ਦੋ ਕੁ ਸਾਲ ਪਹਿਲਾਂ ਮੈਨੂੰ ਕਿਸੇ ਸੰਗੀਤ ਪਾਰਖੂ ਨੇ ਇੱਕ ਗੀਤ ਘੱਲਿਆ
ਬੁੱਲੀਆਂ ਨੂੰ ਲਾ ਲਏ
ਤਾਲੇ ਵੇ ਢੋਲਣਾ
ਅੱਖੀਆਂ ਦਾ ਕਰੀਏ ਕੀਹ।
ਸੁਣਨ ਸਾਰ ਕੀਲਿਆ ਗਿਆ। ਪੂਰੇ ਵਿਸ਼ਵ ਚ ਵੱਸਦੇ ਸਨੇਹੀਆਂ ਸੱਜਣਾਂ ਨੂੰ ਵਟਸਐਪ ਰਾਹੀਂ ਇਹ ਗੀਤ ਵੰਡਿਆ।
ਬੜੇ ਸੱਜਣਾਂ ਨੇ ਪੁੱਛਿਆ ਕਿ ਇਹ ਸੁਰੀਲੀ ਗਾਇਕ ਬੱਚੀ ਕੌਣ ਹੈ?
ਮੇਰੇ ਗਿਆਨ ਧਿਆਨ ਚ ਨਹੀਂ ਸੀ, ਇਸ ਲਈ ਮੈਂ ਚੁੱਪ ਰਿਹਾ।
ਜਦ ਕਦੇ ਰੂਹ ਚੰਗਾ ਸੰਗੀਤ ਸੁਣਨ ਨੂੰ ਤਰਸਦੀ ਤਾਂ ਇਹ ਬੋਲ ਫੋਨ ਚੋਂ ਸੁਣ ਲੈਂਦਾ। ਮਨ ਚ ਕੰਡਾ ਰੜਕਦਾ ਰਿਹਾ ਕਿ ਕਿ ਪਤਾ ਕਰਾਂ ਇਹ ਕੌਣ ਹੈ?
ਕਿਧਰੇ ਦੱਸਾਂ ਨਾ ਪਈਆਂ।
ਅੱਜ ਦੁਪਹਿਰੇ ਅਚਨਚੇਤ ਇੱਕ ਫੋਨ ਆਇਆ। ਨੰਬਰ ਓਪਰਾ ਸੀ।
ਚੁੱਕਿਆ ਤਾਂ ਸੱਜਣ ਬੋਲਿਆ
ਮੈਂ ਪੰਜਾਬ ਸਿੰਘ ਬੋਲਦਾਂ।
ਮਨ ਚ ਆਇਆ ਕੋਈ ਆਵਾਜ਼ ਬਦਲ ਕੇ ਮਖੌਲ ਕਰਨ ਦੇ ਮੂਡ ਚ ਹੈ।
ਮੇਰਾ ਰੌਂਅ ਜਾਣ ਕੇ ਉਹ ਫਿਰ ਬੋਲਿਆ
ਪੰਜਾਬ ਸਿੰਘ ਕਾਹਲੋਂ ਬੋਲਦਾਂ ਜੀ ਗੀਤਕਾਰ। ਕਦੇ ਕਦੇ ਲੇਖ ਵੀ ਲਿਖਦਾਂ ਪੰਜਾਬੀ ਅਖ਼ਬਾਰਾਂ ਚ।
ਮੈਂ ਪੁੱਛਿਆ, ਵੀਰ ਕਿੱਥੇ ਰਹਿੰਦੈਂ?
ਉਸ ਯੂ ਪੀ ਦਾ ਜ਼ਿਲ੍ਹਾ ਸ਼ਾਹ ਜਹਾਂਪੁਰ ਦੱਸਿਆ।
ਪਿੱਛਾ ਪੁੱਛਿਆ ਤਾਂ ਪਟਿਆਲਾ ਜ਼ਿਲ੍ਹੇ ਦਾ ਪਿੰਡ ਹਰਿਆਉ ਖ਼ੁਰਦ ਦੱਸਿਆ ਉਸ।
ਪਰ ਕਾਹਲੋਂ ਤਾਂ ਗੁਰਦਾਸਪੁਰੀਆ ਹੋਣਾ ਚਾਹੀਦੈ।
ਹੋਰ ਫੋਲਿਆ ਤਾਂ ਬਟਾਲੇ ਤਸੀਲ ਦੇ ਪਿੰਡ ਭਾਗੋਵਾਲ ਦਾ ਨਿਕਲਿਆ।
ਪਰ ਗੱਲ ਤਾਂ ਗੀਤ ਤੋਂ ਤੁਰੀ ਸੀ।
ਉਸ ਦੱਸਿਆ ਕਿ ਮੈਂ ਗੀਤ ਲਿਖਦਾਂ, ਮੇਰੇ ਕੁਝ ਗੀਤ ਫ਼ਿਲਮਾਂ ਵਾਲੇ ਵੀ ਵਰਤ ਰਹੇ ਨੇ।
ਪਰ ਹੁਣ ਮੈਂ ਦੂਰਦਰਸ਼ਨ ਜਲੰਧਰ ਦੇ ਪ੍ਰੋਗ੍ਰਾਮ ਸੁਰ ਸਿਰਤਾਜ ਸੀਜ਼ਨ 4 ਦੀ ਜੇਤੂ ਬੇਅੰਤ ਕੌਰ ਨੂੰ ਰੀਕਾਰਡ ਕਰਨ ਵਾਲੀ ਕਿਸੇ ਕੰਪਨੀ ਨਾਲ ਗੱਲਬਾਤ ਕਰਨ ਆਇਆ ਹਾਂ।
ਉਸਨੇ ਬੇਅੰਤ ਕੌਰ ਦੇ ਕੁਝ ਗੀਤ ਯੂ ਟਿਊਬ ਤੋਂ ਸੁਣਨ ਦੀ ਤਾਕੀਦ ਕੀਤੀ।
ਸੁਣ ਕੇ ਪਤਾ ਲੱਗਾ ਕਿ ਇਹ ਤਾਂ ਓਹੀ ਕੁੜੀ ਹੈ ਜਿਸ ਦੀ ਸੁਰੀਲੀ ਆਵਾਜ਼ ਨੇ ਮੈਨੂੰ ਕੀਲਿਆ ਸੀ।
ਕੁਝ ਸਮੇਂ ਬਾਦ ਮੈਂ ਬੇਅੰਤ ਨੂੰ ਇਹ ਗੱਲ ਦੱਸੀ ਤੇ
ਬੁੱਲੀਆਂ ਨੂੰ ਲਾ ਲਏ ਤਾਲੇ ਪੂਰਾ ਗੀਤ ਫੋਨ ਤੇ ਸੁਣਿਆ।
ਪੰਜਾਬ ਸਿੰਘ ਨੇ ਦੱਸਿਆ ਕਿ ਬੇਅੰਤ ਵੀ ਸ਼ਾਹ ਜਹਾਂਪੁਰ ਤੋਂ ਹੈ ।
ਗੋਦੜੀ ਦਾ ਲਾਲ ਹੈ ਇਹ ਬੇਟੀ।
ਲਿੱਸੀ ਆਰਥਿਕਤਾ ਵਿਕਾਸ ਦੇ ਰਾਹ ਚ ਵੱਡਾ ਪੱਥਰ ਹੈ।
ਪੀ ਟੀ ਸੀ ਦੇ ਉੱਚ ਅਧਿਕਾਰੀ ਪਿਆਰੇ ਵੀਰ ਮੁਕੇਸ਼ ਗੌਤਮ ਨੂੰ ਇਸ ਬੇਟੀ ਦੇ ਸਿਰ ਤੇ ਮਿਹਰਵੰਤਾ ਹੱਥ ਰੱਖਣ ਲਈ ਕਿਹਾ ਹੈ।
ਕੋਈ ਕੰਪਨੀ ਵੀ ਇਸ ਬੇਟੀ ਨੂੰ ਰੀਕਾਰਡ ਕਰਕੇ ਟੇਲੈਂਟ ਸੰਭਾਲ ਸਕਦੀ ਹੈ।
ਸੰਗੀਤ ਵਿੱਚ ਐੱਮ ਏ ਕਰ ਚੁਕੀ ਬੇਅੰਤ ਦੀ ਆਵਾਜ਼ ਵਿੱਚ ਕੰਵਾਰਾਪਨ ਬੋਲਦਾ ਹੈ ਜੋ ਇਸ ਦੀ ਸ਼ਕਤੀ ਬਣ ਸਕਦਾ ਹੈ।
ਪੰਜਾਬ ਸਿੰਘ ਕਾਹਲੋਂ ਦਾ ਸੰਪਰਕ ਨੰਬਰ
+91 98399 15778 ਹੈ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.