ਸਿਆਣੇ ਕਹਿੰਦੇ ਨੇ ਕਿ ਸਰਦਾਰੀਆਂ ਸਦਾ ਨਹੀਂ ਰਹਿੰਦੀਆਂ। ਜੋ ਬਦਲਦੇ ਵਕਤ ਦੇ ਹਿਸਾਬ ਨਾਲ ਆਪਣੇ ਆਪ ਨੂੰ ਨਹੀਂ ਬਦਲਦੇ ਤਾਂ ਵਕਤ ਇੱਕ ਦਿਨ ਉਨ੍ਹਾਂ ਨੂੰ ਬਦਲ ਦਿੰਦਾ ਹੈ। ਅਜਿਹਾ ਹੀ ਭਾਣਾ ਭਾਰਤ ਦੀ ਕਬੱਡੀ ਟੀਮ ਨਾਲ ਏਸ਼ੀਅਨ ਖੇਡਾਂ 'ਚ ਵਾਪਰਿਆ ਹੈ। ਜਦੋਂ ਭਾਰਤੀ ਕਬੱਡੀ ਟੀਮ ਜੋ ਲਗਾਤਾਰ 1990 ਤੋਂ 2018 ਤੱਕ ਲਗਾਤਾਰ ਏਸ਼ੀਅਨ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ ਆਪਣੀ ਸਰਦਾਰੀ ਨੂੰ ਕਾਇਮ ਕਰਦੀ ਆ ਰਹੀ ਸੀ, ਪਰ ਜਕਾਰਤਾ 2018 ਏਸ਼ੀਅਨ ਖੇਡਾਂ ਵਿਚ ਇਰਾਨ ਅਤੇ ਕੋਰੀਆ ਨੇ ਭਾਰਤੀ ਕਬੱਡੀ ਨੂੰ 'ਹੱਟ ਪਿੱਛੇ' ਕਹਿੰਦਿਆਂ ਨਾ ਸਿਰਫ 28 ਸਾਲ ਦੀ ਭਾਰਤੀ ਕਬੱਡੀ ਦੀ ਸਰਦਾਰੀ ਨੂੰ ਖਤਮ ਕੀਤਾ ਸਗੋਂ ਇਰਾਨ ਨੇ ਮਰਦਾਂ ਤੇ ਇਸਤਰੀਆਂ ਦੇ ਵਰਗ ਵਿਚ ਸੋਨ ਤਗਮਾ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜਦਿਆਂ ਕਬੱਡੀ ਦੇ ਇੱਕ ਹੋਰ ਸੁਨਹਿਰੀ ਯੁੱਗ ਦੀ ਸ਼ੁਰੂਆਤ ਕਰ ਦਿੱਤੀ ਹੈ।
ਅੰਤਰਰਾਸ਼ਟਰੀ ਪੱਧਰ 'ਤੇ ਕਬੱਡੀ ਨੈਸ਼ਨਲ ਸਟਾਈਲ ਦੀ ਸ਼ੁਰੂਆਤ 1982 ਏਸ਼ੀਅਨ ਖੇਡਾਂ ਨਵੀਂ ਦਿੱਲੀ ਤੋਂ ਹੋਈ ਜਦੋਂ ਇਕ ਪ੍ਰਦਰਸ਼ਨੀ ਮੈਚ ਕਰਾ ਕੇ ਭਾਰਤ ਨੇ ਇੰਨ੍ਹਾਂ ਖੇਡਾਂ ਦਾ ਆਗਾਜ਼ ਕੀਤਾ। ਫਿਰ 1990 ਬਿਜਿੰਗ ਏਸ਼ੀਅਨ ਖੇਡਾਂ ਤੋਂ ਕਬੱਡੀ ਨੂੰ ਏਸ਼ੀਅਨ ਖੇਡਾਂ ਦਾ ਪੱਕਾ ਹਿੱਸਾ ਬਣਾ ਲਿਆ। ਜਦਕਿ ਕੁੜੀਆਂ ਦੀ ਕਬੱਡੀ ਦੀ ਸ਼ੁਰੂਆਤ 2010 ਏਸ਼ੀਅਨ ਖੇਡਾਂ ਤੋਂ ਹੋਈ। ਇਸੇ ਤਰ੍ਹਾਂ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਦੀ ਸ਼ੁਰੂਆਤ 2004 ਤੋਂ ਹੋਈ। ਹੁਣ ਤੱਕ ਤਿੰਨ ਵਿਸ਼ਵ ਕੱਪ ਖੇਡੇ ਗਏ। 2004 'ਚ , 2007 ਤੇ 2016 ਵਿਚ। ਵਿਸ਼ਵ ਕੱਪ ਵਿਚ ਦੁਨੀਆ ਦੀਆਂ 12 ਟੀਮਾਂ ਹਿੱਸਾ ਲੈਂਦੀਆਂ ਹਨ। ਕਬੱਡੀ ਦੇ ਇਸ ਤਿੰਨ ਦਹਾਕਿਆਂ ਦੇ ਇਤਿਹਾਸ 'ਚ ਹਰ ਵਾਰ ਭਾਰਤੀ ਕਬੱਡੀ ਟੀਮ ਹੀ ਚੈਂਪੀਅਨ ਬਣੀ। ਦੁਨੀਆ ਦੀ ਵਿਸ਼ਵ ਕਬੱਡੀ ਰੈਂਕਿੰਗ ਵਿਚ ਵੀ ਭਾਰਤ 126 ਅੰਕਾਂ ਨਾਲ ਪਹਿਲੇ ਨੰਬਰ 'ਤੇ ਚੱਲ ਰਿਹਾ ਹੈ। ਇਰਾਨ 90 ਅੰਕਾਂ ਨਾਲ ਦੂਜੇ ਅਤੇ ਦੱਖਣੀ ਕੋਰੀਆ 83 ਨੰਬਰਾਂ ਨਾਲ ਤੀਜੇ ਨੰਬਰ ਤੇ ਚੱਲ ਰਿਹਾ ਹੈ। ਭਾਵੇਂ ਕੋਈ ਵਿਸ਼ਵ ਕੱਪ ਹੋਵੇ ਜਾਂ ਏਸ਼ੀਆ ਕੱਪ ਹੋਵੇ ਜਾਂ ਕੋਈ ਹੋਰ ਟੂਰਨਾਮੈਂਟ ਹੋਵੇ। ਕਬੱਡੀ ਵਿਚ ਸਰਦਾਰੀ ਭਾਰਤ ਦੀ ਹੀ ਹੁੰਦੀ ਸੀ। ਭਾਰਤ ਨੇ ਏਸ਼ੀਅਨ ਖੇਡਾਂ ਵਿਚ ਮਰਦਾਂ ਤੇ ਇਸਤਰੀਆਂ ਦੇ ਵਰਗ ਵਿਚ 9 ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਪਰ 2018 ਦੀਆਂ ਏਸ਼ੀਅਨ ਖੇਡਾਂ ਵਿਚ ਭਾਰਤੀ ਕਬੱਡੀ ਦੀ ਸਰਦਾਰੀ ਨੂੰ ਉਸ ਵੇਲੇ ਖੋਰਾ ਲੱਗ ਗਿਆ ਜਦੋਂ ਮਰਦਾਂ ਦੀ ਕਬੱਡੀ ਟੀਮ ਸੈਮੀਫਾਈਨਲ ਵਿਚ ਇਰਾਨ ਹੱਥੋਂ 26/18 ਨਾਲ ਅਤੇ ਕੁੜੀਆਂ ਦੀ ਟੀਮ ਫਾਈਨਲ ਵਿਚ ਇਰਾਨ ਹੱਥੋਂ 27/24 ਨਾਲ ਹਾਰ ਕੇ ਸੋਨ ਤਗਮਾ ਜਿੱਤਣ ਤੋਂ ਵਾਂਝੇ ਹੋ ਗਏ। ਭਾਰਤੀ ਕਬੱਡੀ ਦੇ ਸੁਨਹਿਰੀ ਇਤਿਹਾਸ ਦਾ ਇਹ ਸਭ ਤੋਂ ਵੱਧ ਕਾਲਾ ਦਿਨ ਸੀ। ਹੁਣ ਅੱਗੇ ਸਮਾਂ ਹੀ ਦੱਸੇਗਾ ਕਿ ਭਾਰਤੀ ਕਬੱਡੀ ਟੀਮ ਇਸ ਇਤਿਹਾਸਿਕ ਕਾਲੇ ਧੱਬੇ ਨੂੰ ਕਦੇ ਸਾਫ ਕਰੇਗੀ ਵੀ।
- ਲੋੜ ਹੈ ਸਬਕ ਸਿੱਖਣ ਦੀ
ਭਾਰਤੀ ਕਬੱਡੀ ਟੀਮ ਨੂੰ ਇਸ ਤਰਸਯੋਗ ਹਾਰ ਤੋਂ ਸਬਕ ਸਿੱਖਣ ਦੀ ਲੋੜ ਹੈ ਕਿ ਭਾਰਤੀ ਹਾਕੀ ਟੀਮ ਨਾਲ ਵੀ ਅਜਿਹਾ ਘਟਨਾਕ੍ਰਮ ਵਾਪਰਿਆ ਸੀ। ਹਾਕੀ ਦੀ ਸ਼ੁਰੂਆਤ 1908 ਓਲੰਪਿਕ ਖੇਡਾਂ ਤੋਂ ਹੋਈ। ਭਾਰਤੀ ਹਾਕੀ ਟੀਮ ਨੇ 1928 ਓਲੰਪਿਕ ਤੋਂ ਹਿੱਸਾ ਲੈਣਾ ਸ਼ੁਰੂ ਕੀਤਾ। ਭਾਰਤੀ ਹਾਕੀ ਟੀਮ ਐਮਸਟਰਡਮ ਓਲੰਪਿਕ 1928 ਤੋਂ ਲੈ ਕੇ 1956 ਮੈਲਬਰਨ ਓਲੰਪਿਕ ਤੱਕ ਆਪਣੀ ਚੈਂਪੀਅਨ ਸਰਦਾਰੀ ਕਾਇਮ ਰੱਖੀ । 1960 ਰੋਮ ਓਲੰਪਿਕ ਵਿਚ ਪਾਕਿਸਤਾਨ ਨੇ ਭਾਰਤੀ ਹਾਕੀ ਦੀ ਜੇਤੂ ਸਰਦਾਰੀ ਖਤਮ ਕੀਤੀ। ਉਸਤੋਂ ਬਾਅਦ ਭਾਵੇਂ ਭਾਰਤ 1964 ਤੇ 1980 ਓਲੰਪਿਕ ਖੇਡਾਂ 'ਚ ਅਤੇ ਇੱਕ ਵਾਰ 1975 ਵਿਸ਼ਵ ਕੱਪ ਹਾਕੀ ਜਿੱਤਣ ਵਿਚ ਜਰੂਰ ਕਾਮਯਾਬ ਹੋਇਆ। ਪਰ ਉਸਤੋਂ ਬਾਅਦ ਦੂਸਰੇ ਮੁਲਕਾਂ ਨੇ ਕਦੇ ਵੀ ਭਾਰਤੀ ਹਾਕੀ ਦੇ ਪੈਰ ਨਹੀਂ ਲੱਗਣ ਦਿੱਤੇ। ਅੱਜ ਦੀ ਘੜੀ ਦੁਨੀਆ ਦੀ ਹਾਕੀ ਵਿਚ ਆਸਟ੍ਰੇਲੀਆ, ਜਰਮਨੀ, ਹਾਲੈਂਡ, ਅਰਜਨਟੀਨਾ, ਬੈਲਜੀਅਮ, ਆਦਿ ਹੋਰ ਮੁਲਕਾਂ ਦੀ ਤੂਤੀ ਬੋਲਦੀ ਹੈ। ਭਾਰਤੀ ਹਾਕੀ ਕਦੇ ਵੀ ਆਪਣੇ ਆਪ ਨੂੰ ਵਿਸ਼ਵ ਹਾਕੀ ਦੇ ਹਾਣ ਦੀ ਨਹੀਂ ਬਣ ਸਕੀ। ਹਾਲਾਂਕਿ ਭਾਰਤੀ ਹਾਕੀ ਦਾ ਪਿਛਲੇ 40 ਸਾਲਾਂ ਤੋਂ ਜੇਤੂ ਸੰਘਰਸ਼ ਜਾਰੀ ਹੈ। ਰੱਬ ਨਾ ਕਰੇ ਕਿ ਕਿਤੇ ਕਬੱਡੀ ਦਾ ਹਸ਼ਰ ਵੀ ਭਵਿੱਖ ਵਿਚ ਅੰਤਰ-ਰਾਸ਼ਟਰੀ ਪੱਧਰ 'ਤੇ ਭਾਰਤੀ ਹਾਕੀ ਵਾਲਾ ਹੀ ਹੋ ਜਾਵੇ। ਹਾਕੀ ਦੀ ਦੁਰਦਸ਼ਾ ਅਤੇ ਹਾਕੀ ਦੀਆਂ ਹਾਰਾਂ ਲਈ ਜ਼ਿੰਮੇਵਾਰੀ ਉਸ ਵੇਲੇ ਤੋਂ ਸ਼ੁਰੂ ਹੋਇਆ ਰਾਜਨੀਤਿਕ ਲੋਕਾਂ ਦਾ ਦਖਲ ਭਾਈ ਭਤੀਜਾਵਾਦ, ਸਿਫਾਰਸ਼ੀ ਖਿਡਾਰੀਆਂ ਦੀ ਭਰਤੀ, ਹਾਕੀ ਚੌਧਰੀਆਂ ਦੀ ਹਉਮੈ ਅਤੇ ਅਗਿਆਨੀ ਲੋਕਾਂ 'ਤੇ ਫੈਡਰੇਸ਼ਨਾਂ 'ਤੇ ਕਾਬਜ਼ ਹੋਣਾ ਵੱਡਾ ਪੱਖ ਹੈ। ਕਿਸੇ ਨੇ ਹੁਣ ਤੱਕ ਇੰਨ੍ਹਾਂ ਗੱਲਾਂ ਦੀ ਘੋਖ ਹੀ ਨਹੀਂ ਕੀਤੀ। ਹਰ ਕੋਈ ਆਪਣੀ ਕੁਰਸੀ ਨੂੰ ਸਲਾਮਤ ਰੱਖਣ ਲਈ ਖੇਡ ਦੇ ਨਿਯਮਾਂ ਸਿਧਾਂਤਾਂ ਨੂੰ ਦਾਅ ਤੇ ਲਾਅ ਰਿਹਾ ਹੈ ਅਤੇ ਖਿਡਾਰੀ ਅਤੇ ਕੋਚਾਂ ਦੀ ਬਲੀ ਲੈ ਰਿਹਾ ਹੈ। ਅੱਜ ਦੀ ਘੜੀ ਕਬੱਡੀ ਖੇਡ ਵਿਚ ਵੀ ਇਸ ਤਰ੍ਹਾਂ ਦਾ ਭਾਣਾ ਹੀ ਵਾਪਰਿਆ ਹੈ। ਕੁੜੀਆਂ ਦੀ ਕਬੱਡੀ ਟੀਮ ਦੀ ਕੋਚ ਸ਼ੈਲਜਾ ਜੇਨਿੰਦਰ ਕੁਮਾਰੀ ਜੈਨ ਨੂੰ ਬਿਨਾ ਵਜ੍ਹਾ ਜਲੀਲ ਕਰਕੇ ਕਬੱਡੀ ਚੌਧਰੀਆਂ ਨੇ 18 ਮਹੀਨੇ ਪਹਿਲਾਂ ਕੋਚ ਦੇ ਅਹੁਦੇ ਤੋਂ ਹਟਾ ਦਿੱਤਾ। ਅਖੀਰ ਸ਼ੈਲਜਾ ਜੈਨ ਨੇ ਭਾਰਤੀ ਕਬੱਡੀ ਚੌਧਰੀਆਂ ਤੋਂ ਦੁਖੀ ਹੋ ਕੇ ਇਰਾਨ ਦੀ ਟੀਮ ਨੂੰ ਕੋਚਿੰਗ ਦੇਣ ਦਾ ਸਮਝੌਤਾ ਕੀਤਾ। ਮੈਡਮ ਸ਼ੈਲਜਾ ਜੈਨ ਨੇ ਆਪਣੇ ਕੋਚਿੰਗ ਹੁਨਰ ਨਾਲ ਇਰਾਨ ਦੀ ਕਬੱਡੀ ਦਾ ਸੁਨਹਿਰੀ ਜੇਤੂ ਇਤਿਹਾਸ ਰਚਿਆ। ਇਸੇ ਤਰ੍ਹਾਂ ਮਰਦਾਂ ਦੇ ਵਰਗ ਵਿਚ ਸਿਫਾਰਸ਼ੀ ਖਿਡਾਰੀਆਂ ਦੀ ਆਮਦ ਨਾਲ ਏਸ਼ੀਅਨ ਖੇਡਾਂ ਹਿੱਸਾ ਲੈਣ ਗਈ ਵਾਧੂ ਆਤਮ ਵਿਸ਼ਵਾਸ਼ ਵਿਚ ਡੁੱਬੀ ਭਾਰਤੀ ਕਬੱਡੀ ਟੀਮ ਦੇ ਖਿਡਾਰੀ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਲਾ ਰਹੇ ਨੇ। ਪਹਿਲਾਂ ਦੱਖਣੀ ਕੋਰੀਆ ਨੇ ਲੀਗ ਮੈਚਾਂ ਵਿਚ ਭਾਰਤੀ ਟੀਮ ਨੂੰ ਹਰਾ ਕੇ ਝਟਕਾ ਦਿੱਤਾ। ਫਿਰ ਇਰਾਨ ਨੇ ਭਾਰਤੀ ਟੀਮ ਦੇ ਜੇਤੂ ਕਿਲ੍ਹੇ ਨੂੰ ਤਹਿਸ ਨਹਿਸ ਕੀਤਾ। ਅਖੀਰ, ਕਬੱਡੀ ਦੇ ਸਿਰਮੌਰ ਭਾਰਤ-ਪਾਕਿਸਤਾਨ ਨੂੰ ਕਾਂਸੀ ਦੇ ਤਗਮੇ ਲਈ ਜੂਝਣਾ ਪਿਆ। ਭਾਰਤੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਉਪਰ ਸਿਫਾਰਸ਼ੀ ਖਿਡਾਰੀਆਂ ਦੀ ਭਰਤੀ ਦੇ ਦੋਸ਼ ਲੱਗ ਰਹੇ ਹਨ। ਭਾਰਤੀ ਕਬੱਡੀ ਫੈਡਰੇਸ਼ਨ ਨੂੰ ਇਹ ਗੱਲ ਗੰਭੀਰਤਾ ਨਾਲ ਸੋਚਣੀ ਚਾਹੀਦੀ ਹੈ ਕਿ ਵਿਸ਼ਵ ਕਬੱਡੀ ਲੀਗ ਵਿਚ ਇਰਾਨੀ ਖਿਡਾਰੀ ਕਿਉਂ ਮਹਿੰਗੇ ਭਾਅ ਵਿਚ ਵਿਕ ਰਹੇ ਨੇ, ਇਹ ਕਿਸੇ ਨੇ ਕਦੇ ਸੋਚਿਆ ਹੀ ਨਹੀਂ। ਅਸਲ ਵਿਚ ਇਹ ਇਰਾਨੀ ਖਿਡਾਰੀਆਂ ਦਾ ਖੇਡ ਹੁਨਰ ਬੋਲ ਰਿਹਾ ਹੈ ਤੇ ਭਾਰਤੀ ਕਬੱਡੀ ਖਿਡਾਰੀਆ ਦਾ ਸਸਤੇ ਵਿਕਣਾ ਉਸਦੇ ਨਿਘਾਰ ਦੀ ਨਿਸ਼ਾਨੀ ਹੈ। ਗੱਲ ਕੀ, ਭਾਰਤੀ ਕਬੱਡੀ ਟੀਮ ਦੀ ਹਾਰ ਦਾ ਭਾਂਡਾ ਦੁਨੀਆ ਦੇ ਚੁਰਾਹੇ ਵਿਚ ਫੁੱਟ ਚੁੱਕਾ ਹੈ ਹੁਣ ਕੋਈ ਬਹੁਤੀ ਕਾਂਵਾ ਰੌਲੀ ਦੀ ਲੋੜ ਨਹੀਂ, ਜੇ ਲੋੜ ਹੈ ਤਾਂ ਗੰਭੀਰ ਚਿੰਤਨ ਕਰਨ ਦੀ ਲੋੜ ਹੈ। ਜੇਕਰ ਕਬੱਡੀ ਵਾਲਿਆਂ ਨੇ ਇੰਨ੍ਹਾਂ ਹਾਰਾਂ ਤੋਂ ਸਬਕ ਨਾ ਲਿਆ, ਕਬੱਡੀ ਖੇਡ ਪ੍ਰਤੀ ਆਪਣੀ ਪਾਰਦਰਸ਼ਤਾ ਨਾ ਦਿਖਾਈ ਤਾਂ ਉਹ ਦਿਨ ਦੂਰ ਨਹੀਂ ਕਿ ਭਾਰਤੀ ਕਬੱਡੀ ਟੀਮ ਦੀਆਂ ਹਾਰਾਂ ਦਾ ਪੱਲੜਾ ਬਹੁਤ ਭਾਰੂ ਹੋ ਜਾਵੇਗਾ। ਇਰਾਨ, ਕੋਰੀਆ, ਇੰਗਲੈਂਡ, ਇੰਡੋਨੇਸ਼ੀਆ, ਥਾਈਲੈਂਡ, ਕੀਨੀਆ, ਪਾਕਿਸਤਾਨ ਵਰਗੀਆਂ ਟੀਮਾਂ ਸਾਡੇ ਨਾਲੋਂ ਬਹੁਤ ਅੱਗੇ ਨਿਕਲ ਜਾਣਗੀਆਂ। ਸਾਡੀਆਂ ਕਬੱਡੀ ਦੀਆਂ ਤਿੰਨ ਦਹਾਕੇ ਦੀਆਂ ਪ੍ਰਾਪਤੀਆਂ ਇੱਕ ਇਤਿਹਾਸ ਦਾ ਪੰਨਾ ਬਣ ਕੇ ਹੀ ਰਹਿ ਜਾਣਗੀਆਂ। ਭਾਰਤੀ ਕਬੱਡੀ ਟੀਮ ਨੂੰ ਭਾਰਤੀ ਹਾਕੀ ਦੀਆਂ ਚਾਰ ਦਹਾਕੇ ਦੀਆਂ ਹਾਰਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ। ਪ੍ਰਮਾਤਮਾ ਕਬੱਡੀ ਵਾਲਿਆਂ ਨੂੰ ਖੇਡ ਪ੍ਰਤੀ ਸਮਰਪਿਤ ਭਾਵਨਾ, ਸੱਚਾਈ ਅਤੇ ਇਮਾਨਦਾਰੀ 'ਤੇ ਪਹਿਰਾ ਦੇਣ ਦਾ ਬਲ ਦੇਵੇ। ਇਸ ਨਾਲ ਵੀ ਭਾਰਤੀ ਕਬੱਡੀ ਦਾ ਭਲਾ ਹੋਵੇਗਾ ਅਤੇ ਭਾਰਤੀ ਕਬੱਡੀ ਦਾ ਦੀਵਾ ਪੂਰੀ ਦੁਨੀਆ ਵਿਚ ਜਗਦਾ ਰਹੇਗਾ। ਭਾਰਤੀ ਕਬੱਡੀ ਦਾ ਰੱਬ ਰਾਖਾ
ਜਗਰੂਪ ਸਿੰਘ ਜਰਖੜ, ਖੇਡ ਲੇਖਕ
9814300722
-
ਜਗਰੂਪ ਸਿੰਘ ਜਰਖੜ, ਖੇਡ ਲੇਖਕ ਤੇ ਪ੍ਰਮੋਟਰ
jagroopjarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.