ਮਨੁੰਖੀ ਜੀਵਨ ਸੁਪਨਿਆਂ ਅਤੇ ਉਮੀਦਾਂ 'ਤੇ ਟੀਕਿਆ ਹੋਇਆ ਹੈ। ਸੁਪਨਿਆਂ ਨੂੰ ਪੂਰਨ ਲਈ ਯਤਨ ਕੀਤੇ ਜਾਂਦੇ ਹਨ। ਯਤਨ ਅਤੇ ਯਕੀਨ ਮਨ ਵਿੱਚ ਹੋਰ ਉਮੀਦਾਂ ਪੈਦਾ ਕਰਦੇ ਹਨ ਅਤੇ ਇਹਨਾਂ ਉਮੀਦਾਂ ਦੇ ਸਹਾਰੇ ਚਲਦੀ ਜਿੰਦਗੀ ਇੱਕ ਦਿਨ ਆਪਣੀ ਮੰਜਿਲ 'ਤੇ ਜਰੂਰ ਪਹੁੰਚਦੀ ਹੈ। ਜਿਸ ਮਨ ਵਿੱਚ ਉਮੀਦ ਨਹੀਂ ਉਸ ਦਾ ਸਰੀਰ ਨੂੰ ਕੰੰਮ ਕਰਨ ਲਈ ਪ੍ਰੇਰਿਤ ਕਰਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ। ਜਿਵੇਂ ਚਰਖੇ ਦੀ ਤੰਦ ਟੁੱਟ ਜਾਵੇ ਤਾਂ ਪੂਣੀ ਨਹੀਂ ਕੱਤੀ ਜਾ ਸਕਦੀ ਠੀਕ ਇਸੇ ਤਰਾਂ ਉਮੀਦਾਂ ਠਹਿ ਢੇਰੀ ਹੋ ਜਾਣ ਤਾਂ ਕੁੱਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਸੰਸਾਰ ਰੂਪੀ ਸਾਗਰ ਵਿੱਚ ਹਰ ਇਨਸਾਨ ਆਪਣੀ ਮਿੱਥੀ ਮੰਜਿਲ 'ਤੇ ਪਹੁੰਚਣ ਲਈ ਕਸ਼ਮਕਸ਼ ਕਰਦਾ ਹੈ। ਨਤੀਜਾ ਨਾ ਮਿਲੇ ਤਾਂ ਮਾਯੂਸ ਹੋਣਾਂ ਵੀ ਆਮ ਗੱਲ ਹੈ ਪਰ ਉਸ ਮਾਯੂਸੀ ਵਿੱਚੋਂ ਇੱਕ ਨਵੀਂ ਉਮੀਦ ਜਗਾ ਕੇ ਅੱਗੇ ਵੱਧਣਾਂ ਬਹਾਦਰੀ ਹੈ। ਕੁੱਝ ਦਿਨ ਪਹਿਲਾਂ ਕੇਰਲ ਵਿੱਚ ਆਏ ਹੜ ਨੇ ਬੇਸ਼ੱਕ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਪਰ ਦੁਬਾਰਾ ਜਿੰਦਗੀ ਜਿਉਣ ਦੀ ਉਮੀਦ ਨੇ ਇਨਾਂ ਉਜੜ ਚੁੱਕੇ ਲੋਕਾਂ ਨੂੰ ਵਾਪਿਸ ਘਰਾਂ ਵੱਲ ਪਰਤਣ ਦੀ ਹਿੰਮਤ ਅਤੇ ਹੌਂਸਲਾ ਦਿੱਤਾ ਹੈ। ਜਿੰਦਗੀ ਉਹ ਸਫਰ ਹੈ ਜਿਸ ਦਾ ਅੰਤ ਸਿਰਫ ਮੌਤ ਹੈ, ਇਸ ਤੋਂ ਪਹਿਲਾਂ ਹੀ ਉਮੀਦ ਤੋੜ ਕੇ ਬਹਿ ਜਾਣਾਂ ਮਨੁੰਖ ਲਈ ਠੀਕ ਨਹੀਂ। ਜਿਵੇ ਰਾਤ ਦਾ ਹਨੇਰਾ ਬਹੁਤਾ ਚਿਰ ਦਿਨ ਦੇ ਚਾਨਣ ਨੂੰ ਲਕੋ ਕੇ ਨਹੀਂ ਰੱਖ ਸਕਦਾ ਬਿਲਕੁੱਲ ਇਸੇ ਤਰਾਂ ਟੁੱਟੀ ਉਮੀਦ ਦਾ ਗਮ ਉਦਮੀ ਇਨਸਾਨ ਨੂੰ ਬਹੁਤਾ ਚਿਰ ਰੋਕ ਕੇ ਨਹੀਂ ਰੱਖ ਦਕਦਾ। ਉਮੀਦ ਦੇ ਟੁੱਟਣ ਨਾਲ ਜਿੰਦਗੀ ਵਿੱਚ ਖਲਾਅ ਪੈਦਾ ਹੋ ਜਾਂਦਾ ਹੈ ਜਿਸ ਦੀ ਜੇਕਰ ਸਮੇਂ ਸਿਰ ਪੜਚੋਲ ਕਰਕੇ ਅੱਗੇ ਨਾ ਵਧਿਆ ਜਾਵੇ ਤਾਂ ਗੰਭੀਰ ਨਤੀਜੇ ਨਿਕਲ ਸਕਦੇ ਹਨ। ਉਮੀਦ ਨੂੰ ਜਿਉਦਾਂ ਰੱਖਣ ਲਈ ਸਾਨੂੰ ਹਮੇਸ਼ਾਂ ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ 'ਚ ਲਗਾ ਕੇ ਰੱਖਣਾਂ ਚਾਹੀਦਾ ਹੈ। ਕੰਮ ਕਾਰ ਛੱਡ ਕੇ ਫਿਰ ਚੰਗੇ ਦੀ ਉਮੀਦ ਕਰਨ ਨਿਰੀ ਮੂਰਖਤਾ ਹੈ।
ਕੁੱਝ ਮਹੀਨੇ ਪਹਿਲਾਂ ਥਾਈਲੈਂਡ ਮੁਲਕ 'ਚ ਇੱਕ ਗੁਫਾ 'ਚ ਫਸੇ ਬਾਰਾਂ ਬੱਚਿਆਂ ਅਤੇ ਉਹਨਾਂ ਦੇ ਫੁੱਟਵਾਲ ਕੋਚ ਨੂੰ ਤਕਰੀਬਨ ਦੋ ਹਫਤਿਆਂ ਬਾਅਦ ਜਿਉਂਦੇ ਬਾਹਰ ਕੱਢ ਲਿਆ ਗਿਆ। ਇਹ ਜਿੰਦਗੀ ਜਿਉਣ ਦੀ ਇੱਕ ਅਨੋਖੀ ਮਿਸਾਲ ਸੀ। ਗੁਫਾ ਵਿੱਚ ਫਸੇ ਬੱਚੇ ਸ਼ਾਇਦ ਜਿਉਂਦੇ ਨਾ ਨਿਕਲਦੇ ਜੇਕਰ ਉਹਨਾਂ ਨੇ ਜਿਉਣ ਅਤੇ ਬਚਣ ਦੀ ਉਮੀਂਦ ਛੱਡ ਦਿੱਤੀ ਹੁੰਦੀ। ਕਈ ਦਿਨ ਬਿਨਾਂ ਕੁੱਝ ਖਾਦੇ ਪੀਤੇ, ਭੁੱਖੇ ਢਿੱਡ ਮੌਤ ਨਾਲ ਲੜੀ ਲੜਾਈ ਉਹਨਾਂ ਨੂੰ ਜੇਤੂ ਬਣਾ ਗਈ ਅਤੇ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਜਿਉਣ ਦੀ ਅਜਿਹੀ ਇੱਛਾ ਸ਼ਕਤੀ ਉਮੀਦ ਤੋਂ ਹੀ ਉਪਜਦੀ ਹੈ, aਮੀਦ ਖਤਮ ਹੋ ਜਾਵੇ ਤਾਂ ਚੰਗਾ ਭਲਾ ਸ਼ਰੀਰ ਬਿਮਾਰ ਹੋ ਜਾਂਦਾ ਹੈ ਅਤੇ ਜੇਕਰ ਉਮੀਂਦ ਬਰਕਰਾਰ ਰਹੇ ਤਾਂ ਮੌਤ ਦੇ ਨੇੜੇ ਪਿਆ ਸ਼ਰੀਰ ਵੀ ਨਵੇਂ ਸਿਰਇਉ ਜਿੰਦਗੀ ਜਿਉਣ ਦੀ ਆਸ ਰੱਖਦਾ ਹੈ।
ਕਰਮ ਹੀ ਧਰਮ ਹੈ ਦੇ ਕਥਨ ਨੂੰ ਅਸਲੀਅਤ ਵਿੱਚ ਜਿਉਂਦੇ ਹੋਏ ਇਨਸਾਨ ਨੂੰ ਪੂਰਾ ਸਮਰਪਿਤ ਹੋ ਕੇ ਆਪਣਾਂ ਕਾਰਜ ਕਰਨਾ ਚਾਹੀਦਾ ਹੈ। ਜੇਕਰ ਕੰੰਮ ਵਿੱਚ ਮਨ ਹੋਵੇਗਾ ਨਿਸ਼ਚੈ ਹੀ ਉਮੀਦ ਬੱਝੇਗੀ ਅਤੇ ਨਤੀਜੇ ਉਮੀਦ ਮੁਤਾਬਿਕ ਆਉਣਗੇ। ਆਪਣੇ ਆਪ ਨੂੰ ਨਿਢਾਲ ਅਤੇ ਨੀਰਸ ਕਰਕੇ ਕੁੱਝ ਚੰਗਾ ਕਰਨ ਦੀ ਇਨਸਾਨ ਵਿੱਚ ਹਿੰਮਤ ਨਹੀਂ ਰਹਿੰਦੀ। ਮਨ ਅਤੇ ਤਨ ਦਾ ਸਮਤੋਲ ਵਿਗੜਨ ਨਾਲ ਇਨਸਾਨ ਦੀ ਮਿੱਥੀ ਹੋਈ ਉਮੀਂਦ ਜਾਂ ਆਸ ਪੂਰੀ ਨਹੀ ਹੁੰਦੀ। ਮਨ ਨੂੰ ਟਿਕਾਣੇ ਰੱਖ ਕੇ ਕੀਤਾ ਹੋਇਆ ਕੰਮ ਆਤਮਬਲ ਦਿੰਂਦਾ ਹੈ ਅਤੇ ਇਸੇ ਵਿੱਚੋਂ ਇੱਕ ਨਵੀਂ ਉਮੀਦ ਜਨਮ ਲੈਂਦੀ ਹੈ ਜੋ ਇਨਸਾਨ ਨੂੰ ਔਕੜ ਵਿੱਚੋਂ ਰਾਹ ਤਲਾਸ਼ਣ ਲਈ ਸਹਾਈ ਹੁੰਦੀ ਹੈ।
ਉਮੀਦਾਂ ਦੀ ਤੰਦ ਨੂੰ ਟੁੱਟਣ ਤੋਂ ਬਚਾਉਣਾਂ ਕਿਸੇ ਜੰਗ ਜਿੱਤਣ ਨਾਲੋਂ ਘੱਟ ਨਹੀ। ਫਰਕ ਸਿਰਫ ਐਨਾ ਹੈ ਕਿ ਜੰਗ ਵਿੱਚ ਜਿੱਤ ਹਾਰ ਦਾ ਫੈਸਲਾ ਹਥਿਆਰ ਕਰਦੇ ਹਨ ਅਤੇ ਉਮੀਦ ਬਰਰਾਰ ਰੱਖਣ ਵਿੱਚ ਇਹ ਕੰਮ ਵਿਚਾਰ ਕਰਦੇ ਹਨ। ਉਮੀਦ ਦੇ ਸਹਾਰੇ ਜਿੰਨਾ ਮਰਜੀ ਲੰਬਾ ਪੈਂਡਾ ਹੋਵੇ ਉਸਨੂੰ ਖੁਸ਼ੀ ਖੁਸ਼ੀ ਤੈਅ ਕੀਤਾ ਜਾ ਸਕਦਾ ਹੈ। ਇਹ ਉਮੀਦ ਹੀ ਹੈ ਜੋ ਇਨਸਾਨ ਨੂੰ ਰੋਜਾਨਾ ਕੁੱਝ ਨਾ ਕੁੱਝ ਕਰਨ ਲਈ ਪ੍ਰੇਰਦੀ ਹੈ। ਇਸ ਜਿੰਦਗੀ ਨੂੰ ਵਧੀਆ ਢੰਗ ਨਾਲ ਜਿਉਣ ਲਈ ਉਮੀਦ ਦੀ ਕਿਰਨ ਸਦਾ ਆਪਣੇ ਦਿਲ ਵਿੱਚ ਜਗਾਈ ਰੱਖੋ ਅਤੇ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕੀ ਉਮੀਦਾਂ ਦੀ ਇਹ ਤੰਦ ਜਿੰਦਗੀ ਦੇ ਕਿਸੇ ਵੀ ਉਤਰਾਅ ਚੜਾਅ 'ਚੋਂ ਲੰਘਦੀ ਹੋਈ ਟੁੱਟੇ ਨਾ। ਫਿਰ ਇੱਕ ਨਰੋਈ ਅਤੇ ਆਸ਼ਾਵਾਦੀ ਜਿੰਦਗੀ ਜਿਉਣ ਦਾ ਮਨੁੰਖੀ ਸੁਪਨਾ ਪੂਰਾ ਹੋ ਸਕਦਾ ਹੈ।
-
ਦਮਨਜੀਤ ਸਿੰਘ, ਲੇਖਕ
mannjalbhera@gmail.com
9478460084
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.