ਸਾਡੀ ਚੜ੍ਹਦੀ ਜਵਾਨੀ ਵੇਲੇ ਅਮਰੀਕੀ ਸਾਮਰਾਜ ਵੀਤਨਾਮ ਨੂੰ ਹਮਲੇ ਦਰ ਹਮਲੇ ਕਰਕੇ ਮਿੱਧ ਰਿਹਾ ਸੀ।
ਵੀਅਤ ਨਾਮ ਦੀ ਲੋਕ ਸ਼ਕਤੀ ਹੋ ਚੀ ਮਿੰਨ੍ਹ ਦੀ ਅਗਵਾਈ ਚ ਲਗਾਤਾਰ ਲੜ ਤੇ ਕਹਿ ਰਹੀ ਸੀ
ਅਸੀਂ ਜਿਊਂਦੇ ਅਸੀਂ ਜਾਗਦੇ
ਤੇਰੀ ਈਨ ਨਹੀਂ ਮੰਨਾਂਗੇ ਸਗੋਂ ਨਾਸਾਂ ਭੰਨਾਂਗੇ।
ਉਹੀ ਕੁਝ ਹੋਇਆ।
ਇਸ ਮੁਲਕ ਦਾ ਅਸਲ ਨਾਇਕ ਹੋ ਚੀ ਮਿੰਨ੍ਹ ਪੰਜਾਬੀ ਚ ਵੀ ਪਰਵਾਨ ਹੋਇਆ। ਅਨੁਵਾਦ ਕਵਿਤਾਵਾਂ ਪ੍ਰੀਤ ਲੜੀ, ਆਰਸੀ ਤੇ ਹੋਰ ਮੈਗਜ਼ੀਨਾਂ ਚ ਛਪਦੀਆਂ।
ਪੰਜਾਬੀ ਸ਼ਾਇਰਾਂ ਨੇ ਉਸ ਦੀ ਸੂਰਮਗਤੀ ਬਾਰੇ ਅਨੇਕ ਕਵਿਤਾਵਾਂ ਲਿਖੀਆਂ।
ਇੱਕ ਸ਼ਾਇਰ ਵੀਰ ਨੇ ਤਾਂ ਹੋ ਚੀ ਮਿੰਨ੍ਹ ਮਹਾਂ ਕਾਵਿ ਹੀ ਲਿਖ ਦਿੱਤਾ।
ਜੇ ਮੈਂ ਗਲਤ ਨਾ ਹੋਵਾਂ ਤਾਂ ਉਹ ਇੰਗਲੈਂਡ ਵੱਸਦਾ ਸ਼ਾਇਰ ਨਿਰੰਜਨ ਸਿੰਘ ਨੂਰ ਸੀ।
ਪਰ ਪੱਕਾ ਯਾਦ ਨਹੀਂ।
ਜੇ ਤੁਹਾਨੂੰ ਪਤਾ ਹੋਵੇ ਤਾਂ ਦੱਸ ਦੇਣਾ।
ਬੱਸੀਆਂ(ਲੁਧਿਆਣਾ) ਦੇ ਜੰਮਪਲ ਤੇ ਸੱਰੀ ਕੈਨੇਡਾ ਵੱਸਦੇ ਲੇਖਕ ਸੂਫ਼ੀ ਅਮਰਜੀਤ ਨੇ ਹੋ ਚੀ ਮਿੰਨ੍ਹ ਦੀ ਜੀਵਨੀ ਕਈ ਸਾਲ ਪਹਿਲਾਂ ਲਿਖੀ ਸੀ ਜੋ ਕਈ ਜ਼ਬਾਨੀਂ ਚ ਅਨੁਵਾਦ ਹੋ ਚੁਕੀ ਹੈ।
ਹੋ ਚੀ ਮਿੰਨ੍ਹ 19 ਮਈ 1890 ਨੂੰ ਪੈਦਾ ਹੋਏ ਤੇ 2 ਸਤੰਬਰ1969 ਨੂੰ ਵਿਛੋੜਾ ਦੇ ਗਏ।
ਉਹ ਲੰਮਾ ਸਮਾਂ ਵੀਅਤਨਾਮ ਦੀ ਕਮਿਉਨਿਸਟ ਪਾਰਟੀ ਦੇ ਜਨਰਲ ਸਕੱਤਰ, ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੀ ਰਹੇ।
ਵਧੀਆ ਸ਼ਾਇਰ ਹੋਣ ਕਰਕੇ ਬੜੇ ਹੀ ਆਪਣੇ ਲੱਗਦੇ ਹਨ ਹੋ ਚੀ ਮਿੰਨ੍ਹ।
ਉਨ੍ਹਾਂ ਦੀ ਬਰਸੀ ਦਾ ਚੇਤਾ ਅਵਤਾਰ ਅਰਸ਼ ਦੀ ਪੋਸਟ ਨੇ ਕਰਾਇਆ।
ਅਵਤਾਰ ਅਰਸ਼ ਦੀ ਪੋਸਟ ਇੰਜ ਸੀ।
ਪੜ੍ਹੋ ਤੇ ਹੋਰ ਦੋਸਤਾਂ ਨੂੰ ਪੜ੍ਹਾਓ।
ਅੱਜ ਵੀਅਤਨਾਮੀ ਇਨਕਲਾਬ ਦੇ ਆਗੂ ਹੋ ਚੀ ਮਿਨ ਦੀ ਬਰਸੀ ਹੈ। ਉਹਨਾਂ ਅਮਰੀਕੀ ਹਮਲੇ ਵਿਰੁੱਧ ਵੀਅਤਨਾਮੀ ਲੋਕਾਂ ਦੀ ਸ਼ਾਨਾਮੱਤੇ ਸੰਗਰਾਮ ਦੀ ਅਗਵਾਈ ਕੀਤੀ। ਉਹ ਇੱਕ ਅਜਿਹੇ ਕਮਿਊਨਿਸਟ ਆਗੂ ਸਨ ਜਿਨ੍ਹਾਂ ਦੀ ਸਾਦਗੀ, ਨਿਰਛਲਤਾ ਤੇ ਪਾਰਦਰਸ਼ਤਾ ਦੀ ਦੁਸ਼ਮਣ ਵੀ ਚਰਚਾ ਕਰਦੇ ਸਨ। ਆਪਣੀ ਜ਼ਿੰਦਗੀ ਦੌਰਾਨ ਉਹਨਾਂ ਨੂੰ ਜੇਲ ਵੀ ਜਾਣਾ ਪਿਆ ਤੇ ਜੇਲ ਦੌਰਾਨ ਉਹਨਾਂ ਨੇ ਕਈ ਕਵਿਤਾਵਾਂ ਲਿਖੀਆਂ ਤੇ ਇਹ ਕਵਿਤਾਵਾਂ ਵੀ ਉਹਨਾਂ ਦੀ ਸਖ਼ਸ਼ੀਅਤ ਵਰਗੀਆਂ ਹੀ ਹਨ। ਕਿਸੇ ਲੇਖਕ ਨੇ ਇਹਨਾਂ ਕਵਿਤਾਵਾਂ ਬਾਰੇ ਲਿਖਿਆ ਹੈ-
"ਮਹਾਨ ਸਿਆਸਤਦਾਨ ਪਹਿਲਾਂ ਆਪਣੀ ਸੰਵੇਦਨਸ਼ੀਲਤਾ ਕਰਕੇ ਨਹੀਂ ਸਗੋਂ ਖਾਸ ਤੌਰ ‘ਤੇ ਆਪਣੇ ਕੰਮਾਂ, ਆਪਣੇ ਚਿੰਤਨ ਅਤੇ ਆਪਣੇ ਚਰਿੱਤਰ ਕਰਕੇ ਮਹਾਨ ਹੁੰਦੇ ਹਨ। ਕਵਿਤਾ ਇੱਕ ਅਜਿਹੀ ਚੀਜ਼ ਹੈ ਜੋ ਮਨੁੱਖ ਦੀ ਅੰਤਰ ਆਤਮਾ ਦੇ ਸਭ ਤੋਂ ਨੇੜੇ ਹੁੰਦੀ ਹੈ। ਕਵਿਤਾ ਸ਼ਾਇਦ ਹੀ ਕਦੇ ਝੂਠ ਬੋਲਦੀ ਹੈ, ਨਹੀਂ ਤਾਂ ਇੱਕ ਕਵੀ ਅਸਲ ਵਿੱਚ ਕਵੀ ਨਹੀਂ ਹੁੰਦਾ। ਜਰੂਰੀ ਨਹੀਂ ਕਿ ਆਪਣੇ ਅੰਦਰੂਨੀ ਸੰਸਾਰ ਨੂੰ ਪੇਸ਼ ਕਰਨ ਨਾਲ਼ ਕਵੀ ਨੂੰ ਕੁਝ ਹਾਸਲ ਹੀ ਹੋਵੇ।"
ਪੇਸ਼ ਹਨ ਉਹਨਾਂ ਦੀ ਜੇਲ ਡਾਇਰੀ ਵਿੱਚੋਂ ਕੁਝ ਕਵਿਤਾਵਾਂ
1.) ---
ਬਾਹਰ ਸੜਕ 'ਤੇ ---
ਸੜਕ 'ਤੇ
ਅਸੀਂ ਸਿੱਖਦੇ ਹਾਂ
ਔਕੜਾਂ ਨਾਲ਼ ਜਾਣੂ ਹੋਣਾ
ਮੁਸ਼ਕਲ ਨਾਲ਼ ਪਾਰ ਹੁੰਦੀ ਹੈ
ਇੱਕ ਚੋਟੀ
ਕਿ ਦੂਜੀ ਸਾਹਮਣੇ ਖੜੀ ਹੋ ਜਾਂਦੀ ਹੈ।
ਪਰ ਇੱਕ ਵਾਰ
ਜਦੋਂ ਅਸੀਂ ਪਾਰ ਕਰ ਲੈਂਦੇ ਹਾਂ
ਸਭ ਤੋਂ ਉੱਚਾ ਦੱਰ੍ਰਾ,
ਇੱਕ ਨਜ਼ਰ 'ਚ ਸਮੇਟ ਲੈਂਦੀਆਂ ਹਨ
ਸਾਡੀਆਂ ਅੱਖਾਂ
ਦਸ ਹਜ਼ਾਰ ਮੀਲ ਤੱਕ ਫੈਲਿਆ ਵਿਸਥਾਰ।
2.) ---
ਖੁਦ ਨੂੰ ਸਲਾਹ --
ਸਿਆਲ਼ ਦੀ ਠੰਡ ਤੇ
ਵੀਰਾਨਗੀ ਤੋਂ ਬਿਨਾਂ
ਸੰਭਵ ਨਹੀਂ ਹੋ ਸਕਦੀ ਸੀ
ਬਸੰਤ ਦੀ ਨਿੰਮਲ ਤੇ ਗੁਨਗੁਣੀ ਗਰਮੀਂ।
ਬਦਨਸੀਬੀਆਂ ਨੇ ਮੈਨੂੰ ਫੌਲਾਦ ਬਣਾਇਆ ਹੈ
ਅਤੇ ਸੰਜਮੀ ਬਣਾਇਆ ਹੈ
ਹੋਰ ਵੀ ਦ੍ਰਿੜ ਬਣਾ ਦਿੱਤਾ ਹੈ ਉਹਨਾਂ
ਮੇਰੇ ਸੰਕਲਪ ਨੂੰ।
3.) ---
ਸੜਕ 'ਤੇ ---
ਕੱਸ ਕੇ ਬੰਨੇ ਹੋਏ ਨੇ
ਮੇਰੇ ਹੱਥ ਤੇ ਪੈਰ।
ਪਰ ਪਹਾੜਾਂ 'ਤੇ ਪੰਛੀ ਗਾਉਂਦੇ ਹਨ
ਤੇ ਫੁੱਲ ਖਿੜਦੇ ਹਨ।
ਸੁਗੰਧ ਤੇ ਧੁਨੀ 'ਚ ਘੁਲ਼ੀ
ਮਿਠਾਸ
ਮੈਨੂੰ ਜੋ ਅਨੰਦ ਦਿੰਦੀ ਹੈ
ਕੌਣ ਰੋਕ ਸਕਦਾ ਹੈ ਉਸਨੂੰ?
ਇਸ ਲੰਬੀ ਪੈਦਲ ਯਾਤਰਾ ਵਿੱਚ
ਮਹਿਸੂਸ ਕਰਦਾ ਹਾਂ ਮੈਂ
ਕਿ ਮੇਰੀ ਇਕੱਲਤਾ
ਸ਼ਾਇਦ ਕੁੱਝ ਘਟ ਗਈ ਹੈ।
4.) ---
ਸਵੇਰ ਦਾ ਸੂਰਜ ---
ਜੇਲ 'ਚ ਆ ਵੜਦਾ ਹੈ
ਸਵੇਰ ਦਾ ਸੂਰਜ
ਧੂੰਆਂ ਛੰਡਿਆ ਜਾਂਦਾ ਹੈ
ਉੱਡ ਜਾਂਦਾ ਹੈ ਕੋਹਰਾ
ਦਰਵਾਜ਼ਾ ਭਰ ਜਾਂਦਾ ਹੈ ਅਚਾਨਕ
ਜ਼ਿੰਦਗੀ ਦੇ ਸਾਹਾਂ ਨਾਲ਼
ਤੇ ਮੁਸਕਾਨ ਖਿੜ ਉੱਠਦੀ ਹੈ
ਹਰ ਕੈਦੀ ਦੇ ਚਿਹਰੇ 'ਤੇ।
5.)
ਇੱਕ ਗੁਲਾਬ ਖਿੜਦਾ ਹੈ
ਅਤੇ ਫਿਰ ਉਦਾਸ ਹੋ ਜਾਂਦਾ ਹੈ।
ਇਹ ਖਿੜਦਾ ਹੈ ਤੇ
ਮੁਰਝਾ ਜਾਂਦਾ ਹੈ ਅਚਾਨਕ।
ਪਰ ਇਸਦੀ ਮਿਠਾਸ
ਜੇਲ੍ਹ ਦੀਆਂ ਕੋਠੜੀਆਂ ‘ਚ ਫੈਲਦੀ ਹੈ
ਸਾਡੇ ਅੰਦਰ
ਗੁੱਸੇ ਦਾ ਅਹਿਸਾਸ ਜਗਾਉਂਦੀ ਹੋਈ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.