ਖਬਰ ਹੈ ਕਿ ਸੰਯੁਕਤ ਅਧਿਆਪਕ ਮੋਰਚਾ ਪੰਜਾਬ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਪ੍ਰਦਰਸ਼ਨ ਕੀਤਾ। ਇਹਨਾ ਅਧਿਆਪਕਾਂ ਨੇ ਕਿਹਾ ਕਿ ਉਹ ਪਿਛਲੇ ਦਸ ਸਾਲਾਂ ਤੋਂ ਸਰਕਾਰੀ ਸਕੂਲਾਂ 'ਚ ਪੜ੍ਹਾ ਰਹੇ ਹਨ ਅਤੇ ਪੂਰੀ ਮੈਰਿਟ ਨਾਲ ਨੌਕਰੀ ਵਿੱਚ ਆਏ ਸਨ। ਉਹਨਾ ਨੂੰ ਹੁਣ 42800 ਰੁਪਏ ਤਨਖਾਹ ਮਿਲ ਰਹੀ ਹੈ। ਹੁਣ ਸਰਕਾਰ ਉਹਨਾ ਨੂੰ 42800 ਰੁਪਏ ਮਹੀਨਾ ਦੀ ਥਾਂ ਕੇਵਲ 10300 ਰੁਪਏ ਮਹੀਨਾ ਦੀ ਤਨਖਾਹ ਉਤੇ ਰੈਗੂਲਰ ਕਰਨਾ ਚਾਹੁੰਦੀ ਹੈ, ਜੋ ਬਿਲਕੁਲ ਬੇਇਨਸਾਫੀ ਹੈ।
ਜੇਕਰ ਬੋਝੇ 'ਚ ਪੈਸੇ ਹਨ ਤਾਂ ਲੈ ਲਉ ਡਿਗਰੀ। ਜੇਕਰ ਜੇਬ 'ਚ ਚਾਰ ਦਮੜੀਆਂ ਹਨ ਤਾਂ ਕਰ ਲਵੋ ਪੰਜਵੀਂ, ਅੱਠਵੀਂ , ਦੱਸਵੀਂ। ਜੇਕਰ ਜੇਬ 'ਚ ਭਰ ਰੁਪੱਈਏ ਹਨ ਤਾਂ ਕਰ ਲਉ ਡਾਕਟਰੀ, ਇੰਜੀਨਅਰੀ। ਨਹੀਂ ਤਾਂ ਤੱਪੜਾਂ ਵਾਲੇ ਸਕੂਲ ਜਾਉ, ਮਿੱਟੀ ਫੱਕੋ। ਮੀਂਹ ਪੈ ਜਾਏ ਤਾਂ ਬੋਰੀ ਚੁੱਕੋ ਹੋ ਜਾਉ ਘਰ ਨੂੰ ਤਿੱਤਰ! ਪੜ੍ਹਾਈ ਕੀ ਕਰਨੀ ਆ, ਨੀਲਾ ਕਾਰਡ ਬਣਾਉ, ਵੋਟਾਂ ਹਾਕਮਾਂ ਨੂੰ ਪਾਉ, ਉਹਨਾ ਦੇ ਗੁਣ ਗਾਉ ਤੇ ਮੁਫ਼ਤ ਦੀ ਕਣਕ, ਦਾਲ ਖਾਉ ਤੇ ਉਬਾਸੀਆਂ ਲੈਕੇ ਸੌਂ ਜਾਉ। ਬਾਕੀ ਸਭ ਕੁਝ ਫਿਰ ਵੇਖਿਆ ਜਾਊ।
ਸਰਕਾਰੀ ਸਕੂਲਾਂ ਤੇ ਕਾਲਜ ਉਸਤਾਦਾਂ ਤੋਂ ਬਿਨ੍ਹਾਂ ਨੇ। ਉਂਜ ਕੀ ਕਰਨੇ ਨੇ ਉਸਤਾਦ, ਉਹਨਾ ਨੂੰ ਤਾਂ ਪਗਾਰ ਦੇਣੀ ਪੈਣੀ ਆਂ। ਤੇ ਸਰਕਾਰ ਕੋਲ ਇਹੋ ਜਿਹੇ ਫਜ਼ੂਲ ਕੰਮਾਂ ਲਈ ਪੈਸੇ ਕਿਥੇ? ਸਰਕਾਰ ਨੇ ਤਾਂ ਵੋਟਾਂ ਲੈਣ ਲਈ ਬਿਜਲੀ ਮੁਫਤ ਵੰਡਣੀ ਆਂ। ਸਰਕਾਰ ਨੇ ਤਾਂ ਵੋਟਾਂ ਲੈਣ ਲਈ ਦਾਲ, ਕਣਕ, ਚੌਲ ਮੁਫਤ ਵੰਡਣੇ ਆ। ਇਸੇ ਕਰਕੇ ਸੱਭੋ ਸਕੂਲ ਵਪਾਰੀਆਂ ਹਵਾਲੇ। ਸੱਭੋ ਕਾਲਜ ਕਾਰਖਾਨੇਦਾਰਾਂ ਹਵਾਲੇ। ਸਭੋ ਯੂਨੀਵਰਸਿਟੀਆਂ ਹਲਵਾਈਆਂ ਵੱਡੇ ਉਦਯੋਗਪਤੀਆਂ ਹਵਾਲੇ॥ । ਜਿਸ ਤਰ੍ਹਾਂ ਦੀਆਂ ਚਾਹੁਣ ਡਿਗਰੀਆਂ ਬਨਾਉਣ ਵੰਡਣ। ਉਹਨਾ ਦੀ ਮਰਜ਼ੀ ਫੀਸਾਂ ਉਗਰਾਹੁਣ। ਤਦੇ ਤਾਂ ਪਿੰਡ ਵਾਲਾ ਮੱਘਰ ਸਿੰਹੁ ਆਪਣੇ ਬੱਚੇ ਨੂੰ ਬੇਬਸ ਹੋਇਆ ਘੱਟ ਤਨਖਾਹ ਵਾਲੇ ਟੀਚਰਾਂ ਵਾਲੇ ਸਰਕਾਰੀ ਸਕੂਲ 'ਚ ਉਹਦਾ ਨਾਵਾਂ ਲਿਖਵਾਉਂਦਾ ਆ ਤੇ ਆਖਦਾ ਆ, "ਪੈ ਗਈ ਸਿੱਖਿਆ ਵੱਸ ਵਪਾਰੀਆਂ ਦੇ, ਸਿੱਖਿਆ ਦੇਣ ਤੋਂ ਹੈ ਸਰਕਾਰ ਭੱਜੀ"।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.