ਫੌਜੀ ਸੰਗੀਨਾਂ ਦੇ ਸਾਏ ਅਤੇ ਬੂਟਾਂ ਦੀ ਗੜਗੜਾਹਟ ਹੇਠ 25 ਜੁਲਾਈ ਨੂੰ ਪਾਕਿਸਤਾਨ ਨੈਸ਼ਨਲ ਅਸੈਂਬਲੀ ਅਤੇ ਚਾਰ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਪਈਆਂ ਵੋਟਾਂ ਦੇ ਨਤੀਜੇ ਆ ਚੁੱਕੇ ਹਨ। ਪਾਕਿਸਤਾਨੀ ਫੌਜ ਨਾਲ ਮਿਲ ਕੇ ਬ੍ਰਿਟਿਸ਼ਕਾਲੀ ਅਫਸਰਸ਼ਾਹੀ, ਜਾਗੀਰਦਾਰ ਸਾਮੰਤਸ਼ਾਹੀ, ਰੂੜੀਵਾਦੀ ਕੱਟਣ ਮੁਲਾਣੇ 14 ਅਗਸਤ, 1947 ਨੂੰ ਭਾਰਤੀ ਉਪ ਮਹਾਂਦੀਪ ਦੀ ਦੋ ਕੌਮਾਂ ਦੇ ਸਿਧਾਂਤ ਤੇ ਲਹੂ ਭਿੱਜੀ ਵੰਡ ਬਾਅਦ ਪਾਕਿਸਤਾਨ ਵਿਚ ਜਾਂ ਤਾਂ ਸਿੱਧੇ ਆਪ ਜਾਂ ਰਾਜਨੀਤਕ ਕਠਪੁਤਲੀ ਆਗੂਆਂ ਰਾਹੀਂ (By Proxy) ਸਾਸ਼ਨ ਚਲਾਉਂਦੇ ਆ ਰਹੇ ਹਨ। ਸਮਾਂ ਬੀਤਣ ਨਾਲ ਜਿੱਥੇ ਪਾਕਿਸਤਾਨੀ ਫੌਜ, ਪਾਕਿਸਤਾਨੀ ਰਾਜ ਅੰਦਰ ਰਾਜ ਵਜੋਂ ਆਪਣਾ ਖੁਦਮੁਖਤਾਰ ਸਾਸ਼ਨ ਚਲਾਉਂਦੀ ਆ ਰਹੀ ਸੀ ਉੱਥੇ ਅੱਜ ਪਾਕਿਸਤਾਨੀ ਫੌਜ ਸੁਪਰ ਰਾਜ ਸਥਾਪਿਤ ਹੋ ਚੁੱਕੀ ਹੈ ਜਿਸ ਅੰਦਰ ਪਾਕਿਸਤਾਨੀ ਰਾਜ ਸਾਸ਼ਨ ਚਲਾ ਰਿਹਾ ਹੈ। ਫਰਕ ਇਹ ਹੈ ਫੌਜੀ ਸੁਪਰ ਸਟੇਟ ਅੰਦਰ ਪਾਕਿਸਤਾਨੀ ਸਟੇਟ ਪੂਰੀ ਤਰ੍ਹਾਂ ਖੁਦਮੁਖਤਾਰ ਨਹੀਂ ਜਿਵੇਂ ਪਹਿਲਾਂ ਫੌਜੀ ਰਾਜ ਹੁੰਦਾ ਸੀ। ਰਾਜ ਦੀ ਗ੍ਰਹਿ, ਵਿਦੇਸ਼ੀ, ਰਖਿਆ, ਵਿੱਤੀ ਨੀਤੀ ਫੌਜ ਹੀ ਤਹਿ ਕਰਦੀ ਹੈ।
ਪਿੱਛਲੇ 71 ਸਾਲਾਂ ਵਿਚ ਇਸ ਦੋਹਰੀ ਸਾਸ਼ਨ ਵਿਵਸਥਾ ਨੇ ਪਾਕਿਸਤਾਨ ਦੀ ਆਰਥਿਕਤਾ ਨੂੰ ਚੱਟ ਕੇ ਆਰਥਿਕ ਦੀਵਾਲੀਏਪਣ ਦੀ ਕਾਗਾਰ ਤੇ ਖੜ੍ਹਾ ਕਰ ਦਿਤਾ ਹੈ, ਮੂਲ ਢਾਂਚਾ ਜਿਵੇਂ ਸਿਵਲ ਸੇਵਾਵਾਂ, ਸਿਖਿਆ, ਸਿਹਤ, ਸੜਕ, ਪਾਣੀ, ਸਿਵਲ ਸਮਾਜ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਲੇਬਰ ਯੂਨੀਅਨਾਂ, ਸਨਅਤੀਕਰਨ, ਖੇਤੀ ਵਿਵਸਥਾ ਦਾ ਬੇੜਾ ਗਰਕ ਕਰ ਰਖਿਆ ਹੈ।
22 ਕਰੋੜ ਪਾਕਿਸਤਾਨੀ ਨਾਗਰਿਕਾਂ ਵਿਚੋਂ 33 ਪ੍ਰਤੀਸ਼ਤ ਗਰੀਬੀ ਦੀ ਰੇਖਾ ਹੇਠ ਰਹਿਣ ਲਈ ਮਜਬੂਰ, ਮੱਧ ਵਰਗ ਦਾ ਜੀਵਨ ਸੁਰਖਿਅਤ, ਘੱਟ ਗਿਣਤੀਆਂ ਦਾ ਕੱਤਲ-ਏ-ਆਮ ਅਤੇ ਉੰਨਾਂ ਤੇ ਨਫਰਤੀ ਤਸ਼ਦਦ ਦਾ ਸਿਲਸਿਲਾ ਬਾਦਸਤੂਰ ਆਪਹੁੱਦਰੇ ਅਤੇ ਰਾਜ ਦੀ ਹਮਾਇਤ ਨਾਲ ਜਾਰੀ ਹੈ। ਅੱਜ ਦਾ ਪਾਕਿਸਤਾਨ ਰੋਜ਼ਾਨਾ ਮਾਰ-ਵੱਢ, ਅੱਤਵਾਦ, ਡਰਾਉਣੇ ਮੂਲਵਾਦ, ਅਤਿ ਦੇ ਭ੍ਰਿਸ਼ਟਾਚਾਰ, ਸਿਵਲ ਸੇਵਾਵਾਂ ਰਹਿਤ ਵਿਚਰਨ ਲਈ ਮਜਬੂਰ ਹੈ। ਸਲਾਨਾ ਬਜਟ ਦਾ 30 ਪ੍ਰਤੀਸ਼ਤ ਕਰਜ਼ਿਆਂ ਅਤੇ ਇੰਨਾਂ ਤੇ ਵਿਆਜ ਦੀ ਅਦਾਇਗੀ ਤੇ ਖਰਚ ਹੁੰਦਾ ਹੈ। 20 ਪ੍ਰਤੀਸ਼ਤ ਫੌਜ ਲਈ ਸੁਰਖਿਅਤ ਰਖਿਆ ਜਾਂਦਾ ਹੈ। ਸੰਨ 2010 ਵਿਚ ਸੰਨ 1973 ਦੇ ਸੰਵਿਧਾਨ ਦੀ 18 ਵੀਂ ਸੋਧ ਬਾਅਦ ਰਾਜਾਂ ਲਈ ਰਖੇ ਧੰਨ ਤੋਂ ਬਚੇ 12 ਪ੍ਰਤੀਸ਼ਤ ਨਾਲ ਪਾਕਿਸਤਾਨੀ ਫੈਡਰਲ ਸਰਕਾਰ ਚਲਾਈ ਜਾਂਦੀ ਹੈ। ਇਸ ਵਿਚ 21 ਸੰਤਰਾਲੇ ਸ਼ਾਮਲ ਹਨ। ਵਿਦੇਸ਼ੀ ਮੁਦਰਾ ਭੰਡਾਰ ਜੋ ਸੰਨ 2017 ਵਿਚ 16.4 ਬਿਲੀਅਨ ਸੀ ਹੁਣ 9 ਬਿਲੀਅਨ ਡਾਲਰ ਰਹਿ ਗਿਆ ਹੈ।
ਐਸੇ ਮੰਦੇ ਹਾਲ ਵਿਚ ਫੌਜ ਨੇ ਰਵਾਇਤੀ ਪਾਰਟੀਆਂ ਦੇ ਅਜਮਾਏ ਭ੍ਰਿਸ਼ਟਾਚਾਰੀ ਆਗੂਆਂ ਉਹ ਭਾਵੇਂ ਪਾਕਿਸਤਾਨ ਮੁਸਲਿਮ ਲੀਗ, ਨਵਾਜ (ਪੀ.ਐਮ.ਐਲ.(ਐਨ) ਜਾਂ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ) ਨਾਲ ਸਬੰਧਿਤ ਹੋਣ ਦੀ ਥਾਂ ਅੰਦਰ ਖਾਤੇ ਗੰਢ ਤੁੱਪ ਨਾਲ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ) ਦੇ ਆਗੂ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖਾਨ ਨੂੰ ਅੱਗੇ ਲਿਆਉਣ ਦੀ ਰਣਨੀਤੀ ਬਣਾਈ। ਲੇਕਿਨ ਉਸਦੀ ਦੇਸ਼ ਦੇ ਹਰ ਖੇਤਰ ਵਿਚ ਲੋਕਪ੍ਰਿਅਤਾ ਨਾ ਹੋਣ ਕਰਕੇ ਉਸਦੀ ਪਾਰਟੀ ਨੈਸ਼ਨਲ ਅਸੈਂਬਲੀ ਵਿਚ ਬਹੁਮੱਤ ਪ੍ਰਾਪਤ ਨਾ ਕਰ ਸਕੀ।
270 ਨੈਸ਼ਨਲ ਅਸੈਂਬਲੀ ਹਲਕਿਆਂ ਲਈ ਪਈਆਂ ਵੋਟਾਂ ਦੀ ਪਾਰਟੀ ਅਧਾਰਤ ਸਥਿੱਤਾ ਕੁੱਝ ਇਵੇਂ ਰਹੀ ਪੀ.ਟੀ.ਆਈ. 116, ਪੀ ਐਮ ਐਲ (ਐਨ) 64, ਪੀ.ਪੀ.ਪੀ 43, ਐਮ.ਐਮ.ਏ. 12, ਅਜਾਦ 13, ਐਮ.ਕਿਊ. ਐਮ (ਪੀ)6, ਪੀ.ਐਮ.ਐਲ 4, ਬੀ.ਏ.ਪੀ. 4, ਬੀ.ਐਨ.ਪੀ. 3 ਆਦਿ। ਐਸੀ ਲਟਕਵੀਂ ਅਸੈਂਬਲੀ ਵਿਚ ਪੀ.ਟੀ.ਆਈ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ। ਇਸ ਦਾ ਇਮਰਾਨ ਖਾਨ ਅਜ਼ਾਦ ਅਤੇ ਛੋਟੇ-ਛੋਟੇ ਰਾਜਨੀਕਤ ਦਲਾਂ ਦੀ ਹਮਾਇਤ ਨਾਲ ਫੌਜੀ ਸੁਪਰ ਸਟੇਟ ਦੇ ਪਿੱਠੂ ਵਜੋਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਹੋਵੇਗਾ।
ਸੰਨ 2002 ਵਾਂਗ ਇਸ ਦੇ ਵਿਰੋਧ ਵਿਚ ਪੀ.ਐਮ.ਐਲ (ਐਨ) ਅਤੇ ਪੀ.ਪੀ.ਪੀ ਗਠਜੋੜ ਬਣਾ ਰਹੇ ਹਨ। ਉਹ ਆਪਣੇ ਨਾਲ ਐਮ.ਐਮ.ਏ ਮੁੱਖੀ ਮੌਲਾਨਾ ਫਜਲੁਰ ਰਹਿਮਾਨ ਨੂੰ ਨਾਲ ਲੈ ਕੇ 119 ਮੈਂਬਰੀ ਗਰੁੱਪ ਵਜੋਂ ਨੈਸ਼ਨਲ ਅਸੈਂਬਲੀ ਵਿਚ ਵਿਚਰਨਗੇ।
ਪੰਜਾਬ ਵਿਚ 296 ਮੈਂਬਰੀ ਵਿਧਾਨ ਸਭਾ ਦੇ 295 ਹਲਕਿਆਂ ਲਈ ਪਈਆਂ ਵੋਟਾਂ ਵਿਚੋਂ ਸੱਤਾ ਵਿਚ ਚਲੀ ਆ ਰਹੀ ਪੀ.ਐਮ.ਐਲ (ਐਨ) ਨੇ 129, ਪੀ.ਟੀ.ਆਈ ਨੇ 123, ਪੀ.ਪੀ.ਪੀ. ਨੇ 6, ਅਜਾਦ 29, ਪੀ.ਐਮ.ਐਲ 7, ਪੀ.ਏ.ਆਰ ਨੇ ਇੱਕ ਸੀਟ ਪ੍ਰਾਪਤ ਕੀਤੀ ਹੈ। ਪੰਜਾਬ ਵਿਚ ਜੇ ਪੀ.ਟੀ.ਆਈ ਜੋੜ ਤੋੜ ਰਾਹੀਂ ਸਰਕਾਰ ਬਣਾਉਣ ਵਿਚ ਨਾਕਾਮ ਰਹਿੰਦੀ ਹੈ ਤਾਂ ਕੇਂਦਰ ਅੰਦਰ ਉਸਦੀ ਸਰਕਾਰ ਮਜ਼ਬੂਤ ਨਹੀਂ ਰਹਿ ਸਕੇਗੀ। ਜੇਕਰ ਪੀ.ਐਮ.ਐਲ (ਐਨ) ਆਪਣੀ ਸਰਕਾਰ ਨਹੀਂ ਬਣਾ ਸਕੇਗੀ ਤਾਂ ਉਹ ਹੋਰ ਕਮਜੋਰ ਹੋ ਜਾਵੇਗੀ।
ਸਿੰਧ ਅੰਦਰ ਪੀ.ਪੀ.ਪੀ 130 ਮੈਂਬਰੀ ਅਸੈਂਬਲੀ ਵਿਚ 76 ਸੀਟਾਂ ਲੈ ਕੇ ਸੰਨ 2008 ਤੋਂ ਲਗਾਤਾਰ ਸੱਤਾ ਵਿਚ ਪਰਤ ਰਹੀ ਹੈ। ਉਸ ਰਾਜ ਵਿਚ ਪੀ.ਟੀ.ਆਈ ਨੇ ਦੂਸਰੇ ਸਥਾਨ ਤੇ 23, ਐਮ.ਕਿਊ ਐਮ ਨੇ 16, ਜੀ.ਡੀ.ਏ ਨੇ 11, ਟੀ ਐਲ ਪੀ ਨੇ 2 ਸੀਟਾਂ ਪ੍ਰਾਪਤ ਕੀਤੀਆਂ। ਪਖਤੂਨਵਾ ਅੰਦਰ 99 ਸੀਟਾਂ ਵਿਚੋਂ 65 ਤੇ ਜਿੱਤ ਹਾਸਿਲ ਕਰ ਦੂਸਰੀ ਵਾਰ ਫਿਰ ਪੀ.ਟੀ.ਆਈ ਸਰਕਾਰ ਬਣਾ ਰਹੀ ਹੈ। ਪੀ.ਐਮ.ਐਲ (ਐਨ) ਨੇ 5, ਪੀ.ਪੀ.ਪੀ. ਨੇ 4, ਐਮ.ਐਮ.ਏ ਨੇ 10, ਅਜਾਦਾਂ ਨੇ 6 ਸੀਟਾ ਹਾਸਿਲ ਕੀਤੀਆਂ। ਬਲੋਚਿਸਤਾਨ ਅੰਦਰ ਕਿਸੇ ਰਾਜਨੀਤਕ ਪਾਰਟੀ ਨੂੰ ਬਹੁਮੱਤ ਨਹੀਂ ਮਿਲਿਆ। ਫੌਜੀ ਹਮਾਇਤ ਪ੍ਰਾਪਤ ਸੰਨ 2017 ਵਿਚ ਗਠਤ ਬਲੋਚਿਸਤਾਨ ਅਵਾਮੀ ਪਾਰਟੀ ਨੇ 51 ਮੈਂਬਰੀ ਵਿਧਾਨ ਸਭਾ ਵਿਚ 15 ਸੀਟਾਂ ਹਾਸਿਲ ਕੀਤੀਆਂ ਹਨ। ਪੀ.ਟੀ.ਆਈ ਨੇ 4, ਪੀ.ਐਮ.ਐਲ (ਐਨ) ਨੇ ਇੱਕ , ਐਮ.ਐਮ.ਏ ਨੇ 9, ਅਜਾਦਾਂ ਨੇ 6, ਬੀ.ਐਨ.ਪੀ ਨੇ 6, ਬੀ.ਐਨ.ਪੀ.(ਏ) ਨੇ 3, ਏ.ਐਨ.ਪੀ 3, ਟੀ.ਐਲ.ਪੀ ਨੇ ਇੱਕ, ਐਚ.ਡੀ.ਪੀ ਨੇ 2, ਜੇ ਡਬਲਯੂ ਪੀ ਨੇ ਇੱਕ ਸੀਟ ਲਈ ਹੈ।
ਇਸ ਤਰ੍ਹਾਂ ਦੀ ਪੂਰੇ ਦੇਸ਼ ਅੰਦਰ ਖਿਲਰੀ-ਪੁਲਰੀ ਸਥਿੱਤੀ ਦਰਸਾਉਂਦੀ ਹੈ ਕਿ ਪੀ.ਟੀ.ਆਈ ਪੂਰੇ ਦੇਸ਼ ਵਿਚ ਮਕਬੂਲ ਪਾਰਟੀ ਨਹੀਂ ਹੈ। ਇਮਰਾਨ ਖਾਨ ਲਈ ਐਸੀ ਸਥਿੱਤੀ ਵਿਚ ਰਾਜ ਦਾ ਸਾਸ਼ਨ ਚਲਾਉਣਾ ਬਹੁਤ ਹੀ ਜੋਖੋਂ ਭਰਿਆ ਕਾਰਜ ਹੋਵੇਗਾ।
ਉਸ ਨੂੰ ਸਾਸ਼ਨ ਦਾ ਕੋਈ ਤਜਰਬਾ ਨਹੀਂ ਹੈ ਅਤੇ ਨਾ ਹੀ ਉਸ ਨੂੰ ਆਪਣੇ ਸੰਵਿਧਾਨਿਕ ਅਧਿਕਾਰਾਂ ਦਾ ਗਿਆਨ ਹੈ। ਸੰਨ 1973 ਦਾ ਸੰਵਿਧਾਨ 4 ਰਾਜ ਸਰਕਾਰਾਂ ਨੂੰ ਵੱਡੇ ਖੁਦਮੁਖਤਾਰ ਅਧਿਕਾਰ ਦਿੰਦਾ ਹੈ। ਫੈਡਰਲ ਸਰਕਾਰ ਨੂੰ ਵਿਦੇਸ਼, ਸੁਰਖਿਆ, ਕੌਮਾਂਤਰੀ ਵਪਾਰ, ਰਖਿਆ ਤੱਕ ਸੀਮਤ ਰਖਦਾ ਹੈ। ਸੰਨ 2010 ਵਿਚ ਸੰਵਿਧਾਨ ਵਿਚ ਕੀਤੀ 18 ਵੀਂ ਸੋਧ ਜੋ ਸੰਨ 2015 ਤੋਂ ਦੇਸ਼ ਵਿਚ ਲਾਗੂ ਕੀਤੀ ਗਈ ਹੈ, ਰਾਜਾਂ ਨੂੰ ਵਾਤਾਵਰਨ ਨੀਤੀ, ਸਮਾਜਿਕ ਭਲਾਈ, ਸਿਖਿਆ, ਸਿਹਤ, ਖੇਤੀ, ਯੂਥਮਾਮਲੇ, ਵਿਕਾਸ, ਅਮਨ ਕਾਨੂੰਨ ਮਹਿਕਮੇ ਪ੍ਰਦਾਨ ਕਰਦੀ ਹੈ। ਫੈਡਰਲ ਸਰਕਾਰ ਰਾਸ਼ਟਰੀ ਬਜਟ ਦੇ 48 ਪ੍ਰਤੀਸ਼ਤ ਹਿੱਸੇ ਤੇ ਕੰਟਰੋਲ ਕਰਦੀ ਹੈ, ਬਾਕੀ ਰਾਜਾਂ ਨੂੰ ਦਿਤਾ ਜਾਂਦਾ ਹੈ।
ਦੇਸ਼ ਦੀ ਗ੍ਰਹਿ, ਵਿਦੇਸ਼, ਵਿੱਤੀ, ਵਿਕਾਸ ਨੀਤੀਆਂ ਨੂੰ ਫੌਜੀ ਦਖਲ ਪ੍ਰਭਾਵਿਤ ਕਰਦਾ ਹੈ। ਵਿਦੇਸ਼ ਅਤੇ ਰਖਿਆ ਨੀਤੀ ਸਿੱਧੇ ਤੌਰ 'ਤੇ ਫੌਜ ਤਹਿ ਕਰਦੀ ਹੈ। ਪਾਕਿਸਤਾਨ ਫੌਜ ਮੁੱਖੀ ਜਨਰਲ ਕੁਮਰ ਜਾਵੇਦ ਬਾਜਵਾ ਅਫਗਾਨਿਸਤਾਨ ਅੰਦਰ ਦੌਰੇ ਕਰਕੇ ਉਸ ਨਾਲ ਰਖਿਆ, ਮਿਤੱਰਤਾ ਅਤੇ ਮੇਲਜੋਲ ਸਬੰਧਾ ਨੂੰ ਤਹਿ ਕਰ ਆਇਆ ਹੈ। ਭਾਰਤ ਨਾਲ ਵੀ ਕਸ਼ਮੀਰ ਸਮੇਤ ਹੋਰ ਦੁਵਲੇ ਮਸਲੇ ਉਹ ਹੱਲ ਕਰਨ ਦੇ ਸੰਕੇਤ ਦੇ ਚੁੱਕਾ ਹੈ। ਸੁਪਰ ਰਾਜ ਦੇ ਮੁੱਖੀ ਵਜੋਂ ਉਸਦਾ ਆਪਣਾ ਏਜੰਡਾ ਅਤੇ ਰਣਨੀਤੀ ਹੈ ਜੋ ਉਸ ਨੇ ਆਪਣੇ ਵਲੋਂ ਲਿਖੇ ਲੇਖ ਵਿਚ ਦਰਸਾਏ ਹਨ।
ਅਜਿਹੇ ਹਲਾਤਾਂ ਵਿਚ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇਮਰਾਨ ਖਾਨ ਨੇ ਕੌਮ ਨੂੰ ਸੰਬੋਧਨ ਕਰਦਿਆਂ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਦੇ ਸੁਪਨਿਆਂ ਤੇ ਅਧਾਰ 'ਨਯਾ ਪਾਕਿਸਤਾਨ' ਤਾਮੀਰ ਕਰਨ, ਇੱਕ ਅਲੋਕਾਰ ਕਿਸਮ ਦਾ ਸਾਸ਼ਨ ਦੇਣ, ਵਿਦੇਸ਼ ਨੀਤੀ ਸਬੰਧੀ ਸ਼ੇਖਚਿੱਲੀ ਦਾਅਵੇ ਕਰਨ, ਵੱਡੀਆਂ ਤਾਕਤਾਂ ਅਤੇ ਗਵਾਂਢੀਆਂ ਨਾਲ ਵਧੀਆ ਅਤੇ ਸਹਿਯੋਗ ਭਰੇ ਸਬੰਧ ਬਣਾਉਣ, ਸ਼ੀਆ ਈਰਾਨ ਅਤੇ ਸੁੰਨੀ ਸਾਉਦੀ ਅਰਬ ਦਾ ਮਿਲਾਪ ਕਰਾਉਣ, ਚੀਨ ਵਾਂਗ ਦੇਸ਼ ਵਿਚੋਂ ਭ੍ਰਿਸ਼ਾਟਾਚਾਰ ਖਤਮ ਕਰਨ, ਭਾਰਤ ਅਤੇ ਅਫਗਾਨਿਸਤਾਨ ਨਾਲ ਸਬੰਧ ਸੁਧਾਰਨ, ਗਰੀਬਾਂ ਨੂੰ ਖਾਣਾ ਦੇਣ, ਗਰੀਬ ਕਿਸਾਨਾਂ ਨੂੰ ਨਕਦ ਧੰਨ ਦੇਣ, ਅਮੀਰਾਂ ਨੂੰ ਟੈਕਸ ਦੇਣ ਲਈ ਮਜਬੂਰ ਕਰਨ, ਅਤਿਵਾਦ ਨੂੰ ਠੱਲ ਪਾਉਣ, ਘੱਟ ਗਿਣਤੀਆਂ ਨੂੰ ਖੁਸ਼, ਅਬਾਦ ਕਰਨ ਅਤੇ ਸੁਰਖਿਆ ਪ੍ਰਦਾਨ ਕਰਨ ਦੇ ਦਾਅਵੇ ਕੀਤੇ। ਨੌਜਵਾਨਾਂ ਨੂੰ 5 ਸਾਲਾ ਵਿਚ ਇੱਕ ਕਰੋੜ ਨੌਕਰੀਆਂ ਦੇਣ ਦਾ ਲਾਰਾ ਲਾਇਆ।
ਜੁਲਫਕਾਰ ਅਲੀ ਭੁਟੋ ਜਿਸਨੇ 1967 ਵਿਚ ਪੀ.ਪੀ.ਪੀ ਗਠਤ ਕੀਤੀ। ਜਨਰਲ ਯਾਹੀਆ ਖਾਨ ਵੇਲੇ ਰਾਜਨੀਤਕ ਸ਼ੁਹਰਤ ਹਾਸਿਲ ਕੀਤੀ। ਉਸ ਨੇ ਵੀ ਨਵਾਂ ਪਾਕਿਸਤਾਨ ਬਣਾਉਣ ਦੇ ਦਾਅਵੇ ਕੀਤੇ ਸਨ। ਲੋਕਤੰਤਰ ਬਹਾਲੀ ਦਾ ਵਾਅਦਾ ਕੀਤਾ ਸੀ। ਆਪ ਵਿਸਕੀ ਪੀਣ ਦਾ ਆਦੀ ਸੀ ਅਤੇ ਲੋਕਾਂ ਤੇ ਸ਼ਰਾਬ ਬੰਦੀ ਨਾਫਜ਼ ਕੀਤੀ ਸੀ। ਫੌਜ ਨੇ ਕੋਹ-ਕੋਹ ਫਾਂਸੀ ਦਿਤਾ। ਉਸ ਦੀ ਧੀ ਬੇਗਮ ਬੇਨਜੀਰ ਭੁਟੋ ਮਾਰ ਮੁਕਾਈ। ਨਵਾਜ ਸਰੀਫ ਜੋ ਜਨਰਲ ਜਿਆ-ਉੱਲ-ਹੱਕ ਦਾ ਪਾਲਤੂ ਸੀ ਵੀ ਕਦੇ ਇਮਰਾਨ ਖਾਨ ਵਾਂਗ ਦਾਅਵੇ ਕਰਦਾ ਸੀ, ਫੌਜ ਨੇ ਉਸ ਨਾਲ ਵੀ ਜੱਗੋਂ ਤੇਰਵੀਂ ਕੀਤੀ। ਇਮਰਾਨ ਖਾਨ ਤਾਂ ਉੰਨਾਂ ਜਿੰਨਾਂ ਨਾ ਤਾਕਤਵਰ ਹੈ, ਨਾ ਲੋਕ ਪ੍ਰਿਆ। ਵੇਖੋ ਫੌਜ ਦੀ ਘੂਰੀ ਕਰਕੇ ਭਾਰਤੀ ਕ੍ਰਿਕਟਰਾਂ ਨੂੰ ਸਹੁੰ ਚੁੱਕ ਸਮਾਗਮ ਲਈ ਦਿਤਾ ਸੱਦਾ ਵਾਪਸ ਲੈਣਾ ਪਿਆ।
ਇਮਰਾਨ ਖਾਨ ਦਾ ਪਿਛੋਕੜ ਅਤੇ ਬਿਆਨਜਾਬੀ ਆਪਾ ਵਿਰੋਧੀ ਹੈ। ਆਕਸਫੋਰਡ ਵਿਚ ਪੜ੍ਹੇ ਇਸ ਵਿਅਕਤੀ ਨੇ ਜਦੋਂ ਆਪਣੀ ਕਪਤਾਨੀ ਹੇਠ ਸੰਨ 1992 ਵਿਚ ਵਿਸ਼ਵ ਕੱਪ ਜਿਤਿਆ ਤਾਂ ਇਹ ਆਪਣੇ ਭਾਸ਼ਣ ਵਿਚ ਸਾਥੀ ਕ੍ਰਿਕਟਰਾਂ ਨੂੰ ਭੁੱਲ ਗਿਆ। ਉਹ ਮੂਲਵਾਦੀਆਂ, ਤਾਲਿਬਾਨੀਆਂ ਦਾ ਹਾਮੀ ਹੈ। ਪੈਗੰਬਰ ਮੁਹੰਮਦ ਵਿਰੁੱਧ ਬੋਲਣ ਵਾਲੇ ਲਈ ਮੌਤ ਦੀ ਸਜਾ ਦਾ ਹਾਮੀ ਹੈ। ਬਹੁ ਵਿਆਹ ਕਰਾਉਣ ਵਾਲਾ ਔਰਤ ਦੀ ਬਰਾਬਰੀ ਅਤੇ ਅਜਾਦੀ ਵਿਰੋਧੀ ਹੈ। ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮੁਸਲਮਾਨ ਵਿਰੋਧੀ ਕਹਿ ਚੁੱਕਾ ਹੈ। ਯੂਨੀਵਰਸਿਟੀ ਆਫ ਜਹਾਦ ਨੂੰ ਆਪਣੀ ਪਾਰਟੀ ਦੀ ਪਖਤੂਨਵਾ ਸਰਕਾਰ ਵਲੋਂ ਵਿੱਤੀ ਸਹਾਇਤਾ ਦੇ ਚੁੱਕਾ ਹੈ। ਫੌਜ ਤੇ ਤਾਲਿਬਾਨਾ ਨੇੜੇ ਹੋਣ ਕਰਕੇ ਲੋਕ ਉਸ ਨੂੰ 'ਤਾਲਿਬਾਨ ਖਾਨ' ਵੀ ਕਹਿੰਦੇ ਹਨ। ਅਮਰੀਕੀ ਡਰੋਨ ਤਬਾਹ ਕਰਨ ਅਤੇ ਨਾਟੋ ਸਪਲਾਈ ਬੰਦੀ ਦੇ ਦਮਗਜੇ ਮਾਰਦਾ ਰਿਹਾ ਹੈ। ਡੋਨਾਲਡ ਟਰੰਪ ਅਮਰੀਕੀ ਪ੍ਰਧਾਨ ਨੇ ਜਦੋਂ ਕਿਹਾ ਕਿ ਪਾਕਿਸਤਾਨ ਝੂਠ ਬੋਲਦਾ ਅਤੇ ਧੋਖਾ ਦਿੰਦਾ ਹੈ ਤਾਂ ਇਸ ਨੇ ਉਸ ਨੂੰ 'ਬੇਸਮਝ ਅਤੇ ਅਹਿਸਾਨ ਫਰਾਮੋਸ਼' ਕਿਹਾ ਸੀ। ਵਿਸ਼ਲੇਸ਼ਕ ਮੰਨਦੇ ਹਨ ਕਿ ਇਸ ਸਾਸ਼ਨ ਅਧੀਨ ਭਾਰਤੀ ਕਸ਼ਮੀਰ ਵਿਚ ਅਤਿਵਾਦੀ ਘੁਸਪੈਠ ਅਤੇ ਹਿਸਾ ਵੱਧ ਸਕਦੀ ਹੈ। ਅਫਗਾਨਿਸਤਾਨ ਅੰਦਰ ਸ਼ਾਂਤੀ ਲਈ ਉਹ ਅਮਰੀਕਾ ਨਾਲੋਂ ਸਬੰਧ ਤੋੜ ਕੇ ਚੀਨ, ਰੂਸ, ਈਰਾਨ ਨਾਲ ਗੂੜੇ, ਸਬੰਧ ਬਣਾਉਣ ਦੀ ਗੱਲ ਕਰਦਾ ਰਿਹਾ ਹੈ। ਕੀ ਉਸ ਨੂੰ ਪਤਾ ਕਿ ਚੀਨ ਕਿਵੇਂ ਆਪਣੇ ਵਿਰੋਧੀਆਂ ਨਾਲ ਵੀ ਵਪਾਰਕ ਸਬੰਧ ਮਜਬੂਤ ਬਣਾਉਣ ਦਾ ਮਾਹਿਰ ਹੈ। ਦਰਅਸਲ ਇਹ ਆਗੂ ਪਾਕਿਸਤਾਨ ਬਾਰੇ ਸਹੀ ਗਿਆਨ ਨਹੀਂ ਰਖਦਾ। ਜਿੰਨਾਂ ਚਿਰ ਉਹ ਫੌਜ ਦੇ ਇਸ਼ਾਰਿਆਂ ਤੇ ਨੱਚੇਗਾ, ਸੱਤਾ ਚ ਬਣਿਆ ਰਹੇਗਾ। ਦੂਸਰੇ ਪਾਕਿਸਤਾਨ ਦੀਆਂ ਸਮਸਿਆਵਾ ਏਨੀਆਂ ਪੇਚੀਦਾ ਹਨ ਕਿ ਅੱਲ੍ਹਾ ਆਪ ਵੀ ਸਵਰਗ ਵਿਚੋਂ ਉੱਤਰ ਕੇ ਇੰਨਾਂ ਨੂੰ ਹੱਲ ਕਰਨਾ ਚਾਹੇ ਤਾਂ ਹੱਥ ਖੜ੍ਹੇ ਕਰ ਜਾਵੇਗਾ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
kahlondarbarasingh@gmail.com
416-887-2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.