28 ਅਗਸਤ 2018 ਦਾ ਦਿਨ ਇਤਿਹਾਸਕ ਹੋ ਨਿਬੜਿਆ , ਇਸ ਦਿਨ ਬਰਗਾੜੀ ਕਾਂਡ ਦੀ ਪੜਤਾਲ ਲਈ ਬਣਾਏ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੇ ਪੰਜਾਬ ਅਸੰਬਲੀ ਵਿੱਚ ਬਹਿਸ ਹੋਈ ਜਿਸ ਦਾ ਲਾਈਵ ਟੈਲੀਕਾਸਟ ਦੇਸ਼ ਵਿਦੇਸ਼ ਵਿੱਚ ਬੈਠੇ ਲੱਖਾਂ ਪੰਜਾਬੀਆਂ ਨੇ ਵੇਖਿਆ | ਹੁਕਮਰਾਨ ਧਿਰ ਅਤੇ ਵਿਰੋਧੀ ਧਿਰ [ ਬਾਦਲ ਦਲ ਅਤੇ ਭਾਜਪਾ ਨੂੰ ਛੱਡ ਕੇ ] ਪਿੱਛਲੀ ਬਾਦਲ ਸਰਕਾਰ ਤੇ ਜਬਰਦਸਤ ਹਮਲੇ ਕਰ ਰਹੇ ਸਨ |ਪੰਥਕ ਸੰਸਥਾਵਾਂ ਦੇ ਮੁਖੀਆਂ ਦੇ ਕਿਰਦਾਰ ਭੀ ਖੂਬ ਫਰੋਲੇ ਗਏ |ਹਰ ਪੰਜਾਬੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਨੂੰ ਬੇਪਰਦ ਹੁੰਦਾ ਦੇਖਣਾਂ ਚਾਹੁੰਦਾ ਸੀ , ਸਿਖਾਂ ਦੀ ਦੁਸ਼ਮਣ ਕਰ ਕੇ ਪ੍ਰਚਾਰੀ ਜਾਂਦੀ ਕਾਂਗਰਸ ਦੇ ਮੰਤਰੀ , ਮੁੱਖਮੰਤਰੀ ਤੇ ਵਾਰ ਵਾਰ ਦਬਾਅ ਪਾ ਕੇ ਜੁਮੇਵਾਰ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ ਤੇ ਪੰਥਕ ਅਖਵਾਉਣ ਵਾਲੇ ਅਕਾਲੀ ਵਿਧਾਨ ਸਭਾ ਦੇ ਬਾਹਰ ਬੈਠ ਕੇ , ਸਰਕਾਰ ਖਿਲਾਫ ਦੂਸ਼ਣਬਾਜੀ ਕਰ ਰਹੇ ਸਨ |
ਬਾਦਲ ਦੱਲ ਵਾਰ ਵਾਰ ਤਰਕ ਦੇ ਰਿਹਾ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਨ੍ਹਾਂ ਨੂੰ ਬਦਨਾਮ ਕਰਨ ਲਈ ਮਿਲੀਭੁਗਤ ਨਾਲ ਤਿਆਰ ਕੀਤੀ ਗਈ ਹੈ ਜਿਸ ਵਿੱਚ ਭਾਈ ਬਲਜੀਤ ਸਿੰਘ "ਦਾਦੂਵਾਲ " ,ਸੁਖਪਾਲ ਸਿੰਘ " ਖ਼ੈਰਾ " , ਸੁਖਜਿੰਦਰ ਸਿੰਘ " ਰੰਧਾਵਾ "ਅਤੇ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਹੈ | ਇਸ ਲਈ ਉਹ ਇਸ ਰਿਪੋਰਟ ਨੂੰ ਨਹੀਂ ਮੰਨਦੇ | ਬਾਦਲ ਦੱਲ ਮੁਤਾਬਿਕ ਉਹ ਪਾਕ ਸਾਫ ਹਨ ਅਤੇ ਉਹ ਜਾਂ ਉਹਨਾਂ ਦੀ ਉਸ ਵੇਲੇ ਦੀ ਸਰਕਾਰ ਕਿਸੇ ਤਰਾਂ ਭੀ ਦੋਸ਼ੀ ਨਹੀਂ ਹੈ |
ਸਮੁਚੇ ਬੇਅਦਵੀ ਕਾਂਡ ਦਾ ਮੁੱਢ ਅਤੇ ਬਾਦਲਾਂ ਦੀ ਜੁਮੇਵਾਰੀ ਸੌਦਾ ਸਾਧ ਦੇ ਅਖੌਤੀ ਮੁਆਫੀਨਾਮੇ ਤੋਂ ਆਰੰਭ ਹੁੰਦੀ ਹੈ ਜੋ ਇਹ ਸਾਬਤ ਕਰਦੀ ਹੈ ਕਿ ਬਾਦਲ ਸਰਕਾਰ ਨੂੰ ਸਭ ਪਤਾ ਸੀ ਕਿ ਇਹ ਸਾਰਾ ਕਾਂਡ ਸੌਦਾ ਸਾਧ ਦੇ ਪ੍ਰੇਮੀਆਂ ਵਲੋਂ ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਗਿਆ ਹੈ ਪਰ ਉਸ ਨਾਲ ਯਾਰੀ ਨਿਭਾਉਣ ਖਾਤਿਰ ਕਿਸੇ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ |
ਚਲੋ ਬਾਦਲ ਦੱਲ ਦੀ ਹੀ ਮੰਨ ਲੈਂਦੇ ਹਾਂ ਕਿ ਰਿਪੋਰਟ ਉਨ੍ਹਾਂ ਨੂੰ ਬਦਨਾਮ ਕਰਨ ਲਈ ਸਰਕਾਰ ਦੀ ਸਾਜਿਸ਼ ਹੈ | ਪਰ ਇਹ ਭੀ ਤਾਂ ਦੱਸਿਆ ਜਾਵੇ ਕਿ :-
ਕੀ ਮਹਾਂਰਾਜ ਦੇ ਸਰੂਪ ਚੋਰੀ ਨਹੀਂ ਹੋਏ ?
ਕੀ ਸਰੂਪ ਚੋਰੀ ਕਰਨ ਵਾਲਿਆਂ ਨੇ ਇਸ਼ਤਿਹਾਰ ਲਾ ਕੇ ਜੁਮੇਵਾਰੀ ਨਹੀਂ ਕਬੂਲੀ ?
ਕੀ ਦੋਖੀਆਂ ਵੱਲੋਂ ਐਲਾਨੇ ਹੋਏ ਪ੍ਰੋਗਰਾਮ ਅਨੁਸਾਰ ਮਹਾਂਰਾਜ ਦੀ ਬੇਅਦਵੀ ਨਹੀਂ ਕੀਤੀ ਗਈ ?
ਕੀ ਸ਼ਾਂਤਮਈ ਧਰਨਾਂ ਦੇ ਰਹੇ ਗੁਰਸਿਖਾਂ ਤੇ ਗੋਲੀ ਨਹੀਂ ਚੱਲੀ ?
ਕੀ ਸਿੰਘ ਸ਼ਹੀਦ ਅਤੇ ਜਖਮੀ ਨਹੀਂ ਹੋਏ ?
ਕੀ ਤੁਹਾਡੀ ਪੁਲਿਸ ਨੇ ਲਾਠੀਚਾਰਜ ਅਤੇ ਅੰਨ੍ਹੇਵਾਹ ਗੋਲੀਆਂ ਨਹੀਂ ਚਲਾਈਆਂ ?
ਕੀ ਤੁਹਾਡੀ ਪੁਲਿਸ ਨੇ ਸਬੂਤ ਮਿਟਾਉਣ ਲਈ ਗੋਲੀਆਂ ਦੇ ਖੋਲ ਨਹੀਂ ਭੰਨੇ ?
ਜੇ ਤੁਸੀਂ ਗੋਲੀ ਚਲਾਉਣ ਦਾ ਹੁੱਕਮ ਨਹੀਂ ਦਿੱਤਾ ਤਾਂ ਕਿਸ ਨੇ ਦਿੱਤਾ ?
ਜੇ ਗੋਲੀ ਬਿਨਾਂ ਹੁੱਕਮ ਤੋਂ ਚੱਲੀ ਤਾਂ ਤੁਹਾਡੀ ਸਰਕਾਰ ਨੇ ਗੋਲੀ ਚਲਾਉਣ ਵਾਲਿਆਂ ਤੇ ਕੀ ਕਾਰਵਾਈ ਕੀਤੀ ?
ਕੀ ਸੌਦਾ ਸਾਧ ਨੂੰ ਅਕਾਲ ਤਖ਼ਤ ਵੱਲੋਂ ਬਿਨਾਂ ਮੰਗੇ ਮੁਆਫੀ ਨਹੀਂ ਦਿੱਤੀ ਗਈ ?
ਕੀ ਪੰਥ ਦੇ ਰੋਹ ਅੱਗੇ ਝੁਕਦਿਆਂ , ਅਖੌਤੀ ਮੁਆਫੀ ਵਾਪਿਸ ਨਹੀਂ ਹੋਈ ?
ਕੀ ਤੁਹਾਨੂੰ ਜਗਾਉਣ ਲਈ ਅਖੌਤੀ ਮੁਆਫੀ ਦੇ ਵਿਰੋਧ ਵਿੱਚ ਅਕਾਲੀ ਦੱਲ ਦੇ ਅਹੁਦੇਦਾਰਾਂ ਅਤੇ ਸ਼ਿਰੋਮਣੀ ਕਮੇਟੀ ਦੇ ਮੈਂਬਰਾਂ ਨੇ ਅਸਤੀਫੇ ਨਹੀਂ ਦਿੱਤੇ ?
ਕੀ ਸ਼ਿਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਤੁਹਾਡੇ ਵੱਲੋਂ ਸੌਦਾ ਸਾਧ ਦਾ ਪੱਖ ਪੂਰਨ ਕਰਕੇ ਸ੍ਰੀ ਅਮ੍ਰਿਤਸਰ ਸਾਹਿਬ ਵਿੱਚ ਕਾਲੇ ਬਿੱਲੇ ਲਾ ਕੇ ਰੋਸ ਮਾਰਚ ਨਹੀਂ ਕੀਤਾ ?
ਕੀ ਕਮੇਟੀ ਦੇ ਮੁਲਾਜਮਾਂ ਵੱਲੋਂ ਮੰਜੀ ਸਾਹਿਬ ਵਿੱਚ ਰਖਾਏ ਪਸ਼ਚਾਤਾਪ ਦੇ ਪਾਠ ਸਮੇ ਬਿਨ ਬੁਲਾਏ ਪੁੱਜੇ ਗਿਆਨੀ ਗੁਰਬਚਨ ਸਿੰਘ ਨੂੰ ਧੱਕੇ ਮਾਰ ਕੇ ਬਾਹਰ ਨਹੀਂ ਕੱਢਿਆ ?
ਕੀ ਧੱਕੇ ਨਾਲ ਦਵਾਈ ਮੁਆਫੀ ਨੂੰ ਸਹੀ ਸਾਬਿਤ ਕਰਨ ਲਈ ਸ਼ਿਰੋਮਣੀ ਕਮੇਟੀ ਨੇ 91 ਲੱਖ ਦੇ ਇਸਤਿਹਾਰ ਨਹੀਂ ਦਿੱਤੇ ?
ਕੀ ਤੁਹਾਡੇ ਪ੍ਰਭਾਵ ਵਾਲੀ sgpc ਅਤੇ ਦਿਲੀ ਕਮੇਟੀ ਨੇ ਅਖੌਤੀ ਮੁਆਫੀ ਦੇ ਹੱਕ ਵਿੱਚ ਮਤੇ ਨਹੀਂ ਪਾਏ ?
ਪੁਲਿਸ ਭੀ ਓਹੀ ਹੈ ਜੋ ਤੁਹਾਡੇ ਸਮੇ ਸੀ ਅੱਜ ਸਾਬਿਤ ਹੋ ਗਿਆ ਹੈ ਕਿ ਬੇਅਦਵੀ ਲਈ ਸੌਦਾ ਸਾਧ ਦੇ ਚੇਲੇ ਜ਼ੁੰਮੇਬਾਰ ਹਨ ਤੁਹਾਡੇ ਵੇਲੇ ਕਿਓਂ ਨਹੀਂ ਹੋ ਸਕਿਆ ?
ਪੰਜਾਬ ਤਾਂ ਇਹੀ ਪੁੱਛ ਰਿਹਾ ਹੈ ਕਿ ਜੇ ਇਹ ਸਭ ਕੁਝ ਹੋਇਆ ਤਾਂ ਤੁਹਾਡੀ ਸਰਕਾਰ ਨੇ ਕੀ ਕੀਤਾ ? ਜਿਸ ਦਾ ਜਵਾਬ ਨਾਂ ਤੁਸੀਂ ਅਸੰਬਲੀ ਵਿੱਚ ਦੇ ਰਹੇ ਹੋ ਨਾਂ ਬਾਹਰ |
ਤੁਹਾਡੀਆਂ ਅੱਖਾਂ ਖੋਲਣ ਲਈ ਤਿੰਨ ਹਫਤੇ , ਖਾਲਸਾ ਪੰਥ ਸੜਕਾਂ ਤੇ ਧਰਨੇ ਲਾਈ ਬੈਠਾ ਰਿਹਾ , ਤੁਹਾਡੇ ਜਥੇਦਾਰਾਂ ਅਤੇ ਅਕਾਲੀਆਂ ਦਾ ਘਰਾਂ ਤੋਂ ਬਾਹਰ ਨਿਕਲਣਾਂ ਭੀ ਔਖਾ ਹੋ ਗਿਆ ਸੀ , ਤੁਹਾਡੇ ਕਈ ਸਾਥੀਆਂ ਦੀ ਗੁੱਸੇ ਵਿੱਚ ਆਏ ਪੰਥ ਨੇ ਕੁੱਟਮਾਰ ਭੀ ਕੀਤੀ ਪਰ ਤੁਸੀਂ ਨਾਂ ਪੰਥ ਦੀ ਸੁਣੀ ਨਾਂ ਗੁਰੂ ਗ੍ਰੰਥ ਪ੍ਰਤੀ ਆਪਣੇ ਫਰਜ਼ ਨਿਭਾਏ | ਤੁਸੀਂ ਤਾਂ ਰੋਸ ਪ੍ਰਗਟ ਕਰ ਰਹੇ ਸਿੰਘਾਂ ਨੂੰ ਬੇਹਲੜ੍ਹ ਅਤੇ ਨਿਕੰਮੇ ਸਾਬਿਤ ਕਰਦੇ ਰਹੇ |ਜਿਵੇ ਅੱਜ ਤੁਸੀਂ ਇਨਸਾਫ ਮੰਗਦੇ ਸਿੰਘਾਂ ਨੂੰ ਆਈ ਐੱਸ ਆਈ ਦੇ ਏਜੰਟ ਦੱਸ ਰਹੇ ਹੋ |
ਅਖੀਰ ਹੁਣ ਗੱਲ ਤਾਂ ਇੱਥੇ ਪੁੱਜ ਚੁੱਕੀ ਹੈ " ਜਾਂ ਟਾਂਡਿਆਂ ਵਾਲੀ ਬਚੇਗੀ ਜਾਂ ਭਾਂਡਿਆਂ ਵਾਲੀ " | ਹਰ ਗੁਰੂ ਨਾਨਕ ਨਾਮ ਲੇਵਾ ਗੁਰਬਾਣੀ ਦੇ ਦੋਖੀਆਂ ਨੂੰ ਸੱਖਤ ਤੋਂ ਸੱਖਤ ਸਜ਼ਾ ਮਿਲਣ ਦੀਆਂ ਅਰਦਾਸਾਂ ਕਰ ਰਿਹਾ ਹੈ | ਵਾਹਿਗੁਰੂ ਜ਼ਰੂਰ ਪੰਥ ਦੀ ਬਹੁੜੀ ਕਰਨਗੇ |
ਗੁਰੂ ਪੰਥ ਦਾ ਦਾਸ
ਸੁਖਦੇਵ ਸਿੰਘ " ਭੌਰ "
ਕਨਵੀਨਰ ਪੰਥਕ ਫਰੰਟ "
-
ਸੁਖਦੇਵ ਸਿੰਘ ਭੌਰ, ਲੇਖਕ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.