ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵਜੋਂ ਡਾ: ਸਵਰਾਜਬੀਰ ਨੇ ਕਾਰਜ ਭਾਰ ਸੰਭਾਲ ਲਿਆ ਹੈ।
ਪੇਸ਼ੇ ਵੱਲੋਂ ਮੂਲ ਰੂਪ ਵਿੱਚ ਸਿੱਖਿਅਤ ਮੈਡੀਕਲ ਡਾਕਟਰ ਤੇ ਬਾਅਦ ਚ ਆਈ ਪੀ ਐੱਸ ਅਧਿਕਾਰੀ ਵਜੋਂ ਸਵਰਾਜਬੀਰ ਪਿਛਲੇ ਮਹੀਨੇ ਤੀਕ ਮੇਘਾਲਯ ਦੇ ਡਾਇਰੈਕਟਰ ਜਨਰਲ ਪੁਲੀਸ ਸੀ।
ਕਿਤੇ ਵੀ ਰਿਹਾ, ਕਲਮਕਾਰੀ ਉਸ ਦਾ ਪਹਿਲਾ ਇਸ਼ਕ ਰਿਹਾ।
ਉਸ ਦੀਆਂ ਪਹਿਲੀਆਂ ਦੋ ਕਿਤਾਬਾਂ ਸ਼ਾਇਰੀ ਦੀਆਂ ਸਨ। ਮੋਹਨਜੀਤ ਤੇ ਪ੍ਰਮਿੰਦਰਜੀਤ ਦੇ ਅੰਗ ਵਾਲੀ ਸਮਰੱਥ ਰਚਨਾਕਾਰੀ ਸੀ ਕਾਵਿ ਪੁਸਤਕਾਂ ਆਪਣੀ ਆਪਣੀ ਰਾਤ ਅਤੇ
ਸਾਹਾਂ ਥਾਣੀਂ।
ਫਿਰ ਉਹ ਨਾਟਕਕਾਰ ਬਣ ਗਿਆ।
ਉਸ ਦੇ ਨਾਟਕ
ਮੱਸਿਆ ਦੀ ਰਾਤ ਨੂੰ
2016 ਚ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਮਿਲਿਆ।
ਕ੍ਰਿਸ਼ਨਾ, ਮੇਦਨੀ, ਸ਼ਾਇਰੀ,ਧਰਮ ਗੁਰੂ, ਅਗਨੀਕੁੰਡ ਆਦਿ ਪੂਰਬਲੇ ਨਾਟਕਾਂ ਨੂੰ ਕੇਵਲ ਧਾਲੀਵਾਲ ਨੇ ਲਗਾਤਾਰ ਖੇਡਿਆ।
ਉਸ ਦੇ ਉਡੀਕਵੇਂ ਨਾਟਕ ਹੀਰਾ ਮੰਡੀ, ਯਾਤਰਾ ਤੇ ਕੱਚੀ ਗੜ੍ਹੀ ਹਨ।
ਸਵਰਾਜਬੀਰ ਦਾ ਜਨਮ ਭਾਵੇਂ ਵੇਰਕਾ (ਅੰਮ੍ਰਿਤਸਰ) ਚ ਹੋਇਆ ਪਰ ਉਸ ਦਾ ਜੱਦੀ ਪਿੰਡ ਧਰਮਾਬਾਦ ਬਟਾਲਾ ਤਹਿਸੀਲ ਚ ਹੈ। ਏਸ ਸਾਕੋਂ ਮੇਰਾ ਗਿਰਾਈਂਂ ਂ ਹੈ ਸਵਰਾਜਬੀਰ।
ਇੱਕ ਗੱਲ ਹੋਰ ਵੀ ਸੁਣ ਲਵੋ, ਡਾ:,ਸਵਰਾਜਬੀਰ ਦੂਸਰਾ ਗੁਰਦਾਸਪੁਰੀ ਹੈ ਜੋ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਬਣਿਆ ਹੈ। ਪਹਿਲਾ ਵੱਡਾ ਵੀਰ ਸ਼ੰਗਾਰਾ ਸਿੰਘ ਭੁੱਲਰ ਸੀ।
ਸਵਰਾਜਬੀਰ ਕੋਲ ਪ੍ਰੋ: ਮੋਹਨ ਸਿੰਘ ਦੇ ਕਹਿਣ ਮੁਤਾਬਕ
ਦਾਤੀਆਂ ,ਕਲਮਾਂ ਅਤੇ ਹਥੌੜੇ
ਕੱਠੇ ਕਰ ਲਉ ਸੰਦ ਓ ਯਾਰ।
ਤਕੜੀ ਇੱਕ ਤ੍ਰਿਸ਼ੂਲ ਬਣਾਉ,
ਯੁੱਧ ਕਰੋ ਪਰਚੰਡ ਓ ਯਾਰ।
ਮੁਤਾਬਕ ਕਿਰਤੀ ਪੁੱਤਰ ਹੋਣ ਕਾਰਨ ਦਾਤਰੀ ਵੀ ਹੈ, ਕਲਮ ਵੀ ਹੈ, ਵਿਚਾਰਧਾਰਾ ਦਾ ਹਥੌੜਾ ਵੀ ਹੈ ਪਰ ਇਹ ਤ੍ਰਿਸ਼ੂਲ ਹਨ੍ਹੇਰਿਆਂ ਨੂੰ ਲੰਗਾਰਨ ਵਾਲੀ ਹੈ।
ਪਿਛਲੇ ਸਾਲ ਮੇਰਾ ਗ਼ਜ਼ਲ ਸੰਗ੍ਰਹਿ ਛਪਣ ਲਈ ਤਿਆਰ ਹੋਇਆ ਤਾਂ ਮੈਂ ਕੁਝ ਦੋਸਤਾਂ ਨੂੰ ਪ੍ਰਸਤਾਵਿਤ ਨਾਮ ਭੇਜੇ।
ਸਭ ਤੋਂ ਪਹਿਲਾਂ ਸਾਰੇ ਨਾਮ ਸਵਰਾਜਬੀਰ ਨੇ ਰੱਦ ਕੀਤੇ ਤੇ ਲਿਖ ਭੇਜਿਆ
ਇਸ ਦਾ ਨਾਮ ਰਾਵੀ ਹੋਵੇਗਾ। ਇਸ ਹੁਕਮ ਵਰਗੇ ਮਾਣ ਦਾ ਮੈਨੂੰ ਵਿਸਮਾਦੀ ਆਨੰਦ ਆਇਆ।
ਮੈਂ ਵੀ ਮੋੜਵਾਂ ਲਿਖ ਘੱਲਿਆ
ਸ਼ਰਤ ਨਾਲ ਇਹ ਗੱਲ ਪੂਰਨ ਪਰਵਾਨ ਹੈ ਪਰ ਮੁੱਖ ਬੰਦ ਤੂੰ ਲਿਖੇਂਗਾ।
ਰਾਵੀ ਦਾ ਮੁੱਖ ਬੰਦ ਸਵਰਾਜਬੀਰ ਨੇ ਹੀ ਲਿਖਿਆ।
ਵਧਾਈ ਤਾਂ ਟ੍ਰਿਬਿਊਨ ਟਰਸਟ ਨੂੰ ਹੈ ਜਿੰਨ੍ਹਾਂ ਨੇ ਤ੍ਰੈਕਾਲ ਦਰਸ਼ੀ ਸਿਰਜਕ ਤੇ ਕੁਸ਼ਲ ਪ੍ਰਸ਼ਾਸਕ ਨੂੰ ਸੰਪਾਦਕ ਲਾਇਆ ਹੈ।
ਇਹ ਨਵਾਂ ਕਾਰਜ ਹੈ ਰੋਜ਼ਾਨਾ ਪੱਤਰਕਾਰੀ ਵਾਲਾ। ਸਾਨੂੰ ਮਾਣ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਇੰਦਰਜੀਤ ਗੁਪਤਾ ਦੇ ਸਕੱਤਰ ਤੋਂ ਲੈ ਕੇ ਮੇਘਾਲਯ ਦੇ ਡੀ ਜੀ ਪੀ ਤੀਕ ਔਖੀਆਂ ਘਾਟੀਆਂ ਪਾਰ ਕਰਨ ਵਾਲੇ ਸਿਦਕੀ ਸਿੰਘ ਲਈ ਇਹ ਚੁਣੌਤੀ ਤਾਂ ਮਾਮੂਲੀ ਹੈ।
ਕੱਲ੍ਹ ਅੰਮ੍ਰਿਤਾ ਪ੍ਰੀਤਮ ਦਾ ਜਨਮ ਸ਼ਤਾਬਦੀ ਸਾਲ ਸ਼ੁਰੂ ਹੋਇਐ। ਉਸ ਦੀ ਪਸੰਦ ਦਾ ਸਿਰਜਕ ਨਵੇਂ ਕਾਰਜ ਤੇ ਹਾਜ਼ਰ ਹੋਇਐ, ਇਹ ਸੰਯੋਗ ਵੀ ਸ਼ਗਨਾਂ ਮੱਤਾ ਹੈ।
ਪੂਰਾ ਪੰਜਾਬੀ ਸਿਰਜਕ ਜਗਤ ਮਹਿਸੂਸ ਕਰ ਰਿਹੈ ਕਿ ਅਸੀਂ ਸੰਪਾਦਕ ਬਣੇ ਹਾਂ।
ਇਹੀ ਮੁਹੱਬਤ ਕਮਾਈ ਹੈ।
01-09-2018
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.