ਕਈ ਕੱਟੜਵਾਦੀ ਮੁਲਕਾਂ ਦੇ ਈਸ਼ ਨਿੰਦਾ ਕਾਨੂੰਨ ਨਾਲ ਕਦਮ ਤਾਲ ਕਰਦੇ ਪੰਜਾਬ ਸਰਕਾਰ ਦੇ ਬੇਅਦਬੀ ਰੋਕੂ ਕਨੂੰਨ ਦੇ ਪ੍ਰਸਤਾਵਿਤ ਸ਼ੰਸ਼ੋਧਨ ਦਾ ਅਲੋਚਨਾਤਮਕ ਵਿਸ਼ਲੇਸ਼ਣ ਕਰਦਿਆਂ ਮੈਂ ਜਾਨ ਆਫ ਆਰਕ ਦੀ ਉਦਹਾਰਣ ਨਹੀਂ ਪੇਸ਼ ਕਰਦਾ ਜਿਸ ਨੂੰ ਧਾਰਮਿਕ ਚੌਧਰੀਆਂ ਦੇ ਕਹਿਣ ਤੇ ਜਿੰਦਾ ਸਾੜ ਦਿੱਤਾ ਗਿਆ ਸੀ ਕਿੳਂਕਿ ਉਸ ਤੇ ਇਲਜਾਮ ਸੀ ਕਿ ਉਸ ਨੇ ਮੋਜੂਦ ਜਾਂ ਪ੍ਰਚੱਲਿਤ ਵਿਸ਼ਵਾਸ਼ਾਂ ਚ' ਅਪਣਾ ਅਵਿਸ਼ਵਾਸ਼ ਪ੍ਰਗਟ ਕੀਤਾ ਸੀ।ਮੈਂ ਗਲੇਲੀਓ ਨੂੰ ਵੀ ਛੱਡ ਦਿੰਦਾ ਹਾਂ ਜਿਸ ਨੇ ਇਸਾਈ ਧਰਮ ਦੀ ਇਸ ਧਾਰਨਾ ਨੂੰ ਰੱਦ ਕਰਦਿਆਂ ਕਿ ਸੂਰਜ ਧਰਤੀ ਦਵਾਲੇ ਘੁੰਮਦਾ ਹੈ ਇਹ ਕਹਿਣ ਦੀ ਜੁਅਰਤ ਕੀਤੀ ਕਿ ਗੱਲ ਸਗੋਂ ਇਸ ਧਾਰਨਾਂ ਦੇ ਬਿਲਕੁਲ ਉਲਟ ਹੇੈ ਬਈ ਧਰਤੀ ਸੂਰਜ ਦੇ ਗੇੜੇ ਕੱਢਦੀ ਹੈ।ਗਲੇਲਿਓ ਨੂੰ ਜਦੋਂ ਇਹ ਕਿਹਾ ਗਿਆ ਸੀ ਕਿ ਉਹ ਇਹ ਮੰਨ ਲਵੇ ਕਿ ਧਰਤੀ ਸੂਰਜ ਦਵਾਲੇ ਨਹੀਂ ਬਲਕਿ ਸੂਰਜ ਧਰਤੀ ਦਵਾਲੇ ਘੁੰਮਦਾ ਹੈ ਤਾਂ ਉਸ ਨੂੰ ਛੱਡ ਦਿੱਤਾ ਜਾਵੇਗਾ ਤਦ ਗਲੇਲਿਓ ਨੇ ਕਿਹਾ ਸੀ ਕਿ ਮੈਂ ਤਾਂ ਮੰਨ ਲਵਾਂਗਾਂ ਪਰ ਧਰਤੀ ਨੇ ਨਹੀਂ ਮੰਨਣਾ ਕਿਂੳਕਿ ਉਹ ਤੁਹਾਡੀਆਂ ਧਾਰਮਿਕ ਪੁਸਤਕਾਂ ਨਹੀਂ ਪੜਦੀ ਤੇ ਧਰਤੀ ਤਾਂ ਇਸ ਵੇਲੇ ਵੀ ਸੂਰਜ ਦੇ ਗੇੜੇ ਕੱਢ ਰਹੀ ਹੈ।
ਨਹੀਂ ਮੈਂ ਬਿਲਕੁਲ ਉਹ ਦੇਸੀ ਉਦਹਾਰਣਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਜੋ ਮੇਰੇ, ਈਸ਼ ਨਿੰਦਾ ਨਾਲ ਮਿਲਦੇ ਜੁਲਦੇ ਭਾਰਤੀ ਕਾਨੂੰਨ ਦੀ ਧਾਰਾ 295A ਤੇ ਇਸ ਕਾਨੂੰਨ ਦੇ ਇਤਿਹਾਸ ਬਾਰੇ ਗੂਗਲ ਤੇ ਖੋਜ ਕਰਦਿਆਂ ਸਾਹਮਣੇ ਆਈਆਂ, ਤੇ ਮੈਨੂੰ ਸਭ ਤੋਂ ਹਾਸੋਹੀਣੀਆਂ ਤੇ ਅਚੰਭਿਤ ਕਰਨ ਵਾਲੀਆਂ ਲੱਗੀਆਂ।
ਪਹਿਲੀ ਤਾਂ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਦੀ ਮੌਤ ਤੋਂ ਬਾਅਦ ਦੀ ਹੈ।ਬਾਲ ਠਾਕਰੇ ਦੇ ਸੰਸਕਾਰ ਮੌਕੇ ਮੁੰਬਈ ਨਗਰੀ ਨੂੰ ਬੰਦ ਰੱਖਣ ਦੇ ਵਿਰੋਧ ਚ'ਪੁਨੇ ਦੀ ਇੱਕ ਲੜਕੀ ਨੇ ਅਪਣੀ ਫੇਸਬੁੱਕ ਤੇ ਇਕ ਪੋਸਟ ਪਾਈ ਸੀ ਤੇ ਉਸ ਲੜਕੀ ਦੀ ਹੀ ਇੱਕ ਸਹੇਲੀ ਨੇ ਉਸ ਪੋਸਟ ਨੂੰ ਅੱਗੇ ਸ਼ੇਅਰ ਕੀਤਾ ਸੀ।ਪੁਲਿਸ ਨੇ ਉਦੋਂ ਇਸੇ ਧਾਰਮਿਕ ਭਾਵਨਾਂਵਾ ਨੂੰ ਠੇਸ ਪਹੁੰਚਾਉਣ ਦੇ ਕਾਨੂੰਨ (295A) ਦੀ ਵਰਤੋਂ/ਦੁਰਵਰਤੋਂ ਕਰਦਿਆਂ ਦੋਹਾਂ ਲੜਕੀਆਂ ਤੇ ਮੁਕੱਦਮਾ ਦਰਜ ਕਰ ਦਿੱਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਦੂਜੀ ਉਦਹਾਰਣ ਧਾਰਮਿਕ ਉਨਮਾਦੀਆਂ ਹੱਥੋਂ ਜਲਾਵਤਨ ਹੋਏ ਐਮ.ਐਫ. ਹੁਸੈਨ ਜਾਂ ਤਸਲੀਮਾ ਨਸਰੀਨ ਦੀ ਨਹੀਂ ਹੈ।ਦੂਜੀ ਉਦਹਾਰਣ ਮਹਾਤਮਾ ਗਾਂਧੀ ਦੇ ਹੱਤਿਆਰੇ ਨੱਥੂ ਰਾਮ ਗੋਡਸੇ ਦਾ ਗਾਂਧੀ ਜੀ ਦੀ ਹੱਤਿਆ ਬਾਰੇ ਪੱਖ ਰੱਖਣ ਨਾਲ ਸਬੰਧਤ ਹੈ ।ਇਸ ਬਾਰੇ ਇੱਕ ਨਾਟਕ 'ਮੀ ਨੱਥੂ ਰਾਮ ਬੋਲਤੇਯ' ਮਹਾਰਾਸ਼ਟਰ ਚ' ਖੇਡਿਆ ਜਾ ਰਿਹਾ ਸੀ ਉਸ ਵੇਲੇ ਗਾਂਧੀਵਾਦੀਆਂ ਦੀਆਂ ਭਾਵਨਾਂਵਾਂ ਵੀ ਧਾਰਮਿਕ ਭਾਵਨਾਂਵਾ ਨਾਲ ਰਲ ਗੱਡ ਹੋ ਗਈਆਂ ਸਨ ਤੇ ਕਾਂਗਰਸ ਪਾਰਟੀ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਵਿਰੋਧ ਕਾਰਣ ਇਸ ਨਾਟਕ ੳੱਤੇ ਇਸੇ ਕਾਨੂੰਨ ਦੀ ਵਰਤੋਂ/ਦੁਰਵਰਤੋਂ ਕਰਦਿਆਂ ਰੋਕ ਲਾਈ ਗਈ ਸੀ। ਇਹ ਦੋਵੇਂ ਉਦਹਾਰਣਾਂ ਦੇਣ ਦਾ ਮਤਲਬ ਸਿਰਫ ਇਹ ਦਸਣਾ ਹੈ ਕਿ ਲੋੜ ਪੈਣ ਤੇ ਇਸ ਕਾਨੂੰਨ ਦਾ ਸਹਾਰਾ ਹਰ ਤਰਾਂ ਦੀ ਸਿਆਸੀ ਤਸੀਰ ਦੀ ਪਾਰਟੀ ਲੈਂਦੀ ਹੈ ਚਾਹੇ ਉਹ ਧੁਰ ਦੱਖਣ ਪੰਥੀ ਹੋਵੇ, ਤੇੇ ਚਾਹੇ ਉਹ ਹੋਵੇ ਜੋ ਅਪਣੇ ਆਪ ਨੂੰ ਉਦਾਰਵਾਦੀ ਕਦਰਾਂ ਕੀਮਤਾਂ ਦੀ ਰਖਵਾਲੀ ਵਾਲੀ ਕਹਿੰਦੀ/ਮੰਨਦੀ ਹੋਵੇ।
ਇਹਨਾਂ ਉਪਰੋਕਤ ਉਦਹਾਰਣਾਂ ਤੋਂ ਤੁਸੀਂ ਇਹ ਅੰਦਾਜਾ ਵੀ ਲਾ ਸਕਦੇ ਹੋ ਕਿ ਆਉਣ ਵਾਲੇ ਦਿਨਾਂ ਚ'ਨਰਿੰਦਰ ਦਭੋਲਕਰ ਤੇ ਗੋਬਿੰਦ ਪੰਸਾਰੇ ਦੀਆਂ ਹੱਤਿਆਂਵਾਂ ਵਰਗੇ ਕਾਂਡ ਹੀ ਨਹੀਂ, ਸਾਨੂੰ ਪਾਕਿਸਤਾਨ ਦੀ ਆਸੀਆ ਬੀਬੀ ਤੇ ਸਲਮਾਨ ਤਸੀਰ ਵਰਗੇ ਹਸ਼ਰ ਵੀ ਦੇਖਣ ਨੂੰ ਮਿਲ ਸਕਦੇ ਹਨ।ਆਸੀਆ ਬੀਬੀ ਕਾਂਡ ਇੱਕ ਉਦਹਾਰਣ ਹੈ ਕਿ ਕਿਵੇਂ ਪਿੰਡਾਂ ਚ'ਹੁੰਦੀਆ ਛੋਟੀਆਂ ਛੋਟੀਆਂ ਗੱਲਾਂ ਤੇ ਤਕਰਾਂਰਾਂ ਦਾ ਬਤੰਗੜ ਬਣ ਸਕਦਾ ਹੈ।ਪਾਕਿਸਤਾਨ ਦੇ ਪਿੰਡ ਚ'ਈਸਾਈ ਔਰਤ ਆਸੀਆ ਬੀਬੀ ਖੇਤ ਮਜਦੂਰ ਦਾ ਕੰਮ ਕਰਦੀ ਸੀ।ਕੰਮ ਦੌਰਾਨ ਪਾਣੀ ਪੀਣ ਨੂੰ ਲੈ ਕੇ ਇੱਕ ਮੁਸਲਮਾਨ ਔਰਤ ਨਾਲ ਉਸਦੀ ਤਕਰਾਰ ਹੋ ਗਈ ਜਿਸ ਅੋਰਤ ਨੇ ਆਸੀਆ ਬੀਬੀ ਤੇ ਹਜਰਤ ਮੁਹੰਮਦ ਬਾਰੇ ਕੁੱਝ ਗਲਤ ਕਹਿਣ ਦਾ ਇਲਜਾਮ ਲਾਇਆ।ਗੱਲ ਪਿੰਡ ਦੇ ਕਾਜੀ ਤਾਂਈ ਪੁੱਜੀ ਤੇ ਪੁੱਜਦੀ ਪੁੱਜਦੀ ਪਾਕਿਸਤਾਨੀ ਅਦਾਲਤਾਂ ਚ'ਜਾ ਪਹੁੰਚੀ ।ਆਸੀਆ ਬੀਬੀ ਨੂੰ ਮੌਤ ਦੀ ਸਜਾ ਦਾ ਹੁਕਮ ਹੋ ਚੁਕਿਆ ਹੈ।ਪਾਕਿਸਤਾਨ ਚ' ਇਸੇ ਕਨੂੰਨ ਦੀ ਦੁਰਵਰਤੋਂ ਦੇ ਵਿਰੌਧ ਚ' ਬੋਲਦੇ ਪੰਜਾਬ ਦੇ ਗਵਰਨਰ ਸਲਮਾਨ ਤਸੀਰ ਦਾ ਇੱਕ ਧਾਰਮਿਕ ਉਨਮਾਦੀ ਜੋ ਉਸਦਾ ਅੰਗ ਰੱਖਿਅਅਕ ਸੀ ,ਨੇ ਕਤਲ ਕਰ ਦਿੱਤਾ ਸੀ ।ਪਾਕਿਸਤਾਨ ਦੀ ਪ੍ਰਤੀਯੋਗੀ ਕੱਟੜਤਾ ਦੇ ਇਸ ਦੌਰ ਚ'-ਜਿਸ ਦੇ ਝਲਕਾਰੇ ਸਾਨੂੰ ਇੱਥੇ ਭਾਰਤ ਚ'ਵੀ ਮਿਲਣ ਲਗ ਪਏ ਨੇ- ਹੁਣ ਕਲ ਨੂੰ ਧਰਮ ਦੇ ਪ੍ਰਤੀ ਕੋਈ ਜਿਆਦਾ ਹੀ ਸੰਵੇਦਨਸ਼ੀਲ ਵਿਅਕਤੀ ਇਹ ਵੀ ਮੰਗ ਕਰ ਸਕਦਾ ਹੈ ਕਿ ਈਸ਼ਨਿੰਦਾ ਦੇ ਕਾਨੂੰਨ ਚ' ਸੋਧ ਕਰਕੇ ਇਹ ਵੀ ਜੋੜਿਆ ਜਾਵੇ ਕਿ ਮੁਜਰਮ ਨੂੰ ਚੌਕ ਚ' ਖੜਾ ਕਰ ਕੇ ੳਹਦਾ ਸਿਰ ਕਲਮ ਕੀਤਾ ਜਾਵੇ ਤੇ ਉਸ ਵੇਲੇ ਇਹ ਸੰਭਵ ਹੈ ਕਿ ਇਸ ਤਜਵੀਜ ਦੀ ਵੀ ਤਾਇਦ ਕਰਨੀ ਪਾਕਿਸਤਾਨ ਦੇ ਸਿਆਸਦਾਨਾਂ ਦੀ ਮਜਬੂਰੀ ਬਣੀ ਹੋਵੇ।
ਭਾਰਤੀ ਸੰਵਿਧਾਨ ਦਾ ਅਨੁਛੇਦ 19 (1) a ਹਰ ਨਾਗਰਿਕ ਨੂੰ ਬਿਨਾਂ ਕਿਸੇ ਭੇਦਭਾਵ ਦੇ ਪ੍ਰਗਟਾਵੇ ਦੀ ਅਜਾਦੀ ਦਾ ਮੁਢਲਾ ਅਧਿਕਾਰ ਦਿੰਦਾ ਹੈ।ਪਰ ਅਨੁਛੇਦ 19(2) ਨਾਲ ਹੀ ਇਸ ਅਧਿਕਾਰ ਤੇ ਪਾਬੰਦੀਆਂ ਲਾਉਣ ਦੀ ਸਰਕਾਰ ਨੁੰ ਇਜਾਜਤ ਤੇ ਅਧਿਕਾਰ ਵੀ ਦਿੰਦਾ ਹੈ, ਜਿਸ ਤਹਿਤ ਸਮਾਜਿਕ ਸ਼ਾਂਤੀ ਤੇ ਵਿਵਸਥਾ ਤੋਂ ਇਲਾਵਾ ਹੋਰ ਬਹੁਤ ਸਾਰੇ ਮਕਸਦਾਂ ਦੇ ਅਧਾਰ ਤੇ ਇਸ ਅਧਿਕਾਰ ਨੂੰ ਸੀਮਤ ਕੀਤਾ ਜਾ ਸਕਦਾ ਹੈ।ਜਿਵੇਂ ਭਾਰਤ ਦੇ ਹੋਰ ਬਹੁਤ ਸਾਰੇ ਕਾਨੂੰਨਾਂ ਦੀ ਦੁਰਵਰਤੋਂ ਹੁੰਦੀ ਹੈ, ਅਨੁਛੇਦ 19(2) ਦੀ ਦੁਰਵਰਤੋਂ ਵੀ ਹੁੰਦੀ ਹੈ ਕਿੳਂਕਿ ਸਮਾਜਿਕ ਸ਼ਾਂਤੀ ਤੇ ਵਿਵਸਥਾ ਕੀ ਹੈ ਤੇ ਕਿਸੇ ਕਰਮ/ਲਿਖਤ/ਤਕਰੀਰ ਆਦਿ ਨਾਲ ਉਸ ਨੂੰ ਖਤਰਾ ਹੈ ਕਿ ਨਹੀਂ ਇਹ ਨਿਰਣਾ ਕਰਨਾ ਤੇ ਇਸਦੀ ਵਿਆਖਿਆ ਕਰਨੀ ਮੌਕੇ ਤੇੇ ਕਾਨੂੰਨ ਦੀ ਪਾਲਣਾ ਕਰਾਉਣ ਲਈ ਜੁੰਮੇਵਾਰ ਵਿਅਕਤੀਆਂ ਦੇ ਵਿਵੇਕ ਤੇ ਨਿਰਭਰ ਹੈ।ਤੇ ਸਾਡੇ ਦੇਸ਼ ਚ' ਮੋਕੇ ਦੇ ਅਫਸਰਾਂ ਦਾ ਵਿਵੇਕ ਸਿਆਸੀ ਪ੍ਰਭੂਆਂ ਦੇ ਇਸ਼ਾਰੇ ਦਾ ਮੋਹਤਾਜ ਹੈ।ਇਸਲਈ ਬਹੁਤ ਸੰਭਾਵਨਾਂ ਹੈ ਕਿ ਪੰਜਾਬ ਸਰਕਾਰ ਦੇ ਸ਼ੰਸ਼ੋਧਿਤ ਖਰੜੇ 295aa ਜੇਕਰ ਇਹ ਕਾਨੂੰਨ ਦਾ ਰੂਪ ਲੈਂਦਾ ਹੈ ਦੀ ਦੁਰਵਰਤੋਂ ਵੀ ਹੋਵੇ।
ਇਸ ਤੋਂ ਅਗਾਂਹ ਇੱਕ ਖਤਰਾ ਹੋਰ ਹੈ।ਪਿਛਲੇ ਕੁੱਝ ਸਾਲਾਂ ਚ' ਬੋਲਣ ਤੇ ਵਿਚਾਰ ਪਰਗਟਾੳਣ ਦੀ ਅਜਾਦੀ ਤੇ ਜਾਇਜ ਰੋਕਾਂ ਲਾਉਣ ਦੇ ਰਾਜ ਨੂੰ ਦਿੱਤੇ ਇਹ ਅਖਤਿਆਰ ਜਾਂ ਇਹ ਸੈਂਸਰਸ਼ਿਪ ਰਾਜ ਦੇ ਹੱਥਾਂ ਚੋਂ ਅਗਾਂਹ ਉਹਨਾਂ ਸਮਾਜਿਕ ਜਥੇਬੰਦੀਆਂ ਤੇ ਲੋਕਾਂ ਕੋਲ ਹਸਤਾਂਤਰਿਤ ਹੋ ਗਈ ਹੈੇ ਜਿਹੜੇ ਕਿਸੇ ਵਿਅਕਤੀ ਜਾਂ ਵਿਚਾਰ ਨਾਲ ਨਾਲ ਅਸਿਹਮਤ ਹੋਣ ਤੇ ਹਿੰਸਾ ਦਾ ਸਹਾਰਾ ਲੈ ਕੇ ਉਸ ਨੂੰ ਚੁੱਪ ਕਰਾ ਸਕਦੇ ਹਨ।ਅਜਿਹੇ ਮੌਕਿਆਂ ਤੇ ਦੇਖਿਆ ਗਿਆ ਹੇ ਕਿ ਪੁਲਿਸ ਸਿਆਸੀ ਆਕਾਂਵਾਂ ਦੇ ਕਹਿਣ ਤੇ ਮੂਕ ਦਰਸ਼ਕ ਬਣੀ ਦੇਖਦੀ ਹਿੰਸਾ ਦੇ ਸਮਰਥਕਾਂ ਦਾ ਹੀ ਕਿਸੇ ਨਾ ਕਿਸੇ ਤਰਾਂ ਪੱਖ ਪੂਰਦੀ ਹੈ। ਸਮਾਜਿਕ ਸੈਂਸਰਸ਼ਿਪ ਦੇ ਇਸ ਰੂਪ ਦੀਆਂ ਹੀ ਉਦਹਰਣਾਂ ਹਨ ਕਿ ਤਮਿਲ ਲੇਖਕ ਪੇਰੁਮਲ ਮੁਰਗਨ ਅਪਣੀ ਸਾਹਿਤਕ ਮੌਤ ਦਾ ਆਪ ਐਲਾਨ ਕਰਦਾ ਹੈ ਜਾਂ ਕੁੱਝ ਗੌਰੀ ਲੰਕੇਸ਼ ਦੀ ਹੋਣੀ ਹਢਾਂਉਂਦੇ ਹਨ। ਇਹ ਯਕੀਨੀ ਹੈ ਕਿ ਜੇ ਇਹ ਸਮਾਜਿਕ ਸੈਂਸਰਸ਼ਿਪ ਦਾ ਰੁਝਾਨ ਜੋਰ ਫੜਦਾ ਗਿਆ ਆਉਣ ਵਾਲੇ ਸਮੇਂ ਚ' ਸਕਾਲਰਾਂ ਤੇ ਸਮਾਜਿਕ ਖੋਜ ਚ' ਲੱਗੇ ਵਿਅਕਤੀਆਂ ਵਾਸਤੇ ਘੇਰਾ ਹੋਰ ਤੰਗ ਹੋਏਗਾ ਜਿਸ ਤਰਾਂ ਪੰਜਾਬ ਚ' ਬਲਦੇਵ ਸਿੰਘ ਸੜਕਨਾਮਾ ਨਾਲ ਹੋਇਆ ਹੈ ਜਦੋਂ ਉਸ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਨਾਵਲ ਲਿਖਿਆ ਸੀ ਤੇ ਉਸ ਤੇ ਕਈਆਂ ਨੇ ਵਿਵਾਦ ਖੜਾ ਕੀਤਾ ਸੀ।
ਅਸੀਂ ਅਜਾਦੀ ਦੀ ਜੋ ਜੰਗ ਲੜੀ ਉਹ ਸਿਰਫ ਸਿਆਸੀ ਅਜਾਦੀ ਲਈ ਹੀ ਨਹੀਂ ਲੜੀ।ਉਹਦੇ ਚ' ਬੋਲਣ ਤੇ ਵਿਚਾਰ ਪ੍ਰਗਟਾਉਣ ਦੀ ਅਜਾਦੀ ਵੀ ਸ਼ਾਮਿਲ ਸੀ ਜੋ ਬਾਕੀ ਸਭ ਅਜਾਦੀਆਂ ਦਾ ਅਧਾਰ ਤੇ ਸ੍ਰੋਤ ਹੈ।ਅੱਜ ਭਾਰਤ ਦੇ ਸਿਆਸੀ ਅਕਾਸ਼ ਤੋਂ ਉਹ ਲੀਡਰਸ਼ਿਪ ਨਦਾਰਦ ਹੈ ਜੋ ਅਜਾਦੀ ਸੰਗਰਾਮ ਵੇਲੇ ਸੀ, ਤੇ ਕੇਵਲ ਸਿਆਸੀ ਤੇ ਤੁੱਛ ਜਿਹੀਅਂ ਗਿਣਤੀਆਂ ਮਿਣਤੀਆਂ ਦੀ ਬਜਾਇ ਆਧੁਨਿਕ ਤੇ ਵਿਸ਼ਵ ਦ੍ਰਿਸ਼ਟੀ ਨਾਲ ਅਪਣੀ ਦ੍ਰਿਸ਼ਟੀ ਮਿਲਾ ਕੇ ਚੱਲਣ ਦੀ ਹਾਮੀ ਸੀ।ਸੰਨ ੧੯੨੭ ਚ' ਪਜਾਬ ਵਿਧਾਨ ਸਭਾ ਚ' ਲਾਲਾ ਲਾਜਪਤ ਰਾਏ ਨੇ ਇੱਕ ਅਜਿਹੇ ਕਨੁੂੰਨ ਦੇ ਖਿਲਾਫ ਬੋਲਦਿਆਂ ਜਿਹੜਾ ਅਜਿਹੀਆਂ ਲਿਖਤਾਂ ਤੇ ਪਾਬੰਦੀ ਲਾਉਣ ਲਈ ਲਿਆਂਦਾ ਜਾ ਰਿਹਾ ਸੀ ਜਿਨਾਂ ਲਿਖਤਾਂ ਨਾਲ ਲੋਕਾਂ ਦੇ ਕਿਸੇ ਸਮੂਹ ਦੀਆਂ ਭਾਵਨਾਂਵਾਂ ਨੂੰ ਠੇਸ ਪਹੁੰਚੇ ਕਿਹਾ ਸੀ 'ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਇਹ ਕਾਨੂੰਨ ਇਤਿਹਾਸਿਕ ਖੋਜ ਤੇ ਸਮਾਜ ਸੁਧਾਰ ਦੇ ਰਾਹ ਚ' ਅੜਿੱਕਾ ਨਾ ਡਾਹੇ ਕਿਂੳਕਿ ਇਸ ਦਾ ਸਹਾਰਾ ਲੈ ਕੇ ਧਾਰਮਿਕ ਸਾਹਿਤ/ਰੂੜੀਆਂ ਦੇ ਇਮਾਨਦਾਰ ਤੇ ਅਲੋਚਨਾਤਮਕ ਵਿਸ਼ਲੇਸ਼ਣ ਨੂੰ ਦਬਾਇਆ ਜਾ ਸਕਦਾ ਹੈ'।ਉਸ ਵੇਲੇ ਮੁਹੰਮਦ ਅਲੀ ਜਿਨਾਹ ਜਿਸ ਨੂੰ ਨਵੇਂ ਕਾਨੂੰਨ ਦਾ ਖਰੜਾ ਤਿਆਰ ਕਰਨ ਲਈ ਕਿਹਾ ਗਿਆ ਸੀ ਨੇ ਵੀ ਕੁੱਝ ਅਜਿਹੀਆਂ ਹੀ ਭਾਵਨਾਂਵਾਂ ਦਾ ਮੁਜਾਹਰਾ ਕਰਦਿਆਂ ਕਿਹਾ ਸੀ ਕਿ ਮੁਢਲੇ ਤੌਰ ਤੇ ਸਾਨੂੰ ਦੇਖਣਾ ਚਾਹੀਦਾ ਹੈ ਕਿ ਉਹ ਲੋਕ ਜੋ ਇਤਿਹਾਸਿਕ ਖੋਜ,ਸੱਚ ਦੀ ਤਲਾਸ਼ ਤੇ ਧਾਰਮਿਕ ਸਾਹਿਤ ਦਾ ਇਮਾਨਦਾਰ ਵਿਸ਼ਲੇਸ਼ਣ ਕਰਨ ਲੱਗੇ ਹੋਏ ਨੇ ਉਨਾਂ ਦੀ ਰੱਖਿਆ ਕੀਤੀ ਜਾਵੇ।ਪਰ ਅੱਜ ਦੀ ਨੈਤਿਕ ਤੌਰ ਤੇ ਦੱਬੂ ਸਿਆਸੀ ਲੀਡਰਸ਼ਿਪ ਲੋਕ ਰਾਏ ਬਣਾਉਣ ਜਾਂ ਉਸ ਨੂੰ ਸਾਰਥਿਕ ਮੋੜਾ ਦੇਣ ਦੀ ਬਜਾਇ ਲੋਕ ਰਾਏ ਨਾਲ ਸੁਰ ਮਿਲਾ ਕੇ ਚੱਲਣਾ ਬਿਹਤਰ ਤੇ ਸੁਰੱਖਿਅਤ ਸਮਝਦੀ ਹੈ।
ਸੋ ਅਗਲੀ ਵਾਰ ਜੇਕਰ ਤੁਸੀਂ ਗੋਮਾਤਾ ਦੇ ਪਿਸ਼ਾਬ ਜਾਂ ਗੋਹੇ ਚ' ਚਮਤਕਾਰ ਜਾਂ ਸਿਹਤ ਸਬੰਧੀ ਪ੍ਰਚਾਰੇ ਜਾਂਦੇ ਗੁਣਾਂ ਤੇ ਸ਼ੱਕ ਕਰਦੇ ਜਾਂ ਸਵਾਲ ੳਠਾਂੳਦੇ ਹੋ ਤਾਂ ਕਿਸੇ ਦੀਆਂ ਧਾਰਮਿਕ ਭਾਵਨਾਂਵਾਂ ਇਹਦੇ ਨਾਲ ਆਹਤ ਹੋ ਸਕਦੀਆਂ ਹਨ ਤੇ ਦੋ ਫਿਰਕਿਆਂ ਚ'ਆਪਸੀ ਦੁਸ਼ਮਣੀ ਵਧਾਉਣ ਦੇ ਦੋਸ਼ ਕਾਰਨ ਤੁਸੀਂ ਕਿਸੇ ਕੱਟੜ ਸੰਸਥਾ ਤੇ ਮੁਸਤੈਦ ਪੁਲਿਸ ਦੇ ਗਠਜੋੜ ਦੇ ਢਹੇ ਚੜ ਕੇ ਜੇਲ ਯਾਤਰਾ ਕਰ ਸਕਦੇ ਹੋ।ਇਸ ਚ' ਸਭ ਤੋਂ ਵੱਡੀ ਸਜਾ ਤੁਹਾਡੇ ਲਈ ਇਹ ਹੋਵੇਗੀ ਕਿ ਤੁਸੀਂ ਜਦ ਤਕ ਨਿਰਦੋਸ਼ ਕਰਾਰ ਨਹੀਂ ਦਿੱਤੇ ਜਾਂਦੇ ਜੇਲ ਅੰਦਰ ਰਹੋਗੇ,ਮੁਕੱਦਮਾ ਚਲੇਗਾ,ਜੋ ਅਪਣੇ ਆਪ ਵਿੱਚ ਇਕ ਸਜਾ ਹੋਵੇਗੀ।
ਕਿਸੇ ਦੇਸ਼ ਜਾਂ ਖਿੱਤੇ ਚ'ਕੱਟੜਵਾਦੀ ਰੁਝਾਨਾਂ ਵਲ ਉਲਾਰਪਣ ਬਹੁਤ ਹੱਦ ਤਕ ਉੱਥੋਂ ਦੀ ਅਸਫਲ ਅਰਥਵਿਵਸਥਾ ਦੀ ਉਪਜ ਹੈ।ਪੰਜਾਬ ਦੀ ਅਰਥਵਿਵਸਥਾ ਵੀ ਦਹਾਕੇ ਭਰ ਤੋਂ ਵੱਧ ਸਮੇਂ ਤੋਂ ਡਾਂਵਾਂਡੋਲ ਹੈ। ਇਸ ਲਈ ਸਿਆਸੀ ਪਾਰਟੀਆਂ ਲਈ ਅਪਣੇ 'ਤੋਰੀ ਫੁਲਕੇ' ਲਈ ਅਜਿਹੇ ਸੰਵੇਦਨਸ਼ੀਲ ਧਾਰਮਿਕ ਮਸਲਿਆਂ ਨੂੰ ਉਭਾਰਨਾ ਜਿਨਾਂ ਕਾਰਣ ਲੋਕਾਂ ਦੀਆਂ ਭਾਵਨਾਂਵਾਂ ਉਬਾਲ ਤੇ ਰਹਿਣ ਸੌਖਾ ਵੀ ਹੈ ਤੇ ਉਹਨਾਂ ਦੀ ਮਜਬੂਰੀ ਵੀ ਹੈ।ਪੰਜਾਬ ਵਿਧਾਨਸਭਾ ਦਾ ਵਰਤਮਾਨ ਸੈਸ਼ਨ ਇਸੇ ਗੱਲ ਦੀ ਗਵਾਹੀ ਭਰਦਾ ਹੈ।ਸਰਕਾਰ ਨੂੰ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਹਰ ਘਰ ਨੌਕਰੀ ਦੇ ਵਾਅਦੇ,ਹਸਪਤਾਲਾਂ ਚ' ਡਾਕਟਰ ਤੇ ਸਹੂਲਤਾਂ,ਸਕੂਲਾਂ ਚ' ਅਧਿਆਪਕਾਂ ਦੇ ਮੁੱਦੇ ਤੇ ਕਟਿਹੜੇ ਚ'ਖੜਾ ਕਰਨ ਦੀ ਬਜਾਇ ਇੱਕ ਮੁਦੇ ਤੇ ਹੀ ਸਾਰਾ ਧਿਆਨ ਅਟਕਾ ਕੇ ਖਿਸਕ ਜਾਣ ਦਿੱਤਾ ਗਿਆ।ਤੱਤੀਆਂ ਸੁਰਾਂ ਦੇ ਮੁਕਾਬਲੇ ਹੋਰ ਤੱਤੀਆਂ ਸੁਰਾਂ ਦਾ ਫਾਰਮੂਲਾ ਅਜਾਦ ਫਿਜਾ ਚ' ਲੋਕਾਂ ਦੀ ਵਿਚਾਰ ਪ੍ਰਗਟਾਉਣ ਦੀ ਅਜਾਦੀ ਨੂੰ ਹੋਰ ਖੋਰਾ ਲਾਵੇਗਾ।ਵੇਲਾ ਹੈ ਪੰਜਾਬ ਦੀਆਂ ਪ੍ਰਗਤੀਸ਼ੀਲ ਸੰਸਥਾਂਵਾਂ, ਜਥੇਬੰਦੀਆਂ ਤੇ ਬੁੱਧੀਜੀਵੀਆਂ ਨੂੰ ਚੁੱਪ ਕਰਕੇ ਬੈਠਣ ਦੀ ਬਜਾਇ ਇਸ ਸਬੰਧ ਚ' ਅਪਣੇ ਵਿਚਾਰ ਖੁੱਲ ਕੇ ਰੱਖਣੇ ਚਾਹੀਦੇ ਹਨ।
-
ਰਣ ਬਹਾਦਰ ਸਿੰਘ, ਲੇਖਕ
rbsrana73@gmail.com
9463218996
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.