੀਤ ਨੋਟ ਕਰ ਲਿਆਇਆ ਤੇ ਗਾਉਣ ਲੱਗਾ।
ਮੰਡੀ ਵਿੱਚੋਂ ਆ ਕੇ ਬਾਪੂ ਮੰਜੀ ਉੱਤੇ ਪੈ ਗਿਓ ਂ
ਮੂੰਹ ਦੇ ਉੱਤੇ ਗ਼ਮ ਦੇ ਨੇ ਸਾਏ।
ਤੈਂ ਬਾਬਲਾ ਗ਼ਮ ਜਿਵੇਂ ਕਣਕੋਂ ਵਟਾਏ।
ਇਹ ਗੀਤ ਉਸ ਨੇ ਕਈ ਗੀਤ ਤੇ ਕਵਿਤਾ ਮੁਕਾਬਲਿਆਂ ਚ ਗਾ ਕੇ ਟਰਾਫ਼ੀਆਂ ਜਿੱਤੀਆਂ।
ਇਹ ਗੀਤ ਮੁਖਤਿਆਰ ਸਿੰਘ ਜ਼ਫ਼ਰ ਦਾ ਲਿਖਿਆ ਹੋਇਆ ਸੀ।
ਮੁਖਤਿਆਰ ਜ਼ਫ਼ਰ ਦੀ ਸਾਡੇ ਨਾਲ ਇਹ ਪਹਿਲੀ ਸ਼ਬਦ ਮਿਲਣੀ ਸੀ।
ਜ਼ਫ਼ਰ ਕਵੀਸ਼ਰੀ ਕਰਦਾ ਕਰਦਾ ਢਾਡੀ ਰਾਗ ਚ ਪਰਬੀਨ ਹੋ ਗਿਆ। ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਤੇ ਰਣਜੀਤ ਸਿੰਘ ਸਿੱਧਵਾਂ ਗਾ ਸ਼ਾਗਿਰਦ ਹੋ ਗਿਆ। ਸਿਰਜਕ ਆਪਾ ਹੋਰ ਸ਼ਿੰਗਾਰਿਆ ਗਿਆ।
ਧਰਮ ਨੂੰ ਵਿਗਿਆਨਕ ਲੀਹਾਂ ਤੇ ਪਰਚਾਰਨ ਪਰਸਾਰਨ ਕਾਰਨ ਉਹ ਸਭ ਸਫ਼ਾਂ ਚ ਪ੍ਰਵਾਨ ਚੜ੍ਹਿਆ।
ਜ਼ੀਰਾ ਨੇੜੇ ਪਿੰਡ ਮੱਲੋ ਕੇ ਦੇਸ: ਮੇਲਾ ਸਿੰਘ ਗਿੱਲ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁਖੋਂ15 ਅਗਸਤ 1947 ਨੂੰ ਪੈਦਾ ਹੋਇਆ। ਕਾਗਜ਼ਾਂ ਚ ਜਨਮ ਮਿਤੀ 1948 ਬੋਲਦੀ ਹੈ।
ਉਹ ਸੂਰਮਿਆਂ ਦਾ ਲਿਖਾਰੀ ਹੈ। ਗਦਰੀ ਸ਼ਹੀਦ ਬਾਬਾ ਗਾਂਧਾ ਸਿੰਘ ਕੱਚਰਭੰਨ ਬਾਰੇ ਇਤਿਹਾਸਕ ਸਰੋਤਾਂ ਕੇ ਆਧਾਰਿਤ ਪਹਿਲੀ ਕਿਤਾਬ ਲਿਖੀ।
ਸੰਗਰੂਰ ਜ਼ਿਲ੍ਹੇ ਦੇ ਦੋ ਸੂਰਮਿਆਂ ਚਿੱਤੂ ਤੇ ਮਿੱਤੂ ਦੀ ਲੋਕ ਗਾਥਾ ਕਵਿਤਾ ਚ ਲਿਖੀ ਜਿਸ ਨੂੰ ਸ: ਗੁਰਸ਼ਰਨ ਸਿੰਘ ਨਾਟਕਕਾਰ ਨੇ ਪ੍ਰਕਾਸ਼ਿਤ ਕੀਤਾ।
1947 ਤੋਂ 1984 ਤੀਕਇੱਕ ਪਰਿਵਾਰ ਦੀ ਵਿਥਿਆ ਦੋ ਉਜਾੜੇ ਨਾਮ ਹੇਠ ਲਿਖੀ।
ਗਰੀਬ ਨਿਵਾਜ਼: ਗੁਰੂ ਗੋਬਿੰਦ ਸਿੰਘ ਚੌਥੀ ਕਿਤਾਬ ਸੀ।
ਪੰਜਵੀਂ ਕਿਤਾਬ ਆਜ਼ਾਦੀ ਦੇ ਪਰਵਾਨੇ ਅੱਜ ਹੀ ਮੇਰੇ ਹੱਥ ਲੱਗੀ ਹੈ।
ਇਸ ਚ ਉਸਨੇ ਬਾਬਾ ਬੰਦਾ ਸਿੰਘ ਬਹਾਦਰ,ਭਾਈ ਮਹਾਰਾਜ ਸਿੰਘ, ਬਾਬਾ ਰਾਮ ਸਿੰਘ ਨਾਮਧਾਰੀ,ਬਾਬਾ ਸੋਹਨ ਸਿੰਘ ਭਕਨਾ, ਪੰਡਿਤ ਕਾਂਸ਼ੀ ਰਾਮ ਮੜੌਲੀ, ਬਾਬਾ ਜਵਾਲਾ ਸਿੰਘ ਠੱਠੀਆਂ, ਸ਼ਹੀਦ ਕਰਤਾਰ ਸਿੰਘ ਸਰਾਭਾ, ਬਾਬਾ ਵਸਾਖਾ ਸਿੰਘ ਜੀ ਦਦੇਹਰ, ਬਾਬਾ ਗਾਂਧਾ ਸਿੰਘ ਕੱਚਰਭੰਨ, ਬਾਬਾ ਬੰਤਾ ਸਿੰਘ ਸੰਘਵਾਲ ਤੇ ਭਾਈ ਬਲਵੰਤ ਸਿੰਘ ਖ਼ੁਰਦਪੁਰ ਦੀ ਬੀਰ ਗਾਥਾ ਢਾਡੀ ਅੰਦਾਜ਼ ਚ ਵਾਰਤਕ ਤੇ ਕਵਿਤਾ ਦਾ ਸੁਮੇਲ਼ ਕਰਕੇ ਲਿਖੀ ਹੈ।
ਮੁਖਤਿਆਰ ਸਿੰਘ ਜ਼ਫ਼ਰ ਕਮਾਲ ਦਾ ਸਿਰਜਕ ਹੈ ਤੇ ਉਸ ਤੋਂ ਚੰਗਾ ਮੁਹੱਬਤੀ ਇਨਸਾਨ।
ਇਸ ਨਸਲ ਦੇ ਬੰਦੇ ਘਟ ਰਹੇ ਨੇ ਜੋ ਧਰਮ , ਤਰਕ ਤੇ ਜੀਵਨ ਵਿਹਾਰ ਦਾ ਸੁੱਚਾ ਸੁਮੇਲ ਹੋਣ।
ਆਜ਼ਾਦੀ ਦੇ ਪਰਵਾਨੇ ਪੁਸਤਕ ਦੀ ਉਸ ਕੋਈ ਕੀਮਤ ਨਹੀਂ ਰੱਖੀ। ਯੁਗ ਚੇਤਨਾ ਪ੍ਰਕਾਸ਼ਨ ਮੱਲੋਕੇ ਤਹਿਸੀਲ ਜ਼ੀਰਾ ਜ਼ਿਲ੍ਹਾ ਫੀਰੋਜ਼ਪੁਰ ਤੋਂ ਕਿਤਾਬ ਮੰਗ ਸਕਦੇ ਹੋ ਪਰਇਹ ਨਾ ਭੁੱਲਿਉ ਕਿ ਜ਼ਫ਼ਰ ਕਿਰਤੀ ਕਲਮਕਾਰ ਹੈ। ਚਾਰ ਕਿਤਾਬਾਂ ਛਪਣ ਗੋਚਰੇ ਵੀ ਪਈਆਂ ਹਨ। ਸੱਚ ਦਾ ਸੂਰਜ ਗੁਰੂ ਨਾਨਕ ਦੇਵ ਜੀ ਤੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਹੈ।
ਭਾਈ ਤਾਰੂ ਸਿੰਘ,ਬਾਬਾ ਬੰਦਾ ਸਿੰਘ ਬਹਾਦਰ ਤੇ ਮੀਰ ਮੰਨੂ ਦੀ ਜੇਲ੍ਹ ਦੇ ਪਰਸੰਗ ਕਾਫ਼ਲਾ ਮਨੁੱਖਤਾ ਮੁਰੀਦਾਂ ਦਾ,ਭਗਤ ਕਬੀਰ, ਰਵਿਦਾਸ ਜੀ ਤੇ ਨਾਮਦੇਵ ਜੀ ਬਾਰੇ ਪੁਸਤਕ ਮਹਾਨ ਸੋਚ ਨਾਮ ਹੇਠ ਤਿਆਰ ਹੈ।
ਸਮੁੱਚੇ ਗੀਤਾਂ ਦਾ ਸੰਗ੍ਰਹਿ ਰੂਹ ਜ਼ਫ਼ਰ ਦੀ ਵੀ ਤਿਆਰ ਬਰ ਤਿਆਰ ਹੈ।
ਪ੍ਰਕਾਸ਼ਨ ਸਹਾਇਤਾ ਰਾਸ਼ੀ ਭੇਜੀ ਜਾ ਸਕਦੀ ਹੈ।
ਮੁਖਤਿਆਰ ਸਿੰਘ ਜ਼ਫ਼ਰ ਦਾ ਸੰਪਰਕ ਨੰਬਰ 99145 48429 ਹੈ।
ਵੇਖੋ! ਕਮਾਲ ਦੀ ਗੱਲ
ਏਨਾ ਕੰਮ ਕਰਨ ਵਾਲੇ ਸਾਦ ਮੁਰਾਦੇ ਕਲਮ ਕਿਰਤੀ ਨੂੰ ਕਿਸੇ ਆਦਰ ਦੇਣ ਵਾਲੀ ਸਰਕਾਰੀ, ਗੈਰ ਸਰਕਾਰੀ ਜਾਂ ਧਾਰਮਿਕ ਸੰਸਥਾ ਨੇ ਨਹੀਂ ਗੌਲਿਆ।
ਪਰ ਬੰਦੇ ਦੇ ਮੱਥੇ ਤੇ ਨਾਸ਼ੁਕਰਿਆਂ ਲਈ ਕੋਈ ਸ਼ਿਕਨ ਨਹੀਂ।
ਇਹੋ ਜਹੇ ਧੌਲ ਧਰਮਾਂ ਦੇ ਸਰ ਤੇ ਹੀ ਧਰਤੀ ਖੜ੍ਹੀ ਹੈ।
ਇਹ ਕਿਤਾਬ ਦੇਸ਼ਭਗਤ ਯਾਦਗਾਰ ਹਾਲ ਜਲੰਧਰ ਸਥਿਤ 5ਆਬ ਪ੍ਰਕਾਸ਼ਨ ਪਾਸੋਂ ਵੀ ਮਿਲ ਸਕਦੀ ਹੈ।
ਕਲਮ ਦੇ ਕਰਮਸ਼ੀਲ ਯੋਧੇ ਨੂੰ ਸਲਾਮ!
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.