ਉੱਨੀਵੀਂ ਸਦੀ ਦੇ ਛਿਪਦੇ ਪੱਖ ਵਿਚ ਲੁਧਿਆਣਾ ਜ਼ਿਲ੍ਹੇ ਤੋਂ ਬਹੁਤ ਸਾਰੇ ਅਕਲਾਂ ਵਾਲੇ ਗਰੇਵਾਲ ਮਿਹਨਤੀ ਪਰਿਵਾਰ ਮੁਰੱਬਿਆਂ ਤੇ ਬਾਰਾਂ ਆਬਾਦ ਕਰਨ ਲਾਇਲਪੁਰ,ਮੁਲਤਾਨ ਤੇ ਨਾਲ ਲੱਗਵੇਂ ਜ਼ਿਲ੍ਹਿਆਂ ਚ ਜਾ ਵੱਸੇ। ਬਹੁਤੇ ਸਾਬਕਾ ਫੌਜੀਆਂ ਨੂੰ ਬਹਾਦਰੀ ਦੇ ਮੁਰੱਬੇ ਅਲਾਟ ਹੋਏ।
ਧਾਂਦਰਾ(ਲੁਧਿਆਣਾ) ਤੋਂ ਮੁਲਤਾਨ ਚ ਗਏ ਸੂਬੇਦਾਰ ਕਿਸ਼ਨ ਸਿੰਘਗਰੇਵਾਲ ਪਰਿਵਾਰ ਦੇ ਪੁੱਤਰ ਸ: ਕਰਤਾਰ ਸਿੰਘ ਸ਼ਮਸ਼ੇਰ ਨੇ ਜਵਾਨੀ ਦਾ ਸੂਰਜ ਓਥੇ ਹੀ ਚੜ੍ਹਾਇਆ। ਪੰਜ ਅਪਰੈਲ 1912 ਚ ਜਨਮਿਆ ਸ਼ਮਸ਼ੇਰ ਚੜ੍ਹਦੀ ਉਮਰੇ ਹੀ ਕਵਿਤਾ ਲਿਖਣ ਲੱਗ ਪਿਆ।
1940 ਚ ਉਨ੍ਹਾਂ ਦੀ ਪਹਿਲੀ ਕਾਵਿ ਕਿਤਾਬ ਅਮਰ ਵੇਲ ਪ੍ਰੀਤਨਗਰ ਵਿਖੇ ਸ: ਗੁਰਬਖ਼ਸ਼ ਸਿੰਘ ਨੇ ਛਾਪੀ। ਅਗਲੇ ਸਾਲ ਏਥੇ ਹੀ ਪੰਜ ਨਗ ਛਪੀ।
1939-40 ਚ ਭਾਪੇ ਦੀ ਹੱਟੀ ਪ੍ਰਕਾਸ਼ਨ ਗ੍ਰਹਿ ਵੱਲੋਂ ਉਨ੍ਹਾਂ ਦੀ ਪੁਸਤਕ ਜੀਉਂਦੀ ਦੁਨੀਆਂ ਛਪੀ ਸੀ। ਇਹ ਕਿਤਾਬ ਹੁਣ ਕਿਤਿਉਂ ਨਹੀਂ ਲੱਭਦੀ। ਜੇਕਰ ਕੋਈ ਖੋਜੀ ਵਿਦਵਾਨ ਲੱਭ ਸਕੇ ਤਾਂ ਪੁਨਰ ਪ੍ਰਕਾਸ਼ਨ ਕਰਨਾ ਬਣਦਾ ਹੈ। ਇੱਕ ਕਿਤਾਬ ਪੰਜਾਬੀ ਲੋਕਗੀਤ ਵੀ ਦੇਵਨਾਗਰੀ ਲਿਪੀ ਚ ਆਸ਼ਾ ਆਰਟ ਪਰੈੱਸ ਵੱਲੋਂ ਲਾਹੌਰ ਚ ਛਪੀ।
ਦੇਸ਼ ਵੰਡ ਮਗਰੋਂ ਇਹ ਪਰਿਵਾਰ ਉੱਜੜ ਕੇ ਪਿੰਡ ਬਾੜੇਵਾਲ (ਲੁਧਿਆਣਾ) ਚ ਆ ਵੱਸਿਆ।
ਬੱਚਿਆਂ ਦੇ ਲੋਕ ਗੀਤ ਕੱਚਾ ਦੁੱਧ ਨਾਮ ਹੇਠ ਰੂਰਲ ਬੁੱਕ ਕੰਪਨੀ ਲੁਧਿਆਣਾ ਨੇ 1955 ਚ ਛਾਪੀ। ਇਸੇ ਪ੍ਰਕਾਸ਼ਕ ਨੇ ਲੋਕ ਕਹਾਣੀਆਂ ਪੁਸਤਕ ਅੱਠ ਜਿਲਦਾਂ ਚ ਪ੍ਰਕਾਸ਼ਿਤ ਕੀਤੀ।
ਚਾਰ ਧੀਆਂ ਤੇ ਦੋ ਪੁੱਤਰਾਂ ਜਗਰਾਜ ਸਿੰਘ ਗਰੇਵਾਲ ਤੇਅਵਨਿੰਦਰ ਸਿੰਘ ਗਰੇਵਾਲ ਦੇ ਬਾਬਲ ਸ਼ਮਸ਼ੇਰ ਨੇ ਖੇਤੀ ਕਰਦਿਆਂ ਨਾਲੋ ਨਾਲ ਲੋਕ ਸਾਹਿੱਤ ਸੰਭਾਲ ਕਾਰਜ ਵੀ ਸੰਭਾਲਿਆ।
ਭਾਸ਼ਾ ਵਿਭਾਗ ਪੰਜਾਬ ਨੇ ਉਨ੍ਹਾਂ ਦੇ ਸੰਗ੍ਰਹਿਤ ਲੋਕ ਗੀਤਾਂ ਦਾ ਸੰਗ੍ਰਹਿ ਛਾਪਿਆ ਜਦ ਕਿ ਪੰਜਾਬੀ ਸਾਹਿੱਤ ਅਕਾਡਮੀ ਨੇ ਬਾਰ ਦੇ ਜਾਂਗਲੀ ਲੋਕ ਗੀਤਾਂ ਦੀ ਪੁਸਤਕ ਨੀਲੀ ਤੇ ਰਾਵੀ 1961 ਚ ਪਹਿਲੀ ਵਾਰ ਛਾਪੀ।
2007 ਚ ਇਸਦਾ ਦੂਜਾ ਸੰਸਕਰਨ ਛਪਿਆ। ਕਮਾਲ ਦੀ ਗੱਲ ਇਹ ਰਹੀ ਕਿ ਇਸ ਸੰਸਕਰਨ ਦਾ ਪ੍ਰਕਾਸ਼ਨ ਖ਼ਰਚਾ ਧਾਂਦਰਾ ਦੇ ਹੀ ਅਮਰੀਕਾ ਵੱਸਦੇ ਰਵੀ ਗਰੇਵਾਲ ਤੇ ਡਾ: ਨਰਿੰਦਰ ਗਰੇਵਾਲ ਨੇ ਆਪਣੇ ਪਿਤਾ ਜੀ ਦੀ ਯਾਦ ਚ ਸੰਭਾਲਿਆ। ਉਦੋਂ ਸਾਡਾ ਇਸ ਸ਼ਮਸ਼ੇਰ ਪਰਿਵਾਰ ਨਾਲ ਸੰਪਰਕ ਨਹੀਂ ਸੀ।
ਲਿਖਣ ਪੜ੍ਹਨ ਦੇ ਸ਼ੌਕ ਨੇ ਬਾਰ ਦੇ ਜਾਂਗਲੀ ਲੋਕਾਂ ਦੇ ਲੋਕਗੀਤ ਤੇ ਢੋਲੇ
ਇਕੱਠੇ ਕਰਨੇ ਸ਼ੁਰੂ ਕਰ ਦਿੱਤੇ।
ਏਨੇ ਚਿਰ ਨੂੰ ਦੇਸ਼ ਵੰਡਿਆ ਗਿਆ।
ਲੁਧਿਆਣਾ ਸ਼ਹਿਰ ਚ ਜਦ ਪ੍ਰੋ: ਮੋਹਨ ਸਿੰਘ ਪੀ ਏ ਯੂ ਚ ਪ੍ਰੋਫੈਸਰ ਬਣ ਕੇ ਆਏ ਤਾਂ ਪੁਰਾਣੇ ਬੇਲੀ ਸ਼ਮਸ਼ੇਰ ਨਾਲ ਮਿਲਾਪ ਹੋ ਗਿਆ।
ਸ: ਗੋਪਾਲ ਸਿੰਘ ਖਾਲਸਾ ਤੇ ਜਗਦੇਵ ਸਿੰਘ ਜੱਸੋਵਾਲ ਇਨ੍ਹਾਂ ਨਾਲ ਫੀਰੋਜਪੁਰ ਰੋਡ ਸਥਿਤ ਡਾਕਖਾਨੇ ਨਜ਼ਦੀਕ ਸ਼ਮਸ਼ੇਰ ਜੀ ਦੇ ਦਫ਼ਤਰ ਸ਼ਾਮ ਗੁਜਾਰਦੇ।
ਤਾਰਿਆਂ ਦੀ ਲੋਏ ਘਰ ਪਰਤਦੇ।
ਹੁਣ ਸ੍ਵ: ਕਰਤਾਰ ਸਿੰਘ ਸ਼ਮਸ਼ੇਰ ਦੀ ਕਾਵਿ ਪੁਸਤਕ ਜੀਵਨ ਤਰੰਗਾਂ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਕੱਲ੍ਹ ਸ਼ਾਮ ਪੰਜਾਬੀ ਭਵਨ ਵਿਖੇ ਲੋਕ ਅਰਪਣ ਕੀਤਾ ਗਿਆ ਤਾਂ ਇਹ ਗੱਲਾਂ ਚੇਤੇ ਆ ਗਈਆਂ।
ਨੀਲੀ ਤੇ ਰਾਵੀ ਤੋਂ ਇਲਾਵਾ ਬਾਰ ਦੇ ਢੋਲੇ ਨਾਮੀ ਲੋਕ ਸਾਹਿੱਤ ਵੰਨਗੀਆਂ ਦੇ ਸੰਭਾਲਕਾਰ ਕਰਤਾਰ ਸਿੰਘ ਸ਼ਮਸ਼ੇਰ ਦੇ ਵੱਡੇ ਸਪੁੱਤਰ ਸ: ਜਗਰਾਜ ਸਿੰਘ ਗਰੇਵਾਲ ਨੇ ਆਪਣੇ ਪਰਿਵਾਰ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਨੂੰ ਚਾਰ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਜਿਸ ਦੇ ਵਿਆਜ ਨਾਲ ਹਰ ਸਾਲ ਕਰਤਾਰ ਸਿੰਘ ਸ਼ਮਸ਼ੇਰ ਯਾਦਗਾਰੀ ਪੁਰਸਕਾਰ ਦਿੱਤਾ ਜਾਵੇਗਾ।
ਸਾਬਕਾ ਪ੍ਰਧਾਨ ਡਾ: ਸੁਰਜੀਤ ਪਾਤਰ, ਗੁਰਭਜਨ ਗਿੱਲ, ਵਰਤਮਾਨ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸੀਨੀ: ਮੀਤ ਪ੍ਰਧਾਨ ਸੁਰਿੰਦਰ ਕੈਲੇ ਤੇ ਜਨਰਲ ਸਕੱਤਰ ਡਾ: ਸੁਰਜੀਤ ਸਿੰਘ ਨੇ ਸੰਬੋਧਨ ਕੀਤਾ। ਹਰਪ੍ਰੀਤ ਸਿੰਘ ਮੋਗਾ, ਵਿਸ਼ਵ,ਤੇ ਅਜੀਤਪਾਲ ਮੋਗਾ ਨੇ ਗ਼ਜ਼ਲਾਂ ਪੇਸ਼ ਕੀਤੀਆਂ।
ਇਸ ਪੁਸਤਕ ਨੂੰ ਪੰਜਾਬੀ ਸਾਹਿੱਤ ਅਕਾਡਮੀ ਨੇ ਪ੍ਰਕਾਸ਼ਿਤ ਕੀਤਾ ਹੈ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.