ਅਬਦੁਲ ਕਰੀਮ ਕੁਦਸੀ ਡਾ: ਜਗਤਾਰ ਦਾ ਬੇਲੀ ਸੀ। ਚੋਖਾ ਮੁਹੱਬਤੀ ਅਹਿਮਦੀਆ ਮੁਸਲਮਾਨ ਸੀ।
ਉਰਦੂ ਤੇ ਪੰਜਾਬੀ ਚ ਕਲਾਮ ਕਹਿੰਦਾ।
2002 ਚ ਲਾਹੌਰ ਵਿੱਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵੇਲੇ ਅਸੀਂ ਸਾਰੇ ਸੱਜਣ ਇਕੱਠੇ ਹੀ ਲਾਹੌਰ ਗਏ।
ਡਾ: ਜਗਤਾਰ, ਡਾ: ਸਤਿੰਦਰ ਸਿੰਘ ਨੂਰ,ਇੰਦਰਜੀਤ ਹਸਨਪੁਰੀ, ਵਰਿਆਮ ਸਿੰਘ ਸੰਧੂ, ਅਜਮੇਰ ਸਿੰਘ ਔਲਖ, ਡਾ: ਸੁਖਦੇਵ ਸਿੰਘ ਸਿਰਸਾ,ਪਰਗਟ ਸਿੰਘ ਗਰੇਵਾਲ ਤੇ ਪ੍ਰਿੰ: ਸਰਵਣ ਸਿੰਘ। ਡਾ: ਦਲੀਪ ਕੌਰ ਟਿਵਾਣਾ ਜੀ ਵੀ ਸਨ।
ਕਾਨਫਰੰਸ ਮੁੱਕਣ ਤੋਂ ਬਾਅਦ ਦੋ ਦਿਨ ਬਚਦੇ ਸਨ ਵਾਪਸ ਮੁੜਨ ਲਈ।
ਇੱਕ ਦਿਨ ਬਟਾਲਾ ਵਾਲੇ ਵਿਧਾਇਕ ਜਗਦੀਸ਼ ਰਾਜ ਸਾਹਨੀ ਸਾਨੂੰ ਰਾਵਲਪਿੰਡੀ ਲੈ ਗਏ। ਉਨ੍ਹਾਂ ਦਾ ਜੱਦੀ ਘਰ ਸੀ ਓਥੇ, ਪਰ ਪਤਾ ਨਹੀਂ ਸੀ ਕਿਹੜਾ ਹੈ?
ਸਾਡੇ ਕੋਲ ਨਾ ਵੀਜ਼ਾ ਨਾ ਪਰਮਿਟ।
ਸਿਰਫ਼ ਜੋਸ਼ ਸੀ। ਹਸਨਪੁਰੀ, ਸੁਖਦੇਵ ਤੇ ਡਾ: ਓਮ ਪ੍ਰਕਾਸ਼ ਵਸ਼ਿਸ਼ਟ ਸਾਡੇ ਸਾਥੀ ਸਨ।
ਅੰਦਾਜ਼ੇ ਨਾਲ ਇੱਕ ਘਰ ਜਾ ਵੜੇ। ਤਸਵੀਰਾਂ ਲੈ ਕੇ ਪਰਤ ਆਏ।
ਦੂਜੇ ਦਿਨ ਸਵੇਰੇ ਨਨਕਾਣਾ ਸਾਹਿਬ ਲਈ ਸਤਨਾਮ ਮਾਣਕ , ਵਰਿਆਮ ਸੰਧੂ, ਪ੍ਰੇਮ ਸਿੰਘ ਐਡਵੋਕੇਟ ਸਾਥੋਂ ਲਾਂਭੇ ਲਾਂਭੇ
ਚਲੇ ਗਏ। ਉਨ੍ਹਾਂ ਨੂੰ ਕੁਝ ਸਨੇਹੀ ਲੈ ਗਏ।
ਅਸੀਂ ਢਿੱਲੇ ਜਹੇ ਬੁੱਲ ਕਰਕੇ ਬੈਠੇ ਸਾਂ ਕਿ ਡਾ: ਜਗਤਾਰ ਨੇ ਲਲਕਾਰਾ ਮਾਰਿਆ
ਆਪਾਂ ਵੀ ਚੱਲਦੇ ਆਂ
ਬਾਬੇ ਨਾਨਕ ਦੀ ਚਰਨ ਧੂੜ ਪਰਸ ਕੇ ਬਾਬੇ ਵਾਰਿਸ ਨੂੰ ਵੀ ਮਿਲਾਂਗੇ ਜੰਡਿਆਲਾ ਸ਼ੇਰ ਖਾਂ ਵਿੱਚ।
ਬੋਲੇ, ਮੈਂ ਕੁਦਸੀ ਤੇ ਉਹਦੇ ਭਣੇਵੇਂ ਇਕਬਾਲ ਨੂੰ ਕਹਿ ਦਿੱਤੈ, ਉਹ ਕਾਰ ਲੈ ਕੇ ਆ ਰਿਹੈ।
ਮੈਂ ਅਗਲੀ ਸੀਟ ਤੇ ਬਹਿ ਗਿਆ। ਇਕਬਾਲ ਚਲਾ ਰਿਹਾ ਸੀ ਤੇ ਜਗਤਾਰ, ਸੁਖਦੇਵ ਤੇ ਕੁਦਸੀ ਪਿਛਲੀ ਸੀਟ ਤੇ ਬਹਿ ਗਏ।
ਸੁਖਦੇਵ ਵਿਚਕਾਰ ਹੋਣ ਕਾਰਨ ਉਸ ਨੂੰ ਹੁੱਡ ਚੁਭੇ ਤੇ ਉਹ ਚੀਕਾਂ ਮਾਰੇ। ਡਾ: ਜਗਤਾਰ ਦਾ ਗੁੱਸਾ ਉਸਨੂੰ ਚੀਕਣ ਵੀ ਨਾ ਦੇਵੇ।
ਹੋਰ ਵੀ ਬੜਾ ਦਿਲਚਸਪ ਸਫ਼ਰ ਸੀ ਪਰ ਸਭ ਤੋਂ ਕਮਾਲ ਉਹ ਦੋ ਸ਼ਿਅਰ ਸਨ ਜੋ ਸਾਨੂੰ ਅਬਦੁਲ ਕਰੀਮ ਕੁਦਸੀ ਨੇ ਸੁਣਾਏ।
ਮੇਰੀ ਕਹਾਨੀ ਤੇਰੀ ਕਹਾਨੀ ਸੇ ਮੁਖਤਲਿਫ਼ ਹੈ,
ਜੈਸੇ ਆਂਖ ਕਾ ਪਾਨੀ, ਪਾਨੀ ਸੇ ਮੁਖਤਲਿਫ਼ ਹੈ। ਸ਼ਾਇਰਾਂ ਦਾ ਨਾਂ ਨਹੀਂ ਸੀ ਦੱਸਿਆ।
ਦੂਜਾ ਸ਼ਿਅਰ ਸੀ
ਅਫ਼ਲਾਸ ਨੇ ਬੱਚੋਂ ਕੋ ਤਹਿਜ਼ੀਬ ਸਿਖਾ ਦੀ,
ਸਹਿਮੇ ਹੁਏ ਫਿਰਤੇ ਹੈਂ ਸ਼ਿਕਵਾ ਨਹੀਂ ਕਰਤੇ।
ਰਾਵੀ ਪੁਲ ਦੇ ਨੇੜੇ ਕੁਦਸੀ ਦਾ ਘਰ ਸੀ। ਉਸਨੂੰ ਉਤਾਰ ਕੇ ਅਸੀਂ ਚਾਰੇ ਹੀਰਾ ਮੰਡੀ ਵਿੱਚੋਂ ਦੀ ਲੰਘੇ।
ਸ਼ਾਮ ਦੇ ਦੀਵੇ ਮਘ ਰਹੇ ਸਨ। ਨੰਗੀਆਂ ਆਵਾਜ਼ਾਂ ਵਿੱਚੋਂ ਦੀ ਕਾਰ ਦੇ ਸ਼ੀਸ਼ੇ ਚਾੜ੍ਹ ਕੇ ਲੰਘਦਿਆਂ ਉਸ ਨਿਜ਼ਾਮ ਦੇ ਮੂੰ ਤੇ ਥੁੱਕਣ ਨੂੰ ਜੀਅ ਕੀਤਾ।
ਡਾ: ਜਗਤਾਰ ਦੀ ਨਜ਼ਮ ਹੀਰਾ ਮੰਡੀ ਦੀ ਇੱਕ ਸ਼ਾਮ ਉਸੇ ਸ਼ਾਮ ਬਾਰੇ ਹੈ।
ਮੇਰੇ ਪਿੰਡ ਨੇੜਲਾ ਅਮਰੀਕਾ ਵੱਸਦਾ ਸ਼ਾਇਰ ਮਿੱਤਰ ਆਪਥਰ ਵਿਕਟਰ ਜੇ ਕੁਦਸੀ ਦੀ ਇਹ ਗ਼ਜ਼ਲ ਨਾ ਘੱਲਦਾ ਤਾਂ ਇਹ ਗੱਲਾਂ ਚੇਤੇ ਨਹੀਂ ਸੀ ਆਉਣੀਆਂ।
ਅਦਦੁਲ ਕਰੀਮ ਕੁਦਸੀ ਦੀ ਇਹ ਗ਼ਜ਼ਲ ਪੜ੍ਹੋ।
ਗ਼ਜ਼ਲ
ਅਪਣਾ ਹਰ ਦੁੱਖ ਲੋਕਾਂ ਨੂੰ ਨੲੀਂ ਦੱਸੀ ਦਾ।
ਲੋਕ ਤੇ ਸੱਪ ਬਣਾ ਲੈਂਦੇ ਨੇ ਰੱਸੀ ਦਾ।
ਕੀਮਤ ਹੋਵੇ ਲੱਖਾਂ ਕੀਮਤ ਕੌਡੀ ਵੀ,
ਵਰਨਾ ਸੌ ਵੀ ਰਹਿ ਜਾਂਦਾ ੲੇ ਅੱਸੀ ਦਾ।
ਸੀਨਾ ਛਲਣੀ ਹੋ ਜਾਵੇ ਪਰ ਸੱਜਣਾ ਨੂੰ,
ਅੌਖੇ ਵੇਲੇ ਕੰਡ ਨਈਂ ਦੇ ਕੇ ਨੱਸੀ ਦਾ।
ਬਾਜ਼ੇ ਵੇਲੇ ਇੱਕਲਵੰਜੇ ਕਿਸਮਤ ਤੇ,
ਰੋਵਣ ਨੂੰ ਜੀਅ ਕਰਦਾ ੲੇ ਪਰ ਹੱਸੀ ਦਾ।
ਪਹਿਲਾਂ ਅਪਣੇ ਗਲਮੇ ਝਾਤੀ ਪਾੲੀਦੀ,
ਦੂਜੇ ੳੁੱਤੇ ਫੇਰ ਅਵਾਜ਼ਾ ਕੱਸੀ ਦਾ।
ਕੁਦਸੀ ਇੰਜ ਸਵਾਦੀ ਲੱਗਣ ਸ਼ੇਅਰ ਤੇਰੇ,
ਜਿਵੇਂ ਹਾੜ ਚ ਜ਼ਾਇਕਾ ਲੂਣੀ ਲੱਸੀ ਦਾ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.