28 ਅਗਸਤ, 2018 ਨੂੰ ਲੋਕਤੰਤਰ ਦੇ ਪਵਿੱਤਰ ਮੰਤਰ ਵਜੋਂ ਜਾਣੇ ਜਾਂਦੇ ਪੰਜਾਬ ਵਿਧਾਨ ਸਭਾ ਸਦਨ ਦੀ ਕਾਰਵਾਈ ਲੋਕਤੰਤਰੀ ਇਤਿਹਾਸ ਅੰਦਰ ਕਾਲੇ ਅੱਖ਼ਰਾਂ ਨਾਲ ਲਿਖੀ ਜਾਵੇਗੀ। ਇਹ ਕਾਰਵਾਈ ਨਾ ਸਿਰਫ਼ ਰਾਜਨੀਤਕ ਨੇਤਾਵਾਂ ਦੀ ਵਿਅਕਤੀਗਤ ਨਸਲਕੁਸ਼ੀ ਬਲਕਿ ਇੱਕ ਰਾਜਨੀਤਕ ਪਾਰਟੀ ਅਤੇ ਇੱਕ ਧਾਰਮਿਕ ਸੰਸਥਾ ਦੀ ਨਸਲਕੁਸ਼ੀ ਵਜੋਂ ਜਾਣੀ ਜਾਵੇਗੀ। ਇਸ ਘਿਨਾਉਣੀ ਕਾਰਵਾਈ ਦੀ ਸ਼ੁਰੂਆਤ ਸਦਨ ਦੇ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂ ਕੀਤੀ ਜਿਸ ਤੋਂ ਬਾਅਦ ਇਸ ਦੇ ਕੈਬਨਿਟ ਮੰਤਰੀਆਂ, ਕਾਂਗਰਸ ਵਿਧਾਇਕਾਂ ਕੋਈ ਕਸਰ ਬਾਕੀ ਨਹੀਂ ਛੱਡੀ। ਇੱਥੇ ਹੀ ਬਸ ਨਹੀਂ ਪੰਜਾਬ ਨੂੰ ਨਰੋਈ, ਉੱਚ ਕੱਦਰਾਂ-ਕੀਮਤਾਂ ਅਤੇ ਰਾਜਨੀਤਕ ਚਿਕੱੜ ਰਹਿਤ ਸੁਅੱਛ, ਪਾਰਦਰਸ਼ੀ, ਲੋਕਵਾਦੀ ਅਤੇ ਇਨਸਾਫਵਾਦੀ ਰਾਜਨੀਤੀ ਦੇਣ ਦਾ ਪ੍ਰਣ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਦੋਵੇਂ ਧੱੜਿਆਂ ਅਤੇ ਲੋਕ ਇਨਸਾਫ ਪਾਰਟੀ ਦੀ ਆਗੂ ਵੀ ਜ਼ਰਾ ਪਿੱਛੇ ਨਹੀਂ ਰਹੇ। ਉੰਨਾਂ ਦੇ ਤਰਕਸ਼ ਰੂਪੀ ਮੂੰਹਾਂ ਵਿਚੋਂ ਨਿਕਲੇ ਵਿਸ਼ੈਲੇ ਬੋਲ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਸ ਦੇ ਪੁੱਤਰ ਸੁਖਬੀਰ ਬਾਦਲ, ਨੂੰ ਹਰਸਿਮਰਤ ਬਾਦਲ (ਕੇਂਦਰੀ ਮੰਤਰੀ) ਰਿਸ਼ਤੇਦਾਰ ਬਿਕਰਮ ਮਜੀਠੀਆ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਂਟੀ ਨੂੰ ਬਰ-ਬਾਰ ਫਾਂਸੀ ਦੇ ਫੰਦੇ ਤੇ ਲਟਕਾ ਰਹੇ ਸਨ। ‘ਘਰ ਦਾ ਭੇਤੀ’ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਕੋਈ ਕਸਰ ਬਾਕੀ ਛੱਡਦਾ ਨਜ਼ਰ ਨਾ ਆਇਆ।
ਬਰਗਾੜੀ ਸਮੇਤ 122 ਥਾਵਾਂ ਤੇ ਰਾਜ ਅੰਦਰ ਹੋਏ ਬੇਅਦਬੀ ਕਾਂਡਾਂ ਸਬੰਧੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਦਨ ਦੀ ਮੇਜ਼ ਤੇ ਰਖੀ 700 ਸਫ਼ਿਆਂ ਅਧਾਰਤ ਜਸਟਿਸ (ਸੇਵਾ ਮੁੱਕਤ) ਰਣਜੀਤ ਸਿੰਘ ਦੀ ਰਿਪੋਰਟ ਨੂੰ ਅਧਾਰ ਬਣਾਉਂਦੇ ਇਹ ਅਜੀਬ ਮੂਰਖਾਨਾ ਬਹੁ-ਪੱਖੀ, ਬਹੁ-ਮੰਤਵੀ ਨਸਲਕੁਸ਼ੀ ਕੀਤੀ ਗਈ ਸੀ। ਖੂਬ ਦੱਬੇ ਮੁਰਦੇ ਫੋਲੇ ਗਏ ਪੂਰੇ ਸ਼ਰਮਨਾਕ ਢੰਗ ਨਾਲ। ਅਕਾਲੀ ਦਲ ਗਰੁਪ ਵੱਲੋਂ ਸਦਨ ਅੰਦਰ ਬਹਿਸ ਲਈ ਘੱਟ ਸਮਾਂ ਦੇਣ ਦੇ ਢੁੱਚਰ ਹੈਠ ਵਾਕਆਊਟ ਕਰਨ ਨਾਲ ਸੱਤਾ ਧਿਰ ਅਤੇ ਵਿਰੋਧੀ ਧਿਰ ਨੂੰ ਪੂਰੀ ਖੁੱਲ੍ਹ ਖੇਡ ਮਿਲ ਗਈ।
ਸਦਨ ਦੇ ਆਗੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਪੰਜ, ਵਾਰ ਚੁਣੇ ਹਸਰੁੱਤਬਾ ਬਜ਼ੁਰਗ ਸ: ਪ੍ਰਕਾਸ਼ ਸਿੰਘ ਬਾਦਲ ਲਈ ‘ਮਹਾਂ ਝੂਠਾ, ਬੁੱਝਦਿਲ ਕਿਸਮ ਦਾ ਬੰਦਾ,’ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਸ:ਸੁਖਬੀਰ ਸਿੰਘ ਬਾਦਲ ਲਈ ਕਿ ਸ: ਪ੍ਰਕਾਸ਼ ਸਿੰਘ ਬਾਦਲ ਜੇ ਸੁਖਬੀਰ ਬਾਦਲ ਨੂੰ ਜੰਮਦੇ ਮਾਰ ਦਿੰਦੇ ਤਾਂ ਅੱਜ ਬਰਗਾੜੀ ਤੇ ਕੋਟਕਪੂਰਾ ਬੇਅਦਬੀ ਕਾਂਡ ਨਾ ਹੁੰਦੇ, ਕੈਬਨਿਟ ਮੰਤਰੀ ਨਵਜੋਤ ਸਿੰਘ ਨੇ ਤਾਂ ਨਾ ਲਿਖਣ ਯੋਗ ਭੱਦੇ ਸ਼ਬਦ ਵਰਤਦੇ ਬਾਦਲਾਂ ਵਿਰੁੱਧ ਕਾਨੂੰਨ ਦੀ ਧਾਰਾ 302 ਅਧੀਨ ਕੇਸ ਦਰਜ ਕਰਕੇ ਕਾਰਵਾਈ ਕਰਨ ਸਬੰਧੀ ਜਿਵੇਂ ਸ਼ਬਦਾਵਲੀ ਵਰਤੀ ਇਸ ਨੇ ਪੰਜਾਬ ਅੰਦਰ ਹਵਾ, ਪਾਣੀ, ਮਿੱਟੀ ਅਤੇ ਨਸ਼ੀਲੇ ਪਦਾਰਥਾਂ ਦੇ ਵਿਸ਼ੈਲੇ ਅਤੇ ਮਾਰੂ ਪ੍ਰਦੂਸ਼ਣ ਨੂੰ ਵੀ ਮਾਤ ਪਾ ਦਿਤਾ। ਇੰਨਾਂ ਸਮੇਤ ਜੋ ਜੋ ਵੀ ਸਦਨ ਅੰਦਰ ਜ਼ਹਿਰ ਉਗਲਿਆ ਉਹ ਪੰਜਾਬ, ਪੰਜਾਬੀ, ਪੰਜਾਬੀਅਤ ਸਬੰਧੀ ਰਾਜਨੀਤੀ, ਸਮਾਜ, ਧਰਮ ਅਤੇ ਸਭਿਅਤਾ 'ਤੇ ਕਲੰਕ ਸਾਬਤ ਹੋਇਆ ਹੈ।
ਇਸ ਪੂਰੀ ਦੀ ਪੂਰੀ ਕਵਾਇਦ ਨੂੰ ਆਮ ਆਦਮੀ ਪਾਰਟੀ ਵਿਧਾਇਕ ਅਤੇ ਪ੍ਰਸਿੱਧ ਕਾਨੂੰਨਦਾਨ ਸ: ਹਰਵਿੰਦਰ ਸਿੰਘ ਫੂਲਕਾ ਨੇ ਬਹੁਤ ਹੀ ਸਟੀਕ ਸ਼ਬਦਾਂ ਵਿਚ ਬਿਆਨ ਕੀਤਾ ਹੈ ਜਿਸਦਾ ਪੰਜਾਬੀ ਦੇ ਸੂਝਵਾਨ ਨਾਗਰਿਕਾਂ ਅਤੇ ਜੁਮੇਂਵਾਰ ਮੀਡੀਏ ਨੂੰ ਨਿਸਚਤ ਤੌਰ ਨੋਟਿਸ ਲੈਣਾ ਚਾਹੀਦਾ ਹੈ। ਉੰਨਾਂ ਕਿਹਾ ਕਿ 8 ਘੰਟੇ ਚਲੀ ਸਦਨ ਵਿਚ ਬਹਿਸ ਸਿਰਫ ਇੱਕ ਫਾਰਮੈਲਟੀ ਤੋਂ ਵੱਧ ਕੁੱਝ ਨਹੀਂ ਸੀ ਜਿਸ ਵਿਚ ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਦੁਬਾਰਾ ਖੇਡ ਖੇਡੀ ਹੈ। ਜਸਟਿਸ ੜਣਜੀਤ ਸਿੰਘ ਦੀ ਐਕਸਨ ਟੇਕਨ ਰਿਪੋਰ ਰਾਹੀਂ ਵੱਡੇ ਲੀਡਰਾਂ ਅਤੇ ਅਫਸਰਾਂ ਨੂੰ ਬਖਸ਼ਿਆ ਗਿਆ ਹੈ ਜਦ ਪੂਰੀ ਗਾਜ਼ ਛੋਟਿਆਂ ਤੇ ਸੁੱਟੀ ਗਈ ਹੈ। ਜੇ ਸਰਕਾਰ ਬੇਅਦਬੀ ਮਾਮਲਿਆਂ ਵਿਚ ਇਨਸਾਫ ਕਰਨਾ ਚਾਹੁੰਦੀ ਤਾਂ ਸਦਨ ਵਿਚ ਅਕਾਲੀ ਆਗੂਆਂ ਅਤੇ ਉੱਚ ਪੁਲਸ ਅਫਸਰਾਂ ਵਿਰੁੱਧ ਕੇਸ ਦਰਜ ਕਰਨ ਸਬੰਧੀ ਪ੍ਰਸਤਾਵ ਪਾਸ ਕਰਦੀ। ਜਸਟਿਸ ਰਣਜੀਤ ਸਿੰਘ ਰਿਪੋਰਟ ਵਿਚ ਵੱਡੇ ਆਗੂਆਂ ਅਤੇ ਪੁਲਸ ਅਫਸਰਾਂ ਦਾ ਨਾਮ ਹੈ ਪਰ ਐਕਸ਼ਨ ਟੇਕਨ ਰਿਪੋਰਟ ਵਿਚੋਂ ਉਹ ਗਾਇਬ ਹਨ।
ਦਰਅਸਲ ਕਾਨੂੰਨਦਾਨ ਸ: ਫੂਲਕਾ ਸਮੇਤ ਸਭ, ਇੱਥੋਂ ਤੱਕ ਕਿ ਬੇਅਦਬੀ ਰਿਪੋਰਟ ਕਿੱਧਰੇ ਵੀ ਸਪਸ਼ਟ ਨਹੀਂ ਕਰ ਰਹੀ ਕਿ ਸ਼ਾਂਤਮਈ ਧਰਨਾਕਾਰੀ ਸੰਗਤ 'ਤੇ ਗੋਲੀ ਦਾ ਹੁੱਕਮ ਕਿਸ ਨੇ ਦਿਤਾ? ਜਾਂ ਕੀ ਗੋਲੀ ਬਗੈਰ ਕਿਸੇ ਹੁੱਕਮ ਦੇ ਚਲੀ? ਪੂਰੀ ਬਹਿਸ ਵਿਚ ਬਚਗਾਨਾਗਿਰੀ ਗਾ ਖੂਬ ਨਗਾਰਾ ਵੱਜਾ। ਪੰਜਾਬ ਦੇ ਦੇਸ਼-ਵਿਦੇਸ਼ ਵਿਚ ਬੈਠੇ ਲੋਕਾਂ ਨੂੰ ਸੋਚੀਆਂ ਸਮਝੀਆਂ ਚਾਲਾਂ ਰਾਹੀ ਮੂਰਖ ਬਣਾਉਣਾ ਚਾਹਿਆ। ਇਹ ਮਾਮਲਾ ਗ੍ਰਹਿ ਮੰਤਰਾਲੇ ਨਾਲ ਸਬੰਧਤ ਸੀ ਪਰ ਘਸੀਟਿਆ ਮੁੱਖ ਮੰਤਰੀ, ਉਸਦੇ ਸਟਾਫ ਨੂੰ ਜਾ ਰਿਹਾ ਸੀ। ਗ੍ਰਹਿ ਮੰਤਰਾਲਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਪਾਸ ਸੀ।
ਦੂਸਰੇ ਜੇ ਮੁੱਖ ਮੰਤਰੀ ਉੱਚ ਸਿਵਲ ਅਤੇ ਪੁਲਸ ਅਫਸਰਾਂ ਤੋਂ ਰਿਪੋਰਟ ਤਰਬ ਕਰ ਰਿਹਾ ਸੀ ਤਾਂ ਇਹ ਪ੍ਰਸਾਸ਼ਨਿਕ ਪੱਖੋਂ ਸੁਭਾਵਿਕ ਪ੍ਰਕ੍ਰਿਆ ਸੀ।ਮੁੱਖ ਸਕੱਤਰ, ਪੁਲਸ ਮੁੱਕੀ ਜਾਂ ਸਬੰਧਿਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਨਾਲ ਸੰਪਰਕ ਵਿਚ ਰਹਿਣਾ ਹੁੰਦਾ ਹੈ।
ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਭਾਰਤ ਨਾਲ ਕੀਤੇ ਜੁਲਮਾਂ, ਪਾਪਾਂ, ਅਨਿਆਵਾਂ ਤੋਂ ਕਾਂਗਰਸ ਪਾਰਟੀ ਕਦੇ ਵੀ ਭੱਜ ਨਹੀਂ ਸਕਦੀ। ਹੁਣੇ-ਹੁਣੇ ਮਾਣਯੋਗ ਤਿਬਤਨ ਦਲਾਈਲਾਮਾ ਨੇ ਸਪਸ਼ਟ ਕਿਹਾ ਕਿ ਭਾਰਤ ਦੀ ਵੰਡ ਲਈ ਪ੍ਰਮੁੱਖ ਤੌਰ ਤੇ ਪੰਡਤ ਜਵਾਹਰ ਲਾਲ ਨਹਿਰੂ ਜੁਮੇਂਵਾਰ ਸਨ। ਜੇ ਮਹੁੰਮਦ ਅਲੀ ਜਿਨਾਹ ਨੂੰ ਅਖੰਡ ਭਾਰਤ ਦਾ ਪ੍ਰਧਾਨ ਮੰਤਰੀ ਬਣਾ ਦਿਤਾ ਜਾਂਦਾ ਤਾਂ ਭਾਰਤ ਦੋ ਟੋਟੇ ਨਾ ਹੁੰਦਾ। ਹਕੀਕਤ ਵਿਚ ਜੋ ਕਾਂਗਰਸ ਪਾਰਟੀ ਚਾਹੁੰਦੀ ਤਾਂ ਦੇਸ਼ ਦੀ ਵੰਡ ਨਾ ਹੁੰਦੀ। ਨਾ 10 ਲੱਖ ਬੈਗੁਨਾਹ ਹਿੰਦੂ ਸਿੱਖ ਮਰਦਾ।
ਭਾਸ਼ਾ ਦੇ ਅਧਾਰ ਤੇ ਫਜ਼ਲ ਅਲੀ ਕਮਿਸ਼ਨ ਨੇ ਕਾਂਗਰਸ ਦੇ ਦਬਾਅ ਹੇਠ ਪੰਜਾਬੀ ਸੂਬਾ ਬਣਾਉਣ ਦੀ ਸਿਫਾਰਸ਼ ਨਾ ਕੀਤੀ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵਿਰੁੱਧ ਮੋਰਚਾ ਲਗਾਉਣਾ ਪਿਆ। ਦਸ ਸਾਲ ਦੇ ਸੰਘਰਸ਼ ਬਾਅਦ ਜੇ ਪੰਜਾਬੀ ਸੂਬਾ ਸੰਨ 1966 ਵਿਚ ਦਿਤਾ ਤਾਂ ਉਹ ਵੀ ਲੰਗੜਾ।
ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਜਦੋਂ ਇਹ ਕਿਹਾ ਕਿ ਸ: ਬਾਦਲ ਜੋ ਸੁਖਬੀਰ ਬਾਦਲ ਨੂੰ ਜੰਮਦਿਆਂ ਮਾਰ ਦਿੰਦਾ ਤਾਂ ਬਰਗਾੜੀ, ਕੋਟਕਪੂਰਾ ਬੇਅਦਬੀ ਕਾਂਡ ਨਾ ਹੁੰਦੇ। ਕੋਈ ਸਿੱਖ, ਪੰਜਾਬੀ, ਭਾਰਤੀ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਜਾਂ ਲੋਕ ਇਨਸਾਫ ਪਾਰਟੀ ਸਬੰਧਿਤ ਵਿਧਾਇਕ ਜ਼ਮੀਰ ਦਾ ਅਵਾਜ਼ ਚੁੱਕਦਿਆਂ ਜਵਾਬ ਨਾ ਦੇ ਸਕਿਆ ਕਿ ਜੇ ਪੰਡਤ ਜਵਾਹਰ ਲਾਲ ਨਹਿਰੂ ਬੀਬੀ ਇੰਦਰਾ ਗਾਧੀ ਨੂੰ ਜੰਮਦਿਆਂ ਮਾਰ ਦਿੰਦਾ ਤਾਂ ਦੇਸ਼ ਵਿਚ ਲੋਕਤੰਤਰ ਘਾਤੀ ਐਮਰਜੈਂਸੀ ਨਾ ਲਗਦੀ, ਸਿੱਖ ਮੁਕੱਦਮ ਅਸਥਾਨਾਂ ਸਮੇਤ ਪੰਜਾਬ ਅੰਦਰ ਨੀਲਾਤਾਰਾ ਅਪਰੇਸ਼ਨ ਫੌਜੀ ਕਾਰਵਾਈ ਨਾ ਹੁੰਦੀ, ਨਾ ਨਵੰਬਰ '84 ਵਿਚ ਦਿੱਲੀ ਤੇ ਹੋਰ ਥਾਵਾਂ ਤੇ ਸਿੱਖ ਕੌਮ ਦੀ ਨਸਲਕੁਸ਼ੀ ਹੁੰਦੀ। ਇਸ ਤੋਂ ਇਲਾਵਾ ਜੇ ਇਸ ਮੰਤਰੀ ਦੇ ਪਿਉ ਨੇ ਇਸ ਨੂੰ ਜੰਮਦਿਆ ਮਾਰ ਦਿਤਾ ਹੁੰਦਾ ਤਾਂ ਲੋਕਤੰਤਰ ਦੇ ਪਵਿੱਤਰ ਪੰਜਾਬ ਵਿਧਾਨ ਸਭਾ ਸਦਨ ਵਿਚ ਐਸੇ ਘਟੀਆਂ ਤੇ ਗੈਰ-ਪਾਰਲੀਮਾਨੀ ਸ਼ਬਦ ਕੋਈ ਨਾ ਬੋਲਦਾ। ਅਸੀਂ ਸਪਸ਼ਟ ਕਰਦੇ ਹਾ ਕਿ ਸਾਡਾ ਮੰਤਵ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜੇ ਕੋਈ ਗੱਲਤੀ ਜਾਂ ਗੁਨਾਹ ਕੀਤਾ ਹੈ, ਉਸਦੀ ਡਿਫੈਂਸ ਨਹੀਂ ਹੈ, ਸਾਡਾ ਮੰਤਵ ਸਿਰਫ ਸਿਰਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੂਹ ਵਿਧਾਨਕਾਰਾਂ ਅਤੇ ਮਾਣਯੋਗ ਸਪੀਕਤ ਸਾਹਿਬ ਨੂੰ ਭਵਿੱਖ ਵਿਚ ਐਸੀ ਭੱਦੀ ਸ਼ਬਦਾਵਲੀ ਵਰਤਣ ਵਾਲੇ ਨੂੰ ਪਵਿੱਤਰ ਸਦਨ ਵਿਚ ਹੀ ਵਰਜਣ ਤੋਂ ਹੈ।
ਪੰਜਾਬ ਹੀ ਨਹੀਂ ਭਾਰਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਢ, ਸਨਮਾਨਿਤ ਸਿਆਸਤਦਾਨ ਸ: ਪ੍ਰਕਾਸ਼ ਸਿੰਘ ਬਾਦਲ ਤੇ ਚਿਕੱੜ ਸੁੱਟਣ ਤੋ ਪਹਿਲਾਂ ਮੁੱਖ ਮੰਤਰੀ ਕੈਪਟਨ ਸਾਹਿਬ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਲੈਂਦੇ। ਚੋਣਾ ਦੌਰਾਨ ਵੋਟਾਂ ਖ਼ਾਤਰ ਤਲਵੰਡੀ ਸਾਬੋ ਵਿਖੇ ਗੁੱਟਕਾ ਸਾਹਿਬ ਹੱਥ ਵਿਚ ਫੜ੍ਹ ਕੇ ਸੰਹੂ ਖਾਣੀ ਕਿ ਸੱਤਾ ਵਿਚ ਆਉਣ 'ਤੇ ਚਾਰ ਹਫ਼ਤਿਆਂ ਵਿਚ ਨਸ਼ੀਲੇ ਪਦਾਰਥਾਂ ਦਾ ਪੰਜਾਬ ਵਿਚੋਂ ਭੋਗ ਪਾ ਦਿਆਂਗਾ। ਕੀ ਇਹ ਧਾਰਮਿਕ ਬੇਅਦਬੀ ਨਹੀਂ ਸੀ? ਅੱਜੇ ਕੱਕ ਸਹੁੰ ਪੂਰੀ ਨਾ ਕਰਨਾ ਕੀ ਧਾਰਮਿਕ ਬੇਅਦਬੀ ਨਹੀਂ ਹੈ? ਕੀ ਤੁਹਾਡੇ ਸਾਸ਼ਨ ਵਿਚ ਧਾਰਮਿਕ ਬੇਅਦਬੀਆਂ ਨਹੀਂ ਹੋਈਆਂ? ਕੀ ਤੁਸੀਂ ਗ੍ਰਹਿ ਮੰਤਰੀ ਵਜੋਂ ਇੰਨਾਂ ਲਈ ਜੁਮੇਂਵਾਰ ਨਹੀਂ? ਤੁਹਾਡੇ ਪਾਕਿਸਤਾਨੀ ਔਰਤ ਨਾਲ ਪਬਲਿਕ ਤੌਰ 'ਤੇ ‘ਲਿਵਇੰਨ ਰੀਲੇਸ਼ਨ’ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਸਿੱਖ ਧਾਰਮਿਕ-ਸਮਾਜਿਕ ਰਸਮਾਂ ਰਿਵਾਜਾਂ ਅਨੁਕੂਲ ਹਨ? ਤੁਸੀਂ ਪੰਜਾਬ ਅਤੇ ਸਿੱਖ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਕੀ ਕਾਂਗਰਸ ਦੀ ਸੌਦਾ ਸਾਧ ਨਾਲ ਕੁੜਮਚਾਰੀ ਨਹੀਂ ਹੈ?
ਪਵਿੱਤਰ ਸਦਨ ਵਿਚ ਐਨਾ ਗਿਆ-ਗੁਜ਼ਰਿਆ ਧਮੱਚੜ ਪਾਉਣ ਦੀ ਕੀ ਲੋੜ ਸੀ? ਲੋਕ ਸਭਾ ਚੋਣਾਂ ਤੇ ਅੱਖ ਰਖਦਿਆਂ ਕਾਂਗਰਸ, ਆਪ ਅਤੇ ਲੋਕ ਇਨਸਾਫ ਪਾਰਟੀ ਨੇ ਜੋ ਕੀਤਾ ਇਸ ਦਾ ਰਾਜਨੀਤਕ ਲਾਭ ਦੇ ਉਲਟ ਨੁਕਸਾਨ ਬਹੁਤ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ ਆਗੂ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਬੰਧਿਤ ਆਗੂ ਮਾੜੇ ਹੋ ਸਕਦੇ ਹਨ ਪਰ ਇੰਨਾ ਦੋਹਾਂ ਸੰਸਥਾਵਾਂ ਦਾ ਇੱਕ ਵਿਲੱਖਣ ਸ਼ਾਨਾਮੱਤਾ ਇਤਿਹਾਸ ਹੈ। ਉੰਨਾਂ ਦੀ ਕਾਰਜ ਪ੍ਰਣਾਲੀ ਸਬੰਧੀ ਪਵਿੱਤਰ ਪੰਜਾਬ ਵਿਧਾਨ ਸਭਾ ਸਦਨ ਦੀ ਵਰਤੋਂ ਗੈਰ-ਲੋਕਤੰਤਰੀ ਤੇ ਗੈਰ-ਕਾਨੂੰਨੀ ਹੈ। ਸ਼੍ਰੋਮਣੀ ਕਮੇਟੀ ਸਬੰਧੀ ਪ੍ਰਸਤਾਵ, ਟਿੱਪਣੀ, ਕਾਰਵਾਈ ਦਾ ਅਧਿਕਾਰ ਸਿਰਫ ਭਾਰਤੀ ਪਾਰਲੀਮੈਂਟ ਨੂੰ ਹੈ।
ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਗੁਰੱਪ ਨੂੰ ਸਦਨ ਵਿਚੋਂ ਵਾਕ ਆਊਟ ਨਹੀਂ ਸੀ ਕਰਨਾ ਚਾਹੀਦਾ। ਬਲਕਿ ਸਦਨ ਵਿਚ ਬੈਠ ਕੇ ਸੱਤਾਧਾਰੀ ਕਾਂਗਰਸ, ਆਪ ਧੱੜਿਆਂ ਅਤੇ ਲੋਕ ਇਨਸਾਫ ਪਾਰਟੀ ਦੀਆ ਗੈਰ-ਪਾਰਲੀਮਾਨੀ ਟਿੱਪਣੀਆਂ ਤੇ ਜ਼ਹਿਰੀਲੇ ਤੱਥਾਂ ਰਹਿਤ ਬਚਗਾਨਾ ਭਾਸ਼ਣਾਂ ਦਾ ਜਵਾਬ ਦੇਣਾ ਚਾਹੀਦਾ ਸੀ।
ਹੁਣ ਬਗੈਰ ਹੋਰ ਇੱਕ ਪਲ ਵੀ ਗਵਾਇਆਂ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਵਿਚ ਤੁਰੰਤ ਇੱਕ ਪ੍ਰੋਢ ਅਤੇ ਲੰਬਾ ਤਜ਼ਰਬਾ ਰਖਣ ਵਾਲੇ ਹੰਢੇ-ਵਰਤੇ ਮਹਾਂਰਥੀ ਆਗੂਆਂ ਦੀ 5 ਮੈਂਬਰੀ ਪ੍ਰੀਜੀਡੀਅਮ ਅਜੋਕੇ ਵੱਡੇ ਰਾਜਨੀਤਕ ਹਮਲਿਆਂ ਅਤੇ ਨੁਕਸਾਨਾਂ ਨੂੰ ਦੇਸ਼-ਵਿਦੇਸ਼ ਵਿਚ ਰੋਕਣ, ਪਾਰਟੀ ਅਤੇ ਇਸ ਦੇ ਸਮੂਹ ਕਾਡਰ ਨੂੰ ਹਮਲਾਵਰ ਰਾਜਨੀਤਕ ਗਤੀਸ਼ੀਲਤਾ ਪ੍ਰਦਾਨ ਕਰ ਲਈ ਗਠਤ ਕਰਨੀ ਚਾਹੀਦੀ ਹੈ। ਇਸ ਪ੍ਰੀਜ਼ੀਡੀਅਮ ਵਿਚ ਸ: ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਸੇਵਾ ਸਿੰਘ ਸੇਖਵਾਂ, ਜਥੇਦਾਰ ਤੋਤਾ ਸਿੰਘ ਅਤੇ ਸ: ਪ੍ਰੇਮ ਸਿੰਘ ਚੰਦੂਮਾਜਰਾ ਸਾਮਲ ਕਰਨੇ ਚਾਹੀਦੇ ਹਨ। ਸਿੱਖਾਂ ਦੇ ਕਤੱਲ-ਏ-ਆਮ, ਪੰਜਾਬ ਦਾ ਬੇੜਾ ਗਰਕ, ਹਜ਼ਾਰਾਂ ਬੇਗੁਨਾਹ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਵਿਚ ਮਰਵਾਉਣ, ਬੇਰੋਜ਼ਗਾਰੀ, ਗੈਂਗਸਟਰ ਸਭਿਆਚਾਰ ਵੱਲ ਧਕੇਲਣ ਵਾਲੀਆਂ ਰਾਜਨੀਤਕ ਪਾਰਟੀਆਂ ਦਾ ਮੁਕਾਬਲਾ ਕਰਨ ਲਈ ਦੇਸ਼-ਵਿਦੇਸ਼ ਤੇ ਪੰਜਾਬੀ ਅੰਦਰ ਲਾਮਬੰਦੀ ਕਰਨੀ ਚਾਹੀਦੀ ਹੈ। ਦੇਸ਼-ਵਿਦੇਸ਼ ਅੰਦਰ ਸਿੱਖ ਆਗੂਆਂ ਜਿਵੇਂ ਕਿ ਦਿੱਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਤੇ ਅਮਰੀਕਾ ਅੰਦਰ ਬਾਰ-ਬਾਰ ਹਮਲੇ ਰੋਕਣ ਅਤੇ ਐਸੇ ਗੈਰ-ਸਿੱਖ ਅਨਸਰ ਨੂੰ ਬੇਨਕਾਬ ਕਰਨ, ਹਰ ਥਾਂ ਪਾਰਟੀ ਅਤੇ ਕੌਮੀ ਢਾਂਚਾ ਮਜ਼ਬੂਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਣ। ਸਭ ਤੋਂ ਜ਼ਰੂਰੀ ਭਵਿੱਖ ਵਿਚ ਪਵਿਤੱਰ ਵਿਧਾਨ ਸਭਾ ਸਦਨ ਨੂੰ ਐਸੀ ਅਦਿ ਨੀਵੇਂ ਦਰਜੇ ਦੀਆਂ ਬਹਿਸਾਂ ਤੋਂ ਮੁਕੱਤ ਦਾ ਸੰਜੀਦਾ ਹੱਲ ਲੱਭਿਆ ਜਾ ਸਕੇ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
kahlondarbarasingh@gmail.com
+1-416-887-2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.