ਖ਼ਬਰ ਹੈ ਕਿ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਅਹਿਮ ਮੁੱਦਿਆਂ ਨੂੰ ਲੈਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿਲੀ 'ਚ ਮੁਲਾਕਾਤ ਕੀਤੀ। ਉਹਨਾ ਨੇ ਮੋਦੀ ਕੋਲ ਐਸ ਵਾਈ ਐਲ ਦਾ ਮੁੱਦਾ ਇਹ ਕਹਿਕੇ ਉਠਾਇਆ ਕਿ ਪੰਜਾਬ ਕੋਲ ਪਹਿਲਾਂ ਹੀ ਪਾਣੀ ਦੀ ਘਾਟ ਹੈ ਅਤੇ ਸੂਬੇ ਕੋਲ ਹਰਿਆਣਾ ਨੂੰ ਦੇਣ ਲਈ ਇੱਕ ਵੀ ਬੂੰਦ ਨਹੀਂ ਹੈ। ਧਿਆਨ ਰਹੇ 5 ਸਤੰਬਰ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਸੁਪਰੀਮ ਕੋਰਟ 'ਚ ਸੁਣਵਾਈ ਹੈ। ਉਹਨਾ ਕਿਹਾ ਕਿ ਪਾਣੀਆਂ ਦੇ ਮੁੱਦੇ ਉਤੇ ਪੰਜਾਬ 'ਚ ਹਾਲਾਤ ਗੰਭੀਰ ਬਣ ਸਕਦੇ ਹਨ ਅਤੇ ਅਮਨ ਕਾਨੂੰਨ ਦੀ ਸਥਿਤੀ ਗੜਬੜਾ ਸਕਦੀ ਹੈ, ਇਸ ਲਈ ਕੇਂਦਰ ਸਰਕਾਰ ਨੂੰ ਇਸ ਸਬੰਧੀ ਪੰਜਾਬ ਦੇ ਹੱਕ 'ਚ ਫੈਸਲਾ ਲੈਣਾ ਚਾਹੀਦਾ ਹੈ। ਮੁੱਖਮੰਤਰੀ ਨੇ ਪੰਜਾਬ ਸਿਰ ਚੜ੍ਹੇ ਵੱਡੇ ਕਰਜ਼ੇ ਤੋਂ ਬਿਨ੍ਹਾਂ ਪਾਕਿਸਤਾਨ ਸਰਕਾਰ ਨਾਲ ਕਰਤਾਰਪੁਰ ਸਾਹਿਬ ਲਈ ਲਾਂਘੇ ਦਾ ਮੁੱਦੇ ਉਤੇ ਗੱਲਬਾਤ ਕਰਨ 'ਤੇ ਜ਼ੋਰ ਦਿੱਤਾ।
ਪੰਜਾਬ ਨਸ਼ੇ 'ਚ ਗ੍ਰਸਿਆ ਪਿਆ ਆ। ਪੰਜਾਬ ਕਰਜ਼ੇ 'ਚ ਧੱਸਿਆ ਪਿਆ ਆ। ਪੰਜਾਬ ਦਾ ਧਰਤੀ ਹੇਠਲਾ ਪਾਣੀ, ਪਤਾਲੋਂ ਕੱਢ ਕੱਢ ਝੋਨੇ ਦੀ ਭੇਂਟ ਚੜਾਇਆ ਜਾ ਚੁੱਕਾ ਆ। ਪੰਜਾਬ ਦੀ ਜੁਆਨੀ "ਪਿਆਰੈ ਪੰਜਾਬੋਂ" ਉਦਾਸ ਹੋਕੇ ਵਿਦੇਸ਼ੀ ਫੇਰੀਆਂ ਦੇ ਰਾਹ ਪਈ ਘਰ-ਬਾਰ ਉਜਾੜ ਰਹੀ ਆ। ਪੰਜਾਬ ਦੀ ਕਿਸਾਨੀ ਪੋਟੇ ਪੋਟੇ ਦੀ ਕਰਜ਼ਾਈ ਹੋ, ਦਰਖਤਾਂ ਨਾਲ ਲਟਕ ਰਹੀ ਆ, ਕੀੜੇ ਮਾਰ ਦੁਆਈਆਂ ਦੇ ਫੱਕੇ ਮਾਰ ਰਹੀ ਆ ਤੇ ਪੰਜਾਬ ਦਾ ਨੇਤਾ ਚਾਰ ਟੰਗੀ ਕੁਰਸੀ ਨਾਲ ਚੁਬੰੜਿਆ, ਲੋਕਾਂ ਦੇ ਦਰਦ, ਦੁੱਖਾਂ, ਮੁਸੀਬਤਾਂ ਨੂੰ ਭੁਲਾ ਬਸ "ਬੰਸਰੀ ਵਜਾ ਰਿਹਾ ਆ" ਆਪਣੇ "ਰਾਗ ਅਲਾਪ ਰਿਹਾ ਆ"।
ਉਂਝ ਕਦੇ-ਕਦੇ ਭਾਈ ਕਥਿਤ ਪੰਜਾਬ ਹਿਤੈਸ਼ੀਆਂ ਨੂੰ ਪੰਜਾਬ ਦਾ ਹੇਜ ਜਾਗਦਾ ਆ। ਉਹ ਪੰਜਾਬ ਦੀ ਪੀੜਾ ਉਹਨਾ ਲੋਕਾਂ ਸਾਹਮਣੇ ਲਿਆਉਣ ਲਈ ਝੋਲਾ ਚੁੱਕ ਦਿੱਲੀ ਵੱਲ ਫੇਰੀ ਪਾਉਣ ਹੋ ਤੁਰਦੇ ਆ, ਜਿਹਨਾ ਲਈ ਪੰਜਾਬ, ਪੰਜਾਂ ਦਰਿਆਵਾਂ ਦੀ ਧਰਤੀ ਨਹੀਂ, ਇੱਕ ਇਹੋ ਜਿਹੀ ਵਰਤਣ ਵਾਲੀ ਵਸਤੂ ਆ, ਜੀਹਨੂੰ ਸਰਹੱਦਾਂ ਤੇ ਝੋਕਿਆ ਜਾ ਸਕਦਾ ਹੈ, ਜਿਸਦੇ ਜੁਸਿੱਆਂ ਨੂੰ ਤੋਪਾਂ ਸਾਹਵੇਂ ਡਾਹਿਆ ਜਾ ਸਕਦਾ ਆ। ਉਹਨਾ ਦੀ ਬਹਾਦਰੀ ਦੇ ਗੁਣ ਗਾਕੇ ਉਹਨਾ ਨੂੰ ਭਰਮਾਇਆ ਜਾ ਸਕਦਾ ਆ। ਪੰਜਾਬ ਹਿਤੈਸ਼ੀਓ ਰਤਾ ਕੁ ਸਾਵਧਾਨ ਜਿਹਨਾ ਕੋਲ ਲੋਕਾਂ ਦੀ ਪੀੜ ਦੱਸਣ ਲੱਗੇ ਹੋ, ਜਿਹਨਾ ਕੋਲ ਲੋਕਾਂ ਦੇ ਮੁੱਦੇ ਦਰਸਾਉਣ ਲੱਗੇ ਹੋ, ਰਤਾ ਦੇਖਿਓ ਤਾਂ ਸਹੀ, "ਮਿੱਠੀਆਂ ਮਿੱਠੀਆਂ ਜੋ ਮਾਰਦੈ ਨਾਲ ਤੇਰੇ, ਉਹਦੀ ਨੀਤ ਸਮਝੀ ਉਹਦੀ ਚਾਲ ਸਮਝੀ" ਕਿਧਰੇ ਉਹਨਾ ਦੇ ਸ਼ਿਕੰਜੇ 'ਚ ਆਕੇ, ਆਹ ਜਿਹੜੇ ਸਿਆੜ ਲੋਕਾਂ ਦੇ ਆਪਣੇ ਆਂ, ਉਹ ਵੀ ਗਿਰਵੀ ਨਾ ਕਰ ਆਇਓ।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.