ਸ ਸ ਮੀਸ਼ਾ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਭੇਟ ਵਿੱਚ 30 ਅਗਸਤ 1934 ਨੂੰ ਪੈਦਾ ਹੋਏ।
22 ਸਤੰਬਰ 1986 ਨੂੰ ਸਦੀਵੀ ਅਲਵਿਦਾ ਕਹਿ ਗਏ। ਸ ਸ ਮੀਸ਼ਾ ਦਾ ਪੂਰਾ ਨਾਮ ਸੋਹਨ ਸਿੰਘ ਮੀਸ਼ਾ ਸੀ।
ਗੁਰੂ ਤੇਗ ਬਹਾਦਰ ਨੈਸ਼ਨਲ ਕਾਲਿਜ ਸਠਿਆਲਾ ਚ ਕੁਝ ਸਮਾਂ ਅੰਗਰੇਜ਼ੀ ਪੜ੍ਹਾਈ। ਫਿਰ ਆਕਾਸ਼ਵਾਣੀ ਜਲੰਧਰ ਚ ਪ੍ਰੋਗ੍ਰਾਮ ਨਿਰਮਾਤਾ ਬਣ ਗਏ।
ਮੇਰੇ ਵਰਗੇ ਅਣਗਿਣਤ ਲੋਕਾਂ ਨੂੰ ਉਨ੍ਹਾਂ ਆਕਾਸ਼ਵਾਣੀ ਤੋਂ ਪੇਸ਼ ਕੀਤਾ।
ਸ ਸ ਮੀਸ਼ਾ ਦੇ ਲੰਬਰੇਟਾ ਸਕੂਟਰ ਤੇ ਬਹਿ ਕੇ ਹੀ 1978 ਚ ਇੰਗਲੈਂਡ ਤੋਂ ਆਏ ਲੇਖਕ ਕੁਲਦੀਪ ਤੱਖਰ ਤੇ ਮੈਂ ਲੋਕ ਗਾਇਕਾ ਬੀਬੀ ਨੂਰਾਂ ਦੇ ਆਬਾਦਪੁਰਾ ਇਲਾਕੇ ਚ ਮਿਲਣ ਗਏ ਸਾਂ।
ਅਸਾਂ ਤਿੰਨਾਂ ਨੇ ਬੀਬੀ ਨੂਰਾਂ ਦੀ ਮੁਲਾਕਾਤ ਰੀਕਾਰਡ ਕੀਤੀ ਸੀ। ਨਿੰਦਰ ਘੁਗਿਆਣਵੀ ਸੰਭਾਲੀ ਬੈਠਾ ਹੈ ਇਹ ਵਡਮੁੱਲੀ ਵਿਰਾਸਤ।
ਬੜਾ ਪਿਆਰ ਸੀ ਭਾ ਜੀ ਬਰਜਿੰਦਰ ਨਾਲ ਮੀਸ਼ਾ ਜੀ ਦਾ। ਦੁਸ਼ਿਅੰਤ ਕੁਮਾਰ ਦੀ ਹਿੰਦੀ ਗ਼ਜ਼ਲਾਂ ਦੀ ਕਿਤਾਬ ਸਾਏ ਮੇਂ ਧੂਪ ਦਾ ਸੰਪੂਰਨ ਪਾਠ ਮੈਥੋਂ 1976 ਚ ਭਾ ਜੀ ਬਰਜਿੰਦਰ ਦੇ ਵਿਜੈ ਨਗਰ ਜਲੰਧਰ ਵਾਲੇ ਘਰ ਚ ਕਰਵਾਇਆ।
ਬਾਬਾ ਫ਼ਰੀਦ ਮੇਲੇ ਤੇ ਨਾਰਥ ਜ਼ੋਨ ਕਲਚਰਲ ਸੈਂਟਰ ਵੱਲੋਂ 1986 ਚ ਕਵੀ ਦਰਬਾਰ ਦੀ ਸੰਚਾਲਨਾ ਸ ਸ ਮੀਸ਼ਾ ਜੀ ਨੇ ਕਰਨੀ ਸੀ। ਉਹ ਨਾ ਪੁੱਜੇ।
ਉਸੇ ਸਵੇਰ ਕਾਂਜਲੀ ਉਨ੍ਹਾਂ ਨੂੰ ਖਾ ਗਈ।
ਅਗਲੇ ਦਿਨ ਦੇ ਅਖ਼ਬਾਰ ਚ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤਲਵੰਡੀ ਭਾਈ ਅੱਡੇ ਤੇ ਪੜ੍ਹੀ।
ਮੀਸ਼ਾ ਜੀ ਨਾਲ ਸਬੰਧਤ ਯਾਦਾਂ ਤਾਂ ਕਿਤਾਬ ਜੋਗੀਆਂ ਹਨ।
ਹਰ ਰੀਕਾਰਡਿੰਗ ਵੇਲੇ ਪਹਿਲਾਂ ਕਵਿਤਾਵਾਂ ਸੁਣਦੇ, ਸੁਧਵਾਉਂਦੇ ਤੇ ਘਰੋਂ ਲਿਆਂਦੀ ਦੁਪਹਿਰ ਦੀ ਰੋਟੀ ਕੂਲ ਰੋਡ ਤੇ ਬਣੇ ਢਾਬੇ ਤੇ ਗਰਮ ਕਰਵਾ ਕੇ ਖੁਆਉਂਦੇ। ਕਈ ਵਾਰ ਉਨ੍ਹਾਂ ਦੇ ਮਾਤਾ ਜੀ ਨੂੰ ਚਰਨ ਬੰਦਨਾ ਕਰਨ ਵੀ ਘਰ ਗਏ।
ਉਨ੍ਹਾਂ ਦੀ ਜੀਵਨ ਸਾਥਣ ਪ੍ਰਿੰ: ਸੁਰਿੰਦਰ ਕੌਰ ਮੀਸ਼ਾ ਕਪੂਰਥਲਾ ਚ ਪ੍ਰਿੰਸੀਪਲ ਸਨ ਉਦੋਂ।
ਮੀਸ਼ਾ ਜੀ ਦਾ ਪਹਿਲਾ ਕਾਵਿ ਸੰਗ੍ਰਹਿ ਚੁਰਸਤਾ 1961 ਚ ਛਪਿਆ। ਦਸਤਕ 1966 ਚ, ਧੀਮੇ ਬੋਲ 1972 ਚ ਤੇ ਕੱਚ ਦੇ ਵਸਤਰ 1974 ਚ ਛਪਿਆ।
ਇਸੇ ਨੂੰ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਮਿਲਿਆ।
ਉਨ੍ਹਾਂ ਦੇ ਜਾਣ ਮਗਰੋਂ ਉਨ੍ਹਾਂ ਦੀ ਜੀਵਨ ਸਾਥਣ ਤੇ ਸ: ਬਰਜਿੰਦਰ ਸਿੰਘ ਹਮਦਰਦ ਨੇ ਉਨ੍ਹਾਂ ਦੀਆਂ ਕਵਿਤਾਵਾਂ ਦੀ ਕਿਤਾਬ ਚਪਲ ਚੇਤਨਾ ਨਾਮ ਹੇਠ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕਰਵਾਈ।
ਗੁਲਜ਼ਾਰ ਸਿੰਘ ਸੰਧੂ ਤੇ ਪ੍ਰਿ: ਸੁਰਿੰਦਰ ਕੌਰ ਮੀਸ਼ਾ ਦੀ ਸੰਪਾਦਨਾ ਹੇਠ ਸ ਸ ਮੀਸ਼ਾ ਦਾ ਸੰਪੂਰਨ ਕਾਵਿ ਸੰਗ੍ਰਹਿ ਵੀ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਹੈ।
ਹਰ ਲਾਇਬ੍ਰੇਰੀ ਚ ਹੋਣੀ ਚਾਹੀਦੀ ਹੈ।
ਸ ਸ ਮੀਸ਼ਾ ਦੇ ਕੁਝ ਗੀਤ ਗ਼ਜ਼ਲਾਂ
ਜਗਜੀਤ ਸਿੰਘ, ਜਗਜੀਤ ਸਿੰਘ ਜ਼ੀਰਵੀ, ਸਰਬਜੀਤ ਕੋਕੇ ਵਾਲੀ ਤੇ ਕਈ ਹੋਰ ਗਾਇਕਾਂ ਨੇ ਗਾਏ ਹਨ।
ਜਗਜੀਤ ਸਿੰਘ ਜ਼ੀਰਵੀ ਦੀ ਆਵਾਜ਼ ਚ ਇਕਬਾਲ ਮਾਹਲ ਨੇ ਰੀਕਾਰਡ ਕੀਤਾ।
ਇਹ ਤੇਰੇ ਪਿਆਰ ਦੇ ਪੱਤਰ
ਮੈਂ ਐਵੇਂ ਸਾਂਭ ਰੱਖੇ ਨੇ।
ਜਗਜੀਤ ਸਿੰਘ ਨੇ ਨਾਰਥ ਜ਼ੋਨ ਕਲਚਰਲ ਸੈਂਟਰ ਵੱਲੋਂ ਤਿਆਰ ਕੈਸਿਟ ਇੱਛਾਬਲ ਚ ਗਾਇਆ।
ਅੱਧੀ ਰਾਤ ਪਹਿਰ ਦੇ ਤੜਕੇ।
ਅੱਖਾਂ ਵਿੱਚ ਉਨੀਂਦਾ ਰੜਕੇ।
ਤੇਰੀ ਧੂੜ ਵੀ ਸੁਰਮੇ ਵਰਗੀ,
ਸੱਜਣਾਂ ਦੇ ਪਿੰਡ ਜਾਂਦੀਅ ਸੜਕੇ।
ਮੂੰਹ ਦੇ ਭਾਰ ਪਿਆ ਹਾਂ ਏਥੇ,
ਆਪਣੀਓ ਂ ਹੀ ਛਾਂ ਵਿੱਚ ਅੜ ਕੇ।
ਸਰਬਜੀਤ ਨੇ ਗਾਇਆ
ਕੀ ਕਹਿ ਕੇ ਬੁਲਾਵਾਂ ਤੈਨੂੰ
ਵੇ ਤੂੰ ਮੇਰਾ ਕੀਹ ਲੱਗਦਾ।
ਮੀਸ਼ਾ ਜੀ ਦਾ ਖ਼ਿਆਲ ਆਇਆ ਤਾਂ ਮਨ ਦ੍ਰਵਿਤ ਹੋ ਗਿਆ। ਕਿੰਨੇ ਨਾ ਸ਼ੁਕਰੇ ਹਾਂ। ਵੱਡੇ ਵੀਰ ਨੂੰ ਵਿਸਾਰੀ ਬੈਠੇ ਹਾਂ।
ਅੱਜ ਸਵੇਰੇ ਮਲੋਟ ਤੋਂ ਪ੍ਰੋ: ਰਿਸ਼ੀ ਹਿਹਰਦੇਪਾਲ ਨੇ ਸਾਨੂੰ ਮੀਸ਼ਾ ਜੀ ਦੀ ਜਗਤ ਪ੍ਰਸਿੱਧ ਕਵਿਤਾ
ਚੀਕ ਬੁਲਬੁਲੀ ਲਿਖ ਭੇਜੀ ਹੈ। ਇਹੀ ਸਬੱਬ ਬਣਿਆ ਯਾਦਹਾਨੀ ਦਾ।
ਚੀਕ ਬੁਲਬੁਲੀ--- ਸ. ਸ. ਮੀਸ਼ਾ
ਨੰਦੂ ਛੜੇ ਦੀ ਗੱਲ ਚੇਤੇ ਹੈ
ਜਿਸ ਨੂੰ ਪਿੰਡ ਨੇ
ਰੋਜ਼ ਤਕਾਲੀਂ
ਇਕ ਦੋ ਚੀਕਾਂ ਮਾਰਨ ਦੀ ਖੁਲ੍ਹ ਦੇ ਦਿੱਤੀ ਸੀ
ਭਰੀ ਪਰ੍ਹੇ ਵਿਚ ਗਲ ਪੱਲਾ ਪਾ
ਜਦ ਸੀ ਉਸ ਨੇ ਅਰਜ਼ ਗੁਜ਼ਾਰੀ
ਮੇਰੀ ਕੋਈ ਲਾਗ ਡਾਟ ਨਾ
ਮੇਰੀ ਆਪਣੀ ਧੀ ਭੈਣ ਪਿੰਡ ਦੀ ਹਰ ਨਾਰੀ
ਦਾਰੂ ਪੀ ਕੇ ਚਿੱਤ ਘਾਬਰਦਾ
ਘਾਊਂ ਮਾਊਂ ਹੁੰਦਾ
ਡੱਕ ਨਾ ਹੁੰਦੀ ਆਈ ਚੀਕ ਹੈ ਜਾਂਦੀ ਮਾਰੀ।
ਮੈਨੂੰ ਬੇਸ਼ਕ
ਦਾਰੂ ਕਦੀ ਕਦਾਈਂ ਲੱਭਦਾ
ਪਰ ਮੈਂ ਏਸ ਬੇਕਿਰਕ ਸ਼ਹਿਰ ਵਿਚ
ਕਿੰਨੇ ਚਿਰ ਤੋਂ ਆਪਣੇ ਅੰਦਰ
ਇਕ ਚੀਕ ਤੇ ਨਾਲ ਬੁਲਬੁਲੀ ਡੱਕੀ ਫਿਰਦਾਂ
ਚੁੱਪ ਚੁਪੀਤਾ
ਇਕ ਖਲਬਲੀ ਚੱਕੀ ਫਿਰਦਾਂ।
ਕਿੰਨੀ ਵਾਰੀ
ਚੋਣ-ਮੁਹਿੰਮ ਦੇ ਜਲਸੇ ਵਿਚ ਤਕਰੀਰ ਸੁਣਦਿਆਂ
ਜਨ ਗਨ ਮਨ ਦੀ ਹੈ ਜੈ ਮੇ
ਸੋਗ ਸਭਾ ਦੀ ਚੁੱਪ ਦੇ ਮੌਕੇ
ਚਿੱਤ ਘਾਬਰਿਆ
ਚੀਕ-ਬੁਲਬੁਲੀ ਮਸਾਂ ਮਸਾਂ ਰੋਕੀ ਹੈ।
ਹਫ਼ਤੇਵਾਰ
ਦਫ਼ਤਰੀ ਮੀਟਿੰਗ ਦੇ ਵਿਚ
ਵਿੰਗ-ਵਲੇਵੇਂ ਖਾਂਦੀ
ਜਦੋਂ ਦਲੀਲ ਮੇਜ਼ 'ਤੇ ਰੀਂਘਣ ਲੱਗੀ
ਕੱਸ ਕੇ ਰਤਾ ਹੋਰ ਨਟਕਾਈ
ਮੈਂ ਇਸ ਚੀਕ ਦੇ ਨਾਲ ਬੁਲਬੁਲੀ
ਪਹੁੰਚੀ ਸੰਘ ਦੇ ਕੋਲ ਦਬਾਈ।
ਚੜ੍ਹੇ ਮਹਿਨੇ
ਤਲਬ ਦਿਹਾੜੇ
ਬਿੱਲਾਂ ਦਾ ਭੁਗਤਾਣ ਕਰਦਿਆਂ
ਨਿੱਕੀਆਂ ਨਿੱਕੀਆਂ
ਸੌ ਸੱਧਰਾਂ ਦਾ ਘਾਣ ਕਰਦਿਆਂ
ਘੁੱਟ ਸਬਰ ਦੇ ਨਾਲ
ਆਪਣੀ ਹੀ ਰੱਤ ਪੀਤੀ
ਬੱਚੇ ਨੂੰ ਬੂਟਾਂ ਦਾ ਲਾਰਾ
ਹੋਰ ਮਹੀਨਾ ਟਾਲਣ ਵੇਲੇ
ਹਰ ਵਾਰੀ ਮੈਂ
ਦੱਬੀ ਚੀਕ ਮੁਲਤਵੀ ਕੀਤੀ।
ਠੇਕੇ ਦੀ ਕੈਬਨ ਵਿਚ
ਠੱਠੇ ਸ਼ੁਗਲੀ ਨਿੰਦਿਆ ਚੁਗਲੀ ਵੇਲੇ
ਤੰਗੀ ਤੁਰਸ਼ੀ ਦਾ ਅਹਿਸਾਸ ਜਾਗਦਾ
ਖਾਰਾ ਬੱਤਾ ਖੋਲ੍ਹਣ ਲਗਿਆਂ
ਲਗਦਾ ਆਪਣਾ ਆਪ ਪਾਟਦਾ।
ਥਾਉਂ ਕੁਥਾਈਂ
ਚੀਕ-ਬੁਲਬੁਲੀ
ਪਾਨ 'ਚ ਜ਼ਰਦੇ ਨਾਲ ਚਬਾਈ
ਨੀਂਦਰ ਗੋਲੀ ਨਾਲ ਸੁਆਦੀ
ਗਦਰਾਏ ਬਦਨਾਂ ਦੀ ਮਹਿਕ ਨਾਲ ਵਰਚਾਈ।
ਪਰ ਹੁਣ
ਹੋਰ ਨਾ ਡੱਕੀ ਰਹਿੰਦੀ
ਹਰ ਦਮ ਜ਼ਬਤ ਨਾਲ ਹੈ ਖਹਿੰਦੀ
ਦਿਨ ਭਰ ਹੋਸ਼ ਭਟਕਦੀ
ਅੰਦਰੋਂ ਪੱਸਲੀਆਂ ਭੰਨਦੀ ਹੈ
ਰਾਤੀਂ ਅੱਖੀਂ ਨੀਂਦ ਨਾ ਪੈਂਦੀ।
ਹੁਣ ਜੀਅ ਕਰਦਾ
ਕਲ੍ਹ ਕਚਹਿਰੀ ਲਾਗੇ
ਗਾਂਧੀ ਚੌਂਕ 'ਚ ਖੜ ਕੇ
ਸਾਰਾ ਗੁਭ ਘਲਾਟ ਕਢ ਲਵਾਂ
ਏਨੇ ਚਿਰ ਦੀ ਡਕੀ ਹੋਈ
ਖੁਲ੍ਹ ਕੇ ਚੀਕ-ਬੁਲਬੁਲੀ ਮਾਰਾਂ
ਮੁਸਕੌਂਦੇ ਗਾਂਧੀ ਦੇ ਬੁੱਤ ਤੋਂ
ਡਾਂਡੀ-ਸਫਰ ਦੀ ਸੋਟੀ ਖੋਹ ਕੇ
ਆਪਣਾ ਹੀ ਸਿਰ ਪਾੜਾਂ
ਲਹੂ ਪਲੱਥਾ
ਬੁੱਤ ਦੇ ਪੈਰੀਂ ਡਿੱਗਾਂ
ਸਾਹ ਛੱਡਣ ਤੋਂ ਪਹਿਲਾਂ
ਇਕ ਦੋ ਵਾਰੀ ਰਾਮ ਪੁਕਾਰਾਂ।
ਵੱਡੇ ਸ਼ਾਇਰ ਵੀਰ ਨੂੰ ਸਲਾਮ
ਗੁਰਭਜਨ ਗਿੱਲ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.