ਜਿੰਦਗੀ ਦਾ ਘੋਲ਼ ਭਾਵ ਸਘੰਰਸ਼ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਹਰ ਜਿਉਂਦੇ ਮਨੁੰਖ ਨੂੰ ਕਰਨਾ ਪੈਂਦਾ ਹੈ। ਇਨਸਾਨੀ ਕਦਰਾਂ ਕੀਮਤਾਂ 'ਤੇ ਆਧਾਰਿਤ ਇਹ ਸਘੰਰਸ਼ ਮੌਕੇ 'ਤੇ ਬੇਸ਼ੱਕ ਕੋਈ ਨਤੀਜਾ ਨਾ ਦੇਵੇ ਪਰ ਜਿੰਦਗੀ ਦੀ ਲੰਬੀ ਲੜਾਈ ਵਿੱਚ ਇਸਦਾ ਫੈਸਲਾਕੁੰਨ ਸਾਬਿਤ ਹੋਣਾ ਤੈਅ ਹੈ। ਤਾਕਤ ਦੇ ਨਸ਼ੇ ਵਿੱਚ ਮਜ਼ਲੂਮ ਦੀ ਹਿੱਕ 'ਤੇ ਬੈਠ ਕੇ ਕੋਈ ਹੱਥ ਖੜਾ ਕਰਕੇ ਆਪਣੀ ਜਿੱਤ ਦੀ ਲਲਕਾਰ ਜਰੂਰ ਮਾਰ ਸਕਦਾ ਹੈ ਪਰ ਹੱਕ ਅਤੇ ਇਮਾਨ ਦੀ ਲੜਾਈ ਲੜਨ ਵਾਲੇ ਭਲੇ ਅਤੇ ਨੇਕ ਬੰਦਿਆਂ ਦੀ ਜਿੰਦਗੀ ਵਿੱਚ ਹਾਰ ਕੇ ਵੀ ਜਿੱਤ ਹੋਈ ਹੈ। ਸ਼ਰੀਫ ਅਤੇ ਨਿਮਰ ਸੁਭਾਅ ਦਿੱਲ ਵਿੱਚ ਸਮੋਈ ਤਾਕਤ ਦਾ ਜਿਉਂਦਾ ਜਾਗਦਾ ਸਬੂਤ ਹੈ। ਸਬਰ ਨਾਲ ਜਬਰ ਦਾ ਕੀਤਾ ਟਾਕਰਾ ਇਨਸਾਨ ਨੂੰ ਅਜਿੱਤ ਬਣਾ ਦਿੰਦਾ ਹੈ। ਜਿੰਦਗੀ ਰੂਪੀ ਸਘੰਰਸ਼ 'ਚ ਹਰ ਜਿਉਂਦਾ ਇਨਸਾਨ ਇੱਕ ਖਿਡਾਰੀ ਹੈ ਅਤੇ ਫੈਸਲਾ ਪ੍ਰ੍ਰਮਾਤਮਾ ਨੇ ਇਨਸਾਨ ਦੇ ਅਮਲਾਂ ਨੂੰ ਦੇਖ ਕੇ ਢੁਕਵੇਂ ਸਮੇਂ 'ਤੇ ਕਰਨਾ ਹੁੰਦਾ ਹੈ। ਲੁੱਟ ਖਸੁੱਟ ਕਰਕੇ ਤਿੰਜੋਰੀਆਂ 'ਚ ਭਰੇ ਪੈਸੇ ਪਲ ਵਿੱਚ ਕਾਗਜ਼ੀ ਜਹਾਜ ਦੀ ਤਰਾਂ ਉੱਡ ਜਾਂਦੇ ਹਨ। ਜਿੰਦਗੀ 'ਚ ਮਿਲੇ ਕਿਸੇ ਅਹੁਦੇ ਦੀ ਤਾਕਤ ਦੇ ਨਸ਼ੇ ਵਿੱਚ ਇਨਸਾਨੀ ਗੁਣਾਂ ਨੂੰ ਭੁੱਲ ਜਾਣਾਂ ਜਾਂ ਇਹਨਾਂ ਦੇ ਪਰਖਚੇ ਉੱਡਾ ਦੇਣੇ ਠੀਕ ਨਹੀਂ ਹੁੰਦਾ, ਕਿਉਂਕੀ ਪਤਾ ਨਹੀਂ ਕਿਸ ਵਕਤ ਅੰਬਰਾਂ 'ਚ ਉੱਡਦੇ ਪਤੰਗ ਦੀ ਡੋਰ ਕੱਟੀ ਜਾਵੇ। ਤਾਕਤ ਦੇ ਨਸ਼ੇ ਵਿੱਚ ਕਮਾਇਆ ਪੈਸਾ ਪੁੱਤ, ਪੋਤਿਆਂ ਤੱਕ ਨੂੰ ਚੰਗੀ ਜਿੰਦਗੀ ਜਿਉਂੁਣ ਜੋਗਾ ਨਹੀਂ ਛੱਡਦਾ।
ਕਿਸੇ ਸ਼ਰੀਫ ਜਾਂ ਨੇਕ ਇਨਸਾਨ ਨਾਲ ਠੱਗੀ ਠੋਰੀ ਕਰਕੇ ਆਪਣੇ ਆਪ ਨੂੰ ਸਿਆਣਾਂ ਸਮਝਣਾਂ ਇੱਕ ਬੁਜ਼ਦਿੱਲ ਇਨਸਾਨ ਦੀ ਨਿਸ਼ਾਨੀ ਹੈ। ਠੱਗੇ ਜਾਣ ਵਾਲੇ ਦੀ ਤਾਂ ਪ੍ਰਮਾਤਮਾ ਕਿਸੇ ਹੋਰ ਪਾਸਿੳਂੁ ਭਰਪਾਈ ਕਰ ਦਿੰਦਾ ਹੈ, ਪਰ ਠੱਗੀ ਮਾਰਨ ਵਾਲੇ ਦੀ ਜੇਬ ਛੇਤੀ ਹੀ ਖਾਲੀ ਹੋੇ ਜਾਂਦੀ ਹੈ। ਨੌਕਰੀ ਅਤੇ ਅਹੁਦੇ ਦੀ ਤਾਕਤ ਨਾਲ ਇੱਕ ਸਾਹਿਬ ਨੇ ਬਹੁਤ ਪੈਸਾ ਕਮਾਇਆ। ਇਧਰੋਂ ਉਧਰੋਂ ਪੈਸਾ ਕਮਾਉਂਦੇ ਸਮੇਂ ਇਨਸਾਨੀਅਤ ਉਸ ਦੇ ਮਨ ਵਿੱਚੋਂ ਖਤਮ ਹੋ ਚੁੱਕੀ ਸੀ। ਉਸ ਅਧੀਨ ਕੰਮ ਕਰਦੇ ਮੁਲਾਜ਼ਮ ਡਰਦੇ ਉਸਦੀ ਆਉ ਭਗਤ ਕਰਦੇ ਸਨ। ਸਾਹਿਬ ਨੇ ਪੈਸਾ ਕਮਾਉਣ ਦੀ ਕੋਈ ਹੱਦ ਨਹੀਂ ਛੱਡੀ। ਇਨਸਾਨੀਅਤ ਉਸ ਵਕਤ ਸ਼ਰਮਸਾਰ ਹੋ ਗਈ ਜਦੋਂ ਉਸ ਨੇ ਰੋਜ਼ਾਨਾ ਮਜ਼ਦੂਰੀ ਕਰਕੇ ਪਰਿਵਾਰ ਪਾਲਣ ਵਾਲੇ ਮਜ਼ਦੂਰਾਂ ਅਤੇ ਕੀਰਤੀਆਂ ਦੇ ਵੀ ਪੂਰੇ ਪੈਸੇ ਨਾ ਦਿੱਤੇ। ਆਪਣੇ ਪਰਿਵਾਰ ਅਤੇ ਬੱਚਿਆਂ ਲਈ ਆਰਾਮਦਾਇਕ ਜਿੰਦਗੀ ਜਿਉਣ ਦਾ ਪ੍ਰਬੰਧ ਕਰਨ ਲਈ ਉਸ ਨੇ ਮਜ਼ਲੂਮ ਲੋਕਾਂ ਦੇ ਹੱਕ ਦੀ ਕਮਾਈ ਦਾ ਸ਼ਿਕਾਰ ਕਰਨ ਤੋਂ ਵੀ ਗੁਰੇਜ਼ ਨਾ ਕੀਤਾ। ਸਮਾਂ ਬੀਤ ਦਾ ਗਿਆ ਅਤੇ ਸਾਹਿਬ ਅਮੀਰ ਹੁੰਦਾ ਗਿਆ। ਛੇਤੀ ਹੀ ਉਹ ਕੋਠੀਆਂ ਅਤੇ ਵੱਡੇ ਕਾਰੋਬਾਰਾਂ ਦਾ ਮਾਲਕ ਬਣ ਗਿਆ। ਇੱਕ ਦਿਨ ਅਚਾਨਕ ਉਸਨੂੰ ਸਮਾਚਾਰ ਮਿਲ਼ਿਆ ਕਿ ਉਸਦੇ ਨੌਜਵਾਨ ਪੁੱਤਰ ਦਾ ਐਕਸੀਡੈਂਟ ਹੋ ਗਿਆ ਹੈ। ਹਾਲਤ ਗੰਭੀਰ ਦੇਖਦੇ ਹੋਏ ਲੋਕਾਂ ਨੇ ਉਸਦੇ ਪੁੱਤਰ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ। ਕੁੱਝ ਸਮੇਂ ਬਾਅਦ ਖਬਰ ਮਿਲੀ ਕੀ ਨੌਜਵਾਨ ਦੀ ਮੌਤ ਹੋ ਗਈ। ਇਹ ਦੇਖ ਕੇ ਅਮੀਰ ਬਾਪ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਦਿਨ ਦੇ ਚਾਨਣ ਵਿੱਚ ਅੱਖਾਂ ਅੱਗੇ ਹਨੇਰਾਂ ਛਾ ਗਿਆ। ਪੈਸੇ ਦੀ ਕੋਈ ਘਾਟ ਨਹੀ ਸੀ। ਜੇਬਾਂ 'ਚ ਪਾਏ ਪੈਸੇ ਕਾਗਜ਼ ਤੋਂ ਵੀ ਹੌਲ਼ੇ ਪ੍ਰਤੀਤ ਹੋਣ ਲੱਗੇ। ਸ਼ਾਇਦ ਜੇ ਡਾਕਟਰ ਉਸ ਨੌਜਵਾਨ ਨੂੰ ਬਚਾਉਣ ਦਾ ਭਰੋਸਾ ਦੇ ਦਿੰਦਾ ਉਹ ਅਮੀਰ ਸਾਹਿਬ ਡਾਕਟਰ ਨੂੰ ਪੈਸਿਆਂ ਬਰਾਬਰ ਤੋਲ ਦਿੰਦਾ, ਲੇਕਿਨ ਹੁਣ ਸਭ ਕੁੱਝ ਵਿਅਰਥ ਸੀ ਅਤੇ ਉਹ ਪੈਸੇ ਕਮਾਉਣ ਦੀ ਲੜਾਈ ਵਿੱਚ ਜਿੱਤ ਕੇ ਵੀ ਹਾਰ ਰਿਹਾ ਸੀ।। ਇਕਲੌਤੇ ਪੁੱਤਰ ਦੀ ਘਾਟ ਕਦੇ ਪੂਰੀ ਨਹੀਂ ਹੋਵੇਗੀ ਪਰ ਮਜ਼ਲੂਮ ਲੋਕਾਂ ਦੇ ਦੱਬੇ ਪੈਸੇ ਉਸ ਅਮੀਰ ਨੂੰ ਜਿੰਦਗੀ ਦੀ ਸਚਾਈ ਸਮਝਾ ਗਏ।
ਇਹ ਜਿੰਦਗੀ ਦੇ ਸਘੰਰਸ਼ ਦੀ ਦਾਸਤਾਨ ਹੈ। ਮਾੜਾ ਕਮਾਇਆ ਤਾਂ ਮਾੜਾ ਨਤੀਜਾ ਪਾਇਆ। ਸਮਾਂ ਲੱਗ ਗਿਆ ਪਰ ਨਤੀਜਾ ਜਰੂਰ ਆਇਐ। ਜਿੰਦਗੀ ਦੇ ਸਘੰਰਸ਼ ਦੇ ਇਹ ਨਤੀਜੇ ਇਨਸਾਨ ਨੂੰ ਸਿਆਣਾ ਅਤੇ ਸਮਝਦਾਰ ਬਣਾਉਣ ਲਈ ਕਾਫੀ ਹਨ। ਸਮੇਂ ਦੀ ਦਿੱਤੀ ਤਾਕਤ ਜ਼ਹਿਰ ਬਣ ਜਾਂਦੀ ਹੈ ਜੇਕਰ ਉਸ ਦੀ ਦੁਰਵਰਤੋਂ ਹੋੇ ਜਾਵੇ। ਗੱਲ ਸਿਰਫ ਸਮਝਣ ਦੀ ਹੈ। ਅਕਸਰ ਸੁਣਦੇ ਹਾਂ ਕਿ ਚੰਗਾ ਬਣ ਕੇ ਜਾਂ ਚੰਗਾ ਕਰਕੇ ਕਿਹੜਾ ਕੁੱਝ ਮਿਲ ਜਾਣੈ, ਪਰ ਕੁੱਝ ਪਾਉਣ ਲਈ ਸਮਾਂ ਤਾਂ ਜਰੂਰ ਲਗਦੈ। ਪਰੀਖਿਆ ਤੋਂ ਬਾਅਦ ਨਤੀਜਾ ਆਉਣ ਨੂੰ ਸਮਾਂ ਤਾਂ ਲਗਦਾ ਹੀ ਹੈ ਫਰਕ ਸਿਰਫ ਐਨਾ ਹੈ ਕਿ ਲਿਖਤੀ ਪਰੀਖਿਆ ਵਿੱਚ ਫੇਲ ਹੋਇਆ ਦੁਬਾਰਾ ਮੌਕਾ ਲੈ ਕੇ ਪਾਸ ਹੋ ਸਕਦਾ ਹੈ, ਪਰ ਜਿੰਦਗੀ ਦੀ ਪਰੀਖਿਆ ਵਿੱਚ ਦੁਬਾਰਾ ਮੌਕਾ ਨਹੀ ਮਿਲਦਾ। ਇਸੇ ਕਰਕੇ ਜਿੰਦਗੀ ਰੂਪੀ ਸਘੰਰਸ਼ ਦੇ ਅਜੀਬ ਨਤੀਜੇ ਹਨ ਜਿਸ ਵਿੱਚ ਹੱਕ ਅਤੇ ਇਮਾਨ ਦੀ ਲੜਾਈ ਪੈਸੇ 'ਤੇ ਅਕਸਰ ਭਾਰੂ ਰਹਿੰਦੀ ਹੈ। ਇਨਸਾਨੀ ਕਦਰਾਂ ਕੀਮਤਾਂ ਦੀ ਤਾਕਤ ਅੱਗੇ ਪੈਸਾ ਬਹੁਤ ਛੋਟੀ ਚੀਜ਼ ਹੈ। ਇਨਸਾਨੀਅਤ ਨੂੰ ਮਨ 'ਚ ਵਸਾ ਕੇ ਜਿੰਦਗੀ ਦਾ ਪੈਂਡਾ ਤੈਅ ਕਰਨ ਵਾਲਾ ਅੰਤ 'ਚ ਜੇਤੂ ਬਣ ਜਾਂਦਾ ਹੈ।
-
ਧਰਮਜੀਤ ਸਿੰਘ ਮਾਨ, ਪ੍ਰੋਫੈਸਰ
mannjalbhera@gmail.com
9478460084
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.