ਸੀਰੀਆ ਦੀ ਖਾਨਾਜੰਗੀ ਦਾ ਮਸਲਾ ਇਸ ਵੇਲੇ ਸਾਰੇ ਵਿਸ਼ਵ 'ਤੇ ਛਾਇਆ ਹੋਇਆ ਹੈ। ਲੱਖਾਂ ਸੀਰੀਅਨ ਬੇਗੁਨਾਹ ਜੰਗ ਤੋਂ ਤ੍ਰਸਤ ਆਪਣੇ ਦੇਸ਼ ਨੂੰ ਛੱਡ ਕੇ ਤੁਰਕੀ ਅਤੇ ਯੂਰਪੀਨ ਦੇਸ਼ਾਂ ਵੱਲ ਪ੍ਰਵਾਸ ਕਰ ਰਹੇ ਹਰਨ। ਕੈਂਪਾਂ ਵਿੱਚ ਉਹਨਾਂ ਦੀ ਹਾਲਤ ਬਹੁਤ ਹੀ ਖਰਾਬ ਹੈ। ਅਜਿਹੇ ਦੁੱਖ ਭਰੇ ਸਮੇਂ ਵਿੱਚ ਉਹਨਾਂ ਦੀ ਬਾਂਹ ਖਾਲਸਾ ਏਡ ਸੰਸਥਾ ਨੇ ਪਕੜੀ ਹੈ। ਇਹ ਸੰਸਥਾ ਦੇ ਮੈਂਬਰ ਆਪਣੀ ਜਾਨ ਦੀ ਪ੍ਰਵਾਹ ਨਾ ਕਰ ਕੇ ਤੁਰਕੀ ਵਿੱਚ ਕੈਂਪ ਲਗਾ ਕੇ ਸੀਰੀਅਨ ਰਫਿਉਜ਼ੀਆਂ ਨੂੰ ਖਾਣਾ, ਕੱਪੜੇ, ਦਵਾਈਆਂ ਅਤੇ ਰਹਿਣ ਲਈ ਟੈਂਟ ਮੁੱਹਈਆ ਕਰਵਾ ਰਹੇ ਹਨ। ਇਸ ਕੰਮ ਲਈ ਲੰਗਰ ਲਗਾਏ ਗਏ ਹਨ ਜਿੱਥੋਂ ਹਰ ਰੋਜ਼ ਸੈਂਕੜੇ ਲੋਕ ਖਾਣਾ ਪ੍ਰਾਪਤ ਕਰ ਰਹੇ ਹਨ। ਇਸ ਤੋਂ ਇਲਾਵਾ ਜਗ•ਾ ਜਗ•ਾ ਕੈਂਪਾਂ ਵਿੱਚ ਘੁੰਮ ਕੇ ਖਾਣੇ ਦੇ ਪੈਕਟ ਅਤੇ ਜਰੂਰੀ ਦਵਾਈਆਂ ਵੰਡੀਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਬਰਮਾ ਵਿੱਚੋਂ ਰੋਹਿੰਗਿਆ ਮੁਸਲਮਾਨਾਂ ਦੇ ਉਜਾੜੇ ਦਾ ਮਸਲਾ ਵਿਸ਼ਵ ਪੱਧਰ 'ਤੇ ਚਰਚਾ ਦਾ ਵਿਸ਼ਾ ਬਣਿਆ ਸੀ। ਬਰਮਾ ਦੀ ਫੌਜ ਨੇ ਅੱਤਵਾਦੀ ਹੋਣ ਦਾ ਇਲਜ਼ਾਮ ਲਗਾ ਕੇ ਸੈਂਕੜੇ ਰੋਹਿੰਗਿਆ ਦਾ ਕਤਲ ਕਰ ਦਿੱਤਾ ਅਨੇਕਾਂ ਪਿੰਡ ਤਬਾਹ ਕਰ ਦਿੱਤੇ ਸਨ। ਲੱਖਾਂ ਦੀ ਗਿਣਤੀ ਵਿੱਚ ਰੋਹਿੰਗਿਆ ਉੱਜੜ ਕੇ ਖਾਲੀ ਹੱਥ ਮਲੇਸ਼ੀਆ, ਇੰਡੋਨੇਸ਼ੀਆ, ਭਾਰਤ ਅਤੇ ਬੰਗਲਾ ਦੇਸ਼ ਆਦਿ ਵੱਲ ਹਿਜ਼ਰਤ ਕਰ ਗਏ। ਤਿੰਨ ਲੱਖ ਤੋਂ ਵੱਧ ਤਾਂ ਬੰਗਲਾ ਦੇਸ਼ ਵਿੱਚ ਹੀ ਪਹੁੰਚ ਗਏ। ਸਿਤਮ ਦੀ ਗੱਲ ਕਿ ਕੋਈ ਵੀ ਦੇਸ਼ ਉਹਨਾਂ ਨੂੰ ਸਵੀਕਾਰ ਨਹੀਂ ਸੀ ਕਰ ਰਿਹਾ। ਯੂ.ਐਨ.ਉ. ਵੀ ਸਿਰਫ ਬਰਮਾ ਦੇ ਖਿਲਾਫ ਨਿੰਦਾ ਪ੍ਰਸਤਾਵ ਪਾਸ ਕਰਨ ਤੱਕ ਹੀ ਸੀਮਤ ਹੈ। ਦੁਨੀਆਂ ਦੀ ਕੋਈ ਵੀ ਸਮਾਜ ਸੇਵੀ ਸੰਸਥਾ ਉਹਨਾਂ ਦੀ ਮਦਦ ਲਈ ਸਾਹਮਣੇ ਨਹੀਂ ਸੀ ਆ ਰਹੀ। ਅਜਿਹੇ ਸਮੇਂ ਸਿਰਫ ਖਾਲਸਾ ਏਡ ਨੇ ਉਹਨਾਂ ਦੀ ਬਾਂਹ ਪਕੜੀ ਸੀ। ਇੰਗਲੈਂਡ ਦੀ ਦਾਨਵੀਰ ਸੰਸਥਾ ਖਾਲਸਾ ਏਡ ਨੇ ਆਪਣੇ ਭਾਰਤ ਦੇ ਪ੍ਰਬੰਧਕ ਅਮਨਪ੍ਰੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਬੰਗਲਾ ਦੇਸ਼ ਦੇ ਕਾਕਸ ਬਜ਼ਾਰ ਜਿਲ•ੇ ਦੇ ਤੈਕਨਾਫ ਪਿੰਡ ਦੇ ਰਫਿਊਜ਼ੀ ਕੈਂਪ ਵਿੱਚ ਅਟੁੱਟ ਲੰਗਰ ਅਤੇ ਮੈਡੀਕਲ ਕੈਂਪ ਸ਼ੁਰੂ ਕਰ ਕੇ ਹਜ਼ਾਰਾਂ ਰੋਹਿੰਗਿਆਂ ਦੀ ਜਾਨ ਬਚਾਈ। ਰੋਜ਼ਾਨਾ 50000 ਤੋਂ ਵੱਧ ਸ਼ਰਣਾਰਥੀਆਂ ਨੇ ਗੁਰੂ ਕਾ ਲੰਗਰ ਛਕਿਆ। ਇਸ ਲੰਗਰ ਕਾਰਨ ਸੈਂਕੜੇ ਸ਼ਰਣਾਰਥੀਆਂ ਨੂੰ ਹਫਤਿਆਂ ਬਾਅਦ ਪਹਿਲੀ ਵਾਰ ਅੰਨ ਦਾ ਦਾਣਾ ਨਸੀਬ ਹੋਇਆ ਸੀ।
ਸਮਾਜ ਭਲਾਈ ਸੰਸਥਾ ਖਾਲਸਾ ਏਡ ਦੀ ਸਥਾਪਨਾ 1999 ਵਿੱਚ ਸਿੱਖ ਧਰਮ ਦੇ “ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ” ਦੇ ਅਸੂਲਾਂ ਅਨੁਸਾਰ ਇੰਗਲੈਂਡ ਵਿੱਚ ਰਵਿੰਦਰ ਸਿੰਘ ਰਵੀ ਦੁਆਰਾ ਕੀਤੀ ਗਈ ਸੀ। ਇਸ ਦੇ ਸਾਰੇ ਵਿਸ਼ਵ ਵਿੱਚ ਸੈਂਕੜੇ ਸੇਵਾਦਾਰ ਹਨ। ਖਾਲਸਾ ਏਡ ਨੇ ਹੁਣ ਤੱਕ ਲੱਖਾਂ ਯੁੱਧ, ਭੁੱਖਮਰੀ, ਕੁਦਰਤੀ ਆਫਤਾਂ ਅਤੇ ਹੋਰ ਮੁਸੀਬਤਾਂ ਦੇ ਸ਼ਿਕਾਰ ਪੀੜਤਾਂ ਨੂੰ ਸਹਾਇਤਾ ਪਹੁੰਚਾਈ ਹੈ। ਇਸ ਦਾ ਸਭ ਤੋਂ ਪਹਿਲਾ ਮਿਸ਼ਨ 1999 ਵਿੱਚ ਬੋਸਨੀਆਂ ਜੰਗ ਪੀੜਤਾਂ ਦੀ ਮਦਦ ਕਰਨਾ ਸੀ। ਇਸ ਤੋਂ ਬਾਅਦ ਇਸ ਦੀਆਂ ਪਰੋਪਕਾਰੀ ਸਰਗਰਮੀਆਂ ਲਗਾਤਾਰ ਚੱਲ ਰਹੀਆਂ ਹਨ। ਖਾਲਸਾ ਏਡ ਨੇ 2000 ਵਿੱਚ ਉੜੀਸਾ ਦੇ ਤੂਫਾਨ ਅਤੇ 2001 ਵਿੱਚ ਤੁਰਕੀ ਦੇ ਭੁਚਾਲ ਪੀੜਤਾਂ ਦੀ ਖਾਣੇ ਪਾਣੀ, ਦਵਾਈਆਂ ਅਤੇ ਕੱਪੜਿਆਂ ਨਾਲ ਭਾਰੀ ਮਦਦ ਕੀਤੀ। ਇਸ ਨੇ ਉੜੀਸਾ ਦੇ ਤੂਫਾਨ ਕਾਰਨ ਤਬਾਹ ਹੋਏ ਸਾਰੇ ਸਕੂਲਾਂ ਦੀ ਮੁੜ ਉਸਾਰੀ ਵੀ ਕਰਵਾਈ। ਇਸ ਨੇ ਹੁਣ ਤੱਕ ਉਪਰੋਕਤ ਤੋਂ ਇਲਾਵਾ ਗੁਜਰਾਤ ਦੇ ਭੁਚਾਲ ਪੀੜਤਾਂ ਦੀ ਸਹਾਇਤਾ (2001), ਕਾਂਗੋ ਦੇ ਜਵਾਲਮੁਖੀ ਪੀੜਤਾਂ ਦੀ ਮਦਦ (2002), ਸੋਮਾਲੀਆ ਵਿੱਚ ਸਾਫ ਪਾਣੀ ਮੁੱਹਈਆ ਕਰਾਉਣ ਦੇ ਪ੍ਰੋਜੈਕਟ ਲਾਉਣੇ, ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਅੱਤਵਾਦ ਪੀੜਤਾਂ ਦੀ ਸਹਾਇਤਾ, ਇੰਡੋਨੇਸ਼ੀਆ ਵਿੱਚ ਸਕੂਲੀ ਬੱਚਿਆਂ ਲਈ ਪ੍ਰੋਜੈਕਟ ਚਲਾਉਣੇ, ਪੰਜਾਬ ਦੇ ਡਰੱਗਜ਼ ਗ੍ਰਸਤ ਲੋਕਾਂ ਲਈ ਮੈਡੀਕਲ ਸਹਾਇਤਾ, ਬੰਗਲਾਦੇਸ਼ ਵਿੱਚ ਚੱਕਰਵਾਤ ਪੀੜਤਾਂ ਦੀ ਸਹਾਇਤਾ (2017), ਹੈਤੀ ਦੇ ਚੱਕਰਵਾਤ ਪੀੜਤਾਂ ਲਈ ਸਾਫ ਪਾਣੀ ਦੇ ਪ੍ਰੋਜੈਕਟ ਲਾਉਣੇ (2010), ਆਸਟਰੇਲੀਆ ਅਤੇ ਇੰਗਲੈਂਡ ਦੇ ਹੜ• ਪੀੜਤਾਂ ਦੀ ਸਹਾਇਤਾ (2015), ਯੂਨਾਨ ਪਹੁੰਚ ਰਹੇ ਸੀਰੀਅਨ ਰਫਿਊਜ਼ੀਆਂ ਦੀ ਸਹਾਇਤਾ ਲਈ 2015 ਤੋਂ ਚੱਲ ਰਿਹਾ ਲੰਗਰ ਅਤੇ ਮੈਡੀਕਲ ਕੈਂਪ ਅਤੇ ਅਮਰੀਕਾ ਦੇ ਸੂਬੇ ਟੈਕਸਾਸ ਵਿੱਚ 2017 ਦੇ ਹੜ•ਾਂ ਵਿੱਚ ਵੱਧ ਚੜ• ਕੇ ਸਹਾਇਤਾ ਕੀਤੀ ਹੈ।
ਖਾਲਸਾ ਏਡ ਦੇ ਕੰਮਾਂ ਨਾਲ ਦੁਨੀਆਂ ਭਰ ਵਿੱਚ ਸਿੱਖੀ ਨੂੰ ਵਿਲੱਖਣ ਪਹਿਚਾਨ ਮਿਲ ਰਹੀ ਹੈ। ਟੈਕਸਾਸ ਵਿੱਚ ਗੋਰਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਵੇਲੇ ਤਿਆਰ ਬਰ ਤਿਆਰ ਖਾਲਸਿਆਂ ਦੀਆਂ ਤਸਵੀਰਾਂ ਸੰਸਾਰ ਭਰ ਦੀਆਂ ਅਖਬਾਰਾਂ ਵਿੱਚ ਛਪੀਆਂ ਹਨ। ਇਸ ਤਰਾਂ ਨਾਲ ਅਮਰੀਕਨਾਂ ਨੂੰ ਸਿੱਖਾਂ ਅਤੇ ਅਰਬੀਆਂ ਵਿੱਚ ਫਰਕ ਸਮਝ ਆ ਰਿਹਾ ਹੈ। ਹੁਣ ਸੀਰੀਅਨਾਂ ਦੀ ਸੇਵਾ ਕਰ ਰਹੇ ਖਾਲਸਾ ਏਡ ਦੇ ਸੇਵਾਦਾਰਾਂ ਦੀ ਬੀ.ਬੀ.ਸੀ. ਤੱਕ ਨੇ ਕਵਰੇਜ਼ ਕੀਤੀ ਹੈ। ਖਾਲਸਾ ਏਡ ਹੁਣ ਇੱਕ ਹੋਰ ਬਹੁਤ ਸ਼ਲਾਘਾਯੋਗ ਕੰਮ ਕਰ ਰਹੀ ਹੈ। ਉਸ ਨੇ ਪਿੰਡ ਅਜਨਾਦ, ਜਿਲ•ਾ ਬੁਰਹਾਨਪੁਰ (ਮੱਧ ਪ੍ਰਦੇਸ਼) ਵਿੱਚ ਰਹਿਣ ਵਾਲੇ ਸਿਕਲੀਗਰ ਸਿੱਖਾਂ ਦੀ ਭਲਾਈ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਉਸ ਦੁਆਰਾ 25 ਸਭ ਤੋਂ ਵੱਧ ਗਰੀਬ ਸਿਕਲੀਗਰ ਪਰਿਵਾਰਾਂ ਲਈ ਮਕਾਨ ਬਣਾ ਕੇ ਦੇਣ ਅਤੇ ਪੀਣ ਵਾਲੇ ਸਾਫ ਪਾਣੀ ਲਈ ਡੂੰਘੇ ਬੋਰ ਵਾਲੇ ਟਿਊਬਵੈੱਲ ਲਗਾਏ ਜਾ ਰਹੇ ਹਨ। ਬੱਚਿਆਂ ਦੀ ਪੜ•ਾਈ ਲਈ ਵਿੱਤੀ ਮਦਦ ਵੀ ਦਿੱਤੀ ਜਾ ਰਹੀ ਹੈ। ਇਸ ਕੰਮ ਵਾਸਤੇ ਕਰੀਬ ਇੱਕ ਲੱਖ ਪੌਂਡ ਖਰਚਾ ਆਉਣ ਦੀ ਉਮੀਦ ਹੈ।
ਇਹ ਸੰਸਥਾ ਗੁਰੂ ਸਾਹਿਬਾਨ ਦੀ ਫਿਲਾਸਫੀ ਅਨੁਸਾਰ ਚੱਲਦੇ ਹੋਏ ਬਿਨਾਂ ਕਿਸੇ ਭੇਦਭਾਵ ਦੇ ਦੀਨ ਦੁਖੀਆਂ ਦੀ ਭਲਾਈ ਲਈ ਹਰ ਸਾਲ ਲੱਖਾਂ ਡਾਲਰ ਖਰਚ ਕਰ ਰਹੀ ਹੈ। ਇਹੋ ਹੀ ਮਨੁੱਖਤਾ ਦੀ ਅਸਲ ਸੇਵਾ ਹੈ। ਖਾਲਸਾ ਏਡ ਦੇ ਸਾਰੇ ਸੇਵਾਦਾਰ ਕੰਮ ਕਾਜੀ ਅਤੇ ਪਰਿਵਾਰਿਕ ਵਿਅਕਤੀ ਹਨ। ਇਹ ਆਪਣੇ ਨਿੱਤ ਪ੍ਰਤੀ ਦੇ ਰੁਝੇਵਿਆਂ ਵਿੱਚੋਂ ਵਕਤ ਕੱਢ ਕੇ ਪੀੜਤਾਂ ਦੀ ਮਦਦ ਲਈ ਫੌਰਨ ਪਹੁੰਚਦੇ ਹਨ। ਇਸ ਸੰਸਥਾ ਦੀ ਮਾਇਕ ਸਹਾਇਤਾ ਮੁੱਖ ਤੌਰ 'ਤੇ ਯੂ.ਕੇ. ਦੇ ਸ਼ਰਧਾਵਾਨ ਸਿੱਖਾਂ ਵੱਲੋਂ ਕੀਤੀ ਜਾ ਰਹੀ ਹੈ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਵਿਹਲੜ ਸਾਧਾਂ 'ਤੇ ਪੈਸਾ ਬਰਬਾਦ ਕਰਨ ਦੀ ਬਜਾਏ ਅਜਿਹੀਆਂ ਅਸਲ ਸਮਾਜ ਸੇਵਕ ਸੰਸਥਾਵਾਂ ਦੇ ਹੱਥ ਮਜਬੂਤ ਕਰੀਏ।
-
ਬਲਰਾਜ ਸਿੰਘ ਸਿੱਧੂ , ਐਸ.ਪੀ ਪੰਜਾਬ ਪੁਲਿਸ
bssidhupps@gmail.com
9501100062
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.