ਅਨੁਵਾਦ:- ਗੁਰਮੀਤ ਪਲਾਹੀ
ਮੂਲ ਲੇਖਕ:- ਯਾਦਵੇਂਦਰ (ਪ੍ਰਸਿੱਧ ਸਾਹਿੱਤਕਾਰ)
ਕੁਝ ਸਮਾਂ ਪਹਿਲਾਂ ਜਦੋਂ ਇਹ ਪਤਾ ਲੱਗਾ ਕਿ ਪ੍ਰਗਤੀਸ਼ੀਲ ਪਰੰਪਰਾ ਅਤੇ ਸੰਘਰਸ਼ਾਂ ਦੇ ਝੰਡਾ ਬਰਦਾਰ ਸੂਬੇ ਕੇਰਲਾ ਵਿੱਚ ਔਰਤ ਕਾਮਿਆਂ ਵਲੋਂ ਬੈਠਣ ਦੇ ਹੱਕ ਦੀ ਲੜਾਈ ਲੜੀ ਜਾ ਰਹੀ ਹੈ ਤਾਂ ਯਕੀਨ ਹੀ ਨਹੀਂ ਆਇਆ। ਕੀ ਬੈਠਕੇ ਕੰਮ ਕਰਨ ਲਈ ਵੀ ਲੜਾਈ ਲੜਨ ਦੀ ਲੋੜ ਹੈ? ਪਰ ਪਤਾ ਲੱਗਾ ਕਿ ਪੂਰੀ ਦੁਨੀਆਂ ਵਿੱਚ ਲਗਭਗ ਤਿੰਨ ਚੌਥਾਈ ਕਾਮੇ ਲਗਾਤਾਰ ਘੰਟਿਆਂ ਬੱਧੀ ਖੜੇ ਹੋ ਕੇ ਕੰਮ ਕਰਦੇ ਹਨ। ਲਗਭਗ ਦੋ ਸਾਲ ਪਹਿਲਾਂ ਮੁੰਬਈ ਵਿੱਚ ਦਸ ਗਿਆਰਾਂ ਘੰਟੇ ਤੱਕ ਸਟੋਰ ਵਿੱਚ ਖੜੇ-ਖੜੇ ਕੰਮ ਕਰਨ ਵਾਲੀ ਇੱਕ ਲੜਕੀ ਦੇ ਤੰਗ ਆਕੇ ਖੁਦਕੁਸ਼ੀ ਕਰ ਲੈਣ ਦੀ ਖਬਰ ਛਾਪੀ ਸੀ। ਦਰਅਸਲ ਦੇਰ ਤੱਕ ਖੜੇ ਰਹਿਣ ਦੇ ਕਾਰਨ ਉਸਦੀ ਸਿਹਤ ਵਿਗੜਦੀ ਜਾ ਰਹੀ ਸੀ। ਮੁੰਬਈ ਦੇ ਇੱਕ ਵੱਡੇ ਸਰਕਾਰੀ ਹਸਪਤਾਲ ਦੇ ਹੱਡੀਆਂ ਦੇ ਮਾਹਿਰ ਦਾ ਬਿਆਨ ਵੀ ਅਖਬਾਰ ਵਿੱਚ ਛਪਿਆ ਕਿ ਉਸਦੇ ਕੋਲ ਵੱਡੀ ਗਿਣਤੀ 'ਚ ਕਾਮੇ ਪਿੱਠ ਦਰਦ, ਪੈਰਾਂ ਦੀ ਸੋਜ਼ਸ਼, ਬੇਰੀਕੋਨ ਬੇਨ ਆਦਿ ਦੀ ਸ਼ਿਕਾਇਤ ਲੈਕੇ ਆਉਂਦੇ ਹਨ। ਉਹ ਸਾਰੇ ਕਾਮਿਆਂ ਨੂੰ ਕਈ ਘੰਟੇ ਖੜੇ ਹੋਕੇ ਕੰਮ ਕਰਨਾ ਪੈਦਾ ਹੈ। ਇਹ ਲੜਾਈ ਕੇਵਲ ਕੇਰਲ ਵਿੱਚ ਹੀ ਨਹੀਂ ਕਈ ਹੋਰ ਦੇਸ਼ਾਂ ਵਿੱਚ ਵੀ ਲੜੀ ਜਾ ਰਹੀ ਹੈ। ਫਿਲਪਾਈਨ ਸਰਕਾਰ ਨੇ ਇਹੋ ਜਿਹੀ ਮੰਗ ਦੇ ਬਾਅਦ ਨਵਾਂ ਕਿਰਤ ਕਾਨੂੰਨ ਬਣਾਕੇ ਇਹ ਯਕੀਨੀ ਬਣਾਇਆ ਕਿ ਹਰ ਕਰਮਚਾਰੀ ਨੂੰ ਦੋ ਘੰਟੇ ਖੜੇ ਹੋਕੇ ਕੰਮ ਕਰਨ ਤੋਂ ਬਾਅਦ ਪੰਜ ਮਿੰਟ ਆਰਾਮ ਕਰਨ ਦੀ ਛੁੱਟੀ ਮਿਲੇ।
ਅਮਰੀਕਾ ਦੇ ਸੂਬੇ ਕੈਲੇਫੋਰਨੀਆਂ ਵਿੱਚ ਹੁਣੇ ਜਿਹੇ ਹੀ ਬੈਂਕਾਂ ਅਤੇ ਦਵਾਈਆਂ ਦੀ ਦੁਕਾਨਾਂ 'ਤੇ ਲੰਮੇ ਸਮੇਂ ਤੱਕ ਖੜੇ ਹੋਕੇ ਕੰਮ ਕਰਨ ਕਾਰਨ ਡਿਗਣ ਵਾਲੇ ਅਨੇਕਾਂ ਕਾਮਿਆਂ ਨੇ ਮਾਲਕਾਂ ਤੇ ਹਰਜਾਨੇ ਦੇ ਮੁੱਕਦਮੇ ਦਰਜ਼ ਕਰਵਾਏ। ਅਦਾਲਤ ਦਾ ਫੈਸਲਾ ਇਤਹਾਸਿਕ ਸੀ ਜਿਸ ਵਿੱਚ ਮਾਲਕਾਂ ਨੂੰ ਖੜੇ ਹੋਕੇ ਕੰਮ ਕਰਨ ਵਾਲਾ ਮਾਹੌਲ ਥੱਪਣ ਤੋਂ ਮਨ੍ਹਾਂ ਕੀਤਾ ਗਿਆ ਅਤੇ ਕੰਮ ਦੀ ਥਾਂ ਉਥੇ ਬੈਠਣ ਦਾ ਪ੍ਰਬੰਧ ਕਰਨ, ਰੱਖਣ ਦੀਆਂ ਭਰਪੂਰ ਸੰਭਾਵਨਾਵਾਂ ਪੈਦਾ ਕਰਨ ਲਈ ਕਿਹਾ ਗਿਆ। ਜਦ ਇੱਕ ਇਨਸਾਨ ਲੰਮੇ ਸਮੇਂ ਤੱਕ ਖੜੇ ਹੋਕੇ ਪੂਰੀ ਲਗਨ ਨਾਲ ਕੰਮ ਕਰਦਾ ਹੈ, ਤਾਂ ਉਸਨੂੰ ਬੈਠਣ ਤੋਂ ਰੋਕਣ ਦਾ ਕੋਈ ਸਿਧਾਤਕ ਅਤੇ ਨੈਤਿਕ ਹੱਕ ਨਹੀਂ ਹੈ- ਇਹ ਹੁਕਮ ਜਸਟਿਸ ਕੈਰੋਲ ਕਾਰਗਿਨ ਨੇ ਦਿੱਤਾ।
1960 ਵਿੱਚ ਬਣੇ ਕੇਰਲਾ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ ਵਿੱਚ ਕੇਰਲ ਸਰਕਾਰ ਨੇ ਸੋਧ ਕੀਤੀ ਹੈ, ਜਿਸ ਵਿੱਚ ਕਾਮਿਆਂ ਦੇ ਕੰਮ ਦੇ ਘੰਟਿਆਂ ਦੌਰਾਨ ਬੈਠਣ ਅਤੇ ਦੋ ਵੇਰ ਟਾਇਲਟ ਆਦਿ ਜਾਣ ਦਾ ਹੱਕ ਪ੍ਰਦਾਨ ਕੀਤਾ ਜਾਵੇਗਾ। 2010 ਵਿੱਚ ਕੋਝੀਕੋਡ ਦੀਆਂ ਔਰਤ ਕਾਮਿਆਂ ਨੇ, ਇਸ ਵਿੱਚ ਬਹੁਤੀਆਂ ਕੱਪੜੇ ਅਤੇ ਗਹਿਣਿਆਂ ਦੀਆਂ ਦੁਕਾਨਾਂ ਵਿੱਚ ਵਿਕਰੀ ਦਾ ਕੰਮ ਕਰਨ ਵਾਲੀਆਂ ਅਤੇ ਸਫਾਈ ਮਜ਼ਦੂਰ ਸਨ, ਸੰਘਰਸ਼ ਦੀ ਜੋ ਮਿਸ਼ਾਲ ਜਲਾਈ ਇਹ ਸੋਧ ਕਾਨੂੰਨ ਉਹਨਾ ਵਲੋਂ ਕੀਤੇ ਸੰਘਰਸ਼ ਦਾ ਸਿੱਟਾ ਹੈ। ਇਸ ਮੰਗ ਨੂੰ ਪੂਰਿਆਂ ਕਰਨ ਲਈ ਜੋਰ ਦੇਣ ਲਈ 2014 ਵਿੱਚ ਤ੍ਰਿਸ਼ੂਰ ਦੀ ਇੱਕ ਵੱਡੀ ਦੁਕਾਨ ਕਲਿਆਚ ਸਾੜੀਜ ਦੀਆਂ ਔਰਤ ਕਾਮਿਆਂ ਨੇ ਲੰਮੀ ਹੜਤਾਲ ਕੀਤੀ, ਜਿਸਨੇ ਦੇਸ਼ ਵਿਆਪੀ ਮੀਡੀਆ ਦਾ ਧਿਆਨ ਖਿੱਚਿਆ। ਉਹਨਾ ਦੀਆਂ ਮੰਗਾਂ 'ਚ ਸਭ ਤੋਂ ਉਪਰ ਕੰਮ ਦੇ ਲੰਮੇ ਘੰਟਿਆਂ ਦੇ ਵਿੱਚ ਬੈਠਣ ਅਤੇ ਟਾਇਲਟ ਜਾਣ ਦੀ ਵਿਵਸਥਾ ਕਰਨਾ ਸ਼ਾਮਲ ਸੀ। ਖੜੇ-ਖੜੇ ਕੰਮ ਕਰਦੇ ਰਹਿਣ ਨਾਲ ਉਹਨਾ 'ਚ ਪਿੱਠ ਦਰਦ, ਜੋੜਾਂ ਦਾ ਦਰਦ, ਪੈਰਾਂ 'ਚ ਸੋਜ਼ਸ਼, ਗੁਰਦੇ ਦੀਆਂ ਬਿਮਾਰੀਆਂ ਅਤੇ ਗੋਡਿਆਂ ਦੇ ਕੋਲ ਨਾੜਾਂ 'ਚ ਦਰਦ ਭਰਿਆ ਉਭਾਰ (ਬੇਰੀਕੋਜ ਵੇਨਜ) ਜਿਹੀਆਂ ਬਿਮਾਰੀਆਂ ਉਭਰਦੀਆਂ ਸਨ। ਇਹੋ ਜਿਹੇ ਮਾਮਲੇ ਵੀ ਸਾਹਮਣੇ ਆਏ ਕਿ ਕੰਮ ਦੇ ਘੰਟਿਆਂ ਵਿੱਚ ਕਿਸੇ ਕਾਮੇ ਨੂੰ ਮਿੰਟ-ਦੋ ਮਿੰਟ ਬੈਠੇ ਵੇਖ ਲਿਆ ਤਾਂ ਮਾਲਕਾਂ ਨੇ ਉਹਨਾ ਦੀ ਪਾਗਾਰ (ਤਨਖਾਹ) ਕਟ ਲਈ। ਉਹਨਾ ਦੀ ਮਨੁੱਖਤਾ ਵਿਰੋਧੀ ਦਲੀਲ ਸੀ ਕਿ ਜੇਕਰ ਇਹ ਔਰਤਾਂ ਕੰਮ ਦੇ ਘੰਟਿਆਂ ਵਿੱਚ ਬੈਠਣਾ ਚਾਹੁੰਦੀਆਂ ਹਨ ਤਾਂ ਸਥਾਈ ਰੂਪ 'ਚ ਘਰ ਜਾਕੇ ਬੈਠਣ। ਯੂਨੀਅਨ ਨੇ ਇਸ ਨੂੰ ਮਨੁੱਖੀ ਅਧਿਕਾਰ ਦਾ ਮਾਮਲਾ ਮੰਨਿਆ ਅਤੇ ਕੇਰਲ ਦੀਆਂ ਕਾਮਾ ਔਰਤਾਂ ਦਾ ਮਾਮਲਾ ਰਾਜ ਰਾਸ਼ਟਰੀ ਪੱਧਰ ਤੇ ਮਨਾਵ ਅਧਿਕਾਰਾਂ ਆਯੋਗਾਂ ਦੇ ਸਾਹਮਣੇ ਰੱਖਿਆ। ਮਾਲਕਾਂ ਦੀ ਦਲੀਲ ਸੀ ਕਿ ਸਮਾਨ ਦਿਖਾਉਣ ਅਤੇ ਵੇਚਣ ਵਾਲੇ ਕਰਮਚਾਰੀਆਂ ਦਾ ਖੜੇ ਰਹਿਣਾ ਗਾਹਕਾਂ ਦੇ ਪ੍ਰਤੀ ਸਨਮਾਨ ਪ੍ਰਦਰਸ਼ਨ ਹੈ, ਖੜੇ ਕਰਮਚਾਰੀ ਜਿਆਦਾ ਅਨੁਸ਼ਾਸ਼ਿਤ ਅਤੇ ਪ੍ਰੋਫੈਸ਼ਨਲ ਲੱਗਦੇ ਹਨ।
ਲੰਮੇ ਸਮੇਂ ਤੋਂ ਇਹ ਧਾਰਨਾ ਲੋਕਾਂ ਦੇ ਮਨਾਂ ਵਿੱਚ ਬਿਠਾਈ ਜਾਂਦੀ ਰਹੀ ਹੈ ਕਿ ਦੇਰ ਤਕ ਬੈਠਕੇ ਕੰਮ ਕਰਨਾ ਸਹੀ ਨਹੀਂ ਹੈ- ਇਹ ਸਿਟਿੰਗ ਡਿਜੀਜ ਜਾਣੀ ਇਕ ਤਰ੍ਹਾਂ ਦੀ ਬਿਮਾਰੀ ਹੈ। ਖੋਜਾਂ ਵਿੱਚ ਸਾਬਤ ਕੀਤਾ ਗਿਆ ਕਿ ਇਹ ਬੈਠਣਾ ਮਨੁੱਖੀ ਸਰੀਰ ਨੂੰ ਵੈਸੇ ਵੀ ਖੋਖਲਾ ਕਰ ਦਿੰਦਾ ਹੈ, ਜਿਵੇਂ ਸਿਗਰਟਨੋਸ਼ੀ। ਇਸ ਲਈ ਮੈਡੀਕਲ ਸ਼ਬਦਾਵਲੀ ਵਿੱਚ ਦੇਰ ਤੱਕ ਬੈਠਣ ਨੂੰ ਨਵੀਂ ਕਿਸਮ ਦੀ ਸਿਗਰਟਨੋਸ਼ੀ ਗਰਦਾਨਿਆ ਗਿਆ। ਪਿਛਲੇ ਦਿਨੇ ਐਪਲ ਦੇ ਮੁੱਖੀ ਟਿਮ ਕੁੱਕ ਨੇ ਆਪਣੇ ਕਰਮਚਾਰੀਆਂ ਨੂੰ ਖੜੇ ਹੋਕੇ ਕੰਮ ਕਰਨ ਲਈ ਸਟੈਂਡਿੰਗ ਡੈਸਕ ਮੁਹੱਈਆ ਕਰਵਾਈ ਹੈ।
ਪਰ ਜਨਵਰੀ 2018 ਦੇ ਅਮਰੀਕਨ ਜਨਰਲ ਆਫ ਐਪੀਡੇਮਿਉਲੌਜੀ ਵਿੱਚ ਛਾਪੇ ਕੈਨੇਡਾ ਦੇ ਡਾਕਟਰ ਪੀਟਰ ਸਮਿੱਥ ਅਤੇ ਉਹਦੇ ਸਾਥੀਆਂ ਦੀ ਖੋਜ ਨੇ ਖੜੇ ਹੋਕੇ ਕੰਮ ਕਰਨ ਦੀ ਧਾਰਨਾ ਨੂੰ ਪਲਟ ਦਿੱਤਾ ਹੈ। ਉਸਨੇ ਬਾਰਾਂ ਸਾਲਾਂ ਤੱਕ 7000 ਤੋਂ ਜਿਆਦਾ ਕਰਮਚਾਰੀਆਂ ਦੀ ਸਿਹਤ ਦੇ ਅੰਕੜੇ ਇੱਕਠੇ ਕਰਕੇ ਇਹ ਸਿੱਟਾ ਕੱਢਿਆ ਕਿ ਜਿਆਦਾ ਦੇਰ ਤੱਕ ਖੜੇ ਹੋਕੇ ਕੰਮ ਕਰਨ ਵਾਲਿਆਂ ਤੋਂ ਜਿਆਦਾ ਦੇਰ ਬੈਠਕੇ ਕੰਮ ਕਰਨ ਵਾਲਿਆਂ ਦੀ ਤੁਲਨਾ ਵਿੱਚ ਦਿਲ ਦੀ ਬੀਮਾਰੀ ਦੋ ਗੁਣੀ ਪਾਈ ਜਾਂਦੀ ਹੈ। ਇਹੀ ਨਹੀਂ, ਔਰਤ ਕਾਮਿਆਂ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਇਹ ਮਾਰ ਜਿਆਦਾ ਪੈਂਦੀ ਹੈ। ਜਿਆਦਾ ਦੇਰ ਤੱਕ ਖੜੇ ਹੋਕੇ ਕੰਮ ਕਰਨ ਵਾਲਿਆਂ ਦੇ ਸਰੀਰ ਦੇ ਹੇਠਲੇ ਹਿੱਸਿਆਂ ਦੀ ਨਾੜਾਂ ਵਿੱਚ ਜਿਆਦਾ ਖੂਨ ਪ੍ਰਵਾਹ ਚੱਲਣ ਕਾਰਨ ਸੋਜ ਆ ਜਾਂਦੀ ਹੈ। ਪਿੱਠ ਅਤੇ ਕਮਰ ਦਰਦ ਹੋਣ ਲੱਗਦਾ ਹੈ, ਗਰਦਨ ਅਤੇ ਬਾਹਾਂ ਵਿੱਚ ਅਕੜਾਂਦ ਆ ਜਾਂਦੀ ਹੈ, ਮਾਨਸਿਕ ਤਨਾਅ ਵੱਧਦਾ ਹੈ ਅਤੇ ਦਿਲ ਦੇ ਰੋਗਾਂ ਦਾ ਖਤਰਾ ਵੱਧ ਜਾਂਦਾ ਹੈ। ਅੱਜ ਦੀ ਵਿਗਿਆਨਕ ਖੋਜ ਇਹ ਸੁਝਾਅ ਦਿੰਦੀ ਹੈ ਕਿ ਇੱਕ ਘੰਟੇ ਬੈਠਕੇ ਅਤੇ ਇੱਕ ਘੰਟੇ ਖੜੇ ਹੋਕੇ ਕੰਮ ਕਰਨ ਲਈ ਬਰਾਬਰ ਬਰਾਬਰ ਵੰਡ ਲੈਣਾ ਜਿਆਦਾ ਚੰਗਾ ਹੈ।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.