ਉਹ ਮੇਰਾ ਯਾਰ ਨਹੀਂ
ਇਕਰਾਰ ਸੀ ਵਕਤ ਨਾਲ!
ਉਹ ਸ਼ਮਸ਼ੇਰ ਨਾਲ ਦੋਸਤੀ ਦਾ ਦਮ ਭਰਦਾ ਸੀ। ਮੇਰੇ ਨਾਲ ਸਿੰਗ ਫਸ ਜਾਂਦੇ।
ਆਨੇ ਬਹਾਨੇ ਰੁੱਸ ਜਾਂਦਾ। ਇਹੀ ਆਖਦਾ, ਤੇਰੇ ਘਰ ਬੰਦਾ ਕੀ ਆਵੇ, ਨਿਰਾ ਪ੍ਰੀਤਨਗਰ ਹੈ। ਸ਼ਾਮ ਵੇਲੇ ਸ਼ਮਸ਼ੇਰ ਨਾਲ ਟਿਭ ਜਾਂਦਾ।
ਸੰਧੂ ਸੀ ਨਾ! ਸ਼ਾਮ ਕਿਉਂ ਮੇਰੇ ਪਿੱਛੇ ਖ਼ਰਾਬ ਕਰੇ।
ਆਪਣਾ ਇਨਕਲਾਬੀ ਚੋਲਾ ਉਹ ਅਕਸਰ ਸਾਡੇ ਸਾਹਮਣੇ ਉਤਾਰ ਲੈਂਦਾ।
ਕਹਿੰਦਾ, ਹੁਣ ਬੰਦਿਆਂ ਵਾਂਗ ਮਿਲਦੇ ਹਾਂ।
ਪਾਸ਼ ਤਲਵੰਡੀ ਸਲੇਮ ਤੋਂ ਆਉਂਦਾ ਹਨ੍ਹੇਰੀ ਵਾਂਗ। ਬਹੁਤ ਵਾਰ ਗੌਰਮਿੰਟ ਕਾਲਿਜ ਲੁਧਿਆਣਾ ਦੀ ਕੈਨਟੀਨ ਚ ਸਾਨੂੰ ਦੋਹਾਂ ਨੂੰ ਘੰਟਿਆਂ ਬੱਧੀ ਉਡੀਕਦਾ ਕਿ ਕਦੋਂ ਕਲਾਸ ਚੋਂ ਨਿਕਲਣ ਤੇ ਸ਼ਹਿਰ ਗੇੜੀ ਮਾਰੀਏ।
ਉਸ ਨੂੰ ਹਰਚਰਨ ਬਾਸੀ, ਗੁਰਪ੍ਰਤਾਪ ਤੇ ਜਸਜੀਤ ਗੁਰਮ ਦਾ ਸਾਥ ਵੀ ਬੜਾ ਚੰਗਾ ਲੱਗਦਾ।
ਸਾਡੀਆਂ ਜਮਾਤਣਾਂ ਨੂੰ ਬਿਠਾ ਕੇ ਕਵਿਤਾਵਾਂ ਸੁਣਾਉਂਦਾ, ਜੇ ਕਿਤੇ ਅਸਾਂ ਕਹਿਣਾ ਤਾਂ ਜਵਾਬ ਮਿਲਣਾ
ਅੱਜ ਦਾ ਕੋਟਾ ਖ਼ਤਮ।
ਪਾਸ਼ ਬੰਦਿਆਂ ਵਰਗਾ ਬੰਦਾ ਸੀ ਪਰ ਵਗਦੇ ਪਾਣੀਆਂ ਚ ਉਲਟ ਦਿਸ਼ਾ ਚ ਤਰਨ ਵਾਲਾ।
ਕਹਿੰਦਾ, ਏਦਾਂ ਡੌਲਿਆਂ ਦਾ ਤਾਣ ਪਤਾ ਲੱਗਦਾ ਰਹਿੰਦੈ।
ਸ਼ੁਗਲੀ ਬੜਾ ਸੀ, ਇੱਕ ਵਾਰ ਉਸਨੇ ਪਟਿਆਲਿਓ ਂ ਆਇਆ ਨਕੋਦਰ ਇਲਾਕੇ ਦਾ ਇੱਕ ਕਵੀ ਮੇਰੇ ਨਾਲ ਲੜਾ ਦਿੱਤਾ ਮੈਨੂੰ ਦੱਸ ਕੇ ਕਿ ਵੇਖੀਂ ਕਿਵੇਂ ਬੁੜਕਦਾ?
ਉਹ ਕਵੀ ਮੇਰੇ ਨਾਲ ਹੁਣ ਤੀਕ ਰੁੱਸਿਆ ਫਿਰਦੈ। ਮੈਂ ਵੀ ਨਹੀਂ ਮਨਾਇਆ।
ਜਗਰਾਉਂ ਲਾਜਪਤ ਰਾਏ ਕਾਲਿਜ ਕਵੀ ਦਰਬਾਰ ਤੇ ਬੁਲਾਇਆ, ਆ ਵੀ ਗਿਆ ਤੇ ਕਹਿਣ ਲੱਗਾ ਸਟੇਜ ਤੇ ਕਵੀ ਬਣ ਕੇ ਨਹੀਂ ਬਹਿਣਾ। ਕਵਿਤਾ ਵੇਲੇ ਵਾਜ ਮਾਰ ਲਈਂ।
ਮਗਰੋਂ ਸਟਾਫ਼ ਰੂਮ ਅੱਗੇ ਘਾਹ ਤੇ ਲੇਟ ਗਿਆ, ਕੁਰਸੀਆਂ ਛੱਡ ਕੇ।
ਰੌਲਾ ਪੈ ਗਿਆ ਕਿ ਇੱਕ ਕਵੀ ਸ਼ਰਾਬੀ ਹੋ ਕੇ ਉਥੇ ਘਾਹ ਤੇ ਲੇਟਦਾ ਫਿਰਦੈ।
ਪਰ ਸੱਚ ਇਹ ਨਹੀਂ ਸੀ। ਉਸ ਨੇ ਤਾਂ ਮੈਨੂੰ ਜਿੱਚ ਕਰਨਾ ਸੀ, ਅਖ਼ੇ ਤੂੰ ਮੈਨੂੰ ਕਵੀ ਦਰਬਾਰ ਚ ਸੰਤ ਰਾਮ ਉਦਾਸੀ ਤੇ ਸੰਤੋਖ ਸਿੰਘ ਧੀਰ ਨਾਲ ਕਿਉਂ ਬੁਲਾਇਆ?
ਜਦ ਸਟੇਜ ਤੇ ਬੁਲਾਇਆ ਤਾਂ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਬਾਰੇ ਸਿਰਫ਼ ਚਾਰ ਸਤਰੀ ਕਵਿਤਾ ਸੁਣਾ ਕੇ ਬਹਿ ਗਿਆ।
1978 ਚ ਮੇਰੀ ਪਹਿਲੀ ਕਿਤਾਬ ਛਪੀ ਤਾਂ ਅਜੀਤ ਭਵਨ ਦੇ ਹੇਠਾਂ ਨਿੱਕੇ ਜਹੇ ਚਾਹ ਵਾਲੇ ਖੋਖੇ ਤੇ ਬਹਿ ਕੇ ਪਾਸ਼, ਲਖਵਿੰਦਰ ਜੌਹਲ ਤੇ ਕੁਲਦੀਪ ਸਿੰਘ ਬੇਦੀ ਨੇ ਰਿਲੀਜ਼ ਕੀਤੀ। ਕਹਿਣ ਲੱਗਾ ਹੁਣ ਚਾਹ ਨਾਲ ਦੋ ਮੱਠੀਆਂ ਖਾਊਂ, ਮੁਫ਼ਤ ਖੋਰੀ ਬੰਦ। ਸਵੇਰ ਦੀ ਭੁੱਖ ਲੱਗੀ ਹੈ।
ਪਾਰਦਰਸ਼ੀ ਸੀ, ਖਿਲੰਦੜਾ ਸੀ, ਮੋਹਵੰਤਾ ਸੀ, ਸ਼ੁਗਲੀ ਸੀ, ਅੱਗ ਚ ਹੱਥ ਪਾਉਣ ਨੂੰ ਮਿੰਟ ਲਾਉਂਦਾ ਸੀ।
ਪਾਸ਼ ਪਾਸ਼ ਹੀ ਸੀ
ਇਨਕਲਾਬੀ ਕਵੀ ਪਾਸ਼ ਬਾਰੇ ਜੱਗ ਜਾਣਦਾ ਹੈ।
ਸ਼ਮਸ਼ੇਰ ਨੇ ਜਦ ਪਾਸ਼ ਬਾਰੇ ਕਿਤਾਬ ਇੱਕ ਪਾਸ਼ ਇਹ ਵੀ ਲਿਖੀ ਤਾਂ ਨਵੇਂ ਪਾਸ਼ ਨੂੰ ਲੋਕ ਮਿਲੇ। ਸ਼ਮਸ਼ੇਰ ਕੋਲ ਹੋਰ ਵੀ ਬਹੁਤ ਕੁਝ ਹੈ, ਯਾਦ ਪੋਟਲੀ ਚ। ਉਸ ਨੂੰ ਕਹਾਂਗੇ ਕਿ ਕੱਢੇ।
ਅੱਜ ਉਸ ਦਾ ਜਨਮ ਦਿਹਾੜਾ ਹੈ।
ਜੇ ਉਸ ਨੂੰ ਗੋਲੀ ਨਾ ਨਿਗਲਦੀ ਤਾਂ ਅੱਜ ਉਸ ਨੇ 68 ਸਾਲ ਦਾ ਹੋ ਜਾਣਾ ਸੀ ਤੇ ਕਹਿਣਾ ਸੀ,
ਸ਼ਮਸ਼ੇਰ!
68 ਮੋਮਬੱਤੀਆਂ ਲਿਆ, ਜਗਾਉਣੀਆਂ ਨਹੀਂ, 68 ਅਕਲ ਦੇ ਅੰਨ੍ਹਿਆਂ ਨੂੰ ਵੰਡਣੀਆਂ ਹਨ ਜਿੰਨ੍ਹਾਂ ਨੂੰ ਸਮਾਜਕ ਅਨਿਆਂ ਨਹੀਂ ਦਿਸਦਾ।
ਦੋਸਤੋ!
ਅਵਤਾਰ ਅਰਸ਼ ਦਾ ਭੇਜਿਆ ਲੇਖ ਵੀ ਨੱਥੀ ਕਰ ਰਿਹਾਂ ਪਾਸ਼ ਬਾਰੇ।
ਬਾਕੀ ਗੱਲ ਲੇਖ ਕਰੇਗਾ।
ਇਨਕਲਾਬੀ ਕਵੀ #ਪਾਸ਼ ਨੂੰ ਜਨਮ-ਦਿਨ 'ਤੇ ਯਾਦ ਕਰਦਿਆਂ...
ਮੇਰਾ ਲਹੂ ਤੇ ਮੁੜ੍ਹਕਾ ਮਿੱਟੀ ਵਿੱਚ ਡੁੱਲ੍ਹ ਗਿਆ ਹੈ
ਮੈਂ ਮਿੱਟੀ ਵਿੱਚ ਦੱਬੇ ਜਾਣ ’ਤੇ ਵੀ ਉੱਗ ਆਵਾਂਗਾ
ਪਾਸ਼ ਦੀਆਂ ਉਪਰੋਕਤ ਸਤਰਾਂ ਸੱਚ ਹੋਈਆਂ ਹਨ। 23 ਮਾਰਚ 1988 ਨੂੰ ਧਾਰਮਿਕ ਮੂਲਵਾਦੀਆਂ ਵੱਲੋਂ ਪਾਸ਼ ਦੇ ਕੀਤੇ ਕਤਲ ਮਗਰੋਂ ਉਸਦਾ ਲਹੂ ਮਿੱਟੀ ਵਿੱਚ ਡੁੱਲ੍ਹਿਆ ਤੇ ਉਹ ਆਪਣੀ ਕਵਿਤਾ ਰਾਹੀਂ ਅਜੇ ਤੱਕ ਲੋਕਾਂ ਦੇ ਦਿਲਾਂ ਵਿੱਚ ਉੱਗਿਆ ਹੋਇਆ ਹੈ। 37 ਸਾਲਾ ਉਮਰ ਦੇ ਉਸ ਬੇਖੌਫ਼, ਸੰਵੇਦਨਸ਼ੀਲ ਸ਼ਾਇਰ ਨੂੰ ਗੋਲੀਆਂ ਰਾਹੀਂ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸਦੀ ਕਵਿਤਾ ਦੀ ਗੂੰਜ ਉਸਦੇ ਬੁਜ਼ਦਿਲ ਕਾਤਲਾਂ ਦੀ ਬੰਦੂਕ ਦੀ ਅਵਾਜ਼ ਨਾਲੋਂ ਕਿਤੇ ਵੱਧ ਨਿਆਰੀ, ਉੱਚੀ ਤੇ ਦੂਰੇਡੀ ਪਹੁੰਚ ਵਾਲੀ ਹੈ।
ਅਵਤਾਰ ਸਿੰਘ ਪਾਸ਼ ਦਾ ਜਨਮ 9 ਸਤੰਬਰ 1950 ਨੂੰ ਤਲਵੰਡੀ ਸਲੇਮ (ਜਲੰਧਰ) ਵਿਖੇ ਹੋਇਆ। ਪਾਸ਼ ਨੇ ਕਵਿਤਾ ਨੂੰ ਰਵਾਇਤੀ ਛੰਦਬੱਧਤਾ ਤੇ ਲੱਛੇਦਾਰ ਭਾਸ਼ਾ ਵਿੱਚੋਂ ਕੱਢ ਕੇ ਬਗਾਵਤੀ ਸੁਰ, ਜਿਉਂਣ ਦੀ ਤਾਂਘ, ਰਵਾਇਤਾਂ ਨੂੰ ਤੋੜਨ, ਪਿੰਡਾਂ ਦੇ ਕਿਰਤੀ ਲੋਕਾਂ ਦੇ ਜੀਵਨ, ਉਹਨਾਂ ਦੀਆਂ ਉਮੀਦਾਂ, ਬਦਹਾਲੀਆਂ ਨਾਲ਼ ਲਬਰੇਜ਼ ਕਰ ਦਿੱਤਾ। ਉਸਦੀ ਕਵਿਤਾ ਨੇ ਪੰਜਾਬ ਦੀ ਜਵਾਨੀ ਨੂੰ ਪਲੋਸਣ ਦੀ ਥਾਂ ਉਸਨੂੰ ਜਿੰਦਗੀ, ਹੱਕ, ਸੱਚ, ਇਨਸਾਫ਼ ਤੇ ਮਨੁੱਖਤਾ ਲਈ ਜੂਝਣ ਲਈ ਪ੍ਰੇਰਿਆ।
1965 ਦੇ ਆਉਂਦੇ-ਆਉਂਦੇ ਨਹਿਰੂ ਦੇ ਮਿਸ਼ਰਤ ਅਰਥਚਾਰੇ ਦੇ ਹਵਾਈ ਕਿਲ੍ਹੇ ਦੀ ਸੱਚਾਈ ਲੋਕਾਂ ਸਾਹਮਣੇ ਨੰਗੀ ਹੋ ਚੁੱਕੀ ਸੀ। ਸਮਾਜ ਵਿੱਚ ਗਰੀਬੀ, ਬੇਰੁਗਜ਼ਗਾਰੀ, ਮਹਿੰਗਾਈ ਤੇ ਬੇਚੈਨੀ ਤੇਜੀ ਨਾਲ਼ ਵਧਣ ਲੱਗੀ। 1967 ਵਿੱਚ ਪੁਰਾਣੇ ਲੋਟੂ ਨਿਜਾਮ ਨੂੰ ਤਬਾਹ ਕਰਨ ਲਈ ਬੰਗਾਲ ਦੇ ਇੱਕ ਪਿੰਡ ਨਕਸਲਬਾੜੀ ਵਿੱਚੋਂ ਅਜਿਹੀ ਲਹਿਰ ਉੱਠੀ ਜਿਸਦੇ ਪ੍ਰਭਾਵ ਤੋਂ ਪੰਜਾਬ ਵੀ ਅਛੂਤਾ ਨਾ ਰਿਹਾ। ਨੌਜਵਾਨ, ਵਿਦਿਆਰਥੀ ਤੇ ਕਿਰਤੀ ਲੋਕ ਲਹਿਰਾਂ ਦੇ ਤੂਫਾਨ ਨੇ ਹਾਕਮਾਂ ਦੀ ਨੀਂਦ ਹਾਰਮ ਕਰ ਦਿੱਤੀ। ਇਸੇ ਯੁੱਗ ਦੀ ਬੇਚੈਨੀ ਤੇ ਇਨਕਲਾਬੀ ਲਹਿਰ ਵਿੱਚੋਂ ਪਾਸ਼ ਦੀ ਕਵਿਤਾ ਦਾ ਜਨਮ ਹੋਇਆ। ਪਾਸ਼ ਨੇ ਲੋਕਾਂ ਦੇ ਦੁੱਖਾਂ, ਤਕਲੀਫਾਂ, ਬੇਵਸੀ, ਬੇਚੈਨੀ ਤੇ ਰੋਹ ਨੂੰ ਆਪਣੀ ਕਵਿਤਾ ਵਿੱਚ ਥਾਂ ਦਿੱਤੀ ਤੇ ਲੋਕਾਂ ਨੇ ਉਸਨੂੰ ਆਪਣੇ ਦਿਲ ਵਿੱਚ ਉਤਾਰ ਲਿਆ। ਪਾਸ਼ ਨੇ ਵੇਲੇ ਦੀ ਇਨਕਲਾਬੀ ਲਹਿਰ ਨੂੰ ਆਪਣੀ ਕਵਿਤਾ ਵਿੱਚ ਉਤਾਰਿਆ ਤੇ ਇਨਕਲਾਬੀ ਲਹਿਰ ਨੇ ਉਸਨੂੰ ਸਭ ਕਿਰਤੀਆਂ, ਸੰਗਰਾਮੀਆਂ ਦੀ ਜੁਬਾਨ ‘ਤੇ ਪਹੁੰਚਾ ਦਿੱਤਾ। ਪਾਸ਼ ਨੇ ਪੰਜਾਬੀ ਬੋਲੀ ਤੇ ਕਵਿਤਾ ਨੂੰ ਜਜ਼ਬੇ, ਬਗਾਵਤੀ ਸੁਰ, ਤੜਫ਼ ਤੇ ਜਿਉਂਣ ਦੀ ਤਾਂਘ ਦਿੱਤੀ ਤੇ ਪੰਜਾਬੀ ਬੋਲੀ ਤੇ ਕਵਿਤਾ ਨੇ ਉਸਨੂੰ ਆਪਣੇ ਸਿਰ ਦਾ ਤਾਜ ਬਣਾ ਲਿਆ।
ਬੇਸ਼ੱਕ ਪਾਸ਼ ਦੀ ਜੀਵਨ ਤੇ ਕਵਿਤਾ ਵਿੱਚ ਕੁੱਝ ਘਾਟਾਂ-ਕਮਜੋਰੀਆਂ ਵੀ ਰਹੀਆਂ ਹਨ ਪਰ ਇਹਨਾਂ ਦੀਆਂ ਜੜਾਂ ਤਲਾਸ਼ ਨਿਰੋਲ ਉਸ ਵਿੱਚੋਂ ਕਰਨ ਦੀ ਥਾਂ ਉਸ ਯੁੱਗ ਤੇ ਉਦੋਂ ਦੀ ਇਨਕਲਾਬੀ ਲਹਿਰ ਵਿੱਚੋਂ ਵੀ ਕਰਨੀ ਚਾਹੀਦੀ ਹੈ ਤੇ ਇਹ ਆਪਣੇ ਆਪ ਵਿੱਚ ਇੱਕ ਵੱਡਾ ਤੇ ਗੰਭੀਰ ਵਿਸ਼ਾ ਹੈ। ਫੇਰ ਵੀ ਪਾਸ਼ ਦੀਆਂ ਘਾਟਾਂ-ਕਮਜੋਰੀਆਂ ਦੇ ਬਾਵਜੂਦ ਉਸਦੀਆਂ ਪ੍ਰਾਪਤੀਆਂ ਤੇ ਦੇਣਾਂ ਛੋਟੀਆਂ ਨਹੀਂ ਹੋ ਜਾਂਦੀਆਂ।
ਪਾਸ਼ ਨੇ ਇੱਕ ਥਾਂ ਭਗਤ ਸਿੰਘ ਬਾਰੇ ਲਿਖਿਆ ਸੀ , “ਜਿਸ ਦਿਨ ਉਸਨੂੰ ਫਾਂਸੀ ਲੱਗੀ ਸੀ, ਉਸਦੀ ਕੋਠੜੀ ਵਿੱਚੋਂ ਲੈਨਿਨ ਦੀ ਕਿਤਾਬ ਮਿਲੀ ਜਿਸਦਾ ਇੱਕ ਪੰਨਾ ਮੋੜਿਆ ਹੋਇਆ ਸੀ। ਪੰਜਾਬ ਦੀ ਜਵਾਨੀ ਨੂੰ ਉਸਦੇ ਆਖ਼ਰੀ ਦਿਨ ਮੋੜੇ ਹੋਏ ਪੰਨੇ ਤੋਂ ਅਗਾਂਹ ਤੁਰਨਾ ਚਾਹੀਦਾ ਹੈ।” ਪਾਸ਼ ਦੇ ਕਵਿਤਾ ਨੇ ਆਪਣੇ ਡੂੰਘੇ ਜ਼ਜਬਿਆਂ, ਰੋਹ, ਪ੍ਰੇਰਨਾ, ਉਤਸ਼ਾਹ, ਵੰਗਾਰ ਸਕਦਾ ਹਜਾਰਾਂ ਨੌਜਵਾਨਾਂ ਨੂੰ ਹਲੂਣ ਕੇ ਭਗਤ ਸਿੰਘ ਦੇ ਮੋੜੇ ਉਸ ਪੰਨੇ ਤੋਂ ਅਗਾਂਹ ਤੁਰਨ ਲਈ ਪ੍ਰੇਰਿਆ ਹੈ ਤੇ ਅੱਜ ਵੀ ਪ੍ਰੇਰ ਰਹੀ ਹੈ। ਸੰਵੇਦਨਸ਼ੀਲ ਨੌਜਵਾਨਾਂ ਨੂੰ ਹਲੂਣਾ ਦੇਣ ਦੀ ਇਸ ਸਮਰੱਥਾ ਸਕਦਾ ਪਾਸ਼ ਦੀ ਕਵਿਤਾ ਅੱਜ ਵੀ ਜਿਉਂਦੀ ਹੈ ਤੇ ਜਿਉਂਦੀ ਰਹੇਗੀ।
--- #ਹਰਫ਼ ਫੇਸਬੁੱਕ ਸਫ਼ੇ ਤੋਂ
https://www.facebook.com/1767421363508978/posts/2184533518464425/
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.